ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ਆਏ ਸਨ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ-20 ਸੰਮੇਲਨ ''ਚ ਹਿੱਸਾ ਲੈਣ ਲਈ ਭਾਰਤ ਆਏ ਸਨ। ਦੁਨੀਆ ਦੇ ਬਾਕੀ ਨੇਤਾਵਾਂ ਵਾਂਗ ਉਨ੍ਹਾਂ ਨੇ ਵੀ ਐਤਵਾਰ ਨੂੰ ਵਾਪਸ ਜਾਣਾ ਸੀ ਪਰ ਜਹਾਜ਼ ''ਚ ਤਕਨੀਕੀ ਖ਼ਰਾਬੀ ਕਾਰਨ ਉਹ ਮੰਗਲਵਾਰ ਦੀ ਦੁਪਿਹਰ ਨੂੰ ਹੀ ਦਿੱਲੀ ਤੋਂ ਵਾਪਸੀ ਕਰ ਸਕੇ।
ਟਰੂਡੋ ਦੀ ਇਹ ਯਾਤਰਾ ''ਮੁਸ਼ਕਿਲਾਂ'' ਭਰੀ ਸਾਬਤ ਹੋ ਰਹੀ ਹੈ। ਇੱਕ ਪਾਸੇ ਭਾਰਤ ਵਿੱਚ ਉਨ੍ਹਾਂ ਨੂੰ ਬਹੁਤੀ ਤਵੱਜੋ ਨਹੀਂ ਮਿਲੀ ਅਤੇ ਦੂਜੇ ਪਾਸੇ ਕੈਨੇਡਾ ਵਿੱਚ ਵੀ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ।
ਕੈਨੇਡਾ ਦੇ ਮੀਡੀਆ ਵਿੱਚ ਉਨ੍ਹਾਂ ਦੇ ਦੌਰੇ ਨੂੰ ‘ਅਸਫ਼ਲ’ ਅਤੇ ‘ਸ਼ਰਮਨਾਕ’ ਤੱਕ ਆਖਿਆ ਜਾ ਰਿਹਾ ਹੈ।
ਕੈਨੇਡਾ ਦਾ ਮੀਡੀਆ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2018 ਵਿੱਚ ਉਨ੍ਹਾਂ ਦੀ ਪਹਿਲੀ ‘ਅਸਫ਼ਲ’ ਭਾਰਤ ਫੇਰੀ ਦੀ ਵੀ ਯਾਦ ਦਿਵਾ ਰਿਹਾ ਹੈ, ਜਦੋਂ ਉਨ੍ਹਾਂ ਨੇ ਇੱਕ ‘ਦੋਸ਼ੀ ਠਹਿਰਾਏ ਗਏ ਅੱਤਵਾਦੀ’ ਨੂੰ ਆਪਣੇ ਨਾਲ ਡਿਨਰ ਲਈ ਸੱਦਾ ਦਿੱਤਾ ਸੀ।
ਕੈਨੇਡਾ ਵਿੱਚ ਇੱਕ ਤਸਵੀਰ ਦੀ ਵੀ ਚਰਚਾ ਹੋ ਰਹੀ ਹੈ ਜਿਸ ਵਿੱਚ ਜੀ-20 ਕਾਨਫਰੰਸ ਦੌਰਾਨ ਅਮਰੀਕੀ ਰਾਸ਼ਟਰਪਤੀ ਬਾਇਡਨ ਟਰੂਡੋ ਦੇ ਚਿਹਰੇ ਵੱਲ ਉਂਗਲ ਚੁੱਕਦੇ ਨਜ਼ਰ ਆ ਰਹੇ ਹਨ।
ਇਸ ਤਸਵੀਰ ''ਚ ਨਾ ਤਾਂ ਟਰੂਡੋ ਖੁਸ਼ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਅਮਰੀਕੀ ਰਾਸ਼ਟਰਪਤੀ ਅਤੇ ਅਜਿਹਾ ਲੱਗ ਰਿਹਾ ਹੈ ਜਿਵੇਂ ਬਾਇਡਨ ਟਰੂਡੋ ਨੂੰ ''ਪਾਠ ਪੜ੍ਹਾ ਰਹੇ ਹੋਣ''।
ਜਦੋਂ ਟਰੂਡੋ ਅਧਿਕਾਰਤ ਸਵਾਗਤ ਦੌਰਾਨ ਮਿਲੇ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੱਥ ਮਿਲਾਉਣ ਵੇਲੇ ਆਪਣਾ ਹੱਥ ਛੁਡਾਉਂਦੇ ਹੋਏ ਵੀ ਨਜ਼ਰ ਆਏ।
ਇਸ ਤਸਵੀਰ ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ''ਚ ਚੱਲ ਰਹੇ ''ਤਣਾਅ'' ਵਜੋਂ ਵੀ ਦੇਖਿਆ ਜਾ ਰਿਹਾ ਹੈ।
ਜਦੋਂ ਟਰੂਡੋ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਸ ਕੇ ਟਾਲਣ ਦੀ ਕੋਸ਼ਿਸ਼ ਕੀਤੀ। ਪਰ ਕੈਨੇਡਾ ਦੇ ਮੀਡੀਆ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ''ਗੱਲ ਸਿਰਫ਼ ਇੰਨੀ ਨਹੀਂ ਹੈ''।
ਦੋਵੇਂ ਨੇਤਾ ਜੀ-20 ਦੌਰਾਨ ਆਪਣੀ ਮੁਲਾਕਾਤ ਦੌਰਾਨ ਅਸਹਿਜ ਨਜ਼ਰ ਆਏ
ਜਸਟਿਨ ਟਰੂਡੋ ਨੇ ਪੀਐੱਮ ਮੋਦੀ ਨਾਲ ਹੋਈ ਗੱਲਬਾਤ ਬਾਰੇ ਕੀ ਕਿਹਾ ਸੀ
- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਾਲਿਸਤਾਨ ਅਤੇ ਵਿਦੇਸ਼ੀ ਦਖਲ ਦੇ ਮੁੱਦੇ ਉੱਪਰ ਕਈ ਵਾਰ ਗੱਲਬਾਤ ਹੋਈ ਹੈ।
- ਜਸਟਿਨ ਟਰੂਡੋ ਨੇ ਕਿਹਾ ਸੀ ਕਿ ਹਾਲਾਂਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਕਿਸੇ ਭਾਈਚਾਰੇ ਜਾਂ ਕੈਨੇਡਾ ਦੀ ਨੁਮਾਇੰਦਗੀ ਨਹੀਂ ਕਰਦੀਆਂ।
- ਉਨ੍ਹਾਂ ਦਾ ਇਹ ਬਿਆਨ ਮੀਡੀਆ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਕੱਟੜਪੰਥੀ ਕਾਰਵਾਈਆਂ ਤੇ ਭਾਰਤ ਵੱਲੋਂ ਦਖਲ ਦੇਣ ਦੇ ਜਵਾਬ ਵਿੱਚ ਦਿੱਤਾ ਗਿਆ ਸੀ।
- ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ, ਵਿਵੇਕ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਵਿਰੋਧ ਦੀ ਆਜ਼ਾਦੀ ਦੀ ਰੱਖਿਆ ਕਰੇਗਾ।
- ਜਸਟਿਨ ਟਰੂਡੋ ਨਾਲ ਮੀਟਿੰਗ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਕਰਕੇ ਕਿਹਾ, ਅਸੀਂ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਕੈਨੇਡਾ ਦੇ ਸਬੰਧਾਂ ਬਾਰੇ ਪੂਰੀ ਚਰਚਾ ਕੀਤੀ।
ਵਿਗੜ ਰਹੇ ਆਰਥਿਕ ਰਿਸ਼ਤੇ
ਭਾਰਤ ਇਸ ਵੇਲੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿੱਚੋਂ ਇੱਕ ਹੈ।
ਕਰੀਬ ਚਾਰ ਕਰੋੜ ਦੀ ਆਬਾਦੀ ਵਾਲੇ ਕੈਨੇਡਾ ਦੀ ਅਰਥਵਿਵਸਥਾ ਵੀ ਦੁਨੀਆ ਦੀਆਂ ਮੋਹਰੀ 10 ਅਰਥਵਿਵਸਥਾਵਾਂ ''ਚ ਸ਼ਾਮਲ ਹੈ।
ਭਾਵੇਂ ਕੈਨੇਡਾ ਆਕਾਰ ਵਿੱਚ ਭਾਰਤ ਨਾਲੋਂ 204 ਫੀਸਦ ਵੱਡਾ ਹੈ, ਪਰ ਕੈਨੇਡਾ ਦੀ ਆਬਾਦੀ ਭਾਰਤ ਨਾਲੋਂ ਬਹੁਤ ਘੱਟ ਹੈ।
ਕੈਨੇਡਾ ਦੇ ਮੀਡੀਆ ਵਿੱਚ ਭਾਰਤ ਨਾਲ ਵਧਦੀ ਡਿਪਲੋਮੈਟਿਕ ਦੂਰੀਆਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ।
''ਦਿ ਟੋਰਾਂਟੋ ਸਨ'' ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ, "ਭਾਵੇਂ ਅਸੀਂ ਭਾਰਤ-ਪ੍ਰਸ਼ਾਂਤ ਖੇਤਰ ਲਈ ਇੱਕ ਨਵੀਂ ਰਣਨੀਤੀ ਦਾ ਐਲਾਨ ਕੀਤਾ ਹੈ ਪਰ ਅਸੀਂ ਇਸ ਖੇਤਰ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਭਾਰਤ ਅਤੇ ਚੀਨ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਰਹਿੰਦੇ ਹਾਂ।"
ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸਿੱਖ ਵਸੋਂ ਵੀ ਰਹਿੰਦੀ ਹੈ। ਕੈਨੇਡਾ ਦੀ ਘਰੇਲੂ ਸਿਆਸਤ ''ਤੇ ਸਿੱਖ ਆਬਾਦੀ ਦਾ ਠੀਕਠਾਕ ਪ੍ਰਭਾਵ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਟਰੂਡੋ ਘਰੇਲੂ ਸਿਆਸਤ ਕਾਰਨ ''ਭਾਰਤ ਤੋਂ ਦੂਰ'' ਹੋ ਰਹੇ ਹਨ।
ਭਾਰਤ ਨੇ ਦਿੱਲੀ ਵਿੱਚ ਮੌਜੂਦ ਜਸਟਿਨ ਟਰੂਡੋ ਪ੍ਰਤੀ ਠੰਢਾ ਰਵੱਈਆ ਦਿਖਾਇਆ ਹੈ
''ਦਿ ਟੋਰਾਂਟੋ ਸਨ'' ਨੇ ਆਪਣੇ ਲੇਖ ਵਿੱਚ ਕਿਹਾ ਹੈ, “ਭਾਰਤ ਦੀ ਆਰਥਿਕਤਾ ਸਾਡੇ ਨਾਲੋਂ ਦੁੱਗਣੀ ਵੱਡੀ ਹੈ। ਉਨ੍ਹਾਂ ਦੀ 140 ਕਰੋੜ ਦੀ ਆਬਾਦੀ ਸਾਡੇ ਨਾਲੋਂ ਕਿਤੇ ਵੱਧ ਹੈ। ਜੇਕਰ ਦੇਖਿਆ ਜਾਵੇ ਤਾਂ ਕੈਨੇਡਾ ਨੂੰ ਭਾਰਤ ਦੀ ਜ਼ਿਆਦਾ ਲੋੜ ਹੈ।"
ਦੋਵਾਂ ਦੇਸ਼ਾਂ ਦੀ ਆਰਥਿਕ ਤਰੱਕੀ ਵਿੱਚ ਵੀ ਵੱਡਾ ਅੰਤਰ ਹੈ। ਕੈਨੇਡਾ ਦੀ ਆਰਥਿਕਤਾ 1.5 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਅਤੇ ਇਸ ਦੇ 1.4 ਫੀਸਦੀ ਤੱਕ ਡਿੱਗਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਭਾਰਤ ਦੀ ਆਰਥਿਕ ਵਿਕਾਸ ਦਰ 5.9 ਫੀਸਦੀ ਹੈ ਅਤੇ ਇਸ ਦੇ ਹੋਰ ਵਧਣ ਦੀ ਉਮੀਦ ਵੀ ਪ੍ਰਗਟਾਈ ਗਈ ਹੈ।
ਦਿੱਲੀ ''ਚ ਟਰੂਡੋ ਦੀ ''ਤਕਨੀਕੀ ਕਾਰਨਾਂ'' ਕਰਕੇ ਮੌਜੂਦਗੀ ਉਨ੍ਹਾਂ ਲਈ ਕਿੰਨੀ ਅਸਹਿਜ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਸੋਮਵਾਰ ਨੂੰ ਦਿੱਲੀ ਦੇ ਲਲਿਤ ਹੋਟਲ ''ਚ ਆਪਣੇ ਕਮਰੇ ''ਚੋਂ ਬਾਹਰ ਨਹੀਂ ਨਿਕਲੇ।
ਭਾਰਤ ਨੇ ਦਿੱਲੀ ਵਿੱਚ ਮੌਜੂਦ ਜਸਟਿਨ ਟਰੂਡੋ ਪ੍ਰਤੀ ਜੋ ਠੰਢਾ ਰਵੱਈਆ ਦਿਖਾਇਆ ਹੈ, ਉਹ ਵੀ ਸ਼ਾਇਦ ਬਿਨਾਂ ਕਾਰਨ ਨਹੀਂ ਹੈ।
ਟਰੂਡੋ ਦੇ ਸ਼ਾਸਨ ਦੌਰਾਨ ਕੈਨੇਡਾ ਨੇ ਭਾਰਤ ਨਾਲ ਬਿਨਾਂ ਕਿਸੇ ਵਪਾਰਕ ਸਮਝੌਤੇ ''ਤੇ ਗੱਲਬਾਤ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਰੋਕ ਦਿੱਤੀ ਹੈ।
ਅਜਿਹੇ ''ਚ ਸਵਾਲ ਇਹ ਉੱਠਦਾ ਹੈ ਕਿ ਟਰੂਡੋ ਇਹ ਕਦਮ ਕਿਉਂ ਚੁੱਕ ਰਹੇ ਹਨ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਟਰੂਡੋ ਵਿਚਾਰਕ ਤੌਰ ''ਤੇ ਨਰਿੰਦਰ ਮੋਦੀ ਦੇ ਵਿਰੋਧੀ ਹਨ।
''ਦਿ ਟੋਰਾਂਟੋ ਸਨ'' ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ, "ਬਦਕਿਸਮਤੀ ਨਾਲ, ਟਰੂਡੋ ਨੂੰ ਲੱਗਦਾ ਹੈ ਕਿ ਮੋਦੀ ਦੀਆਂ ਘਰੇਲੂ ਨੀਤੀਆਂ ਦਾ ਅਸਰ ਉਨ੍ਹਾਂ ਦੇ ਆਪਣੇ ਸਿਆਸੀ ਭਵਿੱਖ ''ਤੇ ਵੀ ਪਵੇਗਾ। ਉਹ ਨਾ ਸਿਰਫ਼ ਮੋਦੀ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹਨ, ਸਗੋਂ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਦੇਖਣਾ ਚਾਹੁੰਦੇ ਹਨ।"
ਪ੍ਰਧਾਨ ਮੰਤਰੀ ਟਰੂਡੋ ਵੀ ਭਾਰਤ ਨਾਲ ਵਪਾਰਕ ਸਮਝੌਤੇ ''ਤੇ ਦਸਤਖ਼ਤ ਨਾ ਕਰਨ ਲਈ ਆਪਣੇ ਹੀ ਦੇਸ਼ ''ਚ ਘਿਰ ਗਏ ਹਨ।
ਕੈਨੇਡਾ ਦੇ ਸਾਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਨੇ ਟਰੂਡੋ ''ਤੇ ਭਾਰਤ ਨਾਲ ਸਬੰਧ ਵਿਗਾੜਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਟਰੂਡੋ ਨੇ ਭਾਰਤ ਨਾਲ ਹੋਏ ਸਮਝੌਤੇ ਨੂੰ ਲੈ ਕੇ ਸੂਬਿਆਂ ਨੂੰ ਹਨੇਰੇ ''ਚ ਰੱਖਿਆ ਹੈ।
ਸੋਮਵਾਰ ਨੂੰ ਜਾਰੀ ਇੱਕ ਪੱਤਰ ਵਿੱਚ ਸਕੌਟ ਮੋਏ ਨੇ ਕਿਹਾ ਹੈ ਕਿ ਟਰੂਡੋ ਘਰੇਲੂ ਸਿਆਸੀ ਕਾਰਨਾਂ ਕਰਕੇ ਭਾਰਤ ਨਾਲ ਤਣਾਅ ਵਧਾ ਰਹੇ ਹਨ।
ਸਾਸਕੈਚਵਨ ਪ੍ਰਾਂਤ ਆਪਣੀ ਨਿਰਯਾਤ ਦਾ ਚਾਲੀ ਫੀਸਦ ਹਿੱਸਾ ਭਾਰਤ ਨੂੰ ਕਰਦਾ ਹੈ ਅਤੇ ਦੋਵੇਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦਾ ਇੱਥੋਂ ਦੀ ਆਰਥਿਕਤਾ ''ਤੇ ਅਸਰ ਹੋ ਰਿਹਾ ਹੈ।
''ਖ਼ਾਲਿਸਤਾਨ ਲਹਿਰ ਨੂੰ ਲੈ ਕੇ ਟਕਰਾਅ''
ਭਾਰਤ ਤੋਂ ਬਾਹਰ ਦੁਨੀਆਂ ਵਿੱਚ ਸਭ ਤੋਂ ਵੱਧ ਸਿੱਖ ਆਬਾਦੀ ਕੈਨੇਡਾ ਵਿੱਚ ਹੀ ਰਹਿੰਦੀ ਹੈ। ਮੋਦੀ ਸਰਕਾਰ ਦੀਆਂ ਕਈ ਨੀਤੀਆਂ, ਜਿਨ੍ਹਾਂ ਵਿੱਚ ਕਿਸਾਨ ਅੰਦੋਲਨ ''ਤੇ ਸਖ਼ਤ ਰੁਖ਼ ਆਦਿ, ਨੂੰ ਕੈਨੇਡਾ ''ਚ ਸਿੱਖ ਵਿਰੋਧੀ ਮੰਨਿਆ ਜਾਂਦਾ ਹੈ।
ਟਰੂਡੋ ਨੇ ਕਿਸਾਨ ਅੰਦੋਲਨ ਦੌਰਾਨ ਖੁੱਲ੍ਹ ਕੇ ਅੰਦੋਲਨ ਦੀ ਹਮਾਇਤ ਕੀਤੀ ਸੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕੀਤੀ ਸੀ।
ਜੀ-20 ਕਾਨਫਰੰਸ ਦੌਰਾਨ ਭਾਰਤ ਵੱਲੋਂ ਕੈਨੇਡਾ ਨੂੰ ਆਪਣੇ ਦੇਸ਼ ਵਿੱਚ ‘ਖ਼ਾਲਿਸਤਾਨੀ ਗਤੀਵਿਧੀਆਂ ’ਤੇ ਕਾਬੂ ਪਾਉਣ ਲਈ ਕਿਹਾ ਜਾਣਾ ਵੀ ਸੁਰਖੀਆਂ ਵਿੱਚ ਰਿਹਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੂਡੋ ਨਾਲ ਮੁਲਾਕਾਤ ਦੌਰਾਨ ਕੈਨੇਡਾ ਤੋਂ ਚੱਲ ਰਹੀ ਵੱਖਵਾਦੀ ‘ਖ਼ਾਲਿਸਤਾਨੀ ਲਹਿਰ’ ਦਾ ਮੁੱਦਾ ਵੀ ਚੁੱਕਿਆ ਅਤੇ ਇਸ ਸਬੰਧੀ ਭਾਰਤ ਦੀਆਂ ਚਿੰਤਾਵਾਂ ਵੀ ਜ਼ਾਹਰ ਕੀਤੀਆਂ।
ਉੱਥੇ ਹੀ ਜਿਸ ਦਿਨ ਟਰੂਡੋ ਅਤੇ ਮੋਦੀ ਵਿਚਾਲੇ ਸੰਖੇਪ ਮੁਲਾਕਾਤ ਹੋਈ, ਉਸੇ ਦਿਨ ਕੈਨੇਡਾ ਦੇ ਵੈਨਕੂਵਰ ਵਿੱਚ ਸਿੱਖ ਭਾਈਚਾਰੇ ਨੇ ਪੰਜਾਬ ਸੂਬੇ ਨੂੰ ਭਾਰਤ ਤੋਂ ਵੱਖ ਕਰਨ ਲਈ ਰਾਏਸ਼ੁਮਾਰੀ ਵੀ ਕਰਵਾਈ।
ਦਿੱਲੀ ''ਚ ਜੀ-20 ਦੌਰਾਨ ਮੋਦੀ ਅਤੇ ਟਰੂਡੋ ਵਿਚਾਲੇ ਹੋਈ ਗੱਲਬਾਤ ਤੋਂ ਕੁਝ ਘੰਟੇ ਬਾਅਦ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਵੈਨਕੂਵਰ, ਸਰੀ ''ਚ ਪ੍ਰਦਰਸ਼ਨ ਕੀਤਾ
ਭਾਰਤ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੀ-20 ਦੌਰਾਨ ਹੋਈ ਮੀਟਿੰਗ ਦੌਰਾਨ ਨਰਿੰਦਰ ਮੋਦੀ ਨੇ ਜਸਟਿਨ ਟਰੂਡੋ ਨੂੰ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਤਰੱਕੀ ਲਈ ‘ਆਪਸੀ ਸਨਮਾਨ ਅਤੇ ਭਰੋਸਾ’ ਜ਼ਰੂਰੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਅੰਦੋਲਨ ਵੱਖਵਾਦ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਭੜਕਾਉਂਦਾ ਹੈ।
ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਸ ਨੂੰ ''ਕੈਨੇਡਾ ''ਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਖ਼ਤਰਿਆਂ'' ਨਾਲ ਭਾਰਤ ਨਾਲ ਮਿਲ ਕੇ ਲੜਨਾ ਚਾਹੀਦਾ ਹੈ।
ਹਾਲਾਂਕਿ, ਜਦੋਂ ਟਰੂਡੋ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਜ਼ਾਹਿਰ ਹੈ ਕਿ ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਰੱਖਿਆ ਕਰੇਗਾ। ਇਹ ਉਹ ਚੀਜ਼ ਹੈ ਜੋ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਅਸੀਂ ਹਿੰਸਾ ਨੂੰ ਰੋਕਣ ਅਤੇ ਨਫ਼ਰਤ ਨੂੰ ਘਟਾਉਣ ਲਈ ਹਮੇਸ਼ਾ ਮੌਜੂਦ ਹਾਂ।"
ਟਰੂਡੋ ਨੇ ਕਿਹਾ, ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਪੂਰੇ ਕੈਨੇਡੀਅਨ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੀਆਂ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕਿਮ ਜੋਂਗ ਉਨ: ਹਵਾਈ ਜਹਾਜ਼ ਦੀ ਥਾਂ ਇਸ ਟਰੇਨ ਰਾਹੀਂ ਕਿਉਂ ਗਏ ਰੂਸ, ਇਸ ਵਿੱਚ ਕੀ ਹੈ ਖ਼ਾਸ
NEXT STORY