‘‘ਕੁਝ ਮਹੀਨੇ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਇੱਕ ਅਣਜਾਣ ਚਿਹਰਾ ਮੇਰੇ ਸਾਹਮਣੇ ਆਇਆ। ਉਹ ਸ਼ਖ਼ਸ ਮੇਰੇ ਵੱਲ ਦੇਖ ਕੇ ਗਰਮਜੋਸ਼ੀ ਨਾਲ ਮੁਸਕੁਰਾ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮੈਂ ਕਾਫ਼ੀ ਘਬਰਾ ਗਈ। ਮੈਂ ਉਸ ਪ੍ਰੋਗਰਾਮ ਤੋਂ ਨਿਕਲਣ ਬਾਰੇ ਸੋਚਿਆ।’’
‘‘ਉਨ੍ਹਾਂ ਦੀ ਮੁਸਕੁਰਾਹਟ ਨੇ ਮੇਰੇ ਅੰਦਰ ਹਰ ਦਿਨ ਹੋਣ ਵਾਲੀ ਉਲਝਣ ਨੂੰ ਫ਼ਿਰ ਤੋਂ ਹੋਰ ਤੇਜ਼ ਕਰ ਦਿੱਤਾ। ਮੈਨੂੰ ਲੋਕਾਂ ਦੇ ਚਿਹਰੇ ਯਾਦ ਨਹੀਂ ਰਹਿੰਦੇ।’’
ਬੀਬੀਸੀ ਪੱਤਰਕਾਰ ਨਤਾਲਿਆ ਗਿਊਰੇਰੋ ਆਪਣੀ ਇਸ ‘ਹਾਲਤ’ ਬਾਰੇ ਦੱਸਦੇ ਹਨ ਕਿ ਉਨ੍ਹਾਂ ਨੂੰ ਲੋਕ ਅਜਨਬੀ ਲਗਦੇ ਹਨ। ਚਿਹਰੇ ਪਛਾਣਨਾ ਉਨ੍ਹਾਂ ਲਈ ਹਰ ਦਿਨ ਕਿਸੇ ਸੰਘਰਸ਼ ਤੋਂ ਘੱਟ ਨਹੀਂ ਹੁੰਦਾ।
ਉਹ ਕਹਿੰਦੇ ਹਨ, ‘‘ਸਾਲਾਂ ਤੋਂ ਇੱਕ ਉਲਝਣ, ਇੱਕ ਪਹੇਲੀ ਜੋ ਕਿਸੇ ਅਜਨਬੀ ਨੂੰ ਮਿਲਦੀ ਹੀ ਦਿਮਾਗ ਦਾ ਬੂਹਾ ਖੜਕਾਉਂਦੀ ਹੈ ਕਿ ‘ਕੌਣ ਹੈ ਇਹ ਸ਼ਖ਼ਸ? ਕੀ ਮੈਂ ਇਨ੍ਹਾਂ ਨੂੰ ਜਾਣਦੀ ਹਾਂ?’ ਮੈਂ ਸੋਚਦੀ ਹਾਂ ਕੀ ਇਹ ਮੇਰੇ ਨਾਲ ਕੰਮ ਕਰਦੇ ਹਨ? ਜੇ ਇਹ ਮੇਰੇ ਦਫ਼ਤਰ ਵਿੱਚ ਕੰਮ ਕਰਦੇ ਹਨ ਅਤੇ ਮੈਂ ਉਨ੍ਹਾਂ ਨੂੰ ਨਹੀਂ ਪਛਾਣਿਆ ਤਾਂ ਇਹ ਕਿੰਨੀ ਖ਼ਰਾਬ ਗੱਲ ਹੈ।’’
ਪ੍ਰੋਸੋਪੈਗ੍ਰੋਸਿਆ ਕੀ ਹੈ?
ਇਸ ਨੂੰ ਇਸ ਤਰ੍ਹਾਂ ਸਮਝੋ, ਜਦੋਂ ਇੱਕ ਇਨਸਾਨ ਨੂੰ ਚਿਹਰੇ ਯਾਦ ਨਹੀਂ ਰਹਿੰਦੇ ਤਾਂ ਦਿਮਾਗ ਦੀ ਇਸ ਅਵਸਥਾ ਨੂੰ ‘ਫੇਸ ਬਲਾਇੰਡਨੈਸ’ ਕਹਿੰਦੇ ਹਨ।
ਮੈਡੀਕਲ ਭਾਸ਼ਾ ਵਿੱਚ ਇਸ ਨੂੰ ਪ੍ਰੋਸੋਪੈਗ੍ਰੋਸਿਆ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਦਿਮਾਗ ਦੀ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਇਨਸਾਨ ਆਪਣੇ ਜਾਣਨ ਵਾਲਿਆਂ ਤੱਕ ਦੇ ਚਿਹਰੇ ਵੀ ਪਛਾਣ ਨਹੀਂ ਪਾਉਂਦਾ।
ਨੋਇਡਾ ਦੇ ਮੈਟਰੋ ਹੌਸਪਿਟਲ ਐਂਡ ਹਾਰਟ ਇੰਸਟੀਚਿਊਟ ਵਿੱਚ ਸੀਨੀਅਰ ਕੰਸਲਟੈਂਟ ਨਿਊਰੋਲੌਜਿਸਟ ਡਾਕਟਰ ਸੋਨੀਆ ਲਾਲ ਗੁਪਤਾ ਦੱਸਦੇ ਹਨ, ‘‘ਕਈ ਵਾਰ ਪ੍ਰੋਸੋਪੈਗ੍ਰੋਸਿਆ ਜਨਮਜਾਤ ਵੀ ਹੋ ਸਕਦਾ ਹੈ।’’
‘‘ਪ੍ਰੋਸੋਪੈਗ੍ਰੋਸਿਆ ਹੋਣ ਦੇ ਹੋਰ ਵੀ ਕਾਰਨ ਹਨ। ਜਿਵੇਂ ਕਈ ਵਾਰ ਸਦਮੇ ਜਾਂ ਫ਼ਿਰ ਦਿਮਾਗ ਵਿੱਚ ਡੂੰਘੀ ਸੱਟ ਲੱਗਣ ਨਾਲ ਵੀ ਇਨਸਾਨ ਇਸ ਅਵਸਥਾ ਵਿੱਚ ਜਾ ਸਕਦਾ ਹੈ।’’
ਦਿੱਲੀ ਦੇ ਸੇਂਟ ਸਟੀਫ਼ਨ ਹਸਪਤਾਲ ਵਿੱਚ ਮਨੋਰੋਗ ਵਿਭਾਗ ਦੀ ਹੈੱਡ ਡਾਕਟਰ ਰੂਪਾਲੀ ਸ਼ਿਵਲਕਰ ਕਹਿੰਦੇ ਹਨ, ‘‘ਜਦੋਂ ਦਿਮਾਗ ਦੇ ਹੇਠਲੇ ਸੱਜੇ ਹਿੱਸੇ ਵਿੱਚ ਜਿੱਥੇ ਚਿਹਰੇ ਪਛਾਨਣ ਦੀ ਸਮਰੱਥਾ ਹੁੰਦੀ ਹੈ, ਉੱਥੇ ਖੂਨ ਦੀ ਸਪਲਾਈ ਨਾ ਹੋਣ ਉੱਤੇ ਪ੍ਰੋਸੋਪੈਗ੍ਰੋਸਿਆ ਹੋ ਸਕਦਾ ਹੈ।’’
‘‘ਜਿਹੜੇ ਲੋਕਾਂ ਨੂੰ ਪ੍ਰੋਸੋਪੈਗ੍ਰੋਸਿਆ ਜਨਮ ਤੋਂ ਨਹੀਂ ਹੁੰਦਾ ਅਤੇ ਕਿਸੇ ਕਾਰਨ ਬਾਅਦ ਵਿੱਚ ਹੁੰਦਾ ਹੈ ਤਾਂ ਉਸ ਦਾ ਪਤਾ ਐੱਮਆਰਆਈ ਤੋਂ ਲਗਾਇਆ ਜਾ ਸਕਦਾ ਹੈ।''''
''''ਐੱਮਆਰਆਈ ਰਿਪੋਰਟ ਵਿੱਚ ਦਿਮਾਗ ਦੇ ਉਸ ਹਿੱਸੇ ਵਿੱਚ ਤੁਹਾਨੂੰ ਫ਼ਰਕ ਨਜ਼ਰ ਆਵੇਗਾ, ਪਰ ਜਨਮਜਾਤ ਪ੍ਰੋਸੋਪੈਗ੍ਰੋਸਿਆ ਵਿੱਚ ਇਹ ਸਟ੍ਰਕਚਰਲ ਫ਼ਰਕ ਨਜ਼ਰ ਨਹੀਂ ਆਉਂਦਾ ਹੈ। ਉਨ੍ਹਾਂ ਬੱਚਿਆਂ ਦੇ ਦਿਮਾਗ ਦਾ ਉਹ ਹਿੱਸਾ ਵਿਕਸਤ ਹੀ ਨਹੀਂ ਹੁੰਦਾ।’’
ਹਾਲ ਹੀ ਵਿੱਚ ਆਈ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਹਰ 33 ਵਿੱਚੋਂ ਇੱਕ ਇਨਸਾਨ ਪ੍ਰੋਸੋਪੈਗ੍ਰੋਸਿਆ ਤੋਂ ਕਿਸੇ ਨਾ ਕਿਸੇ ਹੱਦ ਪ੍ਰਭਾਵਿਤ ਹੈ।
ਕਹਿਣ ਤੋਂ ਭਾਵ ਇਹ ਹੈ ਕਿ ਕੁੱਲ ਆਬਾਦੀ ਦੀ 3.08 ਫੀਸਦੀ ਆਬਾਦੀ ਇਸ ਪਰੇਸ਼ਾਨੀ ਨਾਲ ਜੂਝ ਰਹੀ ਹੈ।
ਮਸ਼ਹੂਰ ਹਸਤੀਆਂ ਜਿਵੇਂ ਪ੍ਰਿਮੇਟੌਲੋਜਿਸਟ ਜੇਨ ਗੁਡਾਲ, ਅਦਾਕਾਰ ਬ੍ਰੈਡ ਪਿਟ, ਭਾਰਤੀ ਅਦਾਕਾਰਾ ਸ਼ਹਿਨਾਜ਼ ਟ੍ਰੇਜ਼ਰਿਵਾਲਾ ਨੇ ਖੁੱਲ੍ਹ ਕੇ ਆਪਣੀ ਇਸ ਅਵਸਥਾ ਬਾਰੇ ਦੁਨੀਆ ਨੂੰ ਦੱਸਿਆ ਹੈ।
ਡਾਕਟਰ ਰੂਪਾਲੀ ਸ਼ਿਵਲਕਰ ਮੁਤਾਬਕ ਭਾਰਤ ਵਿੱਚ ਵੀ ਪ੍ਰੋਸੋਪੈਗ੍ਰੋਸਿਆ ਨਾਲ ਪੀੜਤ ਲੋਕਾਂ ਦਾ ਅੰਕੜਾ 2 ਤੋਂ 3 ਫੀਸਦੀ ਵਿਚਾਲੇ ਹੋਣ ਦਾ ਅੰਦਾਜ਼ਾ ਹੈ।
ਪ੍ਰੋਸੋਪੈਗ੍ਰੋਸਿਆ ਦੇ ਲੱਛਣ
ਬੀਬੀਸੀ ਪੱਤਰਕਾਰ ਨਤਾਲਿਆ ਆਪਣੀ ਹਾਲਤ ਬਾਰੇ ਕਹਿੰਦੇ ਹਨ, ‘‘ਮੇਰੀ ਲੋਕਾਂ ਦੇ ਚਿਹਰੇ ਪਛਾਨਣ ਦੀ ਅਵਸਥਾ ਬਹੁਤ ਗੰਭੀਰ ਨਹੀਂ ਹੈ। ਮੈਂ ਆਪਣੇ ਪਰਿਵਾਰ ਵਾਲਿਆਂ, ਆਪਣੇ ਜ਼ਿਆਦਾਤਰ ਦੋਸਤਾਂ ਅਤੇ ਦਫ਼ਤਰ ਦੇ ਸਾਥੀਆਂ ਨੂੰ ਪਛਾਣ ਸਕਦੀ ਹਾਂ।’’
ਡਾਕਟਰਾਂ ਮੁਤਾਬਕ, ਪ੍ਰੋਸੋਪੈਗ੍ਰੋਸਿਆ ਵਿੱਚ ਵੱਖ-ਵੱਖ ਪੱਧਰ ਹੁੰਦੇ ਹਨ। ਡਾ. ਰੂਪਾਲੀ ਸ਼ਿਵਲਕਰ ਕਹਿੰਦੇ ਹਨ ਕਿ ਪਹਿਲਾਂ ਡਾਕਟਰ ਜਨਮਜਾਤ ਹੋਣ ਵਾਲੇ ਪ੍ਰੋਸੋਪੈਗ੍ਰੋਸਿਆ ਨੂੰ ਬੱਚਿਆਂ ਵਿੱਚ ਆਟਿਜ਼ਮ ਸਪੈਕਟ੍ਰਮ ਨਾਲ ਜੋੜ ਕੇ ਦੇਖਦੇ ਸਨ ਪਰ ਹੁਣ ਕਈ ਰਿਸਰਚਾਂ ਤੋਂ ਬਾਅਦ ਇਹ ਜਾਣਕਾਰੀ ਹੈ ਕਿ ਇਹ ਦੋਵੇਂ ਹੀ ਅਲੱਗ ਅਵਸਥਾ ਹਨ।
ਅਮਰੀਕੀ ਸਰਕਾਰ ਦੀ ਵੈੱਬਸਾਈਟ ਮੁਤਾਬਕ ਪ੍ਰੋਸੋਪੈਗ੍ਰੋਸਿਆ ਦਾ ਮੁੱਖ ਲੱਛਣ ਹੈ ਕਿ ਪੀੜਤ ਨੂੰ ਚਿਹਰੇ ਪਛਾਨਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਦੇ ਮਰੀਜ਼ਾਂ ਲਈ ਵੱਖ-ਵੱਖ ਚਿਹਰਿਆਂ ਵਿੱਚ ਫ਼ਰਕ ਕਰ ਸਕਣਾ ਔਖਾ ਹੁੰਦਾ ਹੈ।
ਪ੍ਰੋਸੋਪੈਗ੍ਰੋਸਿਆ ਦੇ ਕਈ ਲੱਛਣ ਹਨ
- ਕਈਆਂ ਨੂੰ ਜਾਣ-ਪਛਾਣ ਵਾਲੇ ਲੋਕਾਂ ਦੇ ਚਿਹਰੇ ਪਛਾਨਣ ਵਿੱਚ ਦਿੱਕਤ
- ਅਣਜਾਣ ਚਿਹਰਿਆਂ ਵਿਚਾਲੇ ਫ਼ਰਕ ਨਹੀਂ ਕਰ ਸਕਣਾ
- ਕਿਸੇ ਦੇ ਚਿਹਰੇ ਅਤੇ ਕਿਸੇ ਚੀਜ਼ ਵਿਚਾਲੇ ਫ਼ਰਕ ਨਹੀਂ ਕਰ ਸਕਣਾ
- ਖ਼ੁਦ ਦਾ ਚਿਹਰਾ ਤੱਕ ਨਹੀਂ ਪਛਾਣ ਸਕਣਾ
ਇਸ ਤੋਂ ਇਲਾਵਾ ਹੋਰ ਵੀ ਲੱਛਣ ਹਨ ਜਿਸ ਵਿੱਚ ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਚਿਹਰੇ ਦੇ ਹਾਵ-ਭਾਵ ਪਛਾਨਣ ਵਿੱਚ ਪਰੇਸ਼ਾਨੀ ਹੁੰਦਾ ਹੈ, ਫ਼ਿਲਮਾਂ ਜਾਂ ਟੀਵੀ ਉੱਤੇ ਆਉਣ ਵਾਲੇ ਕਿਰਦਾਰਾਂ ਨੂੰ ਪਛਾਨਣ ਜਾਂ ਫਿਰ ਕਹਾਣੀ ਨੂੰ ਚੇਤੇ ਰੱਖਣ ਵਿੱਚ ਅਸਮਰੱਥ ਹੋਣਾ ਅਤੇ ਰਾਹ ਭੁੱਲ ਜਾਣਾ ਆਦਿ ਇਸ ਵਿੱਚ ਸ਼ਾਮਲ ਹਨ।
ਸੋਸ਼ਲ ਲਾਈਫ਼ ਉੱਤੇ ਅਸਰ
ਨਤਾਲਿਆ ਦੱਸਦੇ ਹਨ ਕਿ ਕਈ ਵਾਰ ਲੋਕ ਉਨ੍ਹਾਂ ਨੂੰ ਹੰਕਾਰੀ ਸਮਝਦੇ ਹਨ।
ਉਹ ਕਹਿੰਦੇ ਹਨ ਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਜਿੱਥੇ ਤੁਹਾਡਾ ਲੋਕਾਂ ਨਾਲ ਮੇਲ ਜੋਲ ਹੁੰਦਾ ਹੈ ਉਸ ਵਿੱਚ ਕਾਫ਼ੀ ਦਿੱਕਤਾਂ ਆਉਂਦੀਆਂ ਹਨ।
ਆਪਣੀ ਇੱਕ ਅਸਾਈਨਮੈਂਟ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ, ‘‘ਮੈਂ ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਵੱਡੇ ਡਰੱਗ ਤਸਕਰ ਨਾਲ ਜੁੜੀ ਖ਼ਬਰ ਕਵਰ ਕਰ ਰਹੀ ਸੀ। ਹਰ ਦਿਨ ਕੋਰਟ ਰੂਮ ਵਿੱਚ ਮੈਂ ਆਪਣੇ ਸਾਥੀ ਪੱਤਰਕਾਰਾਂ ਨੂੰ ਨਹੀਂ ਪਛਾਣ ਪਾ ਰਹੀ ਸੀ।''''
''''ਉੱਥੇ ਤਿੰਨ ਲੋਕ ਬੈਠੇ ਸਨ। ਉਨ੍ਹਾਂ ਤਿੰਨਾਂ ਦੀ ਉਮਰ ਲਗਭਗ 30 ਸਾਲ ਦੇ ਨੇੜੇ ਹੋਵੇਗੀ। ਤਿੰਨੇ ਵੱਖੋ-ਵੱਖਰੇ ਸਨ ਅਤੇ ਤਿੰਨਾਂ ਨੇ ਹੀ ਵੱਖ-ਵੱਖ ਕੱਪੜੇ ਪਹਿਨੇ ਹੋਏ ਸਨ। ਪਰ ਮੈਨੂੰ ਉਹ ਤਿੰਨੇ ਇੱਕੋ ਜਿਹੇ ਲੱਗ ਰਹੇ ਸਨ। ਜਿਵੇਂ ਮੈਂ ਤਿੰਨ ਹਮਸ਼ਕਲਾਂ ਨੂੰ ਦੇਖ ਰਹੀ ਹੋਵਾਂ। ਮੈਂ ਤੁਰੰਤ ਉੱਥੋਂ ਚਲੀ ਗਈ।’’
ਡਾਕਟਰ ਰੂਪਾਲੀ ਸ਼ਿਵਲਕਰ ਕਹਿੰਦੇ ਹਨ, ‘‘ਫ਼ੇਸ ਬਲਾਇੰਡਨੈਸ ਦੀ ਇਸ ਕੰਡੀਸ਼ਨ ਵਿੱਚ ਇਨਸਾਨ ਦੀ ਸੋਸ਼ਲ ਲਾਈਫ਼ ਉੱਤੇ ਫ਼ਰਕ ਪੈਂਦਾ ਹੈ। ਇਹ ਤੁਹਾਡੀ ਮਾਨਸਿਕ ਸਿਹਤ ਉੱਤੇ ਅਸਰ ਪਾ ਸਕਦਾ ਹੈ। ਇਸ ਨਾਲ ਤੁਹਾਨੂੰ ਸੋਸ਼ਲ ਐਂਗਜ਼ਾਇਟੀ ਜਾਂ ਡਿਪਰੈਸ਼ਨ ਤੱਕ ਹੋ ਸਕਦਾ ਹੈ।’’
ਡਾਕਟਰ ਸੋਨੀਆ ਲਾਲ ਗੁਪਤਾ ਕਹਿੰਦੇ ਹਨ ਕਿ ਪ੍ਰੋਸੋਪੈਗ੍ਰੋਸਿਆ ਦਾ ਕੋਈ ਇਲਾਜ ਨਹੀਂ ਹੈ। ਇਸ ਦੇ ਇਲਾਜ ਦਾ ਮਕਸਦ ਇਹ ਹੁੰਦਾ ਹੈ ਕਿ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਤਰੀਕੇ ਵਿਕਸਤ ਕਰਨ ਵਿੱਚ ਮਦਦ ਕਰਨਾ ਤਾਂ ਜੋ ਉਹ ਲੋਕਾਂ ਨੂੰ ਪਛਾਣ ਸਕਣ।
ਨਾਲ ਹੀ ਉਹ ਦੱਸਦੇ ਹਨ, ‘‘ਇਸ ਦੇ ਇਲਾਜ ਵਿੱਚ ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਨੂੰ ਕਿਸ ਵਜ੍ਹਾ ਨਾਲ ਪ੍ਰੋਸੋਪੈਗ੍ਰੋਸਿਆ ਹੋਇਆ ਹੈ। ਜੇ ਕਿਸੇ ਸਟ੍ਰੋਕ, ਸਦਮੇ ਜਾਂ ਫ਼ਿਰ ਸੱਟ ਕਾਰਨ ਇਹ ਅਵਸਥਾ ਹੈ ਤਾਂ ਫ਼ਿਰ ਤੁਹਾਨੂੰ ਉਸ ਦੇ ਮੂਲ ਕਾਰਨਾਂ ਦੀ ਦਵਾਈ ਦਿੱਤੀ ਜਾਵੇਗੀ। ਉਦਾਹਰਣ ਦੇ ਤੌਰ ਉੱਤੇ ਜੇ ਤੁਹਾਨੂੰ ਸੋਜ ਹੈ ਤਾਂ ਸੋਜ ਘੱਟ ਕਰਨ ਦੀ ਦਵਾਈ ਦਿੱਤਾ ਜਾਵੇਗੀ।’’
ਕੀ ਕਰੀਏ?
ਪ੍ਰੋਸੋਪੈਗ੍ਰੋਸਿਆ ਦਾ ਕੋਈ ਇਲਾਜ ਤਾਂ ਨਹੀਂ ਹੈ ਪਰ ਕੁਝ ਚੀਜ਼ਾਂ ਹਨ ਜੋ ਇਸ ਅਵਸਥਾ ਨਾਲ ਪੀੜਤ ਲੋਕਾਂ ਦੀ ਜ਼ਿੰਦਗੀ ਥੋੜ੍ਹੀ ਸੌਖੀ ਬਣਾ ਸਕਦੀ ਹੈ।
ਡਾ. ਰੂਪਾਲੀ ਸ਼ਿਵਲਕਰ ਇਸ ਦੇ ਲਈ ਸੁਝਾਅ ਦਿੰਦੇ ਹਨ....
- ਲੋਕਾਂ ਨੂੰ ਮਿਲਣ ਤੋਂ ਪਹਿਲਾਂ ਹੀ ਆਪਣੀ ਕੰਡੀਸ਼ਨ ਬਾਰੇ ਜਾਣਕਾਰੀ ਦਿਓ
- ਆਪਣੇ ਨਾਲ ਦੇ ਲੋਕਾਂ ਨੂੰ ਕਹੋ ਕਿ ਉਹ ਤੁਹਾਡੀ ਪਛਾਣ ਲੋਕਾਂ ਨਾਲ ਕਰਵਾਉਣ
- ਜਦੋਂ ਤੁਸੀਂ ਕਿਸੇ ਨੂੰ ਮਿਲੋ ਤਾਂ ਉਨ੍ਹਾਂ ਨੂੰ ਆਪਣੀ ਪਛਾਣ ਦੱਸਣ ਲਈ ਕਹੋ
- ਲੋਕਾਂ ਨੂੰ ਉਨ੍ਹਾਂ ਦੀ ਆਵਾਜ਼ ਤੇ ਉਨ੍ਹਾਂ ਦੀ ਬੌਡੀ ਲੈਂਗੁਏਜ ਨਾਲ ਪਛਾਣੋ
ਆਖ਼ਿਰ ਵਿੱਚ ਨਤਾਲਿਆ ਕਹਿੰਦੇ ਹਨ, ‘‘ਲੋਕਾਂ ਨੂੰ ਅਣਦੇਖਿਆ ਕਰਨਾ ਬਹੁਤ ਖ਼ਰਾਬ ਹੈ। ਮੈਨੂੰ ਵੀ ਲੋਕਾਂ ਨੂੰ ਅਜਿਹਾ ਮਹਿਸੂਸ ਕਰਵਾਉਣਾ ਚੰਗਾ ਨਹੀਂ ਲਗਦਾ।''''
''''ਪਰ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਮੇਰੀ ਤਰ੍ਹਾਂ ਕੁਝ ਲੋਕ ਅਜਿਹੀ ਪਰੇਸ਼ਾਨੀ ਨਾਲ ਜੂਝਦੇ ਹਨ ਜਿਹਨਾਂ ਨੂੰ ਆਮ ਤੌਰ ਉੱਤੇ ਲੋਕ ਗ਼ਲਤ ਸਮਝ ਲੈਂਦੇ ਹਨ ਅਤੇ ਇਸ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਹੈ। ਮੈਂ ਸਭ ਨਾਲ ਦੋਸਤੀ ਵਾਲਾ ਵਿਹਾਰ ਕਰਨਾ ਚਾਹੁੰਦੀ ਹਾਂ ਅਤੇ ਬਿਨਾਂ ਝਿਜਕ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕੌਣ ਹੋ?’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

3 ਸਾਲ ਸਿੱਖੀ ਸਰੂਪ ਧਾਰਿਆ ਪਰ ਸਾਰਾਗੜ੍ਹੀ ''ਤੇ ਫਿਲਮ ਨਾ ਬਣੀ ਸਕੀ, ‘ਜਦੋਂ ਕੇਸ ਕਟਵਾਏ ਤਾਂ ਲੱਗਾ ਸਰੀਰ...
NEXT STORY