ਰੂਸ ਲਈ ਰਵਾਨਾ ਹੁੰਦੇ ਕਿਮ ਜੋਂਗ ਉਨ
ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਲਈ ਇੱਕ ਆਲੀਸ਼ਾਨ ਟਰੇਨ ਰਾਹੀਂ ਰੂਸ ਪਹੁੰਚ ਗਏ ਹਨ।
ਰੂਸ ਪਹੁੰਚਣ ਲਈ ਉਨ੍ਹਾਂ ਨੇ ਤਕਰੀਬਨ 1180 ਕਿਲੋਮੀਟਰ ਲੰਬਾ ਸਫ਼ਰ ਕੀਤਾ ਹੈ। ਇਹ ਸਫ਼ਰ ਉਨ੍ਹਾਂ ਹਵਾਈ ਜਹਾਜ਼ ਰਾਹੀਂ ਨਹੀਂ ਸਗੋਂ ਇੱਕ ਖ਼ਾਸ ਬਖ਼ਤਰਬੰਦ ਟਰੇਨ ਰਾਹੀਂ ਕੀਤਾ ਹੈ।
ਇਸ ਟਰੇਨ ਦੀ ਰਫ਼ਤਾਰ ਆਮ ਨਾਲੋਂ ਬਹੁਤ ਹੌਲੀ ਹੁੰਦੀ ਹੈ।
ਟਰੇਨ ਵਿੱਚ ਕੀ ਹੈ ਖ਼ਾਸ
ਕਿਮ ਜੋਂਗ ਉਨ ਦੀ ਟਰੇਨ
ਇੱਕ ਘੰਟੇ ਵਿੱਚ ਕਰੀਬ 50 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ ਟਰੇਨ ਬੇਹੱਦ ਆਰਾਮਦਾਇਕ ਸੁਵਿਧਾਵਾਂ ਨਾਲ ਲੈਸ ਹੈ। ਇਸਦੀ ਹੌਲੀ ਰਫ਼ਤਾਰ ਦਾ ਕਾਰਨ ਇਸ ਦੇ ਭਾਰੀ ਸੁਰੱਖਿਆ ਪ੍ਰਬੰਧ ਹਨ।
ਇਸ ਵਿੱਚ ਪੀਣ ਲਈ ਮਹਿੰਗੀ ਫਰੈਂਚ ਵਾਈਨ ਅਤੇ ਖਾਣ ਲਈ ਫਰੈਸ਼ ਲੌਬਸਟਰ ਜਿਹੇ ਪਕਵਾਨ ਮੌਜੂਦ ਹੁੰਦੇ ਹਨ।
ਜੇਕਰ ਮੁਕਾਬਲੇ ਵਿੱਚ ਵੇਖਣਾ ਹੋਵੇ ਤਾਂ, ਲੰਡਨ ਦੀ ਹਾਈ ਸਪੀਡ ਟਰੇਨ ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਜਦਕਿ ਜਪਾਨ ਦੀ ਸ਼ਿਨਕਾਨਸੇਨ ਬੁਲੇਟ ਟਰੇਨ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਦੌੜ ਸਕਦੀ ਹੈ।
ਨਵੰਬਰ 2009 ਵਿੱਚ ਸਾਊਥ ਕੋਰੀਆ ਦੇ ਕੰਜ਼ਰਵੇਟਿਵ ਅਖ਼ਬਾਰ ਚੋਸੁਨ ਇਲਬੋ ਨੇ ਲਿਖਿਆ ਕਿ ਇਸ ਬਖ਼ਤਰਬੰਦ ਟਰੇਨ ਵਿੱਚ 90 ਡੱਬੇ ਸਨ।
ਇੱਕ ਪੀਲੀ ਧਾਰੀ ਵਾਲੀ ਹਰੇ ਰੰਗ ਦੀ ਇਸ ਟਰੇਨ ਵਿੱਚ ਕਾਨਫਰੰਸ ਰੂਮ, ਆਂਡੀਅੰਸ ਚੈਂਬਰ, ਬੈੱਡਰੂਮ, ਸੈਟੇਲਾਈਟ ਫ਼ੋਨ ਅਤੇ ਫਲੈਟ ਸਕ੍ਰੀਨ ਟੈਲੀਵਿਜ਼ਨ ਵੀ ਲੱਗੇ ਹੁੰਦੇ ਹਨ।
ਹੋਰਾਂ ਤਸਵੀਰਾਂ ਵਿੱਚ ਇਨ੍ਹਾਂ ਡੱਬਿਆਂ ਵਿੱਚ ਲਾਲ ਚਮੜੇ ਵਾਲੀਆਂ ਕੁਰਸੀਆਂ ਵੀ ਦਿਖਾਈ ਦਿੰਦੀਆਂ ਹਨ।
2009 ਦੀ ਰਿਪੋਰਟ ਮੁਤਾਬਕ, ਕਿਮ ਜੋਂਗ ਇਲ ਦੇ ਦੌਰ ਵਿੱਚ 100 ਸੁਰੱਖਿਆ ਅਧਿਕਾਰੀ ਇਸ ਐਡਵਾਂਸਡ ਟਰੇਨ ਵਿੱਚ ਹੁੰਦੇ ਸੀ ਅਤੇ ਸਟੇਸ਼ਨ ਦੀ ਜਾਂਚ ਪੜਤਾਲ ਕਰਨੀ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਸੀ ।
ਇਸ ਤੋਂ ਇਲਾਵਾ ਵੱਧ ਸੁਰੱਖਿਆ ਮੁਹੱਈਆ ਕਰਵਾਉਣ ਲਈ ਟਰੇਨ ਦੇ ਉੱਪਰ ਫੌਜ ਦੇ ਹੈਲੀਕਾਪਟਰ ਅਤੇ ਏਅਰਪਲੇਨ ਵੀ ਉਡਾਨ ਭਰਦੇ ਸਨ।
ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉੱਤਰੀ ਕੋਰੀਆ ਵਿੱਚ ਵੱਖੋ-ਵੱਖ ਥਾਵਾਂ ''ਤੇ ਅਜਿਹੇ 22 ਰੇਲਵੇ ਸਟੇਸ਼ਨ ਬਣਾਏ ਗਏ ਹਨ, ਜਿਹੜੇ ਕਿਮ ਜੋਂਗ ਦੇ ਵਿਅਕਤੀਗਤ ਇਸਤੇਮਾਲ ਦੇ ਲਈ ਹਨ।
''ਪਿਤਾ ਨੂੰ ਲੱਗਦਾ ਸੀ ਹਵਾਈ ਸਫ਼ਰ ਤੋਂ ਡਰ''
ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ
ਜਿਸ ਟਰੇਨ ਵਿੱਚ ਕਿਮ ਜੋਂਗ ਉਨ ਸਫ਼ਰ ਕਰਨਗੇ ਇਸ ਦਾ ਨਾਮ ਹੈ- ਥੇਆਂਗੋ, ਜਿਸ ਦਾ ਕੋਰੀਅਨ ਵਿੱਚ ਮਤਲਬ ਹੁੰਦਾ ਹੈ - ਸੂਰਜ। ਇਹ ਨਾਮ ਉੱਤਰੀ ਕੋਰੀਆ ਦੇ ਸੰਸਥਾਪਕ ਕਿਮ ਇਲ ਸੁੰਗ ਨਾਲ ਵੀ ਜੁੜਿਆ ਹੋਇਆ ਹੈ।
ਕੋਰੀਆ ਵਿੱਚ ਲੰਬੇ ਰੂਟ ਉੱਤੇ ਚੱਲਣ ਵਾਲੀਆਂ ਟਰੇਨਾਂ ਦੀ ਰਵਾਇਤ ਕਿਮ ਇਲ ਸੁੰਗ, ਜੋ ਕਿ ਕਿਮ ਜੋਂਗ ਉਨ ਦੇ ਦਾਦਾ ਸਨ, ਵੱਲੋਂ ਸ਼ੁਰੂ ਕੀਤੀ ਗਈ ਸੀ। ਉਹ ਆਪ ਟਰੇਨ ਰਾਹੀਂ ਵੀਅਤਨਾਮ ਅਤੇ ਪੂਰਬੀ ਯੂਰਪ ਤੱਕ ਸਫ਼ਰ ਕਰਦੇ ਸਨ।
ਇਨ੍ਹਾਂ ਟਰੇਨਾਂ ਦੀ ਰਾਖੀ ਸਰੁੱਖਿਆ ਜਸੂਸਾਂ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਰਸਤੇ ਵਿੱਚ ਆਉਣ ਵਾਲੇ ਸਟੇਸ਼ਨਾਂ ਉੱਤੇ ਨਿਗਰਾਨੀ ਰੱਖਦੇ ਹਨ।
ਉਹ ਇਹ ਵੀ ਦੇਖਦੇ ਹਨ ਕਿ ਰਾਹ ਵਿੱਚ ਕਿਤੇ ਕੋਈ ਬੰਬ ਜਾਂ ਹੋਰ ਖ਼ਤਰਾ ਨਾ ਹੋਵੇ।
ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ, ਜਿਨ੍ਹਾਂ ਨੇ 1994 ਤੋਂ ਲੈ ਕੇ 2011 ਤੱਕ ਕੋਰੀਆ ਉੱਤੇ ਰਾਜ ਕੀਤਾ, ਉਹ ਕਥਿਤ ਤੌਰ ''ਤੇ ਟਰੇਨ ਵਿੱਚ ਇਸ ਲਈ ਸਫ਼ਰ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਜਹਾਜ਼ ਵਿੱਚ ਚੜ੍ਹਨ ਤੋਂ ਡਰ ਲੱਗਦਾ ਸੀ।
ਕਿਮ ਜੋਂਗ ਇਲ ਨੇ 2011 ਵਿੱਚ ਪੁਤਿਨ ਨੂੰ ਮਿਲਣ ਲਈ 10 ਦਿਨ ਦਾ ਸਫ਼ਰ ਕੀਤਾ ਸੀ।
ਪੁਤਿਨ ਦੀ ਟਰੇਨ ''ਚ ਵੀ ਨਹੀਂ ਹੁੰਦੀਆਂ ਅਜਿਹੀਆਂ ਸੁਵਿਧਾਵਾਂ
ਰੂਸ ਦੇ ਮਿਲਿਟਰੀ ਕਮਾਂਡਰ ਕੋਨਸਟਾਂਟਿਨ ਪੋਲਿਕੋਵਸਕੀ ਜੋ ਉਸ ਵੇਲੇ ਉਨ੍ਹਾਂ ਨਾਲ ਸਨ, ਓਰੀਅੰਟ ਐਕਸਪ੍ਰੈਸ ਨਾਂ ਦੀ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਟਰੇਨ ਵਿੱਚ ਰੂਸ, ਚੀਨ, ਕੋਰੀਆ, ਜਾਪਾਨ ਅਤੇ ਫਰਾਂਸ ਦਾ ਕੋਈ ਵੀ ਪਕਵਾਨ ਮੰਗਵਾਇਆ ਜਾ ਸਕਦਾ ਹੈ।”
ਉਹ ਯਾਦ ਕਰਦੇ ਹਨ, ''''ਪੰਜ ਜ਼ਿੰਦਾ ਕੇਕੜੇ ਟਰੇਨ ਤੱਕ ਪਹੁੰਚਾਏ ਗਏ ਸਨ ਤਾਂ ਜੋ ਟਰੇਨ ਵਿੱਚ ਤਾਜ਼ਾ ਪਕਵਾਨ ਬਣਾਏ ਜਾ ਸਕਣ। ਵਾਈਨ ਉਪਲੱਬਧ ਰੱਖਣ ਲਈ ਬੌਰਡਿਊਕਸ ਅਤੇ ਬਰਗੰਡੀ ਦੇ ਡੱਬੇ ਵੀ ਪੈਰਿਸ ਤੋਂ ਮੰਗਵਾਏ ਗਏ ਸਨ।
ਉਹ ਕਹਿੰਦੇ ਹਨ, "ਪੁਤਿਨ ਦੀ ਨਿੱਜੀ ਟਰੇਨ ਵਿੱਚ ਵੀ ਅਜਿਹੀਆ ਸੁਵਿਧਾਵਾਂ ਨਹੀਂ ਹਨ।"
ਰੂਸ ਦੇ ਰਾਜਦੂਤ ਰਹਿ ਚੁੱਕੇ, ਜਿਓਰਜੀ ਤੋਲੋਰਾਇਆ ਨੇ 2019 ਵਿੱਚ ਇਸ ਟਰੇਨ ਵਿੱਚ 2011 ਵਿੱਚ ਕੀਤੇ ਸਫ਼ਰ ਬਾਰੇ ਲਿਖਿਆ।
ਉਨ੍ਹਾਂ ਲਿਖਿਆ ਕਿ ਸਵਾਦਲੇ ਪਕਵਾਨ ਜਿਵੇਂ ਗਧੇ ਦਾ ਮੀਟ ਅਤੇ ਐਬਾਲੋਨੀ ਪਿਯੋਂਗਾਂਗ ਤੋਂ ਮੰਗਵਾਏ ਗਏ।
ਰੂਸ ਦੀ ਵੋਡਕਾ ਵੀ ਪੱਕੇ ਤੌਰ ''ਤੇ ਮਿਲਦੀ ਸੀ।
ਦੋਵਾਂ ਨੇ ਲਿਖਿਆ ਕਿ ਟਰੇਨ ਵਿੱਚ ਮਨੋਰੰਜਨ ਲਈ ਪੇਸ਼ਕਾਰ ਅਤੇ ਗਾਇਕ ਵੀ ਮੌਜੂਦ ਹੁੰਦੇ ਹਨ।
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਕਿਹਾ ਸੀ ਕਿ ਕਿਮ ਜੋਂਗ ਇਲ ਦੀ 2011 ਵਿੱਚ ਟਰੇਨ ਵਿੱਚ ਸਫ਼ਰ ਕਰਦਿਆਂ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਸੀ।
ਕਿਮ ਜੋਂਗ ਉਨ ਕਰ ਚੁੱਕੇ ਹਨ ਹਵਾਈ ਸਫ਼ਰ
ਕਿਮ ਜੋਂਗ ਉਨ ਦਾ ਜਹਾਜ਼
ਇਹ ਹੋ ਸਕਦਾ ਹੈ ਕਿ ਕਿਮ ਜੋਂਗ ਉਨ ਨੂੰ ਆਪਣੇ ਪਿਤਾ ਵਾਂਗ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਡਰ ਨਾ ਲੱਗਦਾ ਹੋਵੇ।
ਉਹ ਰੂਸ ਦੇ ਬਣੇ ਹੋਏ ਆਪਣੇ ਨਿੱਜੀ ਹਵਾਈ ਜਹਾਜ਼ਾਂ ਰਾਹੀਂ ਕਈ ਵਾਰ ਸਫ਼ਰ ਕਰ ਚੁੱਕੇ ਹਨ।
ਪਰ ਜਦੋਂ ਉਹ 2019 ਵਿੱਚ ਪਿਛਲੀ ਵਾਰੀ ਵਲਾਦਿਵੋਸਟੋਕ ਗਏ ਸਨ, ਉਹ ਉਸ ਵੇਲੇ ਵੀ ਟਰੇਨ ਰਾਹੀਂ ਆਏ ਸਨ।
ਉਸ ਵੇਲੇ ਰੂਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਰਵਾਇਤੀ ਬਰੈੱਡ ਅਤੇ ਨਮਕ ਨਾਲ ਸਵਾਗਤ ਕੀਤਾ ਗਿਆ ਸੀ।
ਸਾਲ 2015 ਵਿੱਚ ਇਸੇ ਟਰੇਨ ਦੇ ਇੱਕ ਕੋਚ ਵਿੱਚ ਕਿਮ ਜੋਂਗ ਉਨ ਇੱਕ ਲੰਬੇ ਸਫ਼ੇਦ ਟੇਬਲ ਉੱਪਰ ਬੈਠੇ ਨਜ਼ਰ ਆਏ ਸਨ, ਜਿਹੜਾ ਇੱਕ ਕਾਨਫਰੰਸ ਰੂਮ ਵਾਂਗ ਨਜ਼ਰ ਆ ਰਿਹਾ ਸੀ।
ਕਿਮ ਜੋਂਗ ਉਨ ਨੂੰ ਲੈ ਕੇ 13 ਨਵੰਬਰ 2015 ਨੂੰ ਬ੍ਰਿਟਿਸ਼ ਅਖ਼ਬਾਰ ''ਦਿ ਗਾਰਡੀਅਨ'' ਵਿੱਚ ਰਿਪੋਰਟ ਛਪੀ ਸੀ ਕਿ ਜਦੋਂ ਉਹ ਦੇਸ ਦੇ ਅੰਦਰ ਵੀ ਦੌਰੇ ''ਤੇ ਹੁੰਦੇ ਹਨ ਤਾਂ ਕਾਫ਼ਲੇ ਵਿੱਚ ਇੱਕ ਮੋਬਾਈਲ ਟਾਇਲਟ ਹੁੰਦਾ ਹੈ।
ਕਿਮ ਜੋਂਗ ਉਨ ਬਾਰੇ ਕੁਝ ਖ਼ਾਸ ਗੱਲਾਂ
- ਕਿਮ ਜੋਂਗ ਉਨ ਦਾ ਜਨਮ ਸਾਲ 1984 ਵਿੱਚ ਹੋਇਆ
- ਕਿਮ ਨੇ ਆਪਣੀ ਪੜ੍ਹਾਈ ਸਵਿਟਜ਼ਰਲੈਂਡ ਦੀਆਂ ਬਰਫੀਲੀ ਵਾਦੀਆਂ ਵਿੱਚ ਸਥਿਤ ਇੱਕ ਜਰਮਨ ਸਕੂਲ ਤੋਂ ਕੀਤੀ
- 1996 ਤੋਂ 2000 ਤੱਕ ਕਿਮ ਯੁਰਪ ''ਚ ਪੜ੍ਹੇ। ਪਹਿਲਾਂ ਉਹ ਆਪਣੀ ਮਾਸੀ ਨਾਲ ਰਹਿੰਦੇ ਸਨ ਜੋ ਬਾਅਦ ''ਚ ਅਮਰੀਕਾ ਚਲੀ ਗਈ
- ਕਿਮ ਬਾਰੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਬਾਸਕੇਟਬਾਲ ਬਹੁਤ ਪਸੰਦ ਹੈ
- ਵੈੱਬਸਾਈਟ ''ਐਨਕੇ ਲੀਡਰਸ਼ਿੱਪ ਵਾਚ'' ਮੁਤਾਬਕ, ਕਿਮ ਨੇ 15 ਸਾਲ ਦੀ ਉਮਰ ਵਿੱਚ ਹੀ ਸ਼ਰਾਬ ਪੀਣਾ ਸ਼ੁਰੂ ਕਰ ਦਿੱਤਾ ਸੀ
- ਵੈੱਬਸਾਈਟ ਮੁਤਾਬਕ, ਕਿਮ ਨੂੰ ਜਪਾਨੀ ਐਨੀਮੇਸ਼ਨ ਫਿਲਮਾਂ ਬੇਹੱਦ ਪਸੰਦ ਹਨ ਤੇ ਮਾਈਕਲ ਜੈਕਸਨ ਤੋਂ ਮੈਡੋਨਾ ਤੱਕ ਦੇ ਗੀਤ ਪਸੰਦ ਹਨ
ਕਿਮ ਜੋਂਗ ਉਨ ਨੂੰ ਖ਼ਤਰਾ ਕੀ ਹੈ?
ਕਿਮ ਜੋਂਗ ਉਨ ਅਤੇ ਵਲਾਦੀਮੀਰ ਪੁਤਿਨ
ਕੀ ਕਿਮ ਆਪਣੀ ਜਾਨ ਨੂੰ ਲੈ ਕੇ ਡਰਦੇ ਹਨ? ਉੱਤਰੀ ਕੋਰੀਆ ਵਿੱਚ 1997 ਤੋਂ 1999 ਤੱਕ ਭਾਰਤ ਦੇ ਰਾਜਦੂਤ ਰਹੇ ਜਗਜੀਤ ਸਿੰਘ ਸਪਰਾ ਨੇ ਇਸ ਦਾ ਜਵਾਬ ਦਿੱਤਾ ਸੀ, ''''ਡਰ ਤਾਂ ਹੈ। ਕਿਮ ਹੀ ਨਹੀਂ ਬਲਕਿ ਉਨ੍ਹਾਂ ਦੇ ਪੁਰਖੇ ਵੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚੌਕਸ ਰਹਿੰਦੇ ਸਨ।''''
ਸਪਰਾ ਨੇ ਕਿਹਾ ਸੀ, ''''ਕਿਸੇ ਵੀ ਦੇਸ ਦਾ ਸ਼ਾਸਕ ਜਹਾਜ਼ ਦੇ ਬਦਲੇ ਟਰੇਨ ਰਾਹੀਂ ਵਿਦੇਸ਼ ਦੌਰਾ ਕਰੇ, ਇਸ ਨੂੰ ਦੇਖ ਕੇ ਹੀ ਸਮਝਿਆ ਜਾ ਸਕਦਾ ਹੈ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਕਿੰਨੇ ਫ਼ਿਕਰਮੰਦ ਹਨ।''''
ਸਪਰਾ ਨੇ ਕਿਹਾ ਕਿ ਕਿਮ ਜੋਂਗ ਉਨ ਦੇ ਦਾਦਾ ਕਿਮ ਇਲ-ਸੁੰਗ ਨੇ ਇੱਕ ਵਾਰ ਸਿਰਫ਼ ਜਹਾਜ਼ ਰਾਹੀਂ ਇੰਡੋਨੇਸ਼ੀਆ ਦਾ ਦੌਰਾ ਕੀਤਾ ਸੀ।
ਉਨ੍ਹਾਂ ਨੇ ਕਿਹਾ, ''''ਪੂਰਾ ਦੇਸ ਤਾਂ ਅਲਰਟ ''ਤੇ ਰਹਿੰਦਾ ਹੈ। ਇਨ੍ਹਾਂ ਦਾ ਕਿਸੇ ਦੇਸ ਨਾਲ ਪੀਸ ਐਗਰੀਮੈਂਟ ਨਹੀਂ ਹੈ। ਅਜਿਹੇ ਵਿੱਚ ਇਹ ਆਪਣੀ ਸੁਰੱਖਿਆ ਨੂੰ ਲੈ ਕੇ ਹੀ ਡਰੇ ਰਹਿੰਦੇ ਹਨ। ਅਜੇ ਉਸ ਦੇਸ ਵਿੱਚ ਜਿੰਨਾ ਰੌਲ਼ਾ ਹੈ, ਉਸ ਦਾ ਸਿੱਧਾ ਸਬੰਧ ਅਸੁਰੱਖਿਆ ਨਾਲ ਹੈ।''''
ਨਿੱਜੀ ਜਹਾਜ਼
ਟਰੇਨਾਂ ਦੇ ਨਾਲ ਕਿਮ ਜੋਂਗ ਉਨ ਵੱਲੋਂ ਹੋਰ ਲਗਜ਼ਰੀ ਵਾਹਨ ਵੀ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣ ਲਈ ਵਰਤੇ ਜਾਣ ਲੱਗੇ ਹਨ।
ਇਹ ਵਾਹਨ ਉੱਤਰੀ ਕੋਰੀਆ ਦੇ ਲੋਕਾਂ ਦੇ ਗਰੀਬੀ ਭਰੇ ਜੀਵਨ ਦੇ ਬਿਲਕੁਲ ਉਲਟ ਹਨ।
ਕਿਮ ਜੋਂਗ ਉਨ ਨੇ ਸਵਿਟਜ਼ਰਲੈਂਡ ਦੇ ਬੋਰਡਿੰਗ ਸਕੂਲ ਤੋਂ ਪੜ੍ਹਾਈ ਕੀਤੀ ਹੈ।
ਮਈ 2018 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਆਪਣੀ ਪਹਿਲੀ ਅੰਤਰ-ਰਾਸ਼ਟਰੀ ਯਾਤਰਾ ਲਈ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ ਸੀ।
ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਲਈ ਚੀਨ ਦੇ ਡੇਲੀਅਨ ਸ਼ਹਿਰ ਗਏ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਉਹ ਆਪਣੇ ਨਿੱਜੀ ਜਹਾਜ਼ ਦੀ ਵਰਤੋਂ ਉੱਤਰੀ ਕੋੋਰੀਆ ਦੇ ਅੰਦਰ ਹੀ ਯਾਤਰਾ ਕਰਨ ਲਈ ਕਰਦੇ ਹਨ।
ਲਗਜ਼ਰੀ ਕਾਰਾਂ
ਮਾਰਚ 2018 ਵਿੱਚ ਕਿਮ ਟਰੇਨ ਰਾਹੀਂ ਬੀਜਿੰਗ ਦੀ ਰਾਜਧਾਨੀ ਚੀਨ ਵੀ ਗਏ ਸਨ। ਉਨ੍ਹਾਂ ਨੇ ਸ਼ਹਿਰ ਵਿੱਚ ਯਾਤਰਾ ਕਰਨ ਲਈ ਨਿੱਜੀ ਮਰਸਡੀਜ਼-ਬੈਨਜ਼ ਐੱਸ ਕਲਾਸ ਦੀ ਵਰਤੋਂ ਕੀਤੀ ਸੀ।
ਸਾਊਥ ਕੋਰੀਆ ਦੇ ਅਖ਼ਬਾਰ ਜੂੰਗਅੰਗ ਇਲਬੋ ਮੁਤਾਬਕ ਇਸ ਕਾਰ ਨੂੰ ਟਰੇਨ ਰਾਹੀਂ ਲੈ ਕੇ ਆਂਦਾ ਗਿਆ ਸੀ।
ਅਖ਼ਬਾਰ ਦੇ ਮੁਤਾਬਕ, 2010 ਵਿੱਚ ਬਣੀ ਇੱਕ ਕਾਰ ਦੀ ਕੁੱਲ ਕੀਮਤ 200 ਕਰੋੜ ਕੋਰੀਅਨ ਵੋਨ (ਕੋਰੀਆ ਦੀ ਕਰੰਸੀ) ਸੀ। ਉਨ੍ਹਾਂ ਦੇ ਕਾਫ਼ਲੇ ਵਿੱਚ ਅਜਿਹੀ ਗੱਡੀ ਵੀ ਸੀ ਜਿਸ ਵਿੱਚ ਬਾਥਰੂਮ ਬਣਿਆ ਹੋਇਆ ਸੀ।
ਰਹੱਸਮਈ ਸਮੁੰਦਰੀ ਬੇੜੀ
ਉੱਤਰੀ ਕੋਰੀਆ ਦੇ ਮੀਡੀਆ ਵੱਲੋਂ ਕਿਮ ਨੁੰ ਹੋਰ ਬੇੜੀਆਂ, ਪਣਡੁੱਬੀਆਂ, ਬੱਸਾਂ ਅਤੇ ਸਕੀ ਲਿਫਟ ਦੀ ਸਵਾਰੀ ਕਰਦੇ ਹੋਏ ਵੀ ਦਿਖਾਇਆ ਗਿਆ ਹੈ, ਪਰ ਹਾਲੇ ਤੱਕ ਇਸ ਨੂੰ ਵਿਦੇਸ਼ੀ ਯਾਤਰਾਵਾਂ ਵਿੱਚ ਨਹੀਂ ਵੇਖਿਆ ਗਿਆ।
ਸਰਕਾਰੀ ਮੀਡੀਆ ਨੇ 2013 ਵਿੱਚ ਇੱਕ ਮੱਛੀਆਂ ਫੜ੍ਹਨ ਲਈ ਬਣਾਏ ਗਏ ਸਟੇਸ਼ਨ ਤੋਂ ਉਨ੍ਹਾਂ ਦੀ ਯਾਤਰਾ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਸਨ। ਐਨਕੇ ਨਿਊਜ਼ ਨੇ ਉਨ੍ਹਾਂ ਦੇ ਪਿੱਛੇ ਇੱਕ ਸਮੁੰਦਰੀ ਬੇੜੀ ਵੇਖੀ ਸੀ।
ਇਸ ਬਾਰੇ ਪੁਸ਼ਟੀ ਨਹੀਂ ਹੈ ਕਿ ਇਹ ਬੇੜੀ ਕਿਮ ਜੋਂਗ ਉਨ ਦੀ ਸੀ ਪਰ ਇਸ ਦੀ ਕਮਿਤ ਸੱਤ ਮਿਲੀਅਨ ਡਾਲਰ ਦੱਸੀ ਗਈ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਆਈਫੋਨ 15: ਐੱਪਲ ਦੇ ਨਵੇਂ ਆਈਓਐੱਸ 17 ਵਿੱਚ ਇਹ ਖ਼ਾਸ ਫੀਚਰ ਹੋਣਗੇ
NEXT STORY