ਮੋਹਨ ਦਾਸ ਕਰਮ ਚੰਦ ਗਾਂਧੀ
“ਮਿਸਟਰ ਗਾਂਧੀ ਵਰਗੇ ਰਾਜਧ੍ਰੋਹੀ, ਮਿਡਲ ਟੈਂਪਲ ਵਕੀਲ ਦਾ ਅਰਧ ਨਗਨ ਹਾਲਤ ਵਿੱਚ ਵਾਇਸਰਾਏ ਦੇ ਮਹਿਲਾਂ ਦੀਆਂ ਪੌੜੀਆਂ ਚੜ੍ਹਨਾ ਅਤੇ ਰਾਜੇ ਦੇ ਨੁਮਾਇੰਦੇ ਨਾਲ ਬਰਾਬਰੀ ਦੇ ਪੱਧਰ ’ਤੇ ਗੱਲਬਾਤ ਕਰਨਾ ਬਹੁਤ ਖ਼ਤਰਨਾਕ ਅਤੇ ਘ੍ਰਿਣਾ ਭਰਿਆ ਸੀ।”
ਬਰਤਾਨੀਆਂ ਦੇ ਤਤਕਾਲੀ ਪ੍ਰਧਾਨ ਮੰਤਰੀ ਚਰਚਿਲ ਦਾ ਇਹ ਬਿਆਨ ਇਤਿਹਾਸ ਵਿੱਚ ਦਰਜ ਹੈ।
ਇਹ ਉਦੋਂ ਦੀ ਗੱਲ ਹੈ ਜਦੋਂ ਮੋਹਨ ਦਾਸ ਕਰਮ ਚੰਦ ਗਾਂਧੀ ਬਰਤਾਨੀਆਂ ਵਿੱਚ ਕਿੰਗ ਜਾਰਜ ਪੰਜਵੇਂ ਦੇ ਸੱਦੇ ਤੇ ਬਕਿੰਘਮ ਪੈਲੇਸ ਗਏ ਸਨ।
ਉਦੋਂ ਗਾਂਧੀ ਨੇ ਆਪਣੀ ਜਾਣੀ-ਪਛਾਣੀ ਛੋਟੀ ਧੋਤੀ ਲਾਈ ਹੋਈ ਸੀ ਜਿਸ ਨੂੰ ਅੰਗਰੇਜ਼ ‘ਲਾਇਨਕਲਾਥ’ ਜਾਣੀ ਲੰਗੋਟ ਕਹਿੰਦੇ ਸਨ।
ਗਾਂਧੀ ਦੇ ਪੜਪੋਤੇ ਅਤੇ ਉਨ੍ਹਾਂ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਤੁਸ਼ਾਰ ਗਾਂਧੀ ਮੰਨਦੇ ਹਨ ਕਿ ਆਪਣੀ ਛੋਟੀ ਧੋਤੀ ਨੂੰ ਗਾਂਧੀ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਇੱਕ ਰਣਨੀਤੀ ਵਜੋਂ ਵਰਤਿਆ ਸੀ।
ਉਹ ਕਹਿੰਦੇ ਹਨ, “ਅੰਗਰੇਜ਼ਾਂ ਨੂੰ ਆਦਤ ਹੋ ਚੁੱਕੀ ਸੀ ਕਿ ਜਦੋਂ ਕੋਈ ਭਾਰਤੀ ਆਗੂ ਉਨ੍ਹਾਂ ਨੂੰ ਮਿਲਣ ਆਉਂਦਾ ਸੀ ਤਾਂ ਉਹ ਅੰਗਰੇਜ਼ੀ ਤੌਰ ਤਰੀਕੇ ਨਾਲ ਆਉਂਦਾ ਸੀ। ਇਸ ਅੰਗਰੇਜ਼ ਕਾਫ਼ੀ ਸਹਿਜ ਮਹਿਸੂਸ ਕਰਦੇ ਸੀ।”
ਉਹ ਅੱਗੇ ਦੱਸਦੇ ਹਨ,“ਜਦੋਂ ਗਾਂਧੀ ਨੇ ਅਜਿਹਾ ਨਹੀਂ ਕੀਤਾ ਤਾਂ ਅੰਗਰੇਜ਼ ਪ੍ਰੇਸ਼ਾਨ ਹੋ ਗਏ ਕਿ ਇਹ ਇਨਸਾਨ ਤਾਂ ਸਾਡੇ ਵਰਗਾ ਦਿਸਣ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ।”
“ਰਾਊਂਡਟੇਬਲ ਕਾਨਫ਼ਰੰਸ ਵਿੱਚ ਤਾਂ ਅੰਗਰੇਜ਼ ਸਦਮੇ ਵਿੱਚ ਹੀ ਆ ਗਏ ਸਨ। ਸਾਡੇ ਰਾਜੇ ਦੇ ਸਨਮੁੱਖ ਗਾਂਧੀ ਅਧਨੰਗੇ ਜਾਣਗੇ। ਗਾਂਧੀ ਇੱਕ ਮਨੋਵਿਗਿਆਨਕ ਦਾਅ ਵੀ ਖੇਡ ਰਹੇ ਸਨ। ਜਦੋਂ ਤੁਸੀਂ ਵਿਚਾਰ-ਵਟਾਂਦਰਾ ਕਰਦੇ ਹੋ ਤਾਂ ਉਸ ਵਿੱਚ ਮਨੋਵਿਗਿਆਨਕ ਦਾਅ-ਪੇਚ ਖੇਡਣੇ ਪੈਂਦੇ ਹਨ।”
ਗਾਂਧੀ ਦਾ ਸਿਰਫ਼ ਛੋਟੀ ਧੋਤੀ ਪਾਉਣ ਦਾ ਫ਼ੈਸਲਾ
ਵੈਸੇ ਗਾਂਧੀ ਦੀਆਂ ਸ਼ੁਰੂਆਤੀ ਤਸਵੀਰਾਂ ਵਿੱਚ ਤੁਸੀਂ ਉਨ੍ਹਾਂ ਨੂੰ ਸੂਟ-ਬੂਟ ਵਿੱਚ ਦੇਖ ਸਕਦੇ ਹੋ ਅਤੇ ਬਾਅਦ ਵਿੱਚ ਉਹ ਗੁਜਰਾਤ ਦੇ ਕਾਠੀਆਵਾੜੀ ਪਹਿਰਾਵੇ ਵਿੱਚ ਵੀ ਨਜ਼ਰ ਆਏ ਸਨ।
ਸਵਾਲ ਇਹ ਹੈ ਕਿ ਗਾਂਧੀ ਦੀ ਪਛਾਣ ਬਣ ਚੁੱਕੀ ਉਨ੍ਹਾਂ ਦੀ ਅੱਧੀ ਧੋਤੀ ਅਤੇ ਚਾਦਰ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ ਜੋ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦਾ ਪ੍ਰਤੀਕ ਬਣ ਗਈ।
ਗੱਲ 1921 ਦੀ ਹੈ ਜਦੋਂ ਗਾਂਧੀ ਤਾਮਿਲਨਾਡੂ ਦੇ ਮਦੁਰਈ ਵਿੱਚ ਸਨ। ਉਦੋਂ ਤੱਕ ਗਾਂਧੀ ਫ਼ੈਸਲਾ ਕਰ ਚੁੱਕੇ ਸਨ ਕਿ ਉਹ ਸਿਰਫ਼ ਸਵਦੇਸ਼ੀ ਕੱਪੜੇ ਹੀ ਪਾਉਣਗੇ।
ਇਸ ਤੋਂ ਪਹਿਲਾਂ ਵਿਦੇਸ਼ੀ ਕੱਪੜੇ ਸਾੜਨ ਦਾ ਉਨ੍ਹਾਂ ਦਾ ਸੱਦਾ ਇੱਕ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਿਆ ਸੀ।
ਤਾਮਿਲਨਾਡੂ ਵਿੱਚ ਇੱਕ ਰੇਲ ਯਾਤਰਾ ਦੌਰਾਨ ਜਦੋਂ ਉਹ ਆਮ ਰੇਲ ਮੁਸਾਫ਼ਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਬਹੁਤ ਸਾਰੇ ਲੋਕਾਂ ਕੋਲ ਪੈਸੇ ਨਹੀਂ ਸਨ। ਇਸ ਲਈ ਉਹ ਪੁਰਾਣੇ ਕੱਪੜੇ ਸਾੜ ਕੇ ਖਾਦੀ ਦੇ ਨਵੇਂ ਕੱਪੜੇ ਨਹੀਂ ਖ਼ਰੀਦ ਸਕਦੇ।
ਆਪਣੇ ਰੇਲ ਸਫ਼ਰ ਬਾਰੇ ਗਾਂਧੀ ਲਿਖਦੇ ਹਨ, “ਮੈਂ ਰੇਲ ਦੀ ਭੀੜ ਵਿੱਚ ਦੇਖਿਆ ਕਿ ਉਨ੍ਹਾਂ ਲੋਕਾਂ ਦਾ ਸਵਦੇਸ਼ੀ ਮੂਵਮੈਂਟ ਨਾਲ ਕੋਈ ਲੈਣ-ਦੇਣ ਨਹੀਂ ਸੀ। ਉਨ੍ਹਾਂ ਨੇ ਵਿਦੇਸ਼ੀ ਕੱਪੜੇ ਪਾਏ ਹੋਏ ਸਨ। ਜਦੋਂ ਮੈਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਕਈਆਂ ਨੇ ਕਿਹਾ ਕਿ ਉਨ੍ਹਾਂ ਲਈ ਮਹਿੰਗਾ ਖਾਦੀ ਕੱਪੜਾ ਖਰੀਦਣਾ ਸੰਭਵ ਨਹੀਂ ਹੈ। ਮੈਂ ਟੋਪੀ, ਪੂਰੀ ਧੋਤੀ ਅਤੇ ਕਮੀਜ਼ ਪਾਈ ਹੋਈ ਸੀ।”
ਗਾਂਧੀ ਲਿਖਦੇ ਹਨ, “ਉਦੋਂ ਮੈਂ ਸੋਚਿਆ ਕਿ ਮੈਂ ਇਸ ਦਾ ਕੀ ਜਵਾਬ ਦੇ ਸਕਦਾ ਹਾਂ। ਸਿਵਾਇ ਇਸ ਦੇ ਕਿ ਸ਼ਾਲੀਨਤਾ ਦੇ ਘੇਰੇ ਵਿੱਚ ਰਹਿੰਦੇ ਹੋਏ ਮੈਂ ਆਪਣੇ ਸਰੀਰ ਉੱਪਰ ਮੌਜੂਦ ਕੱਪੜੇ ਤਿਆਗ ਦੇਵਾਂ। ਅਤੇ ਖ਼ੁਦ ਨੂੰ ਇਨ੍ਹਾਂ ਲੋਕਾਂ ਦੇ ਸਾਹਮਣੇ ਲੈ ਜਾਵਾਂ। ਅਗਲੇ ਹੀ ਦਿਨ ਮੁਦਰਈ ਦੀ ਬੈਠਕ ਤੋਂ ਬਾਅਦ ਮੈਂ ਇਸ ਉੱਪਰ ਅਮਲ ਕਰ ਦਿੱਤਾ।”
ਪਹਿਲਾਂ ਗਾਂਧੀ ਸੂਟ-ਬੂਟ ਪਾਉਂਦੇ ਸਨ
21 ਸਤੰਬਰ 1921 ਨੂੰ ਗਾਂਧੀ ਨੇ ਆਪਣਾ ਪੁਰਾਣਾ ਪਹਿਰਾਵਾ ਤਿਆਗ ਕੇ ਸਿਰਫ਼ ਛੋਟੀ ਧੋਤੀ ਅਤੇ ਇੱਕ ਚਾਦਰ ਅਪਣਾ ਲਈ।
ਤੁਸ਼ਾਰ ਗਾਂਧੀ ਕਹਿੰਦੇ ਹਨ ਕਿ ਇਹ ਬਦਲਾਅ ਅਚਾਨਕ ਨਹੀਂ ਆਇਆ।
ਤੁਸ਼ਾਰ ਗਾਂਧੀ ਦੱਸਦੇ ਹਨ, “ਜਦੋਂ ਗਾਂਧੀ ਜੀ ਵਕਾਲਤ ਕਰਨ ਇੰਗਲੈਂਡ ਗਏ ਤਾਂ ਉਨ੍ਹਾਂ ਨੇ ਆਪਣੇ ਲਈ ਸੂਟ-ਬੂਟ ਬਣਵਾਏ। ਆਪਣੀ ਆਤਮ-ਕਥਾ ਵਿੱਚ ਉਹ ਲਿਖਦੇ ਹਨ ਕਿ ਸ਼ੁਰੂਆਤ ਵਿੱਚ ਉਹ ਆਪਣੇ ਪਹਿਰਾਵੇ ਬਾਰੇ ਬਹੁਤ ਸੁਚੇਤ ਰਹਿੰਦੇ ਸਨ।”
“ਇੰਗਲੈਂਡ ਵਿੱਚ ਫ਼ੈਸ਼ਨ ਦੇ ਮੁਤਾਬਕ ਫੈਂਸੀ ਟੌਪ ਹੈਟ ਪਾਉਣਾ ਸ਼ੁਰੂ ਕਰ ਦਿੱਤਾ, ਕੌਬ ਵਾਚ ਖ਼ਰੀਦੀ। ਦੱਖਣੀ ਅਫ਼ਰੀਕਾ ਵਿੱਚ ਰਹਿੰਦੇ ਹੋਏ ਜਦੋਂ ਉਹ ਵੱਖੋ-ਵੱਖ ਮੁੱਦਿਆਂ ’ਤੇ ਸੱਤਿਆ ਗ੍ਰਹਿ ਕਰਨ ਲੱਗੇ, ਉਸੇ ਸਮੇਂ ਤੋਂ ਗਾਂਧੀ ਜੀ ਵਿੱਚ ਹਲਕਾ ਬਦਲਾਅ ਨਜ਼ਰ ਆਉਣ ਲੱਗਿਆ। ਜਿੱਥੇ ਉਨ੍ਹਾਂ ਨੂੰ ਲੱਗਿਆ ਕਿ ਜ਼ਿੰਦਗੀ ਦੀਆਂ ਲੋੜਾਂ ਨੂੰ ਘਟਾਅ ਦੇਣਾ ਚਾਹੀਦਾ ਹੈ।”
ਗਾਂਧੀ ਕੱਪੜਿਆਂ ਤੋਂ ਸੁਨੇਹਾ ਦੇਣ ਦੀ ਅਹਿਮੀਅਤ ਨੂੰ ਸਮਝਦੇ ਸਨ।
ਤੁਸ਼ਾਰ ਗਾਂਧੀ ਦੱਸਦੇ ਹਨ, “ਦੱਖਣੀ ਅਫ਼ਰੀਕਾ ਦੇ ਸੱਤਿਆ ਗ੍ਰਹਿ ਦੇ ਅਖੀਰ ਵਿੱਚ ਗਾਂਧੀ ਅੰਦਰ ਤੁਸੀਂ ਪਹਿਲਾ ਵੱਡਾ ਬਦਲਾਅ ਦੇਖਦੇ ਹੋ। ਤੁਸੀਂ ਦੇਖੋਂਗੇ ਕਿ ਗਾਂਧੀ ਨੇ ਲੰਬਾ ਕੁੜਤਾ ਅਤੇ ਲੁੰਗੀ ਪਾਈ ਹੋਈ ਹੈ। ਉੱਥੋਂ ਦੇ ਸੱਤਿਆ ਗ੍ਰਹਿ ਵਿੱਚ ਮਾਰੇ ਗਏ ਭਾਰਤੀ ਤਮਿਲਾਂ ਦੇ ਨਾਲ ਖੜ੍ਹੇ ਰਹਿਣ ਅਤੇ ਸ਼ਰਧਾਂਜਲੀ ਦੇਣ ਦੇ ਦਾ ਗਾਂਧੀ ਦਾ ਇਹ ਤਰੀਕਾ ਸੀ।”
ਕਾਠਿਆਵਾੜੀ ਪੁਸ਼ਾਕ ਤੋਂ ਧੋਤੀ ਤੱਕ
ਤੁਸ਼ਾਰ ਗਾਂਧੀ ਕਹਿੰਦੇ ਹਨ ਕਿ ਭਾਰਤ ਮੁੜਨ ਤੋਂ ਬਾਅਦ ਵੀ ਗਾਂਧੀ ਬਦਲਾਅ ਦੇ ਕਈ ਪੜਾਵਾਂ ਵਿੱਚੋਂ ਗੁਜ਼ਰੇ।
ਉਹ ਦੱਸਦੇ ਹਨ, “ਜਦੋਂ ਗਾਂਧੀ ਭਾਰਤ ਆਏ ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਭਾਰਤੀ ਪੇਸ਼ ਕਰਨਾ ਸੀ। ਇਸ ਲਈ 1915 ਵਿੱਚ ਉਹ ਕਾਠੀਆਵਾੜੀ ਪਹਿਰਾਵਾ ਪਾਉਣ ਲੱਗੇ- ਧੋਤੀ-ਕੁੜਤਾ, ਗਮਛਾ ਅਤੇ ਖ਼ਾਸ ਕਿਸਮ ਦੀ ਪੱਗ।
ਗੋਖਲੇ ਦੇ ਕਹਿਣ ’ਤੇ ਜਦੋਂ ਉਹ ਭਾਰਤ ਘੁੰਮਣ ਨਿਕਲੇ ਤਾਂ ਉਨ੍ਹਾਂ ਨੂੰ ਭਾਰਤ ਦੀ ਸਥਿਤੀ ਦਾ ਅੰਦਾਜ਼ਾ ਹੋਇਆ। ਚੰਪਾਰਨ ਵਿੱਚ ਉਨ੍ਹਾਂ ਨੇ ਦੇਖਿਆ ਕਿ ਪੂਰੇ ਪਰਿਵਾਰ ਕੋਲ ਅੱਧਾ ਕੱਪੜਾ ਹੈ ਜਿਸ ਨੂੰ ਉਹ ਵਾਰੀ-ਵਾਰੀ ਪਾਉਂਦੇ ਸਨ।”
ਕਾਠੀਆਵਾੜੀ ਪੌਸ਼ਾਕ ਤੋਂ ਧੋਤੀ ਤੱਕ
ਤੁਸ਼ਾਰ ਗਾਂਧੀ ਕਹਿੰਦੇ ਹਨ, “ਜਦੋਂ ਗਾਂਧੀ ਜੀ ਨੇ ਆਪਣੇ ਸਰੀਰ ਉੱਪਰ ਤਰ੍ਹਾਂ-ਤਰ੍ਹਾਂ ਦੇ ਲਿਬਾਸ ਦੇਖੇ ਤਾਂ ਉਨ੍ਹਾਂ ਨੇ ਆਪਣੇ ਕੱਪੜੇ ਘਟਾਅ ਦਿੱਤੇ। ਉਹ ਸਿਰਫ਼ ਇੱਕ ਕੁੜਤੇ ਅਤੇ ਧੋਤੀ ’ਤੇ ਆ ਗਏ। ਜਿੱਥੋਂ ਹੋਲ਼ੀ-ਹੋਲ਼ੀ ਉਨ੍ਹਾਂ ਦੀ ਪੁਸ਼ਾਕ ਵਿੱਚ ਬਦਲਾਅ ਦਿਖਣਾ ਸ਼ੁਰੂ ਹੋ ਜਾਂਦਾ ਹੈ। ਜੋ ਆਖ਼ਰਕਾਰ ਤਾਮਿਲਨਾਡੂ ਵਿੱਚ ਸਿਰਫ਼ ਅੱਧੀ ਧੋਤੀ ਵਿੱਚ ਬਦਲ ਜਾਂਦਾ ਹੈ।”
ਤੁਸ਼ਾਰ ਗਾਂਧੀ
ਗੁਜਰਾਤ ਦੇ ਸੀਨੀਅਰ ਲੇਖਕ ਅਤੇ ਗਾਂਧੀ ਬਾਰੇ ਅਧਿਐਨ ਕਰਨ ਵਾਲੇ ਉਰਵਿਸ਼ ਕੋਠਾਰੀ ਦੱਸਦੇ ਹਨ ਕਿ ਆਪਣੇ ਕੱਪੜੇ ਬਦਲਣ ਦਾ ਫ਼ੈਸਲਾ ਗਾਂਧੀ ਨੇ ਕਿਸੇ ‘ਸੈਂਸ ਆਫ਼ ਡਰਾਮਾ’ ਯਾਨੀ ਵਿਖਾਵੇਬਾਜ਼ੀ ਵਿੱਚੋਂ ਨਹੀਂ ਲਿਆ ਸੀ।
ਉਵਰਿਸ਼ ਕੋਠਾਰੀ ਦੱਸਦੇ ਹਨ, “ਗਾਂਧੀ ਹਮੇਸ਼ਾ ਸ਼ਾਂਤ ਚਿੱਤ ਨਾਲ ਵਿਚਾਰ ਕਰਦੇ ਸਨ ਅਤੇ ਪਹਿਲਾਂ ਆਪ ਅਮਲ ਕਰਦੇ ਸਨ। ਜਦੋਂ ਸਵਦੇਸ਼ੀ ਅੰਦੋਲਨ ਚੱਲ ਰਿਹਾ ਸੀ ਤਾਂ ਉਨ੍ਹਾਂ ਨੇ 22 ਸੰਤਬਰ 1921 ਨੂੰ ਐਲਾਨ ਕੀਤਾ ਸੀ ਕਿ ਉਹ ਘੱਟ ਤੋਂ ਘੱਟ 31 ਅਕਤੂਬਰ 1921 ਤੱਕ ਸਿਰਫ਼ ਛੋਟੀ ਧੋਤੀ ਜਾਂ ਲੰਗੋਟ ਹੀ ਪਾਉਣਗੇ।”
“ਉਨ੍ਹਾਂ ਨੇ ਅਜਿਹਾ ਕੀਤਾ ਵੀ ਅਤੇ 31 ਅਕਤੂਬਰ ਨੂੰ ਉਹ ਮਿਆਦ ਬੇਮਿਆਦੀ ਹੋ ਗਈ।”
ਉਵਰਿਸ਼ ਕੋਠਾਰੀ ਦੱਸਦੇ ਹਨ, “ਇਹ ਫ਼ੈਸਲਾ ਪ੍ਰੈਕਟੀਕਲ ਸੀ। ਗਾਂਧੀ ਜੀ ਨੂੰ ਅਹਿਸਾਸ ਸੀ ਕਿ ਸਵਦੇਸ਼ੀ ਲਹਿਰ ਵਿੱਚ ਉਹ ਲੋਕਾਂ ਨੂੰ ਵਿਦੇਸ਼ੀ ਕੱਪੜੇ ਸਾੜ ਕੇ ਖਾਦੀ ਖਰੀਦਣ ਲਈ ਕਹਿ ਰਹੇ ਹਨ। ਇਸ ਲਈ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਖਾਦੀ ਦਾ ਨਵਾਂ ਕੱਪੜਾ ਖ਼ਰੀਦ ਸਕਣ। ਇਸ ਲਈ ਗਾਂਧੀ ਜੀ ਨੇ ਕਿਹਾ ਕਿ ਅੱਧੀ-ਧੋਤੀ ਵੀ ਬਹੁਤ ਹੈ।”
ਮਦੁਰਈ ਵਿੱਚ ਜਿਸ ਥਾਂ ਉਨ੍ਹਾਂ ਨੇ ਪਹਿਲੀ ਵਾਰ ਨਵੀਂ ਪੁਸ਼ਾਕ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਸੀ। ਉਸ ਨੂੰ ਗਾਂਧੀ ਪੋਰਟਲ ਕਿਹਾ ਜਾਂਦਾ ਹੈ। ਇੱਥੇ ਗਾਂਧੀ ਦਾ ਬੁੱਤ ਮੌਜੂਦ ਹੈ।
ਕਿੰਗ ਜਾਰਜ ਪੰਚਮ ਨਾਲ ਮੁਲਾਕਾਤ
ਜਦੋਂ ਗਾਂਧੀ ਅੱਧੀ ਧੋਤੀ ਪਾਕੇ 1931 ਵਿੱਚ ਰਾਊਂਡ ਟੇਬਲ ਕਾਨਫ਼ਰੰਸ ਲਈ ਲੰਡਨ ਪਹੁੰਚੇ ਤਾਂ ਉੱਥੋਂ ਦੇ ਕੁਝ ਅਖ਼ਬਾਰਾਂ ਨੇ ਗਾਂਧੀ ਦੀ ਤਸਵੀਰ ਛਾਪ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।
ਸੀਨੀਅਰ ਲੇਖਕ ਦਯਾਨੰਦ ਸ਼ੁਕਲ ਸਾਗਰ ਨੇ ਬੀਬੀਸੀ ਲਈ ਲਿਖੇ ਲੇਖ ਵਿੱਚ ਕਿਹਾ ਸੀ, “ਗਾਂਧੀ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਲੋਕਾਂ ਨੂੰ ਮੇਰੇ ਕੱਪੜੇ ਵਧੀਆ ਨਹੀਂ ਲਗਦੇ। ਇਸ ਦੀ ਆਲੋਚਨਾ ਕੀਤੀ ਜਾਂਦੀ ਹੈ। ਮਜ਼ਾਕ ਉਡਾਇਆ ਜਾਂਦਾ ਹੈ।”
“ਮੈਨੂੰ ਪੁੱਛਿਆ ਜਾਂਦਾ ਹੈ ਕਿ ਮੈਂ ਇਹ ਕਿਉਂ ਪਾਉਂਦਾ ਹਾਂ। ਜਦੋਂ ਅੰਗਰੇਜ਼ ਭਾਰਤ ਜਾਂਦੇ ਹਨ ਤਾਂ ਕੀ ਉਹ ਯੂਰਪੀ ਪੁਸ਼ਾਕ ਛੱਡ ਕੇ ਭਾਰਤੀ ਪਹਿਰਾਵਾ ਪਾਉਣ ਲਗਦੇ ਹਨ? ਜੋ ਉੱਥੋਂ ਦੇ ਪੌਣ-ਪਾਣੀ ਲਈ ਬਹੁਤ ਢੁਕਵੀਂ ਹੈ? ਨਹੀਂ, ਉਹ ਤਾਂ ਅਜਿਹਾ ਨਹੀਂ ਕਰਦੇ।”
“ਮੇਰੀ ਲੰਗੋਟੀ ਪਾਉਣ ਲਈ ਨਹੀਂ ਪਾਈ ਗਈ ਸਗੋਂ ਮੇਰੀ ਜ਼ਿੰਦਗੀ ਵਿੱਚ ਜੋ ਬਦਲਾਅ ਹੁੰਦੇ ਗਏ ਹਨ। ਉਨ੍ਹਾਂ ਦੇ ਨਾਲ ਪੁਸ਼ਾਕ ਵਿੱਚ ਆਉਣ ਵਾਲੇ ਬਦਲਾਅ ਦਾ ਉਹ ਸਿੱਟਾ ਹੈ।”
ਕੀ ਇਹ ਗਾਂਧੀ ਦਾ ਮਾਸਟਰਸਟਰੋਕ ਸੀ?
ਗਾਂਧੀ ਲਈ ਇਸ ਬਦਲਾਅ ਦੇ ਕੀ ਅਰਥ ਸਨ?
ਖ਼ੁਦ ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ – ਆਪਣੇ ਕੱਪੜੇ ਤਿਆਗਣੇ ਜ਼ਰੂਰੀ ਸਨ। ਇਹ ਮਾਤਮ ਦਾ ਪ੍ਰਤੀਕ ਹੈ। ਅਸੀਂ ਸੱਚੀਂ ਮਾਤਮ ਮਨਾ ਰਹੇ ਹਾਂ ਕਿਉਂਕਿ ਸਾਲ ਖ਼ਤਮ ਹੋਣ ਵਾਲਾ ਹੈ ਅਤੇ ਸਾਨੂੰ ਅਜੇ ਤੱਕ ਸਵਰਾਜ ਨਹੀਂ ਮਿਲਿਆ ਹੈ।
ਅੰਗਰੇਜ਼ਾਂ ਦੇ ਖਿਲਾਫ਼ ਚੱਲ ਰਹੀ ਲੜਾਈ ਦੇ ਦਰਮਿਆਨ ਗਾਂਧੀ ਦੇ ਇਸ ਕਦਮ ਦੀ ਅਹਿਮੀਅਤ ਨੂੰ ਉਰਵਿਸ਼ ਕੋਠਾਰੀ ਇਸ ਪ੍ਰਕਾਰ ਸਮਝਾਉਂਦੇ ਹਨ।
ਉਹ ਕਹਿੰਦੇ ਹਨ, “ਗਾਂਧੀ ਜੀ ਨੇ ਜਦੋਂ ਆਪਣਾ ਭੇਸ ਬਦਲਿਆ ਤਾਂ ਇਹ ਉਨ੍ਹਾਂ ਦੀ ਪਛਾਣ ਬਣ ਗਿਆ। ਗਾਂਧੀ ਨੇ ਇਹ ਸੰਦੇਸ਼ ਦਿੱਤਾ ਕਿ ਤਨ ਢਕਣ ਲਈ ਭਾਵੇਂ ਕੱਪੜਾ ਥੋੜ੍ਹਾ ਹੋਵੇ ਪਰ ਜਿੰਨਾ ਵੀ ਹੋਵੇ ਸਵਦੇਸ਼ੀ ਹੋਵੇ।”
“ਸਵਦੇਸ਼ੀ ਨੂੰ ਉਜਾਗਰ ਕਰਨ ਦਾ ਗਾਂਧੀ ਦਾ ਇਹ ਤਰੀਕਾ ਅਸਰਦਾਰ ਸੀ। ਹਾਲਾਂਕਿ ਸਮੇਂ ਦੇ ਨਾਲ-ਨਾਲ ਲੋਕਾਂ ਵਿੱਚ ਇਹ ਇੱਕ ਕਿਸਮ ਦਾ ਸੰਕੇਤਵਾਦ ਵੀ ਬਣਦਾ ਗਿਆ ਕਿ ਸਾਡਾ ਨੇਤਾ ਸਾਡੇ ਵਾਂਗ ਹੀ ਰਹਿੰਦਾ ਹੈ। ਉਹੀ ਪਾਉਂਦਾ ਹੈ ਜੋ ਅਸੀਂ ਪਾਉਂਦੇ ਹਾਂ। ਉਸ ਵਿੱਚ ਕੋਈ ਬਣਾਵਟ ਨਹੀਂ ਹੈ। ਇਹ ਗਾਂਧੀ ਜੀ ਦਾ ਹੀ ਹੁਨਰ ਸੀ।”
ਤੁਸ਼ਾਰ ਗਾਂਧੀ ਇਸ ਫ਼ੈਸਲੇ ਨੂੰ ਗਾਂਧੀ ਦਾ ਮਾਸਟਰ ਸਟਰੋਕ ਕਹਿੰਦੇ ਹਨ।
ਤੁਸ਼ਾਰ ਗਾਂਦੀ ਦੇ ਮੁਤਾਬਕ, “ਤੁਸੀਂ ਦੇਖੋਂ ਤਾਂ ਗਾਂਧੀ ਜੀ ਦਾ ਭਾਸ਼ਣ ਜਾਂ ਬੋਲਣ ਦਾ ਢੰਗ ਕੁਝ ਖ਼ਾਸ ਨਹੀਂ ਸੀ। ਲੇਕਿਨ ਗਾਂਧੀ ਜੀ ਦੀ ਕੋਸ਼ਿਸ਼ ਸੀ ਵਿਜ਼ੂਅਲੀ (ਜੋ ਦਿਸਦਾ ਹੈ) ਆਮ ਲੋਕ ਉਨ੍ਹਾਂ ਨਾਲ ਜੁੜ ਸਕਣ।”
“ਅਜਿਹਾ ਕਰਨ ਨਾਲ ਆਗੂਆਂ ਅਤੇ ਲੋਕਾਂ ਦਰਮਿਆਨ ਜੋ ਵਿੱਥ ਸੀ, ਉਹ ਘਟ ਗਈ। ਇਹ ਕੋਈ ਹੋਰ ਨਹੀਂ ਕਰ ਸਕਿਆ। ਪਹਿਲਾਂ ਤਾਂ ਕਾਂਗਰਸ ਦੇ ਸਮਾਗਮਾਂ ਵਿੱਚ ਲੋਕ ਬੜੀ ਸੱਜ-ਧੱਜ ਨਾਲ ਆਉਂਦੇ ਸਨ।”
“ਉਨ੍ਹਾਂ ਦੇ ਕੱਪੜਿਆਂ ਤੋਂ ਲੈ ਕੇ ਪੱਗ ਵਿੱਚੋਂ ਉਨ੍ਹਾਂ ਦੀ ਜਾਤ, ਵਰਣ, ਅਮੀਰੀ ਝਲਕਦੀ ਸੀ। ਗਾਂਧੀ ਨੇ ਇਨ੍ਹਾਂ ਸਾਰੇ ਕੱਪੜਿਆਂ ਨੂੰ ਤਿਆਗ ਕੇ ਨਵਾਂ ਮਾਹੌਲ ਸਿਰਜ ਦਿੱਤਾ।”
ਹਾਲਾਂਕਿ ਦੱਖਣੀ ਅਫ਼ਰੀਕਾ ਅਤੇ ਘਾਨਾ ਵਰਗੇ ਦੇਸਾਂ ਵਿੱਚ ਕੁਝ ਲੋਕਾਂ ਦਾ ਗਾਂਧੀ ’ਤੇ ਇਲਜ਼ਾਮ ਰਿਹਾ ਹੈ ਕਿ ਜਦੋਂ ਗਾਂਧੀ ਦੱਖਣੀ ਅਫ਼ਰੀਕਾ ਵਿੱਚ ਸਨ ਤਾਂ ਉਹ ਖ਼ੁਦ ਵਿਤਕਰਾ ਕਰਦੇ ਸਨ ਅਤੇ ਨਸਲਵਾਦੀ ਸਨ।
ਗਾਂਧੀ 1893 ਤੋਂ 1913 ਤੱਕ ਲਗਭਗ ਵੀਹ ਸਾਲ ਦੱਖਣੀ ਅਫ਼ਰੀਕਾ ਰਹੇ ਹਨ।
ਦੱਖਣੀ ਅਫ਼ਰੀਕੀ ਵਿਦਵਾਨ ਅਸ਼ਵਿਨ ਦੇਸਾਈ ਅਤੇ ਗੁਲਾਮ ਵਾਹਿਦ ਨੇ ਆਪਣੇ ਦੇਸ਼ ਵਿੱਚ ਰਹਿਣ ਵਾਲੇ ਗਾਂਧੀ ਦੀ ਖੋਜ ਕਰਕੇ ਇੱਕ ਕਿਤਾਬ ਲਿਖੀ ਸੀ। ‘ਦਿ ਸਾਊਥ ਅਫ਼ਰੀਕਨ ਗਾਂਧੀ: ਸਟੇਚਰ ਬੀਅਰ ਆਫ਼ ਇੰਪਾਇਰ’।
ਦੇਸਾਈ ਗ਼ੁਲਾਮ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ, “ਗਾਂਧੀ ਨੇ ਆਪਣੇ ਦੱਖਣ ਅਫ਼ਰੀਕੀ ਪਰਵਾਸ ਦੇ ਦੌਰਾਨ ਭਾਰਤੀਆਂ ਦੇ ਸੰਘਰਸ਼ ਨੂੰ ਅਫ਼ਰੀਕੀਆਂ ਅਤੇ ਦੂਜੇ ਕਾਲੇ ਲੋਕਾਂ ਦੇ ਸੰਘਰਸ਼ ਤੋਂ ਵੱਖ ਰੱਖਿਆ।”
ਗਾਂਧੀ ਦੇ ਜੀਵਨੀਕਾਰ ਅਤੇ ਉਨ੍ਹਾਂ ਦੇ ਪੋਤੇ ਰਾਜਮੋਹਨ ਗਾਂਦੀ ਵਾਰ-ਵਾਰ ਕਹਿੰਦੇ ਰਹੇ ਹਨ ਕਿ ‘ਗਾਂਧੀ ਜਦੋਂ ਅਫ਼ਰੀਕਾ ਪਹੁੰਚੇ ਤਾਂ ਉਹ 24 ਸਾਲ ਦੇ ਸਨ ਅਤੇ ਦੱਖਣੀ ਅਫ਼ਰੀਕਾ ਦੇ ਕਾਲਿਆਂ ਬਾਰੇ ਉਹ ਕਈ ਵਾਰ ਦੰਭ ਅਤੇ ਪੂਰਬ-ਕਲਪਨਾਵਾਂ ਨਾਲ ਭਰੇ ਹੋਏ ਸਨ। ਹਾਲਾਂਕਿ ਗਾਂਧੀ ਨੇ ਆਪਣੇ-ਆਪ ਨੂੰ ਸਮੇਂ ਦੇ ਨਾਲ-ਨਾਲ ਜੀਵਨ ਭਰ ਲਗਾਤਾਰ ਬਦਲਿਆ।’
ਪੁਸ਼ਾਕ ਤੋਂ ਬਣੀ ਪਛਾਣ
ਖ਼ੈਰ ਵਾਪਸ ਉਸੇ ਮੁੱਦੇ ’ਤੇ ਆਈਏ।
ਗਾਂਧੀ ਦੇ ਪਹਿਰਾਵਾ ਬਦਲਣ ਦੇ ਫ਼ੈਸਲੇ ਨੂੰ ਅੰਗਰੇਜ਼ਾਂ ਦੇ ਪ੍ਰਸੰਗ ਵਿੱਚ ਤੁਸ਼ਾਰ ਗਾਂਧੀ ਕੁਝ ਇਸ ਤਰ੍ਹਾਂ ਸਮਝਾਉਂਦੇ ਹਨ, “ਅੰਗਰੇਜ਼ਾਂ ਨੂੰ ਲੱਗਿਆ ਕਿ ਇਹ ਇਨਸਾਨ ਜੋ ਕਰਦਾ ਹੈ ਉਸਦਾ ਸਾਡੇ ਕੋਲ ਕੋਈ ਜਵਾਬ ਨਹੀਂ ਹੈ। ਜਿਵੇਂ ਪੇਸ਼ ਆਉਂਦਾ ਹੈ ਉਸ ਦਾ ਵੀ ਸਾਡੇ ਕੋਲ ਕੋਈ ਜਵਾਬ ਨਹੀਂ ਹੈ। ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਬਦਤਮੀਜ਼ ਹੈ।”
“ਰਾਜ ਮਹਿਲ ਵਿੱਚ ਜਦੋਂ ਗਾਂਧੀ ਅੱਧੀ ਧੋਤੀ ਪਾ ਕੇ ਪਹੁੰਚ ਜਾਂਦੇ ਹਨ ਤਾਂ ਵਾਪਸ ਨਹੀਂ ਭੇਜ ਸਕਦੇ। ਇਹ ਉਨ੍ਹਾਂ ਦੀ ਹਾਰ ਹੁੰਦੀ। ਜੇ ਅੰਦਰ ਬੁਲਾਉਂਦੇ ਤਾਂ ਉਨ੍ਹਾਂ ਨੂੰ ਸਹਿਣ ਕਰਨਾ ਪੈਣਾ ਸੀ। ਕਰੀਏ ਤਾਂ ਕੀ ਕਰੀਏ... ਵਾਲੀ ਸਥਿਤੀ ਸੀ।”
ਗੱਲ ਲੇਖ ਦੇ ਸ਼ੁਰੂ ਵਿੱਚ ਬਰਤਾਨੀਆ ਦੇ ਰਾਜ ਮਹਿਲਾਂ ਤੋਂ ਸ਼ੁਰੂ ਹੋਈ ਸੀ। ਜਿੱਥੇ ਗਾਂਧੀ ਅੱਧੀ ਧੋਤੀ ਜਿਸ ਨੂੰ ਅੰਗਰੇਜ਼ ਲੰਗੋਟ ਕਹਿੰਦੇ ਸਨ ਪਾਕੇ ਪਹੁੰਚੇ ਸਨ। ਜਦਕਿ ਕਿੰਗ ਜਾਰਜ ਪੰਜਵੇਂ ਆਪਣੇ ਪੂਰੇ ਸ਼ਾਹੀ ਜਾਹੋ-ਜਲਾਲ ਦੇ ਨਾਲ ਉੱਥੇ ਮੌਜੂਦ ਸਨ।
ਰਾਜੇ ਨੂੰ ਮਿਲਣ ਤੋਂ ਬਾਅਦ ਜਦੋਂ ਗਾਂਧੀ ਨਿਕਲੇ ਤਾਂ ਬਰਤਾਨੀਆ ਦੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ, “ਮਿਸਟਰ ਗਾਂਧੀ, ਲੱਗਦਾ ਨਹੀਂ ਕਿ ਤੁਸੀਂ ਰਾਜੇ ਨੂੰ ਮਿਲਣ ਲਈ ਢੁੱਕਵੇਂ ਕੱਪੜੇ ਪਾਏ ਸਨ?”
ਗਾਂਧੀ ਜੋ ਆਪਣੀ ਹਾਜ਼ਰ ਜਵਾਬੀ ਲਈ ਹਮੇਸ਼ਾ ਹੀ ਜਾਣੇ ਜਾਂਦੇ ਸਨ ਨੇ ਤੁਰੰਤ ਕਿਹਾ, “ਤੁਸੀਂ ਮੇਰੇ ਕੱਪੜਿਆਂ ਦੀ ਫ਼ਿਕਰ ਨਾ ਕਰੋ। ਤੁਹਾਡੇ ਰਾਜੇ ਨੇ ਸਾਡੇ ਦੋਵਾਂ ਜਿੰਨੇ ਕੱਪੜੇ ਪਾ ਰੱਖੇ ਸਨ।”
ਗਾਂਧੀ ਦਾ ਇਹ ਜਵਾਬ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ।
ਮਸ਼ਹੂਰ ਜੀਵਨੀਕਾਰ ਰਾਬਰਟ ਪਾਏਨ ਦੇ ਸ਼ਬਦਾਂ ਵਿੱਚ ਉਨ੍ਹਾਂ ਦੀ ਨਗਨਤਾ ਬੈਜ ਆਫ਼ ਆਨਰ (ਸਨਮਾਨ ਦਾ ਤਮਗ਼ਾ) ਬਣ ਗਈ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਦਿੱਲੀ ਦੇ ਰਾਮ ਲੀਲਾ ਮੈਦਾਨ ਪਹੁੰਚੇ ਹਜ਼ਾਰਾਂ ਮੁਲਾਜ਼ਮ, ਮੰਚ ’ਤੇ ਬੈਠੇ ਆਗੂ ਤੋਂ ਇੱਕ ਪੰਜਾਬੀ ਨੇ ਪੁੱਛਿਆ...
NEXT STORY