ਇੱਕ ਆਮ ਭੀੜਭਾੜ ਵਾਲੀ ਗਲੀ ਵਿੱਚੋਂ ਸਾਈਕਲ ’ਤੇ ਲੰਘਣ ਵਿੱਚ ਕੁਝ ਵੀ ਵੱਡਾ ਨਹੀਂ ਹੈ।
ਹਾਲਾਂਕਿ ਜੇ ਤੁਹਾਨੂੰ ਦੱਸਿਆ ਜਾਵੇ ਕਿ ਸਾਈਕਲ ਸਵਾਰ ਨੇ ਅੱਖਾਂ ’ਤੇ ਆਟੇ ਦੇ ਪੇੜੇ ਰੱਖ ਕੇ ਉੱਪਰੋਂ ਰੂੰ ਦੇ ਮੋਟੇ ਫੰਬੇ ਲਗਾ ਕੇ ਕਈ ਤਹਿਆਂ ਦੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਤਾਂ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ।
ਖ਼ੁਦਾ ਬਖ਼ਸ਼ ਦਾ ਜਨਮ ਸਾਲ 1905 ਵਿੱਚ ਕਸ਼ਮੀਰ, ਭਾਰਤ ਵਿੱਚ ਹੋਇਆ ਸੀ। ਖ਼ੁਦਾ ਬਖ਼ਸ਼ ਇੰਗਲੈਂਡ ਅਤੇ ਯੂਰਪ ਦੀਆਂ ਸੜਕਾਂ ਉੱਪਰ ਆਪਣੇ ਇਸ ਸਾਈਕਲ ਵਾਲੇ ਕਰਤਬ ਲਈ ਮਸ਼ਹੂਰ ਸਨ।
1930-40 ਦੇ ਦਹਾਕੇ ਦੌਰਾਨ ਉਨ੍ਹਾਂ ਦਾ ਦਾਅਵਾ ਸੀ ਕਿ ਉਹ “ਬਿਨਾਂ ਅੱਖਾਂ ਦੇ ਵੀ ਦੇਖ ਸਕਦੇ ਹਨ” ਤੇ ਅਜਿਹੇ ਕਰਤਬ ਕਰ ਸਕਦੇ ਹਨ।
ਉਹ ਇੱਕ ਸ਼ੋਅ ਕਰਦੇ ਸਨ, ਜਿਸ ਦਾ ਸਿਰਲੇਖ ਹੁੰਦਾ ਸੀ “ਐਕਸ-ਰੇ ਵਾਲੀਆਂ ਅੱਖਾਂ ਵਾਲਾ ਮਨੁੱਖ”। ਆਪਣੇ ਤਮਾਸ਼ੇ ਦੌਰਾਨ ਉਹ ਬਹੁਤ ਸਾਰੇ ਦਿਮਾਗ ਚਕਰਾ ਦੇਣ ਵਾਲੇ ਕਰਤਬ ਦਿਖਾਉਂਦੇ ਸਨ।
ਉਹ ਕਿਸੇ ਕਿਤਾਬ ਦਾ ਪੈਰ੍ਹਾ ਪੜ੍ਹ ਕੇ ਸੁਣਾਉਂਦੇ ਜਾਂ ਸੂਈ ਵਿੱਚ ਧਾਗਾ ਪਾਉਂਦੇ। ਉਹ ਵੀ ਅੱਖਾਂ ਪੂਰੀ ਤਰ੍ਹਾਂ ਬੰਨ੍ਹ ਕੇ।
ਬਖ਼ਸ਼ ਨੇ ਆਪਣੀਆਂ ਹੈਰਾਨੀਜਨਕ ਸ਼ਕਤੀਆਂ ਨਾਲ ਪੀੜ੍ਹੀਆਂ ਤੱਕ ਲੋਕਾਂ ਨੂੰ ਕੀਲ ਕੇ ਰੱਖਿਆ।
ਘਰੋਂ ਭੱਜੇ ਫਿਰ ਨਾਮ ਬਦਲਿਆ
ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਸਾਲ 1977 ਵਿੱਚ ਰੋਆਲਡ ਡੱਲ ਨੇ ਬਖ਼ਸ਼ ਬਾਰੇ ਨਿੱਕੀ ਕਹਾਣੀ ਵੀ ਲਿਖੀ ਸੀ।
ਕਹਾਣੀ ਦਾ ਨਾਮ ਸੀ “ਦਿ ਵੰਡਰਫੁੱਲ ਸਟੋਰੀ ਆਫ਼ ਹੈਨਰੀ ਸ਼ੂਗਰ”। ਮਗਰੋਂ ਇਸ ਕਹਾਣੀ ਉੱਪਰ ਵੈਸ ਐਂਡਰਸਨ ਨੇ ਇਸੇ ਨਾਮ ਦੀ ਇੱਕ ਫਿਲਮ ਵੀ ਬਣਾਈ।
ਖ਼ੁਦਾ ਬਖ਼ਸ਼ ਦਾ ਜਨਮ ਇੱਕ ਰੱਜੇ-ਪੁੱਜੇ ਪਰਿਵਾਰ ਵਿੱਚ ਹੋਇਆ ਸੀ। ਸਾਲ 1952 ਵਿੱਚ ਡੱਲ ਨਾਲ ਐਰਗੋਜ਼ੀ ਮੈਗਜ਼ੀਨ ਲਈ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਬਚਪਨ ਵਿੱਚ ਉਹ ਇੱਕ ਭਾਰਤੀ ਜਾਦੂਗਰ, ਜੋ ਪ੍ਰੋਫ਼ੈਸਰ ਮੂਰ ਦੇ ਨਾਮ ਤੋਂ ਮਸ਼ਹੂਰ ਸਨ, ਤੋਂ ਬਹੁਤ ਪ੍ਰਭਾਵਿਤ ਹੋਏ ਸਨ।
ਮੂਰ ਨੂੰ ਦੇਖਣ ਤੋਂ ਦੋ ਦਿਨਾਂ ਬਾਅਦ ਉਹ ਘਰੋਂ ਭੱਜ ਕੇ ਮੂਰ ਦੇ ਪਿੱਛੇ-ਪਿੱਛੇ ਲਾਹੌਰ ਚਲੇ ਗਏ ਸਨ। ਉੱਥੇ ਉਹ ਤੇਰਾਂ ਸਾਲ ਦੀ ਉਮਰ ਵਿੱਚ ਮੂਰ ਦੇ ਸ਼ਾਗਿਰਦ ਬਣ ਗਏ।
ਆਉਣ ਵਾਲੇ ਸਾਲਾਂ ਦੌਰਾਨ ਉਹ ਨੇ ਬਰ੍ਹਮਾ, ਸ੍ਰੀ ਲੰਕਾ, ਬੰਬੇ ਵਿੱਚ ਘੁੰਮੱਕੜ ਬਣ ਕੇ ਰਹੇ ਅਤੇ ਮਦਾਰੀਆਂ, ਯੋਗੀਆਂ ਅਤੇ ਥਿਏਟਰ ਕਲਾਕਾਰਾਂ ਤੋਂ ਜਾਦੂਗਰੀ ਦੇ ਗੁਰ ਸਿੱਖੇ।
ਲੇਖਕ ਜੌਹਨ ਜ਼ੁਬਰਜ਼ੀਕੀ ਆਪਣੀ ਕਿਤਾਬ “ਇੰਪਾਇਰ ਆਫ਼ ਇਨਚੈਂਟਮੈਂਟ: ਦਿ ਸਟੋਰੀ ਆਫ਼ ਇੰਡੀਅਨ ਮੈਜਿਕ” ਵਿੱਚ ਲਿਖਦੇ ਹਨ, ਉਨ੍ਹਾਂ ਨੇ ਆਪਣਾ ਨਾਮ ਵੀ ਪ੍ਰੋਫ਼ੈਸਰ ਡਿਊਕ ਅਤੇ ਫਿਰ ਖ਼ੁਦਾ ਬਖ਼ਸ਼ (Kuda Bux) ਕਰ ਲਿਆ।
:-
''ਰਹੱਸਮਈ ਮਨੁੱਖ''
ਉਸ ਸਮੇਂ ਇੰਗਲੈਂਡ ਵਿੱਚ ਲੋਕ ਪੂਰਬ ਤੋਂ ਗਏ ਜਾਦੂਗਰਾਂ ਦੇ ਬੇਹੱਦ ਦੀਵਾਨੇ ਸਨ। ਸਾਲ 1935 ਵਿੱਚ ਖ਼ੁਦਾ ਬਖ਼ਸ਼ ਵੀ ਇੰਗਲੈਂਡ ਪਹੁੰਚ ਗਏ।
ਜੌਹਨ ਜ਼ੁਬਰਜ਼ੀਕੀ ਨੇ ਬੀਬੀਸੀ ਨੂੰ ਦੱਸਿਆ ਕਿ, ‘ਭਾਰਤ ਨੂੰ ਜਾਦੂ ਦੀ ਧਰਤੀ ਸਮਝਿਆ ਜਾਂਦਾ ਸੀ''। ਭਾਰਤ ਬਾਰੇ ਇਹ ਧਾਰਨਾ ਸਫ਼ਰਨਾਮਾਕਾਰਾਂ, ਈਸਾਈ ਮਿਸ਼ਨਰੀਆਂ, ਵਪਾਰੀਆਂ ਅਤੇ ਇਤਿਹਾਸਕਾਰਾਂ ਨੇ ਬਣਾਈ ਸੀ।
ਹਾਲਾਂਕਿ ਭਾਰਤ ਬਾਰੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਕਹਾਣੀਆਂ ਹਵਾ ਮਹਿਲ ਹੀ ਹੁੰਦੀਆਂ ਸਨ।
ਬਹੁਤ ਸਾਰੇ ਭਾਰਤੀ ਜਾਦੂਗਰਾਂ ਨੇ ਪੱਛਮ ਦੀ ਭਾਰਤੀ ਜਾਦੂਗਿਰੀ ਪ੍ਰਤੀ ਇਸ ਭੁੱਖ ਤੋਂ ਲਾਹਾ ਲਿਆ। ਬਖ਼ਸ਼ ਵੀ ਉਨ੍ਹਾਂ ਵਿੱਚੋਂ ਇੱਕ ਸਨ।
ਬਖ਼ਸ਼ ਭਾਵੇਂ ਕਿ ਪੱਛਮੀ ਪਹਿਰਾਵਾ ਪਾਉਂਦੇ ਸਨ ਪਰ ਉਹ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਜਾਦੂਗਰੀ ਦੀਆਂ ਜੜ੍ਹਾਂ ਪੂਰਬੀ ਰਹੱਸਵਾਦ ਵਿੱਚ ਸਨ।
ਬਖ਼ਸ਼ ਦੀ ਜਾਦੂਗਰੀ ਬਾਰੇ ‘ਦਿ ਲਿੰਕਿੰਗ ਰਿੰਗ’ ਰਸਾਲੇ ਲਈ ਇਤਿਹਾਸਕਾਰ ਜੌਹਨ ਬੂਥ ਨੇ ਲਿਖਿਆ, “ਭਾਰਤੀ ਮਹਾਂਦੀਪ ਤੋਂ ਆਇਆ ਅਜਿਹਾ ਰਹੱਸਮਈ ਮਨੁੱਖ ਜਿਸ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਪੈਰਿਸ ਦੀਆਂ ਸੜਕਾਂ ’ਤੇ ਸਾਈਕਲ ਚਲਾਈ।”
ਉਹ ਲਿਖਦੇ ਹਨ ਕਿ ਬਖ਼ਸ਼ ਦੀ “ਆਭਾ ਇੱਕ ਰਹੱਸਮਈ ਪੁਰਸ਼” ਵਰਗੀ ਸੀ।
ਇੰਗਲੈਂਡ ਵਿੱਚ ਬਖ਼ਸ਼ ਨੇ ਐਕਸ-ਰੇ ਵਾਲੇ ਕਰਤਬ ਕਾਰਨ ਜਲਦ ਹੀ ਸ਼ੋਹਰਤ ਖੱਟ ਲਈ। ਉਨ੍ਹਾਂ ਦੇ ਕਰਤਬਾਂ ਨੇ ਤਰਕਵਾਦੀਆਂ ਦਾ ਵੀ ਆਪਣੇ ਵੱਲ ਧਿਆਨ ਖਿੱਚਿਆ।
ਜਦੋਂ ਡਾਕਟਰਾਂ ਨੇ ਕੀਤੇ ਬਖ਼ਸ਼ ਉੱਤੇ ਪ੍ਰਯੋਗ
ਡਾਕਟਰਾਂ ਨੇ ਖ਼ੁਦ ਬਖ਼ਸ਼ ਦੇ ਦਾਵਿਆਂ ਦਾ ਜਾਂਚ ਕਰਨ ਲਈ, ਉਨ੍ਹਾਂ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਪ੍ਰਯੋਗ ਕੀਤੇ।
ਹੈਰੀ ਪ੍ਰਾਈਸ- ਬ੍ਰਿਟੇਨ ਦੇ ਪ੍ਰਸਿੱਧ ਤਰਕਸ਼ੀਲ ਸਨ, ਸਾਲ 1939 ਦੇ ਜੁਲਾਈ ਮਹੀਨੇ ਵਿੱਚ ਪ੍ਰਾਈਸ ਅਤੇ ਡਾਕਟਰਾਂ ਦੀ ਇੱਕ ਟੀਮ ਨੇ ਬਖ਼ਸ਼ ਦੇ “ਐਕਸ-ਰੇ ਵਾਲੀਆਂ ਅੱਖਾਂ” ਵਾਲੇ ਦਾਅਵੇ ਦੀ ਜਾਂਚ ਕੀਤੀ।
ਜੌਹਨ ਜ਼ੁਬਰਜ਼ੀਕੀ ਲਿਖਦੇ ਹਨ ਕਿ ਇਸ ਜਾਂਚ ਲਈ ਪ੍ਰਾਈਸ ਪੂਰੀ ਤਿਆਰੀ ਨਾਲ ਪਹੁੰਚੇ ਸਨ। ਉਨ੍ਹਾਂ ਕੋਲ ਸਰਜੀਕਲ ਪੱਟੀਆਂ, ਚਿਪਕਾਉਣ ਵਾਲੀ ਟੇਪ, ਰੂੰ ਦੇ ਪੈਡ ਸਨ।
ਇਸ ਤੋਂ ਇਲਾਵਾ ਸਭ ਤੋਂ ਉੱਪਰ ਦੀ ਬੰਨ੍ਹਣ ਲਈ ਕਾਲੀ ਖੱਦਰ ਦੇ ਦੋ ਮਾਸਕ (ਇਨ੍ਹਾਂ ਦੇ ਦਰਮਿਆਨ ਵੀ ਰੂੰ ਦੀ ਤਹਿ ਸੀ) ਸਨ।
ਜਦੋਂ ਖ਼ੁਦਾ ਬਖ਼ਸ਼ ਨੇ ਪੂਰ੍ਹੀ ਤਰ੍ਹਾਂ ਢਕੀਆਂ ਅੱਖਾਂ ਨਾਲ ਕਿਤਾਬ ਦਾ ਪੈਰ੍ਹਾ ਪੜ੍ਹ ਕੇ ਸੁਣਾਇਆ ਤਾਂ ਇੱਕ ਡਾਕਟਰ ਨੇ ਪੱਟੀਆਂ ਖੋਲ੍ਹ ਕੇ ਦੋਬਾਰਾ ਬੰਨ੍ਹੀਆਂ।
ਇਸ ਵਾਰ ਬਖ਼ਸ਼ ਨੇ ਆਪਣੇ ਪਿੱਛੇ ਰੱਖੀ ਹੱਥ-ਲਿਖਤ ਪਰਚੀ ਨੂੰ ਪੜ੍ਹ ਕੇ ਸੁਣਾਇਆ।
ਅੱਗ ''ਤੇ ਤੁਰੇ ਪਰ ਪੈਰਾਂ ''ਤੇ ਇੱਕ ਛਾਲਾ ਨਾ ਪਿਆ
ਸਤੰਬਰ 1935 ਵਿੱਚ ਪ੍ਰਾਈਸ ਨੇ ਬਖ਼ਸ਼ ਨਾਲ ਇੱਕ ਹੋਰ ਪ੍ਰਯੋਗ ਕੀਤਾ ਗਿਆ।
ਇਸ ਪ੍ਰਯੋਗ ਦੇ ਨਤੀਜੇ ਵਜੋਂ ਬਖ਼ਸ਼ ਦੀ ਪ੍ਰਸਿੱਧੀ ਇੰਗਲੈਂਡ ਤੋਂ ਇਲਾਵਾ ਯੂਰਪ ਦੇ ਵੱਡੇ ਹਿੱਸੇ ਵਿੱਚ ਵੀ ਫੈਲ ਗਈ।
ਸਰੀ ਦੇ ਪੇਂਡੂ ਇਲਾਕੇ ਵਿੱਚ, ਬਖ਼ਸ਼ ਨੇ ਅੱਗ ਦੇ ਅੰਗਾਰਿਆਂ ’ਤੇ ਤੁਰ ਕੇ ਦਿਖਾਇਆ। ਇੰਗਲੈਂਡ ਵਿੱਚ ਇਹ ਕਰਤਬ ਕਿਸੇ ਵੱਲੋਂ ਪਹਿਲੀ ਵਾਰ ਕੀਤਾ ਗਿਆ ਸੀ।
ਇਹ ਪ੍ਰਯੋਗ ਡਾਕਟਰਾਂ, ਮਨੋਵਿਗਿਆਨੀ ਅਤੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਦੌਰਾਨ ਕਰਤਬ ਉੱਪਰ ਬਾਰੀਕੀ ਨਾਲ ਨਿਗ੍ਹਾ ਰੱਖੀ ਗਈ।
ਕਿਸੇ ਸੰਭਾਵੀ ਹੇਰਾਫੇਰੀ ਦਾ ਸ਼ੱਕ ਦੂਰ ਕਰਨ ਲਈ ਕਰਤਬ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਖ਼ਸ਼ ਦੇ ਪੈਰਾਂ ਦੀਆਂ ਤਲੀਆਂ ਦੀ ਜਾਂਚ ਕੀਤੀ ਗਈ।
ਇੱਕ ਟੋਆ ਪੁੱਟ ਕੇ ਉਸ ਵਿੱਚ ਮੋਟੀਆਂ ਲੱਕੜਾਂ, ਚਾਰਕੋਲ, ਪੈਰਾਫਿਨ ਅਤੇ ਅਖ਼ਬਾਰਾਂ ਦੀ ਰੱਦੀ ਭਰ ਕੇ ਅੱਗ ਲਾਈ ਗਈ।
ਕੁਝ ਘੰਟਿਆਂ ਬਾਅਦ ਬਖ਼ਸ਼ ਇਨ੍ਹਾਂ ਮਘਦੇ ਅੰਗਾਰਿਆਂ ਦੇ ਉੱਪਰੋਂ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਤੁਰ ਕੇ ਪਾਰ ਹੋਏ।
ਪ੍ਰਾਈਸ ਆਪਣੀ ਕਿਤਾਬ ''ਕਨਫ਼ੈਸ਼ਨਸ ਆਫ਼ ਏ ਗੋਸਟ-ਹੰਟਰ'' ਵਿੱਚ ਲਿਖਦੇ ਹਨ ਕਿ ''ਇਸ ਦੌਰਾਨ ਉਨ੍ਹਾਂ ਦੇ ਪੈਰਾਂ ’ਤੇ ਇੱਕ ਛਾਲਾ ਤੱਕ ਨਹੀਂ ਪਿਆ''।
ਇਸ ਤੋਂ ਨੌਂ ਦਿਨਾਂ ਬਾਅਦ, ਬਖ਼ਸ਼ ਮੁੜ ਤੋਂ ਅੰਗਾਰਿਆਂ ਉੱਪਰੋਂ ਤੁਰੇ, ਅਜਿਹੇ ਅੰਗਾਰੇ ਜੋ ਸਟੀਲ ਨੂੰ ਵੀ ਪਿਘਲਾ ਸਕਦੇ ਸਨ। ਇਸ ਵਾਰ ਬਖ਼ਸ਼ ਦੇ ਪੈਰਾਂ ਨੂੰ ਕੋਈ ਫਰਕ ਨਹੀਂ ਪਿਆ।
ਜੌਹਨ ਜ਼ੁਬਰਜ਼ੀਕੀ ਲਿਖਦੇ ਹਨ ਕਿ ਇਸ ਤੋਂ ਪ੍ਰਾਈਸ ਨੇ ਨਤੀਜਾ ਕੱਢਿਆ ਕਿ “ਖ਼ੁਦਾ ਬਖ਼ਸ਼ ਅਤੇ ਆਲੇ-ਦੁਆਲੇ ਦੀਆਂ ਭੌਤਿਕ ਵਸਤੂਆਂ ਦਰਮਿਆਨ ਅਜਿਹਾ ਕੋਈ ਤਾਂ ਅਜੀਬ ਰਿਸ਼ਤਾ ਹੈ ਕਿ ਬਖ਼ਸ਼ ਖ਼ੁਦ ਨੂੰ ਨੁਕਸਾਨ ਤੋਂ ਬਚਾਅ ਲੈਂਦੇ ਹਨ।”
ਬਖ਼ਸ਼ ਦਾ ਦਾਅਵਾ- ਯੋਗੀ ਤੋਂ ਸਿੱਖੀ ਵਿਧੀ
ਡੱਲ ਨਾਲ ਗੱਲਬਾਤ ਦੌਰਾਨ ਬਖ਼ਸ਼ ਨੇ ਦਾਅਵਾ ਕੀਤਾ ਕਿ ਅਲੱੜ੍ਹਪੁਣੇ ਦੌਰਾਨ ਇੱਕ ਯੋਗੀ ਵੱਲੋਂ ਸਿਖਾਈ ਵਿਧੀ ਨਾਲ “ਆਪਣਾ ਧਿਆਨ ਇਕਾਗਰ ਕਰਕੇ ਉਹ ਖ਼ੁਦ ਨੂੰ ਅੱਗ ’ਤੇ ਤੁਰਨ ਦੌਰਾਨ ਸੁਰੱਖਿਅਤ ਰੱਖ ਸਕੇ।”
ਉਨ੍ਹਾਂ ਕਿਹਾ, ''''ਇਸ ਵਿੱਚ ਅਜਿਹਾ ਧਿਆਨ ਲੱਗਦਾ ਹੈ ਕਿ ਮੈਨੂੰ ਸਿਰਫ਼ ਅੱਗ ਦਿਖਾਈ ਦਿੰਦੀ ਹੈ ਅਤੇ ਉਹ ਠੰਡੀ ਦਿਖਾਈ ਦਿੰਦੀ ਹੈ।''''
ਉਨ੍ਹਾਂ ਕਿਹਾ ਕਿ ਧਿਆਨ ਲਗਾਉਣ ਦੇ ਅਭਿਆਸ ਵੇਲੇ ਉਹ ਉਦੋਂ ਤੱਕ ਮੋਮਬੱਤੀ ਦੀ ਲੌਅ ’ਤੇ ਨਜ਼ਰ ਟਿਕਾ ਕੇ ਰੱਖਦੇ ਸਨ, ਜਦੋਂ ਤੱਕ ਕਿ ਆਸ-ਪਾਸ ਦਾ ਸਾਰਾ ਕੁਝ ਗਾਇਬ ਨਾ ਹੋ ਜਾਵੇ।
ਇਸ ਮਗਰੋਂ ਉਹ ਅੱਖਾਂ ਬੰਦ ਕਰਦੇ ਆਪਣੇ ਪਿਆਰੇ ਭਰਾ ਦਾ ਚਿਹਰਾ ਯਾਦ ਕਰਨ ਦੀ ਕੋਸ਼ਿਸ਼ ਕਰਦੇ।
ਉਨ੍ਹਾਂ ਨੇ ਮੋਮਬੱਤੀ ਵਾਲੀ ਇਸ ਵਿਧੀ ਦਾ ਲਗਾਤਾਰ ਕਈ ਸਾਲਾਂ ਤੱਕ ਹਰ ਰਾਤ ਅਭਿਆਸ ਕੀਤਾ ਅਤੇ ਫਿਰ 24 ਸਾਲਾਂ ਦੀ ਉਮਰ ''ਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜਦੋਂ ਉਹ ਅੱਖਾਂ ਬੰਦ ਕਰਕੇ, ਕਿਸੇ ਚੀਜ਼ ''ਤੇ ਧਿਆਨ ਲਗਾਉਂਦੇ ਹਨ ਤਾਂ ''''ਮੈਂ ਉਸ ਚੀਜ਼ ਦਾ ਮੱਧਮ ਜਿਹਾ ਘੇਰਾ-ਅਕਾਰ ਦੇਖ ਸਕਦਾ ਹਾਂ''''।
ਉਨ੍ਹਾਂ ਨੇ ਦਾਅਵਾ ਕੀਤਾ ਕਿ 28 ਸਾਲ ਦੀ ਉਮਰ ਤੱਕ ਉਹ ਅੱਖਾਂ ’ਤੇ ਪੱਟੀ ਬੰਨ੍ਹ ਕੇ ਪੂਰੀ ਕਿਤਾਬ ਪੜ੍ਹ ਲੈਂਦੇ ਸਨ।
ਜਦੋਂ ਬਖ਼ਸ਼ ਤੋਂ ਡਰੀਆਂ ਔਰਤਾਂ
ਬਖ਼ਸ਼ ਬਾਰੇ ਇੱਕ ਦੀ ਲੇਖਕਾ ਕੈਟਲੀਨ ਰੇਨੀ ਮਿਲਰ ਦੱਸਦੇ ਹਨ ਕਿ ਅਜਿਹਾ ਨਹੀਂ ਹੈ ਕਿ ਬਖ਼ਸ਼ ਦੇ ਦਾਅਵਿਆਂ ਨੂੰ ਕੋਈ ਚੁਣੌਤੀ ਨਾ ਮਿਲੀ ਹੋਵੇ, ਪਰ ਇਨ੍ਹਾਂ ਚੁਣੌਤੀਆਂ ਨਾਲ ਬਖ਼ਸ਼ ਦੀ ਪ੍ਰਸਿੱਧੀ ਨੂੰ ਕੋਈ ਫਰਕ ਨਹੀਂ ਪਿਆ।
ਜਾਦੂਗਰ ਬਿਲ ਲਾਰਸਨ ਜਾਦੂਗਰੀ ਬਾਰੇ ਇੱਕ ਰਸਾਲੇ ''ਜਿੰਨੀ'' ਦੇ ਇੱਕ ਲੇਖ ਵਿੱਚ ਲਿਖਦੇ ਹਨ, ਪ੍ਰੈੱਸ ਨੇ ਉਨ੍ਹਾਂ ਨੂੰ “ਸਦੀ ਦਾ ਅਜੂਬਾ”, “ਦੁਨੀਆਂ ਦਾ ਅੱਠਵਾਂ ਅਜੂਬਾ” ਵੀ ਕਿਹਾ। ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੀ ਭੀੜ ਉਨ੍ਹਾਂ ਨੂੰ ਦੇਖਣ ਪਹੁੰਚਦੀ ਸੀ।
ਬਖ਼ਸ਼ ‘ਰਿਪਲੀਜ਼ ਬਿਲੀਵ ਇਟ ਆਰ ਨਾਟ’ ਦੀ ਪ੍ਰਸਾਰਿਤ ਕੀਤੀ ਗਈ ਪਹਿਲੀ ਕੜੀ ਵਿੱਚ ਨਜ਼ਰ ਆਏ।
ਖ਼ੁਦਾ ਬਖ਼ਸ਼ ਦਾ ਆਪਣਾ ਵੀ ਸ਼ੋਅ ਚੱਲਦਾ ਸੀ, ਜਿਸ ਦਾ ਨਾਮ “ਖ਼ੁਦਾ ਬਖ਼ਸ਼, ਹਿੰਦੂ ਮਿਸਟਿਕ” ਸੀ।
ਖ਼ੁਦਾ ਬਖ਼ਸ਼ ਦੇ ਕਰਤਬ ਇੰਨੇ ਅਸਲੀ ਲਗਦੇ ਸਨ ਕਿ ਲੋਕਾਂ ਨੂੰ ਲੱਗਦਾ ਸੀ ਕਿ ਉਹ “ਸੱਚੀਂ ਅੱਖਾਂ ਤੋਂ ਬਿਨਾਂ ਵੀ ਦੇਖ ਸਕਦੇ ਹਨ।”
ਬੂਥ ਲਿਖਦੇ ਹਨ ਕਿ ਇੱਕ ਵਾਰ ਬਖ਼ਸ਼ ਦੇ ਕਰਤਬ ਵਿੱਚ ਸ਼ਾਮਲ ਹੋਣ ਆਈਆਂ ਤਿੰਨ ਔਰਤਾਂ ਡਰ ਗਈਆਂ ਸਨ।
ਬਖ਼ਸ਼ ਦਾ ਦਾਅਵਾ ਸੀ ਕਿ ਉਹ ਇੱਟਾਂ ਦੀ ਕੰਧ ਦੇ ਆਰ-ਪਾਰ ਦੇਖਣ ਦਾ ਅਭਿਆਸ ਕਰ ਰਹੇ ਸਨ। ਉਨ੍ਹਾਂ ਦੇ ਇਸ ਦਾਅਵੇ ਕਾਰਨ ਔਰਤਾਂ ਨੇ ਮੰਗ ਕੀਤੀ ਕਿ ਜਨਾਨਾ ਡਰੈਸਿੰਗ ਰੂਮ ਬਖ਼ਸ਼ ਤੋਂ ਦੂਰ ਬਣਾਇਆ ਜਾਵੇ।
ਉਨ੍ਹਾਂ ਨੇ ਸ਼ਿਕਾਇਤ ਕੀਤੀ “ਬਖ਼ਸ਼ ਅਤੇ ਸਾਡੇ ਦਰਮਿਆਨ ਇੱਟਾਂ ਦੀ ਸਿਰਫ਼ ਇੱਕ ਕੰਧ ਸੀ''''।
ਫਿਰ ਬਖ਼ਸ਼ ਲੰਡਨ ਛੱਡ ਕੇ ਅਮਰੀਕਾ ਚਲੇ ਗਏ। ਉੱਥੇ ਵੀ ਉਨ੍ਹਾਂ ਨੇ ਆਪਣੇ ਕਰਤਬ ਦਿਖਾਉਣੇ ਜਾਰੀ ਰੱਖੇ। ਅਮਰੀਕਾ ਵਿੱਚ ਉਹ ਹਾਲੀਵੁੱਡ ਦੇ ਇੱਕ ਕਲੱਬ ਮੈਜਿਕ ਕਾਸਲ ਵਿੱਚ ਆਪਣੇ ਜੌਹਰ ਦਿਖਾਇਆ ਕਰਦੇ ਸਨ।
ਬਖ਼ਸ਼ ਨੇ 1981 ਵਿੱਚ ਆਪਣੇ ਆਖ਼ਰੀ ਸਾਲ ਅਮਰੀਕਾ ਦੇ ਹੀ ਲਾਸ ਏਂਜਲਸ ਵਿੱਚ ਲਏ।
ਆਪਣੇ ਆਖ਼ਰੀ ਦਿਨਾਂ ਦੌਰਾਨ ਉਹ ਮੈਜਿਕ ਕਾਸਲ ਦੇ ਸਾਥੀ ਜਾਦੂਗਰਾਂ ਨਾਲ ਤਾਸ਼ ਖੇਡਿਆ ਕਰਦੇ ਸਨ। ਬੂਥ ਲਿਖਦੇ ਹਨ ਕਿ ਜਾਦੂਗਰਾਂ ਦਾ ਦਾਅਵਾ ਸੀ ਕਿ ਜੇ ਬਖ਼ਸ਼ ਦੀਆਂ ਅੱਖਾਂ ਨੰਗੀਆਂ ਹੁੰਦੀਆਂ ਸਨ ਤਾਂ ਹੀ ਉਹ ਬਖ਼ਸ਼ ਨੂੰ ਹਰਾ ਸਕਦੇ ਸਨ।
ਪੰਜਾਬ ’ਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨੀਆਂ ਕਾਨੂੰਨ ਦੀ ਨਜ਼ਰ ਵਿੱਚ ਕਿੰਨਾ ਜਾਇਜ਼
NEXT STORY