ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ਦੇ ਸੀਜ਼ਨ 2023 ਲਈ ਅਮਰੀਕਾ ਦੀ ਚੋਟੀ ਦੀ ਫੁੱਟਬਾਲ ਟੀਮ ‘ਡੈਲਸ ਕਾਓਬੁਆਇਜ਼’ ਦੇ ਥੀਮ ਪੋਸਟਰ ''ਤੇ ਇੱਕ ਦੋ ਤਲਵਾਰਾਂ ਵਾਲੇ ਸਿੱਖ ਯੋਧੇ ਦੀ ਤਸਵੀਰ ਲਗਾਏ ਜਾਣ ਤੋਂ ਬਾਅਦ ਬਹਿਸ ਛਿੜ ਗਈ ਹੈ।
ਡੈਲਸ ਕਾਓਬੁਆਇਜ਼ ਦੇ ਮੁੱਖ ਕੋਚ ਮਾਈਕ ਮੈਕਕਾਰਥੀ ਨੇ ਬੁੱਧਵਾਰ ਨੂੰ ਟੀਮ ਦੇ 2023 ਥੀਮ ਨੂੰ ‘ਕਾਰਪੇ ਓਮਨੀਆ’ ਵਜੋਂ ਦਰਸਾਇਆ, ਜਿਸਦਾ ਅਰਥ ਹੈ ‘ਸਭ ਕੁਝ ਆਪਣੇ ਵਸ ਵਿੱਚ ਕਰੋ’।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਚਾਰ ਟੀਮ ਦੇ ਲੀਗ ਵਿਚਲੇ ਸਫ਼ਰ ਦਾ ਆਦਰਸ਼ ਹੋਵੇਗਾ।
ਇਹ ਤਸਵੀਰਾਂ ਸੋਸ਼ਲ ਮੀਡੀਆ ''ਤੇ ਲਗਤਾਰ ਵਾਇਰਲ ਹੋ ਰਹੀਆਂ ਹਨ, ਜਿੱਥੇ ਸਿੱਖ ਭਾਈਚਾਰੇ ਦੇ ਲੋਕ ਇਸ ਪਲ ਦਾ ਜਸ਼ਨ ਮਨਾ ਰਹੇ ਹਨ ਤੇ ਦੂਜੇ ਪਾਸੇ ਗੈਰ-ਸਿੱਖ ਪੋਸਟਰ ਵਿੱਚ ਲੱਗੀ ਸਿੱਖ ਯੋਧੇ ਦੀ ਤਸਵੀਰ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਨ ਦੇ ਇਛੁੱਕ ਨਜ਼ਰ ਆਉਂਦੇ ਹਨ।
ਇਹ ਪੋਸਟਰ ਡੈਲਸ ਕਾਓਬੁਆਇਜ਼ ਦੇ ਖਿਡਾਰੀਆਂ ਦੇ ਲਾਕਰ ਰੂਮ (ਰੈਸਟ ਵਾਲਾ ਕਮਰਾ) ਦੇ ਬਾਹਰ ਕੰਧ ''ਤੇ ਥੀਮ ਵਜੋਂ ਲਗਾਇਆ ਗਿਆ ਹੈ।
ਮੀਰੀ-ਪੀਰੀ ਅਤੇ ਸੰਤ ਸਿਪਾਹੀ ਦਾ ਸਿੱਖ ਸੰਕਲਪ
ਨਵੇਂ ਥੀਮ ਕਾਰਪੇ ਓਮਨੀਆ ਦੇ ਵਿਸ਼ੇ ''ਤੇ ਆਇਸ਼ਾ ਮੌਰੀਸਨ ਅਤੇ ਕ੍ਰਿਸਟੀ ਸਕੇਲਸ ਦੇ ਨਾਲ ਕਾਓਬੁਆਇਜ਼ ਦੇ ਅਧਿਕਾਰਤ ਯੂਟਿਊਬ ਚੈਨਲ ''ਤੇ ਜੈਸਿਕਾ ਨਵਾਰੋ ਵੱਲੋਂ ਇੱਕ ਟਾਕ ਸ਼ੋਅ ਹੋਸਟ ਕੀਤਾ ਗਿਆ।
ਜੈਸਿਕਾ ਨੇ ਆਪਣੇ ਸਵਾਲ ਵਿੱਚ ਪੁੱਛਿਆ ਕਿ ਟਵਿੱਟਰ ''ਤੇ (ਸਿੱਖ ਯੋਧੇ ਦੀ ਤਸਵੀਰ ਬਾਰੇ) ਸਵਾਲ ਪੁੱਛੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਲਾਕਰ ਰੂਮ ਦੇ ਬਾਹਰ ਕੰਧ ''ਤੇ ਇੱਕ ਯੋਧੇ ਦੀ ਫੋਟੋ ਲੱਗੀ ਹੈ ਅਤੇ ਫਿਰ ਹੂਡੀਜ਼ ''ਤੇ ਅਤੇ ਕਮੀਜ਼ਾਂ ਦੇ ਪਿਛਲੇ ਹਿੱਸੇ ’ਤੇ ਵੀ ਤਸਵੀਰ ਹੈ।
ਜੈਸਿਕਾ ਨੇ ਪੁੱਛਿਆਾ, "ਇਹ ਯੋਧਾ ਹੈ ਕੌਣ ਹੈ ਜਿਸ ਨੂੰ ਅਸੀਂ ਹਰ ਜਗ੍ਹਾ ਦੇਖ ਰਹੇ ਹਾਂ।"
‘ਡੈਲਸ ਕਾਓਬੁਆਇਜ਼’ ਵੱਲੋਂ ਕ੍ਰਿਸਟੀ ਸਕੇਲਜ਼ ਨੇ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਇਹ 1600 ਈਸਵੀ ਦੇ ਇੱਕ ਭਾਰਤੀ ਸਿੱਖ ਗੁਰੂ ਹਨ। ਇਨ੍ਹਾਂ ਕੋਲ ਦੋ ਤਲਵਾਰਾਂ ਸਨ।
ਕ੍ਰਿਸਟੀ ਨੇ ਕਿਸੇ ਵੀ ਸ਼ਬਦ ਦੇ ਗ਼ਲਤ ਉਚਾਰਨ ਲਈ ਮੁਆਫੀ ਵੀ ਮੰਗੀ ਹੈ।
ਕ੍ਰਿਸਟੀ ਨੇ ਕਿਹਾ ਕਿ ਇਹ ਸਿੱਖਾਂ ਦੇ ਗੁਰੂ ਹਰਗੋਬਿੰਦ ਸਾਹਿਬ ਹਨ ਜਿਨ੍ਹਾਂ ਨੇ ਅਮਰ ਸਿੰਘਾਸਣ ਦੀ ਉਸਾਰੀ ਕਰਵਾਈ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ 11 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਪਵਿੱਤਰ ਵਿਰਾਸਤ ਵਿੱਚ ਸਿੱਖ ਗੁਰੂ ਬਣੇ ਸਨ।
ਕ੍ਰਿਸਟੀ ਦਾ ਦਾਅਵਾ ਸੀ ਕਿ ਉਨ੍ਹਾਂ (ਗੁਰੂ ਹਰਗੋਬਿੰਦ) ਕੋਲ ਸੰਤ-ਸਿਪਾਹੀਆਂ ਦੀ ਫੌਜ ਸੀ ਤੇ ਉਹ ਜ਼ੁਲਮ ਨਾਲ ਲੜ ਰਹੇ ਸਨ ਅਤੇ ਬੁਰਾਈ ਨੂੰ ਨਸ਼ਟ ਕਰ ਰਹੇ ਸਨ।
ਉਨ੍ਹਾਂ ਜ਼ਿਕਰ ਕੀਤਾ ਕਿ ਇਸ ਬਾਰੇ ਇਤਿਹਾਸਕ ਗੱਲ ਹੈ ਕਿ ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਸਿਪਾਹੀਆਂ ਨੂੰ ਆਪਣੀ ਫੌਜ ਦਾ ਹਿੱਸਾ ਬਣਿਆ।
ਉਨ੍ਹਾਂ ਅੱਗੇ ਕਿਹਾ, "ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਜਿਸ ਦਾ ਨਾਮ ਮੈਂ ਨਹੀਂ ਦੱਸ ਸਕਦੀ ਪਰ ਇਹ ਵਿਅਕਤੀ ਟੀਮ ਮੀਟਿੰਗ ਵਿੱਚ ਆਪਣੀ ਨੋਟਬੁੱਕ ਤੋਂ ਜਾਣਕਾਰੀ ਸਾਂਝੀ ਕਰ ਰਿਹਾ ਸੀ ਕਿ ਉਹ (ਗੁਰੂ ਹਰਗੋਬਿੰਦ) 11 ਸਾਲ ਦੇ ਸਨ ਤੇ ਉਹ ਸਭ ਤੋਂ ਪਹਿਲਾਂ ਦੋਹਰੀ ਤਲਵਾਰ ਦੀ ਵਰਤੋਂ ਕਰਨ ਵਾਲੇ ਵੀ ਸਨ।’’
ਬੀਬੀਸੀ ਨੇ ਸਿੱਖ ਯੋਧੇ ਦੀ ਤਸਵੀਰ ਦੇ ਮੂਲ ਅਤੇ ਪ੍ਰੇਰਨਾ ਦੇ ਪਿੱਛੇ ‘ਡੈਲਸ ਕਾਓਬੁਆਇਜ਼’ ਦੇ ਮੀਡੀਆ ਸਬੰਧਾਂ ਦੇ ਨਿਰਦੇਸ਼ਕ ਜੋਅ ਟਰਹਾਨ ਨੂੰ ਇੱਕ ਈਮੇਲ ਵੀ ਭੇਜੀ ਹੈ।
ਜੋਅ ਟਰਹਾਨ ਨੇ ਇਸ ਦੇ ਜਵਾਬ ਵਿੱਚ ਜੋ ਈਮੇਲ ਕਰਕੇ ਦੱਸਿਆ ਹੈ, "ਅਸੀਂ ਆਪਣੇ ਮੁੱਖ ਕੋਚ ਨਾਲ ਇਸ ਬਾਰੇ ਹੋਰ ਵਿਚਾਰ ਚਰਚਾ ਕਰ ਰਹੇ ਹਾਂ ਅਤੇ ਇਸ ਬਾਰੇ ਜਲਦੀ ਹੀ ਤੁਹਾਡੇ ਨਾਲ ਸੰਪਰਕ ਕਰਾਂਗੇ।"
ਡੈਲਸ ਕਾਓਬੁਆਇਜ਼ ਦੇ ਇੱਕ ਪੋਸਟਰ ਨੂੰ ਲੈ ਕੇ ਬਹਿਸ
- ਅਮਰੀਕਾ ਦੀ ਫੁੱਟਬਾਲ ਟੀਮ ‘ਡੈਲਸ ਕਾਓਬੁਆਇਜ਼’ ਦੇ ਥੀਮ ਪੋਸਟਰ ''ਤੇ ਇੱਕ ਦੋ ਤਲਵਾਰਾਂ ਵਾਲੇ ਸਿੱਖ ਯੋਧੇ ਦੀ ਤਸਵੀਰ ਛਾਪੀ ਗਈ ਹੈ
- ਕੋਚ ਮੁਤਾਬਕ ਡੈਲਸ ਕਾਓਬੁਆਇਜ਼ ਦਾ 2023 ਥੀਮ ‘ਕਾਰਪੇ ਓਮਨੀਆ’ ਹੈ
- ਟੀਮ ਵੱਲੋਂ ਇਹ ਤਸਵੀਰ ਸਿੱਖ ਗੁਰੂ ਹਰਗੋਬਿੰਦ ਸਿੰਘ ਦੀ ਦੱਸੀ ਗਈ ਹੈ
- ਸੋਸ਼ਲ ਮੀਡੀਆ ’ਤੇ ਕਈ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਸਿੱਖ ਯੋਧਾ ਹਰੀ ਸਿੰਘ ਨਲਵਾ ਦੀ ਸੀ।
ਡੈਲਸ ਕਾਓਬੁਆਇਜ਼ ਦਾ ਇਤਿਹਾਸ
‘ਡੈਲਸ ਕਾਓਬੁਆਇਜ਼’ ਇੱਕ ਪੇਸ਼ੇਵਰ ਅਮਰੀਕੀ ਫੁੱਟਬਾਲ ਟੀਮ ਹੈ ਜੋ ਡੈਲਸ-ਫੋਰਟ ਵਰਥ ਮੈਟਰੋਪਲੇਕਸ ਵਿੱਚ ਸਥਿਤ ਹੈ।
ਇਸ ਟੀਮ ਦਾ ਮੁੱਖ ਦਫਤਰ ਫ੍ਰਿਸਕੋ, ਟੈਕਸਾਸ ਵਿੱਚ ਹੈ ਅਤੇ 2009 ਤੋਂ ਇਹ ਟੀਮ ਆਪਣੇ ਘਰੇਲੂ ਮੈਚ ਏਟੀ ਐਂਡ ਟੀ ਸਟੇਡੀਅਮ ਵਿੱਚ ਖੇਡਦੀ ਹੈ ।
ਨੈਸ਼ਨਲ ਫੁੱਟਬਾਲ ਲੀਗ ਦੀ ਵੈੱਬਸਾਈਟ ਮੁਤਾਬਕ, ਡੈਲਸ ਕਾਓਬੁਆਇਜ਼ 1960 ਵਿੱਚ ਸਥਾਪਿਤ ਹੋਈ ਸੀ ਤੇ ਕਾਓਬੁਆਇਜ਼ ਨੇ 1966 ਵਿੱਚ ਆਪਣਾ ਪਹਿਲਾ ਸੀਜ਼ਨ ਜਿੱਤਿਆ ਸੀ।
1970 ਅਤੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਕਾਓਬੁਆਇਜ਼ ਆਪਣੇ ਵੱਖ-ਵੱਖ ਸੀਜ਼ਨਾਂ ਵਿੱਚ ਆਪਣਾ ਦਬਦਬਾ ਬਣਾਉਣ ਅਤੇ ਦੋ ਸੁਪਰ ਲੀਗਜ਼ ਜਿੱਤਣ ਤੋਂ ਬਾਅਦ ‘ਅਮਰੀਕਾ ਦੀ ਟੀਮ’ ਵਜੋਂ ਜਾਣੇ ਜਾਂਦੇ ਸਨ।
1989 ਵਿੱਚ ਜੈਰੀ ਜੋਨਸ ਨੇ ਐੱਚਆਰ (ਬਮ) ਬ੍ਰਾਈਟ ਤੋਂ ਕਾਓਬੁਆਇਜ਼ ਵਿੱਚ ਆਪਣੀ ਹਿੱਸੇਦਾਰੀ ਵਧਾ ਲਈ ਸੀ।
1992 ਤੋਂ 1995 ਤੱਕ, ਕਾਓਬੁਆਇਜ਼ ਨੇ ਮੁੱਖ ਕੋਚ ਜਿੰਮੀ ਜਾਨਸਨ ਅਤੇ ਬੈਰੀ ਸਵਿਟਜ਼ਰ ਦੇ ਅਧੀਨ ਚਾਰ ਵਿੱਚੋਂ ਤਿੰਨ ਸੁਪਰ ਬਾਊਲ ਜਿੱਤੇ ਸਨ।
2018 ਵਿੱਚ ਡੈਲਸ ਕਾਓਬੁਆਇਜ਼ 500 ਕਰੋੜ ਡਾਲਰਾਂ ਦੀ ਕੀਮਤ ਵਾਲੀ ਪਹਿਲੀ ਸਪੋਰਟਸ ਟੀਮ ਬਣ ਗਈ, ਜਿਸ ਨਾਲ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਖੇਡ ਟੀਮ ਬਣ ਗਈ ਸੀ।
ਕਾਓਬੁਆਇਜ਼ ਹੂਡੀਜ਼ ''ਤੇ ਵਰਤੀ ਗਈ ਤਸਵੀਰ ਨੂੰ ਲੈ ਕੇ ਵਿਵਾਦ
ਕਾਓਬੁਆਇਜ਼ ਯੂ-ਟਿਊਬ ਚੈਨਲ ਦੇ ਕੁਮੈਂਟ ਸੈਕਸ਼ਨ ''ਤੇ ਬਹੁਤ ਸਾਰੇ ਸਿੱਖ ਯੂਜ਼ਰਜ਼ ਆਪਣੇ ਜਵਾਬ ਲਿਖ ਰਹੇ ਹਨ ਕਿ ਕਾਓਬੁਆਇਜ਼ ਦੀ ਹੂਡੀਜ਼ ''ਤੇ ਵਰਤੀ ਗਈ ਤਸਵੀਰ ‘ਹਰੀ ਸਿੰਘ ਨਲਵਾ’ ਦੀ ਹੈ, ਜੋ ਕਿ ਇੱਕ ਪ੍ਰਸਿੱਧ ਸਿੱਖ ਯੋਧੇ ਸਨ।
ਹਾਲੇ ਤੱਕ ਇਸ ''ਤੇ ਕਾਓਬੁਆਇਜ਼ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਮੁਤਾਬਕ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਪਿੰਡ ਗੁਰੂ ਕੀ ਵਡਾਲੀ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ 1595 ਵਿੱਚ ਹੋਇਆ ਸੀ।
ਐੱਸਜੀਪੀਸੀ ਦੀ ਵੈੱਬਸਾਈਟ ਮੁਤਾਬਕ, ‘‘ਉਹ ਗੁਰੂ ਅਰਜਨ ਸਾਹਿਬ ਅਤੇ ਮਾਤਾ ਗੰਗਾ ਦੇ ਇਕਲੌਤੇ ਪੁੱਤਰ ਸਨ। ਗੁਰੂ ਹਰਗੋਬਿੰਦ ਸਾਹਿਬ 11 ਸਾਲ ਦੀ ਉਮਰ ਵਿੱਚ 1606 ਵਿੱਚ ਗੁਰੂ ਅਰਜਨ ਸਾਹਿਬ ਤੋਂ ਬਾਅਦ ਛੇਵੇਂ ਸਿੱਖ ਗੁਰੂ ਬਣੇ ਸਨ।‘‘
‘‘ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂ ਬਣਨ ਤੋਂ ਬਾਅਦ ਪਹਿਲੀ ਵਾਰ ਸਿੱਖਾਂ ਨੇ ਮੁਗ਼ਲ ਸਾਮਰਾਜ ਦੀਆਂ ਵਧੀਕੀਆਂ ਦਾ ਮੁਕਾਬਲਾ ਕਰਨ ਲਈ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਸੀ।”
“ਸਿੱਖ ਕੌਮ ਅਧਿਆਤਮਿਕ ਅਤੇ ਸਿਆਸੀ, ਦੋਵੇਂ ਰਸਤੇ ਇੱਕੋ ਸਮੇਂ ਅਪਣਾਉਂਦੀ ਹੈ। ਇਹ ਨੀਤੀ ਸਿੱਖਾਂ ਦੇ ਸਾਰੇ ਸਮਾਜਿਕ ਅਤੇ ਆਰਥਿਕ ਹਿੱਸਿਆਂ ਦੇ ਅਨੁਕੂਲ ਸੀ।”
“ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ ਸਨ, ਇੱਕ ਅਧਿਆਤਮਿਕ ਸ਼ਕਤੀ-ਪੀਰੀ ਅਤੇ ਦੂਜੀ ਸੈਨਿਕ ਸ਼ਕਤੀ-ਮੀਰੀ। ਹੁਣ ਸਿੱਖ “ਸੰਤ-ਸਿਪਾਹੀ” ਬਣ ਗਏ ਸਨ।”
‘‘ਗੁਰੂ ਹਰਗੋਬਿੰਦ ਸਾਹਿਬ ਨੇ 1609 ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਬੁੰਗਾ ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਮ ਨਾਲ ਜਾਣਿਆ ਜਾਣ ਲੱਗਿਆ।’’
ਕਾਓਬੁਆਇਜ਼ ਇੱਕ ਮਹਿੰਗੀ ਟੀਮ ਹੈ
ਨੈਸ਼ਨਲ ਫੁੱਟਬਾਲ ਲੀਗ ਕੀ ਹੈ?
ਨੈਸ਼ਨਲ ਫੁੱਟਬਾਲ ਲੀਗ (ਐੱਨਐੱਫਐੱਲ) ਇੱਕ ਪੇਸ਼ੇਵਰ ਅਮਰੀਕੀ ਫੁੱਟਬਾਲ ਲੀਗ ਹੈ, ਜਿਸ ਵਿੱਚ 32 ਟੀਮਾਂ ਹੁੰਦੀਆਂ ਹਨ, ਜੋ ਅਮਰੀਕਨ ਫੁੱਟਬਾਲ ਕਾਨਫਰੰਸ (ਏਐੱਫ਼ਸੀ) ਅਤੇ ਨੈਸ਼ਨਲ ਫੁੱਟਬਾਲ ਕਾਨਫ਼ਰੰਸ (ਐੱਨਐੱਫਸੀ) ਵਿਚਕਾਰ ਬਰਾਬਰ ਵੰਡੀਆਂ ਜਾਂਦੀਆਂ ਹਨ।
ਐੱਨਐੱਫਐੱਲ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਪ੍ਰਮੁੱਖ ਪੇਸ਼ੇਵਰ ਖੇਡ ਲੀਗਾਂ ਵਿੱਚੋਂ ਇੱਕ ਹੈ।
ਇਸ ਲੀਗ ਦਾ ਮੁੱਖ ਦਫ਼ਤਰ ਨਿਊਯਾਰਕ ਸਿਟੀ ਵਿੱਚ ਹੈ।
ਨੈਸ਼ਨਲ ਫੁੱਟਬਾਲ ਲੀਗ (ਐੱਨਐੱਫਐੱਲ) ਦੀ ਸਥਾਪਨਾ 1920 ਵਿੱਚ ਅਮਰੀਕਨ ਪ੍ਰੋਫੈਸ਼ਨਲ ਫੁੱਟਬਾਲ ਐਸੋਸੀਏਸ਼ਨ (ਏਪੀਐੱਫਏ) ਦੇ ਰੂਪ ਵਿੱਚ ਚਾਰ ਰਾਜਾਂ ਦੀਆਂ ਦੱਸ ਟੀਮਾਂ ਨਾਲ ਕੀਤੀ ਗਈ ਸੀ।
ਇਹ ਸਾਰੀਆਂ ਟੀਮਾਂ ਆਪੋ-ਆਪਣੇ ਖੇਤਰਾਂ ਵਿੱਚ ਖੇਤਰੀ ਲੀਗਾਂ ਦੇ ਹਿੱਸੇਦਾਰਾਂ ਵਜੋਂ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਸਨ। ਲੀਗ ਨੇ ਆਪਣਾ ਮੌਜੂਦਾ ਨਾਮ 1922 ਵਿੱਚ ਲਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੁੰਭ ਮੇਲੇ ''ਚ ਲੋਕਾਂ ਨੂੰ ਬਿਨਾਂ ਲੋੜ ਦਿੱਤੇ ਜਾ ਰਹੇ ਐਂਟੀਬਾਇਓਟਿਕਸ ਕਿਵੇਂ ਖਤਰਨਾਕ ਸਾਬਿਤ ਹੋ ਰਹੇ
NEXT STORY