ਸਕੌਟਲੈਂਡ ਦੇ ਗਲਾਸਗੋ ’ਚ ਇੱਕ ਗੁਰਦੁਆਰੇ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਭਾਰਤ ਦੇ ਇੱਕ ਸਿਖਰਲੇ ਡਿਪਲੋਮੈਟ ਨਾਲ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਾਰਤ ਨੇ ਵਿਦੇਸ਼ ਦਫ਼ਤਰ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਵਿਕਰਮ ਦੋਰਾਇਸਵਾਮੀ ਨੂੰ ਭਾਈਚਾਰੇ ਅਤੇ ਕੌਂਸਲਰ ਮੁੱਦਿਆਂ ''ਤੇ ਚਰਚਾ ਕਰਨ ਲਈ ਗੁਰਦੁਆਰੇ ਬੁਲਾਇਆ ਗਿਆ ਸੀ।
ਪਰ ਸ਼ੁੱਕਰਵਾਰ ਨੂੰ ਕੁਝ ਕਾਰਕੁਨਾਂ ਦੇ ਵਿਰੋਧ ਤੋਂ ਬਾਅਦ ਉਹ ਉੱਥੋਂ ਚਲੇ ਗਏ।
ਵਿਕਰਮ ਦੋਰਾਇਸਵਾਮੀ, ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ।
ਨੌਜਵਾਨ ਸਿਖਾਂ ਦੇ ਇੱਕ ਸਮੂਹ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੇ ਆਉਣ ''ਤੇ ਲੰਬੇ ਸਮੇਂ ਤੋਂ ਪਾਬੰਦੀ ਹੈ।
ਇਹ ਟਕਰਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਕੈਨੇਡਾ ਵਿੱਚ ਖਾਲਿਸਤਾਨ ਹਿਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ''ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਵਿਵਾਦ ਪਹਿਲਾਂ ਹੀ ਛਿੜਿਆ ਹੋਇਆ ਹੈ।
ਹਾਲ ਹੀ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਨੂੰ ਗੋਲੀ ਮਾਰਨ ਵਿੱਚ ਭਾਰਤੀ ਸ਼ਮੂਲੀਅਤ ਦੇ "ਭਰੋਸੇਯੋਗ ਸਬੂਤ" ਹਨ।
ਪਰ ਭਾਰਤ ਨੇ ਟਰੂਡੋ ਦੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ।
ਵੀਡੀਓ ਵਿੱਚ ਕੀ ਨਜ਼ਰ ਆਇਆ
ਇਸ ਘਟਨਾ ਨਾਲ ਸਬੰਧਿਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ ''ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਗਲਾਸਗੋ ਦੇ ਅਲਬਰਟ ਡਰਾਈਵ ਵਿੱਚ ਗੁਰਦੁਆਰੇ ਦੇ ਬਾਹਰ ਜਿਵੇਂ ਹੀ ਦੋਰਾਇਸਵਾਮੀ ਦੀ ਕਾਰ ਆ ਕੇ ਰੁਕਦੀ ਹੈ, ਤਿੰਨ ਨੌਜਵਾਨ ਉਨ੍ਹਾਂ ਕੋਲ ਆਉਂਦੇ ਹਨ।
ਦੋਰਾਇਸਵਾਮੀ ਕਾਰ ਦੀ ਪਿੱਛੇ ਵਾਲੀ ਸੀਟ ''ਤੇ ਹੀ ਬੈਠੇ ਰਹਿੰਦੇ ਹਨ, ਜਦਕਿ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਉਨ੍ਹਾਂ ਦੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ।
ਇੱਕ ਹੋਰ ਪ੍ਰਦਰਸ਼ਨਕਾਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ- "ਮੇਰੇ ਖਿਆਲ ''ਚ ਚੰਗਾ ਰਹੇਗਾ ਜੇ ਤੁਸੀਂ ਇੱਥੋਂ ਚਲੇ ਜਾਓ।''''
ਇਸ ਤੋਂ ਬਾਅਦ ਡਿਪਲੋਮੈਟ ਉੱਥੋਂ ਚਲੇ ਗਏ।
ਵਿਕਰਮ ਦੋਰਾਇਸਵਾਮੀ, ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ
ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੁਆਰਾ "ਮੁੱਖ ਸਿੱਖ ਸੰਸਥਾਵਾਂ" ਦੀ ਤਰਫੋਂ ਬਾਅਦ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨਾਂ ਕਾਰਕੁਨਾਂ ਨੇ "ਭਾਰਤੀ ਅਧਿਕਾਰੀਆਂ ਨੂੰ ਆਪਣੀ ਅਧਿਕਾਰਤ ਸਮਰੱਥਾ ਵਿੱਚ ਗੁਰਦੁਆਰਿਆਂ ਵਿੱਚ ਜਾਣ ''ਤੇ ਲੰਬੇ ਸਮੇਂ ਤੋਂ ਲੱਗੀ ਪਾਬੰਦੀ" ਨੂੰ ਬਰਕਰਾਰ ਰੱਖਿਆ ਹੈ।
ਇਸ ਦੇ ਨਾਲ ਹੀ ਘਟਨਾ ਬਾਰੇ ਉਨ੍ਹਾਂ ਇਹ ਵੀ ਕਿਹਾ ਕਿ "ਅਸੀਂ ਉਨ੍ਹਾਂ ਨੂੰ ਰੋਕਣ ਅਤੇ ਉਨ੍ਹਾਂ ਤੋਂ ਸਵਾਲ ਪੁੱਛਣ ਲਈ ਗਏ ਸੀ, ਉਹ ਤੇਜ਼ੀ ਨਾਲ ਕਾਰ ਪਾਰਕ ਵਾਲੇ ਖੇਤਰ ''ਚੋਂ ਨਿਕਲ ਗਏ।''''
ਉਨ੍ਹਾਂ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਨ ਦੀ ਗੱਲ ਤੋਂ ਵੀ ਇਨਕਾਰ ਕੀਤਾ।
ਮਾਮਲੇ ਦੇ ਮੁੱਖ ਬਿੰਦੂ
- ਸਕੌਟਲੈਂਡ ਦੇ ਇੱਕ ਵਿੱਚ ਭਾਰਤੀ ਡਿਪਲੋਮੈਟ ਨੂੰ ਸਿੱਖ ਨੌਜਵਾਨਾਂ ਨੇ ਰੋਕਿਆ
- ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ''ਤੇ ਅਪਲੋਡ ਕੀਤਾ ਗਿਆ ਹੈ
- ਵੀਡੀਓ ਵਿੱਚ ਇੱਕ ਨੌਜਵਾਨ ਡਿਪਲੋਮੈਟ ਦੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ
- ਜਦਕਿ ਇੱਕ ਹੋਰ ਨੌਜਵਾਨ ਕਹਿੰਦਾ ਸੁਣਿਆ ਗਿਆ, ''ਚੰਗਾ ਰਹੇਗਾ ਜੇ ਤੁਸੀਂ ਇੱਥੋਂ ਚੇਲਾ ਜਾਓ''
- ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਘਟਨਾ ਦੀ ਨਿੰਦਾ ਕੀਤੀ ਤੇ ਵਿਦੇਸ਼ ਦਫ਼ਤਰ ''ਚ ਸ਼ਿਕਾਇਤ ਵੀ ਕੀਤੀ
- ਹਾਈ ਕਮਿਸ਼ਨ ਮੁਤਾਬਕ, ਉਨ੍ਹਾਂ ਨੂੰ ਭਾਈਚਾਰੇ ਤੇ ਕੌਂਸਲਰ ਮੁੱਦਿਆਂ ''ਤੇ ਚਰਚਾ ਲਈ ਬੁਲਾਇਆ ਗਿਆ ਸੀ
- ਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ
- ਐਸਜੀਪੀਸੀ ਨੇ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਪਰ ਕੀ ਪਤਾ ਨੌਜਵਾਨਾਂ ਦੇ ਕੀ ਕਾਰਨ ਸਨ
''ਘਿਨੌਣੀ ਘਟਨਾ''
ਇਸ ਪੂਰੇ ਮਾਮਲੇ ''ਤੇ ਭਾਰਤੀ ਹਾਈ ਕਮਿਸ਼ਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਡਿਪਲੋਮੈਟ ਨੂੰ ਇਮਾਰਤ ਵਿੱਚ ਗੁਰਦੁਆਰਾ ਕਮੇਟੀ ਨੇ ਬੁਲਾਇਆ ਸੀ ਅਤੇ ਪ੍ਰਬੰਧਕਾਂ ਵਿੱਚ ਭਾਈਚਾਰਕ ਆਗੂ ਅਤੇ ਇੱਕ ਐਮਐਸਪੀ (ਸਕੌਟਲੈਂਡ ਦੇ ਸੰਸਦ ਮੈਂਬਰ) ਸ਼ਾਮਲ ਸਨ।
ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਉਨ੍ਹਾਂ ਨੂੰ ਇਨ੍ਹਾਂ ਤੱਤਾਂ ਦੁਆਰਾ ਧਮਕਾਇਆ ਗਿਆ ਅਤੇ ਦੁਰਵਿਵਹਾਰ ਕੀਤਾ ਗਿਆ। ਹਾਈ ਕਮਿਸ਼ਨਰ ਅਤੇ ਕੌਂਸਲ ਜਨਰਲ ਨੇ ਉੱਥੋਂ ਵਾਪਸ ਆਉਣ ਦਾ ਫੈਸਲਾ ਕੀਤਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਝਗੜੇ ਵਾਲੀ ਸਥਿਤੀ ਨਾ ਬਣੇ।
ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਦਫਤਰ ਅਤੇ ਪੁਲਿਸ ਨੂੰ ਇਸ "ਘਿਨੌਣੀ ਘਟਨਾ" ਦੀ ਰਿਪੋਰਟ ਕਰ ਦਿੱਤੀ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਉਹ ਤਿੰਨੇ ਕਾਰਕੁਨ ਸਕਾਟਲੈਂਡ ਦੇ ਨਹੀਂ ਸਨ।
ਵਿਦੇਸ਼ ਦਫ਼ਤਰ ਨੇ ਕੀ ਕਿਹਾ
ਵਿਦੇਸ਼ ਵਿਭਾਗ ਦੀ ਮੰਤਰੀ ਐਨੀ-ਮੈਰੀ ਟ੍ਰੇਵਲੀਅਨ ਨੇ ਐਕਸ ਅਕਾਊਂਟ ''ਤੇ ਪੋਸਟ ਕੀਤਾ ਕਿ ਉਹ ਇਸ ਘਟਨਾ ਤੋਂ "ਚਿੰਤਤ" ਹਨ।
ਉਨ੍ਹਾਂ ਕਿਹਾ, "ਵਿਦੇਸ਼ੀ ਡਿਪਲੋਮੈਟਾਂ ਦੀ ਸੁਰੱਖਿਆ ਅਤੇ ਬਚਾਅ ਬਹੁਤ ਮਹੱਤਵਪੂਰਨ ਹੈ ਅਤੇ ਯੂਕੇ ਵਿੱਚ ਸਾਡੇ ਪੂਜਾ ਸਥਾਨ ਸਾਰਿਆਂ ਲਈ ਖੁੱਲੇ ਹੋਣੇ ਚਾਹੀਦੇ ਹਨ।''''
ਸਕਾਟਲੈਂਡ ਦੀ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ੁੱਕਰਵਾਰ 13:05 ਵਜੇ ਗੁਰਦੁਆਰੇ ਵਿੱਚ ਗੜਬੜ ਦੀ ਰਿਪੋਰਟ ਦੇ ਚੱਲਦਿਆਂ ਬੁਲਾਇਆ ਗਿਆ ਸੀ।
ਇੱਕ ਬੁਲਾਰੇ ਨੇ ਕਿਹਾ, "ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਪੂਰੇ ਹਾਲਾਤਾਂ ਨੂੰ ਸਮਝਣ ਲਈ ਪੁੱਛਗਿੱਛ ਜਾਰੀ ਹੈ।"
ਐਸਜੀਪੀਸੀ ਦੀ ਕੀ ਹੈ ਪ੍ਰਤੀਕਿਰਿਆ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਗੀ ਜੌਹਲ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਤੋਂ ਇੰਗਲੈਂਡ ਦੇ ਲੋਕ ਨਾਰਾਜ਼ ਹਨ।
ਉਨ੍ਹਾਂ ਕਿਹਾ, “ਇੰਗਲੈਂਡ ਦੇ ਲੋਕ ਜੱਗੀ ਜੌਹਲ ਦੀ ਗੈਰ-ਕਾਨੂੰਨੀ ਗ੍ਰਿਫਤਾਰੀ ਤੋਂ ਪ੍ਰੇਸ਼ਾਨ ਹਨ। ਇਹੀ ਕਾਰਨ ਹੈ ਕਿ ਇਹ ਸਭ ਕੁਝ ਹੋ ਰਿਹਾ ਹੈ। ਅਸੀਂ ਭਾਰਤੀ ਦੂਤਘਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਾ ਕੀਤਾ ਜਾਵੇ। ਜੇਕਰ ਕਿਸੇ ਗੁਰਦੁਆਰੇ ਵਿੱਚ ਕਿਸੇ ਰਾਜਦੂਤ ਨਾਲ ਅਜਿਹਾ ਕੁਝ ਹੋਇਆ ਹੈ, ਤਾਂ ਇਸ ਨਾਲ ਸਿੱਖਾਂ ਦੀ ਸਾਖ ਨੂੰ ਠੇਸ ਪਹੁੰਚਦੀ ਹੈ।''''
ਉਨ੍ਹਾਂ ਅੱਗੇ ਕਿਹਾ, “ਪਹਿਲਾਂ, ਇੱਕ ਰਾਜਦੂਤ ਨੂੰ ਕੁੱਟਿਆ ਗਿਆ ਸੀ, ਅਸੀਂ ਇਸ ਦਾ ਸਮਰਥਨ ਨਹੀਂ ਕਰਦੇ। ਸਿੱਖਾਂ ਦੀ ਸਾਖ ਪੂਰੀ ਦੁਨੀਆਂ ਵਿੱਚ ਪ੍ਰਭਾਵਿਤ ਹੁੰਦੀ ਹੈ। ਕਿਸੇ ਵੀ ਗੁਰਦੁਆਰੇ ਵਿੱਚ ਦਾਖਲ ਹੋਣ ''ਤੇ ਕੋਈ ਪਾਬੰਦੀ ਨਹੀਂ ਹੈ।''''
''''ਪਰ ਮੈਨੂੰ ਨਹੀਂ ਪਤਾ ਕਿ ਉਨ੍ਹਾਂ (ਨੌਜਵਾਨਾਂ) ਦੇ ਕਾਰਨ ਕੀ ਸਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਉਨ੍ਹਾਂ (ਵਿਕਰਮ ਦੋਰਾਇਸਵਾਮੀ) ਦੇ ਦੌਰੇ ਕਾਰਨ ਪੈਦਾ ਹੋਏ ਕਿਸੇ ਵੀ ਤਣਾਅ ਤੋਂ ਬਚਣ ਲਈ ਅਜਿਹਾ ਕੀਤਾ ਹੋਵੇ।”
ਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਸਿੱਖ ਸਭਾ ਗੁਰਦੁਆਰੇ ਵੱਲੋਂ ਘਟਨਾ ਦੀ ਨਿੰਦਾ
ਸਕਾਟਲੈਂਡ ਵਿੱਚ ਗੁਰਦੁਆਰੇ ਵੱਲੋਂ ਜਾਰੀ ਪ੍ਰੈਸ ਰਿਲੀਜ਼
ਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਨੇ ਵੀ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਦਾ ਰਸਤਾ ਰੋਕੇ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ।
ਸਕਾਟਲੈਂਡ ਵਿੱਚ ਗੁਰਦੁਆਰੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਭਾਰਤੀ ਹਾਈ ਕਮਿਸ਼ਨਰ ਨਾਲ ਕੀਤੇ ਗਏ ਸਲੂਕ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਗੁਰਦੁਆਰਾ ਸਾਰੇ ਭਾਈਚਾਰਿਆਂ ਅਤੇ ਪਿਛੋਕੜਾਂ ਦੇ ਲੋਕਾਂ ਲਈ ਖੁੱਲ੍ਹਾ ਹੈ।
ਗੁਰਦੁਆਰਾ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ''ਤੇ ਖੁੱਲ੍ਹੇ ਦਿਲ ਨਾਲ ਸਾਰਿਆਂ ਦਾ ਸੁਆਗਤ ਕਰਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕ੍ਰਿਕਟ ਵਿਸ਼ਵ ਕੱਪ 2023: ਤੁਸੀਂ ਕਿਵੇਂ ਖੇਡ ਕਮੈਂਟੇਟਰ ਬਣ ਸਕਦੇ ਹੋ, ਕਿਹੜੇ ਗੁਰ ਸਿੱਖਣ ਦੀ ਲੋੜ ਹੈ
NEXT STORY