ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਜਿਸ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਸੀ ਉਹ ਇਹ ਸੀ ਕਿ ਇਸ ਟੂਰਨਾਮੈਂਟ ਵਿੱਚ ਭਾਰਤ ਤੇ ਪਾਕਿਸਤਾਨ ਤਿੰਨ ਵਾਰ ਇੱਕ-ਦੂਜੇ ਨਾਲ ਭਿੜ ਸਕਦੇ ਹਨ।
ਇਹ ਤਾਂ ਹੁੰਦਾ ਜੇ ਦੋਵੇਂ ਹੀ ਟੀਮਾਂ ਫਾਈਨਲ ਵਿੱਚ ਪਹੁੰਚ ਜਾਂਦੀਆਂ। ਭਾਰਤ ਨੇ ਮੰਗਲਵਾਰ ਰਾਤ ਸ਼੍ਰੀਲੰਕਾ ਨੂੰ ਹਰਾ ਕੇ ਪਹਿਲਾਂ ਹੀ ਫਾਈਨਲ ਵਿੱਚ ਥਾਂ ਬਣਾ ਲਈ ਸੀ ਪਰ ਪਾਕਿਸਤਾਨ ਨੂੰ ਸ਼੍ਰੀਲੰਕਾ ਨੇ ਇੱਕ ਰੁਮਾਂਚਕ ਮੁਕਾਬਲੇ ਵਿੱਚ ਦੋ ਵਿਕਟਾਂ ਨਾਲ ਹਰਾ ਕੇ ਉਨ੍ਹਾਂ ਦਾ ਪੱਤਾ ਕੱਟ ਦਿੱਤਾ।
ਹੁਣ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਨਾਲ ਹੋਵੇਗਾ।
ਵੀਰਵਾਰ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਰਿਜ਼ਵਾਨ ਦੀਆਂ 86 ਦੌੜਾਂ ਦੀ ਮਦਦ ਨਾਲ ਪਾਕਿਸਤਾਨ ਨੇ ਸ਼੍ਰੀਲੰਕਾ ਸਾਹਮਣੇ 42 ਓਵਰਾਂ ਵਿੱਚ 252 ਦੌੜਾਂ ਦਾ ਟੀਚਾ ਰੱਖਿਆ। ਮੀਂਹ ਕਾਰਨ ਪਈ ਰੁਕਾਵਟ ਕਾਰਨ ਮੈਚ ਸਿਰਫ਼ 42 ਓਵਰਾਂ ਦਾ ਰਹਿ ਗਿਆ ਅਤੇ ਡੀਆਰਐੱਸ ਦੀ ਮਦਦ ਨਾਲ ਇਹ ਟੀਚਾ ਸੈੱਟ ਹੋਇਆ।
ਪਾਕਿਸਤਾਨ ਦੀ ਪਾਰੀ ਨੂੰ ਰਿਜ਼ਵਾਨ ਅਤੇ ਇਫ਼ਤਿਖ਼ਾਰ ਨੇ 108 ਦੌੜਾਂ ਦੀ ਪਾਰਟਨਰਸ਼ਿਪ ਨਾਲ ਸਵਾਰਿਆ। ਜਵਾਬ ਵਿੱਚ ਸ਼੍ਰੀਲੰਕਾ ਨੇ ਓਪਨਰ ਕੁਸਾਲ ਪਰੇਰਾ ਦਾ ਵਿਕਟ ਜਲਦੀ ਗੁਆ ਲਿਆ ਪਰ ਫ਼ਿਰ ਨਿਸਾਂਕਾ ਅਤੇ ਕੁਸਾਲ ਮੇਂਡਿਸ ਨੇ 57 ਦੌੜਾਂ ਦੀ ਪਾਰਟਨਰਸ਼ਿਪ ਕੀਤੀ।
ਨਿਸਾਂਕਾ 29 ਦੌੜਾਂ ਉੱਤੇ ਆਊਟ ਹੋਏ। ਮੇਂਡਿਸ ਨੇ ਇਸ ਤੋਂ ਬਾਅਦ ਇੱਕ ਹੋਰ ਵੱਡੀ ਪਾਰਟਨਰਸ਼ਿਪ ਸਮਰਵਿਕਰਮਾ ਦੇ ਨਾਲ ਮਿਲ ਕੇ ਕੀਤੀ। ਦੋਵਾਂ ਨੇ 100 ਰਨ ਜੋੜੇ, ਮੇਂਡਿਸ 91 ਦੌੜਾਂ ਬਣਾ ਕੇ ਇਫ਼ਤਿਖ਼ਾਰ ਦੀ ਗੇਂਦ ਉੱਤੇ ਆਊਟ ਹੋਏ।
ਆਖ਼ਰੀ 13 ਓਵਰਾਂ ਵਿੱਚ ਪਾਕਿਸਤਾਨ ਨੇ 6 ਵਿਕਟਾਂ ਲੈ ਕੇ ਸ਼੍ਰੀਲੰਕਾ ਉੱਤੇ ਚੰਗਾ ਦਬਾਅ ਬਣਾਇਆ ਪਰ ਅਸਾਲੰਕਾ ਦੀਆਂ 50 ਦੌੜਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ ਆਖ਼ਰੀ ਗੇਂਦ ਉੱਤੇ 2 ਵਿਕਟਾਂ ਨਾਲ ਜਿੱਤ ਹਾਸਲ ਕੀਤੀ।
ਉਂਝ ਤਾਂ ਸ਼੍ਰੀਲੰਕਾ ਨੇ ਆਖ਼ਰੀ ਗੇਂਦ ਉੱਤੇ ਜਿੱਤ ਹਾਸਲ ਕਰ ਲਈ ਪਰ ਫਾਈਨਲ ਵਿੱਚ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਫਾਰਮ ਵਿੱਚ ਖੇਡ ਰਹੀ ਭਾਰਤੀ ਟੀਮ ਦੇ ਨਾਲ ਸਖ਼ਤ ਮੁਕਾਬਲਾ ਕਰਨਾ।
ਏਸ਼ੀਆ ਕੱਪ ਵਿੱਚ ਸ਼੍ਰੀਲੰਕਾ ਦਾ ਰਿਕਾਰਡ
ਭਾਰਤੀ ਟੀਮ ਐਤਵਾਰ ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਲਕਾ ਨਹੀਂ ਲਵੇਗੀ ਕਿਉਂਕਿ ਏਸ਼ੀਆ ਕੱਪ ਵਿੱਚ ਸ਼੍ਰੀਲੰਕਾ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਏਸ਼ੀਆ ਕੱਪ ’ਤੇ ਸਭ ਤੋਂ ਜ਼ਿਆਦਾ 7 ਵਾਰ ਭਾਰਤ ਨੇ ਕਬਜ਼ਾ ਕੀਤਾ ਹੈ। 6 ਵਾਰ ਇਹ ਟ੍ਰੌਫ਼ੀ ਸ਼੍ਰੀਲੰਕਾ ਦੇ ਨਾਮ ਰਹੀ ਹੈ। ਇਸ ਤੋਂ ਇਲਾਵਾ ਇਹ 11ਵੀਂ ਵਾਰ ਹੈ, ਜਦੋਂ ਸ਼੍ਰੀਲੰਕਾ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ।
ਸ਼੍ਰੀਲੰਕਾ ਨੂੰ ਆਪਣੀਆਂ ਪਿੱਚਾਂ ਉੱਤੇ ਖੇਡਣ ਦਾ ਫ਼ਾਇਦਾ ਮਿਲੇਗਾ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਵੀ ਗਰਾਊਂਡ ਉੱਤੇ ਉਨ੍ਹਾਂ ਦਾ ਹੌਸਲਾ ਵਧਾਉਣਗੇ।
ਸ਼੍ਰੀਲੰਕਾ ਦੇ ਬੈਟਿੰਗ ਲਾਈਨ ਕਾਫ਼ੀ ਲੰਬੀ ਹੈ ਅਤੇ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨੰਬਰ 9 ਉੱਤੇ ਵੇੱਲਾਲਾਗੇ ਆਉਂਦੇ ਹਨ, ਜਿੰਨ੍ਹਾਂ ਨੇ ਭਾਰਤ ਸਾਹਮਣੇ ਚੰਗੀ ਬੈਟਿੰਗ ਕੀਤੀ ਸੀ।
ਸ਼੍ਰੀਲੰਕਾ ਕੋਲ ਕੁਸਲ ਪਰੇਰਾ, ਸਮਰਵੀਰਾ ਅਤੇ ਅਸਾਲੰਕਾ ਵਰਗੇ ਕਮਾਲ ਦੇ ਬੱਲੇਬਾਜ਼ ਵੀ ਹਨ ਪਰ ਉਨ੍ਹਾਂ ਦੀ ਬੱਲੇਬਾਜ਼ੀ ਜਿਸ ਖਿਡਾਰੀ ਦੇ ਆਲੇ-ਦੁਆਲੇ ਘੁੰਮ ਰਹੀ ਹੈ ਉਹ ਹਨ ਵਿਕੇਟਕੀਪਰ ਤੇ ਬੱਲੇਬਾਜ਼ ਕੁਸਲ ਮੇਂਡਿਸ।
ਇਸ ਵਾਰ ਦੀ ਚੈਂਪੀਅਨਸ਼ਿਪ ਵਿੱਚ ਕੁਸਲ ਮੇਂਡਿਸ ਨੇ ਦੋ 90 ਦੇ ਸਕੋਰ ਬਣਾਏ ਹਨ ਅਤੇ ਇੱਕ ਵਾਰ 50 ਬਣਾਏ ਹਨ। ਪਿਛਲੀਆਂ ਚਾਰ ਪਾਰੀਆਂ ਵਿੱਚ ਉਨ੍ਹਾਂ ਨੇ ਤਿੰਨ ਅੱਧ ਸੈਂਕੜੇ (50) ਮਾਰੇ ਸਨ, ਜਿਸ ਨਾਲ ਆਤਮ ਵਿਸ਼ਵਾਸ ਵੀ ਵਧਿਆ ਹੋਇਆ ਹੈ।
ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਾਰਵਨ ਅੱਟਾਪੱਟੂ ਮੰਨਦੇ ਹਨ ਕਿ ਲਗਾਤਾਰ ਚੰਗੀ ਕੀਪਿੰਗ ਕਰਨ ਨਾਲ ਮੇਂਡਿਸ ਦਾ ਆਤਮ ਵਿਸ਼ਵਾਸ ਵੀ ਵਧਿਆ ਹੈ। ਉਹ ਦੂਜੇ ਖਿਡਾਰੀਆਂ ਦੇ ਨਾਲ ਪਾਰਟਨਰਸ਼ਿਪ ਕਰਨਾ ਜਾਣਦੇ ਹਨ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਮੈਚ ਜਿੱਤਣਾ ਚਾਹੁੰਦੇ ਹਨ।
ਪਥਿਰਾਨਾ ਦੀ ਪੇਸ ਅਤੇ ਸਪਿਨ ਵਿੱਚ ਕਈ ਬਦਲ
ਜੇ ਸ਼੍ਰੀਲੰਕਾ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਟੂਰਨਾਮੈਂਟ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਤਿੰਨ ਮੁੱਖ ਗੇਂਦਬਾਜ਼ ਵਨਿੰਦੂ ਹਸਰੰਗਾ, ਕੁਮਾਰਾ ਲਾਹਿਰੂ ਅਤੇ ਦੁਸ਼ਮੰਤ ਚਮੀਰਾ ਸੱਟ ਕਰਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਹਾਲਾਂਕਿ ਕਪਤਾਨ ਦਾਸੁਨ ਸ਼ਨਾਕਾ ਨੂੰ ਪੂਰੀ ਉਮੀਦ ਹੈ ਕਿ ਇਹ ਤਿੰਨੇ ਵਰਲਡ ਕੱਪ ਵਿੱਚ ਵਾਪਸੀ ਕਰ ਲੈਣਗੇ ਪਰ ਐਤਵਾਰ ਦਾ ਫਾਈਨਲ ਇਨ੍ਹਾਂ ਬਗੈਰ ਖੇਡਿਆ ਜਾਵੇਗਾ।
ਕਮੈਂਟਰੀ ਕਰਦੇ ਹੋਏ ਸੰਜੇ ਮਾਂਜਰੇਕਰ ਨੇ ਵੀ ਕਿਹਾ ਕਿ ਟੌਪ 3 ਗੇਂਦਬਾਜ਼ਾਂ ਦੀ ਗ਼ੈਰ-ਮੌਜੂਦਗੀ ਵਿੱਚ ਵੀ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ, ਜਿਸਦੀ ਮਦਦ ਨਾਲ ਉਨ੍ਹਾਂ ਦੀ ਟੀਮ ਫਾਈਨਲ ਵਿੱਚ ਪਹੁੰਚੀ ਹੈ।
ਸ਼੍ਰੀਲੰਕਾ ਦੇ ਪੇਸ ਅਟੈਕ ਨੂੰ ਦੋ ਨੌਜਵਾਨ ਗੇਂਦਬਾਜ਼ ਲੀਡ ਕਰ ਰਹੇ ਹਨ, ਮਧੂਸ਼ਨ ਅਤੇ ਪਥਿਰਾਨਾ। ਲਸਿਥ ਮਲਿੰਗਾ ਵਾਂਗ ਸਲਿੰਗਿੰਗ ਐਕਸ਼ਨ ਵਾਲੇ ਪਥਿਰਾਨਾ ਲਗਾਤਾਰ ਬਿਹਤਰ ਹੁੰਦੇ ਜਾ ਰਹੇ ਹਨ।
ਦੂਜੇ ਪਾਸੇ ਸ਼੍ਰੀਲੰਕਾ ਦੀ ਗੇਂਦਬਾਜ਼ੀ ਦੀ ਅਸਲੀ ਧਾਰ ਉਨ੍ਹਾਂ ਦੇ ਸਪਿਨਰਸ ਵਿੱਚ ਹੈ। ਤੀਕਸ਼ਣਾ ਤੋਂ ਇਲਾਵਾ ਅਸਾਲੰਕਾ, ਵੇੱਲਾਲਾਗੇ ਅਤੇ ਧਨੰਜੇ ਡੀਸਿਲਵਾ ਦੇ ਰੂਪ ਵਿੱਚ ਉਨ੍ਹਾਂ ਕੋਲ ਚਾਰ ਬਿਹਤਰੀਨ ਸਪਿਨਰਸ ਹਨ। ਸ਼੍ਰੀਲੰਕਾ ਦੀ ਰਣਨੀਤੀ ਵੀ ਇਹ ਹੋ ਸਕਦੀ ਹੈ ਕਿ ਸਪਿਨਿੰਗ ਟ੍ਰੈਕ ਤਿਆਰ ਕਰਵਾਇਆ ਜਾਵੇ, ਜਿੱਥੇ ਉਨ੍ਹਾਂ ਦੇ ਸਪਿਨਰਸ ਭਾਰੀ ਪੈ ਸਕਦੇ ਹਨ।
ਭਾਰਤੀ ਟੀਮ ਦਾ ਆਲਰਾਊਂਡ ਪ੍ਰਦਰਸ਼ਨ
ਪਰ ਭਾਰਤ ਦੀ ਚੁਣੌਤੀ ਸੌਖੀ ਨਹੀਂ ਹੋਵੇਗੀ ਕਿਉਂਕਿ ਏਸ਼ੀਆ ਕੱਪ ਵਿੱਚ ਭਾਰਤੀ ਖਿਡਾਰੀਆਂ ਨੇ ਵਧੀਆ ਖੇਡ ਦਿਖਾਈ ਹੈ। ਬੱਲੇਬਾਜ਼ੀ ਨੂੰ ਅੱਗਿਓਂ ਕਪਤਾਨ ਰੋਹਿਤ ਸ਼ਰਮਾ ਲੀਡ ਕਰ ਰਹੇ ਹਨ, ਜਿੰਨ੍ਹਾਂ ਨੇ ਚਾਰ ਪਾਰੀਆਂ ਵਿੱਚ ਲਗਭਗ 65 ਦੀ ਔਸਤ ਨਾਲ 184 ਦੌੜਾਂ ਬਣਾਈਆਂ ਹਨ ਅਤੇ ਪਿਛਲੀਆਂ ਤਿੰਨ ਪਾਰੀਆਂ ਵਿੱਚ ਅਰਧ ਸੈਂਕੜੇ ਲਗਾਏ ਹਨ।
ਉਨ੍ਹਾਂ ਦੀ ਫਾਰਮ ਤੋਂ ਲਗਦਾ ਹੈ ਕਿ ਇੱਕ ਹੋਰ ਵੱਡੀ ਸੈਂਚੂਰੀ ਉਨ੍ਹਾਂ ਦੇ ਬੱਲੇ ਤੋਂ ਨਿਕਲਣ ਵਾਲੀ ਹੈ। ਰੋਹਿਤ ਦੇ ਓਪਨਿੰਗ ਪਾਰਟਨਰ ਸ਼ੁਭਮਨ ਗਿੱਲ ਨੇ ਪਾਕਿਸਤਾਨ ਖ਼ਿਲਾਫ਼ ਦੂਜੇ ਮੈਚ ਵਿੱਚ ਸ਼ਾਨਦਾਰ ਫ਼ਿਫਟੀ ਲਗਾ ਕੇ ਟੌਪ ਫਾਰਮ ਵਿੱਚ ਵਾਪਸੀ ਦਾ ਸੰਕੇਤ ਦਿੱਤਾ ਹੈ।
ਉਸੇ ਮੈਚ ਵਿੱਚ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੀ ਸ਼ਾਨਦਾਰ ਸੈਂਚੂਰੀ ਨੇ ਭਾਰਤੀ ਬੱਲੇਬਾਜ਼ੀ ਦੀ ਬਾਦਸ਼ਾਹਤ ਨੂੰ ਕਾਇਮ ਕੀਤਾ ਜਦਕਿ ਪਾਕਿਸਤਾਨ ਦੇ ਵਿਰੁੱਧ ਪਹਿਲੇ ਮੈਚ ਵਿੱਚ ਹਾਰਦਿਕ ਪੰਡਿਆ ਅਤੇ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤੀ ਬੈਟਿੰਗ ਦੀ ਗਹਿਰਾਈ ਦਾ ਲੋਹਾ ਮਨਵਾਇਆ।
ਜੇ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਸਪਿਨਰ ਕੁਲਦੀਪ ਯਾਦਵ ਨੇ ਦੋ ਪਾਰੀਆਂ ਵਿੱਚ 9 ਵਿਕਟਾਂ ਲੈ ਕੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਉਨ੍ਹਾਂ ਨੂੰ ਵਧੀਆ ਸਪੋਰਟ ਰਵਿੰਦਰ ਜਡੇਜਾ ਦੀ ਮਿਲੀ ਹੈ, ਜਿੰਨ੍ਹਾਂ ਨੇ ਕਿਫ਼ਾਇਤੀ ਗੇਂਦਬਾਜ਼ੀ ਕੀਤੀ ਅਤੇ ਅਹਿਮ ਵਿਕਟਾਂ ਵੀ ਲਈਆਂ ਹਨ।
ਭਾਰਤੀ ਟੀਮ ਨੂੰ ਸਭ ਤੋਂ ਵੱਡੀ ਖ਼ੁਸ਼ੀ ਜਸਪ੍ਰੀਤ ਬੁਮਰਾਹ ਦੀ ਫਾਰਮ ਨੂੰ ਦੇਖ ਕੇ ਮਿਲੀ ਹੈ, ਜਿੰਨ੍ਹਾਂ ਨੇ ਸੱਟ ਤੋਂ ਉੱਭਰ ਕੇ ਵਾਪਸੀ ਕਰਦਿਆਂ ਤੇਜ਼ ਪੇਸ ਅਤੇ ਪੁਰਾਣੀ ਧਾਰ ਦਾ ਪ੍ਰਦਰਸ਼ਨ ਕੀਤਾ ਹੈ।
ਜਿਵੇਂ-ਜਿਵੇਂ ਕੋਲੰਬੋ ਵਿੱਚ ਖੇਡੇ ਜਾ ਰਹੇ ਹਨ, ਉਸੇ ਤੇਜ਼ੀ ਨਾਲ ਉੱਥੋਂ ਦੀਆਂ ਵਿਕਟਾਂ ਹੌਲੀ ਅਤੇ ਸਪਿਨ ਗੇਂਦਬਾਜ਼ੀ ਨੂੰ ਮਦਦ ਦੇਣ ਵਾਲੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਦੀ ਪਹਿਲੀ ਝਲਕ ਭਾਰਤ ਤੇ ਸ਼੍ਰੀਲੰਕਾ ਲੀਗ ਮੈਚ ਵਿੱਚ ਮਿਲੀ ਜਿੱਥੇ ਸ਼੍ਰੀਲੰਕਾ ਦੇ ਸਪਿਨਰਸ ਨੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੇ ਜਾਲ ਵਿੱਚ ਫਸਾ ਦਿੱਤਾ।
ਦੁਨਿਥ ਵੇੱਲਾਲਾਗੇ ਨੇ ਪੰਜ ਵਿਕਟਾਂ ਲਈਆਂ ਜਦਕਿ ਚਰਿਥ ਅਸਲੰਕਾ ਨੂੰ ਚਾਰ ਸਫ਼ਲਤਾਵਾਂ ਮਿਲੀਆਂ, ਜਿਹਨਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ ਭਾਰਤ ਨੂੰ 213 ਦੇ ਸਕੋਰ ਉੱਤੇ ਰੋਕ ਦਿੱਤਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਓਸਾਮਾ ਬਿਨ ਲਾਦੇਨ ਨੇ ਕਿਵੇਂ ਕਰਵਾਇਆ ਸੀ ਅਹਿਮਦ ਸ਼ਾਹ ਮਸੂਦ ਦਾ ਕਤਲ
NEXT STORY