ਮਾਹਰ ਚਿਹਰੇ ਲਈ ਵੱਖਰਾ ਤੌਲੀਆ ਰੱਖਣ ਦੀ ਸਲਾਹ ਦਿੰਦੇ ਹਨ
ਗਰਮੀ ਰੁੱਤੇ ਤਾਂ ਪਸੀਨਾ ਹੀ ਇੰਨਾਂ ਆਉਂਦਾ ਹੈ ਕਿ ਅਸੀਂ ਇੱਕ ਵਾਰ ਪਾਏ ਕੱਪੜੇ ਦੁਬਾਰੇ ਪਾ ਨਹੀਂ ਸਕਦੇ। ਕਈ ਵਾਰ ਦਿਨ ਵਿੱਚ ਦੋ-ਤਿੰਨ ਵਾਰ ਨਹਾਉਂਦੇ ਹਾਂ ਤੇ ਕੱਪੜੇ ਵੀ ਬਦਲ ਲੈਣੇ ਹਾਂ, ਪਰ ਜਿਸ ਤੌਲੀਏ ਨਾਲ ਪਿੰਡਾ ਪੂੰਝਦੇ ਹਾਂ, ਉਸ ਨੂੰ ਵੀ ਇੰਨਾਂ ਹੀ ਸਾਫ਼ ਰੱਖਦੇ ਹਾਂ?
ਆਖ਼ਰ ਕਿੰਨੇ ਕੁ ਦਿਨਾਂ ਬਾਅਦ ਤੌਲੀਆ ਧੌਣਾ ਚਾਹੀਦਾ ਅਤੇ ਕਿੰਨੀ ਦੇਰ ਬਾਅਦ ਬਦਲ ਲੈਣਾ ਚਾਹੀਦਾ।
ਇਹ ਇੱਕ ਬਹਿਸ ਦਾ ਵਿਸ਼ਾ ਵੀ ਹੈ। ਇਸ ਬਾਰੇ ਬਰਤਾਨੀਆਂ ਦੇ 2200 ਬਾਲਗਾਂ ਨੂੰ ਪੁੱਛਿਆ ਗਿਆ ਪਰ ਕੋਈ ਵੀ ਯਕੀਨੀ ਤੌਰ ’ਤੇ ਕੁਝ ਨਹੀਂ ਕਹਿ ਸਕਿਆ।
ਜਿਨ੍ਹਾਂ ਲੋਕਾਂ ਨੂੰ ਪੁੱਛਿਆ ਗਿਆ, ਉਨ੍ਹਾਂ ਵਿੱਚੋਂ ਕਰੀਬ 44 ਫ਼ੀਸਦ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਜਾਂ ਕਈ ਵਾਰ ਇਸ ਤੋਂ ਵੀ ਵੱਧ ਸਮੇਂ ਬਾਅਦ ਆਪਣੇ ਤੌਲੀਏ ਧੋਂਦੇ ਹਨ।
ਅਸੀਂ ਇਸ ਬਾਰੇ ਇੱਕ ਘਰੇਲੂ ਸਫ਼ਾਈ ਮਾਹਰ ਅਤੇ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਮਾਹਰ ਤਾਂ ਡਾਕਟਰ ਸੈਲੀ ਬਲੂਮਫੀਲਡ ਨਾਲ ਗੱਲਬਾਤ ਕੀਤੀ। ਉਨ੍ਹਾਂ ਵਲੋਂ ਸੁਝਾਏ ਤੱਥ ਕੁਝ ਚੀਜ਼ਾਂ ਨੂੰ ਸਪੱਸ਼ਟ ਕਰਦੇ ਹਨ।
ਉਨ੍ਹਾਂ ਨੇ ਬੀਬੀਸੀ ਨਿਊਜ਼ਬੀਟ ਨਾਲ ਗੱਲਬਾਤ ਦੌਰਾਨ ਦੱਸਿਆ, "ਮੈਂ ਥੋੜ੍ਹਾ ਹੈਰਾਨ ਹਾਂ, ਕਿਉਂਕਿ ਮੈਂਨੂੰ ਲੱਗਦਾ ਸੀ ਕਿ ਇੰਨੇ ਲੰਬੇ ਸਮੇਂ ਵਿੱਚ ਤੌਲੀਏ ਕੁਝ ਆਕੜ ਜਾਣਗੇ, ਪਸੀਨੇ ਨਾਲ ਭਰ ਜਾਣਗੇ ਅਤੇ ਵਰਤਣ ਵਿੱਚ ਬਹੁਤ ਅਸੁਵਿਧਾਜਨਕ ਹੋਣਗੇ।"
ਇੱਕ ਸ਼ਾਵਰ ਕੰਪਨੀ ਦੇ ਅੰਕੜਿਆਂ ’ਤੇ ਅਧਾਰਿਤ ਸਰਵੇਖਣ ਮੁਤਾਬਕ ਪੰਜ ਵਿੱਚੋਂ ਤਕਰੀਬਨ ਇੱਕ ਵਿਅਕਤੀ ਨੇ ਕਿਹਾ ਕਿ ਉਹ ਮਹੀਨੇ ਵਿੱਚ ਇੱਕ ਵਾਰ ਆਪਣੇ ਤੌਲੀਏ ਧੋਦੇ ਹਨ, ਇੱਕ ਚੌਥਾਈ ਨੇ ਕਿਹਾ ਕਿ ਹਫ਼ਤੇ ਵਿੱਚ ਇੱਕ ਵਾਰ ਅਤੇ 20 ਵਿੱਚੋਂ ਇੱਕ ਨੇ ਨਹਾਉਣ ਜਾਂ ਸ਼ਾਵਰ ਤੋਂ ਬਾਅਦ ਹਰ ਰੋਜ਼ ਧੋਣ ਦੀ ਗੱਲ ਆਖੀ।
ਮਾਹਰਾਂ ਮੁਤਾਬਕ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਤੌਲੀਆ ਜ਼ਰੂਰ ਧੋਣਾ ਚਾਹੀਦਾ ਹੈ
ਤੌਲੀਆ ਧੋਣ ਦੀ ਲੋੜ ਕਿਉਂ ਹੈ?
ਡਾਕਟਰ ਬਲੂਮਫ਼ੀਲਡ ਦਾ ਕਹਿਣਾ ਹੈ ਕਿ ਸਮਝਦਾਰੀ ਇਸ ਵਿੱਚ ਹੈ ਕਿ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਆਪਣਾ ਤੌਲੀਆ ਧੋ ਲਵੋ।
"ਇਸ ਤੱਥ ਦੇ ਬਾਵਜੂਦ ਕਿ ਉਹ ਸਾਫ਼ ਨਜ਼ਰ ਆ ਰਹੇ ਹਨ, ਹੋ ਸਕਦਾ ਹੈ ਕਿ ਉਨ੍ਹਾਂ ਵਿੱਚ ਲੱਖਾਂ ਕੀਟਾਣੂ ਭਰ ਚੁੱਕੇ ਹਨ ਅਤੇ ਤੁਹਾਡੇ ਨਾਲ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ।"
ਉਹ ਕਹਿੰਦੇ ਹਨ ਕਿ ਜੇ ਤੁਸੀਂ ਆਪਣੇ ਤੌਲੀਏ ਨੂੰ ਨਿਯਮਿਤ ਤੌਰ ''ਤੇ ਨਹੀਂ ਧੋਦੇ ਤਾਂ ਤੌਲੀਏ ਵਿੱਚ ਕੀਟਾਣੂਆਂ ਦੀ ਗਿਣਤੀ ਵਧ ਜਾਂਦੀ ਹੈ, ਅਤੇ ਫ਼ਿਰ ਜਦੋਂ ਧੋਤਾ ਜਾਂਦਾ ਹੈ ਤਾਂ ਸਾਰੇ ਕੀਟਾਣੂਆਂ ਨੂੰ ਕੱਢਣਾ ਔਖਾ ਹੁੰਦਾ ਹੈ।
ਮਸਲਾ ਇਥੋਂ ਹੀ ਸ਼ੁਰੂ ਹੁੰਦਾ ਹੈ।
ਜਦੋਂ ਅਸੀਂ ਆਪਣੇ ਸਰੀਰ ਦੀਆਂ ਵੱਖ-ਵੱਖ ਥਾਵਾਂ ਨੂੰ ਸੁਕਾਉਂਦੇ ਹਾਂ, ਤਾਂ ਉਹ ਜੀਵਾਣੂਆਂ ਨੂੰ ਚੁੱਕ ਲੈਂਦੇ ਹਨ, ਜਿਵੇਂ ਕਿ ਸਾਡੇ ਪੈਰਾਂ ''ਤੇ ਜੋ ਕਿ ਐਥਲੀਟਜ਼ ਫੁੱਟ ਦਾ ਕਾਰਨ ਬਣਦਾ ਹੈ। ਐਥਲੀਟ ਫੁੱਟ ਰੋਗ ਦਾ ਅਰਥ ਹੁੰਦਾ ਹੈ, ਪੈਰਾਂ ਉੱਤੇ ਉੱਲੀ ਲੱਗਣੀ, ਚਮੜੀ ਦਾ ਖਰਾਬ ਹੋਣਾ ਤੇ ਦੱਦ ਲੱਗ ਜਾਣਾ।
ਡਾਕਟਰ ਬਲੂਮਫੀਲਡ ਦਾ ਕਹਿਣਾ ਹੈ ਕਿ ਸਾਡੀ ਚਮੜੀ ''ਤੇ ਜ਼ਿਆਦਾਤਰ ਜੀਵਾਣੂ ਛੂਤ ਵਾਂਗ ਫ਼ੈਲਣ ਵਾਲੇ ਨਹੀਂ ਹੋ ਸਕਦੇ ਹਨ।
ਪਰ ਕਿਤੇ ਕੋਈ ਜਖ਼ਮ ਜਾਂ ਕੱਟ ਹੋਵੇ ਤਾਂ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ ਅਤੇ ਗੰਭੀਰ ਹੋ ਸਕਦੇ ਹਨ।
ਜਿੰਮ ਵਿੱਚ ਵਰਤਿਆ ਤੌਲੀਆ ਅਲੱਗ ਰੱਖੋ ਅਤੇ ਰੋਜ਼ ਧੋਵੋ
ਜੋ ਕੋਈ ਇਕੱਲਾ ਹੀ ਰਹਿੰਦਾ ਹੋਵੇ ਤਾਂ...
ਜੇ ਤੁਸੀਂ ਦੂਜਿਆਂ ਨਾਲ ਰਹਿ ਰਹੇ ਹੋ, ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ।
ਬਲੂਮਫੀਲਡ ਕਹਿੰਦੇ ਹਨ, "ਕਈ ਵਾਰ ਸਾਡੇ ਸਰੀਰ ਦੇ ਕੁਝ ਅਜਿਹੇ ਕੀਟਾਣੂ ਹੁੰਦੇ ਹਨ ਜੋ ਜੇ ਸਾਡੇ ਸਰੀਰ ’ਤੇ ਹੀ ਰਹਿਣ ਤਾਂ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਜੇਕਰ ਕਿਸੇ ਹੋਰ ਦੇ ਸਰੀਰ ਤੱਕ ਪਹੁੰਚ ਜਾਣ ਤਾਂ ਉਸ ਨੂੰ ਬੀਮਾਰ ਕਰ ਸਕਦੇ ਹਨ।"
ਜੇ ਤੁਸੀਂ ਇੱਕ ਤੌਲੀਆ ਸਾਂਝਾ ਕਰਦੇ ਹੋ, ਤਾਂ ਬੀਮਾਰੀ ਜਲਦ ਇੱਕ ਤੋਂ ਦੂਜੇ ਨੂੰ ਹੋ ਸਕਦੀ ਹੈ। ਇਹ ਖ਼ਤਰਾ ਹੋਰ ਵੱਧ ਜਾਂਦਾ ਹੈ, ਜਦੋਂ ਵੱਖ-ਵੱਖ ਲੋਕਾਂ ਦੇ ਕੱਪੜੇ ਇਕੱਠਿਆਂ ਧੋਤੇ ਜਾਂਦੇ ਹਨ।
“ਇਸ ਤਰੀਕੇ ਨਾਲ ਲਾਗ਼ ਲੱਗਣ ਦੇ ਕਈ ਸਬੂਤ ਸਾਮਹਣੇ ਆਏ ਹਨ।”
ਤੁਸੀਂ ਸੋਚ ਸਕਦੇ ਹੋ ਕਿ ਜੇ ਤੁਸੀਂ ਇਕੱਲੇ ਰਹਿ ਰਹੇ ਹੋ, ਤਾਂ ਦੂਜਿਆਂ ਲਈ ਅਤੇ ਉਨ੍ਹਾਂ ਤੋਂ ਜੋਖਮ ਘੱਟ ਜਾਂਦਾ ਹੈ।
ਇਹ ਕੁਝ ਹੱਦ ਤੱਕ ਸਹੀ ਹੋ ਸਕਦਾ ਹੈ। ਪਰ ਡਾਕਟਰ ਬਲੂਮਫੀਲਡ ਸਲਾਹ ਦਿੰਦੇ ਹਨ,“ਉਸ ਸਥਿਤੀ ਵਿੱਚ ਵੀ ਤੁਹਾਨੂੰ ਆਪਣੇ ਤੌਲੀਏ ਨੂੰ ਪੰਦਰਾਂ ਦਿਨਾਂ ਬਾਅਦ ਧੋਣਾ ਚਾਹੀਦਾ ਹੈ।”
ਡਾਕਟਰ ਕ੍ਰਿਸਟੀਨਾ ਸੋਮਾਡਾਕਿਸ ਨੈਸ਼ਨਲ ਹੈਲਥ ਸੈਂਟਰ ਵਿੱਚ ਚਮੜੀ ਰੋਗਾਂ ਦੇ ਮਾਹਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, "ਉਹ ਲੋਕਾਂ ਨੂੰ ਉਨ੍ਹਾਂ ਦੇ ਤੌਲੀਏ ਨੂੰ ਜਲਦ ਅਤੇ ਵਧੇਰੇ ਸਾਫ਼ ਤਰੀਕੇ ਨਾਲ ਧੋਣ ਲਈ ਉਤਸ਼ਾਹਿਤ ਕਰਦੇ ਹਨ।"
"ਜੇਕਰ ਤੁਹਾਡੇ ਚਿਹਰੇ ਜਾਂ ਸਰੀਰ ਦੇ ਮੁਹਾਸੇ ਜਾਂ ਕਿਸੇ ਕਿਸਮ ਦੀ ਸੋਜ ਹੈ ਤਾਂ ਅਸੀਂ ਕਹਾਂਗੇ ਕਿ ਤੁਸੀਂ ਰੋਗ ਤੋਂ ਪੀੜਤ ਹੋ, ਤਾਂ ਅਸੀਂ ਕਹਾਂਗੇ ਕਿ ਤੁਸੀਂ ਆਪਣੇ ਤੌਲੀਏ ਨੂੰ ਵਾਰ-ਵਾਰ ਧੋਵੋ।"
ਉਹ ਕਹਿੰਦੇ ਹਨ ਕਿ ਘਰ ’ਚ ਘੱਟ ਸਫ਼ਾਈ, ਗੰਦੇ ਤੌਲੀਏ ਚਮੜੀ ਰੋਗਾਂ ਨੂੰ ਵਿਕਸਿਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
"ਤੁਹਾਨੂੰ ਸਫ਼ਾਈ ਨਾਲ ਜੁੜੇ ਮੁੱਦਿਆਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਨਹੀਂ ਤਾਂ, ਤੁਹਾਡੇ ਲਈ ਸਮੱਸਿਆ ਬਣੀ ਰਹੇਗੀ।"
ਚਿਹਰੇ ਅਤੇ ਜਿੰਮ ਲਈ ਇੱਕ ਤੌਲੀਆ
ਜੇ ਤੁਸੀਂ ਕਸਰਤ ਕਰਨ ਦੇ ਚਾਹਵਾਨ ਹੋ, ਤਾਂ ਸੰਭਾਵਨਾ ਹੈ ਕਿ ਤੁਸੀਂ ਪਸੀਨਾ ਪੂੰਝਣ ਲਈ ਤੌਲੀਆ ਵਰਤਦੇ ਹੋਵੋਂਗੇ।
ਡਾਕਟਰ ਬਲੂਮਫੀਲਡ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਪਸੀਨਾ ਪੂੰਝਣ ਲਈ ਤੌਲੀਏ ਦੀ ਵਰਤੋਂ ਕਰ ਰਹੇ ਹੋ, ਤਾਂ ਇਸਨੂੰ ਨਿਯਮਿਤ ਤੌਰ ''ਤੇ ਧੋਣਾ ਜ਼ਰੂਰੀ ਹੈ।
"ਤੁਹਾਨੂੰ ਕਸਰਤ ਦੌਰਾਨ ਵੱਧ ਪਸੀਨਾ ਆਉਂਦਾ ਹੈ ਅਤੇ ਤੁਹਾਡੇ ਸਰੀਰ ਦੀ ਸਤ੍ਹਾ ਤੋਂ ਚਮੜੀ ਤੋਂ ਗ਼ੈਰ-ਲੋੜੀਂਦੇ ਸੈੱਲ ਬਾਹਰ ਨਿਕਲ ਰਹੇ ਹਨ ਜੋ ਕਿ ਤੌਲੀਏ ਨਾਲ ਤੁਸੀਂ ਪੂੰਝ ਦਿੰਦੇ ਹੋ।"
ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਅਜਿਹਾ ਤੌਲੀਆ ਨਿਯਮਿਤ ਤੌਰ ’ਤੇ ਨਹੀਂ ਧੋਂਦੇ ਤਾਂ ਇਹ ਵਧੇਰੇ ਦੂਸ਼ਿਤ ਅਤੇ ਮਾੜੇ ਬੈਕਟੀਰੀਆ ਨਾਲ ਭਰਿਆ ਹੋਵੇਗਾ, ਜਿਸ ਵਿੱਚੋਂ ਧੋਣ ਦੇ ਬਾਵਜੂਦ ਕੀਟਾਣੂ ਕੱਢਣੇ ਔਖੇ ਹੋ ਜਾਣਗੇ।
ਜੇ ਤੁਸੀਂ ਵੀ ਸੋਚ ਰਹੇ ਹੋ ਕਿ ਤੁਹਾਨੂੰ ਸਰੀਰ ਅਤੇ ਚਿਹਰੇ ਲਈ ਵੱਖਰਾ ਤੌਲੀਆ ਰੱਖਣਾ ਚਾਹੀਦਾ ਹੈ ਤਾਂ ਇਸ ਮਾਮਲੇ ਵਿੱਚ ਸੋਮਾਡਾਕਿਸ ਯਕੀਨੀ ਤੌਰ ''ਤੇ ਵੱਖਰੇ ਤੌਲੀਏ ਰੱਖਣ ਦੀ ਸਿਫਾਰਸ਼ ਕਰਦੇ ਹਨ।
ਉਹ ਕਹਿੰਦੇ ਹਨ, "ਇਹ ਨਾ ਭੁੱਲੋ ਕਿ ਜਦੋਂ ਤੁਸੀਂ ਸਰੀਰ ਦੇ ਤੌਲੀਏ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਉਨ੍ਹਾਂ ਸਰੀਰਕ ਅੰਗਾਂ ਨੂੰ ਤੌਲੀਏ ਨਾਲ ਸਾਫ਼ ਕਰ ਰਹੇ ਹੋ। ਜਿੱਥੇ ਸੂਰਜ ਦੀ ਰੌਸ਼ਨੀ ਨਹੀਂ ਪੈਂਦੀ ਅਤੇ ਬੈਕਟੀਰਿਆ ਵਧੇਰੇ ਹਨ ਜੇ ਤੁਸੀਂ ਉਹ ਹੀ ਤੌਲੀਆ ਚਿਹਰੇ ਲਈ ਇਸਤੇਮਾਲ ਕਰਦੇ ਹੋ ਤਾਂ ਇਹ ਕਈ ਕੀਟਾਣੂਆਂ ਨੂੰ ਵੀ ਚਿਹਰੇ ਤੱਕ ਲੈ ਜਾਂਦਾ ਹੈ।
"ਤੁਸੀਂ ਕਈ ਅਜਿਹੇ ਕੀਟਾਣੂ ਚਿਹਰੇ ’ਤੇ ਲਾ ਦਿੰਦੇ ਹੋ, ਜੋ ਨਾਜ਼ਕ ਚਮੜੀ ਲਈ ਠੀਕ ਨਹੀਂ ਹਨ।"
ਡਾਕਟਰ ਬਲੂਮਫੀਲਡ ਕਹਿੰਦੇ ਹਨ, ਆਪਣੇ ਕੀਟਾਣੂਆਂ ਨੂੰ ਆਪਣੇ ਕੋਲ ਰੱਖੋ ਅਤੇ ਆਪੋ-ਆਪਣਾ ਸਾਫ਼ ਤੌਲੀਆ ਵਰਤੋਂ, ਜਿਸ ਨੂੰ ਜਲਦ- ਜਲਦ ਜਾਂ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰ ਧੋਵੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਗਾਂਧੀ ਨੇ ਸੂਟ-ਬੂਟ ਛੱਡ ਕੇ ‘ਅਧਨੰਗਾ ਫ਼ਕੀਰ’ ਬਣਨ ਦਾ ਫ਼ੈਸਲਾ ਕਿਉਂ ਲਿਆ?
NEXT STORY