ਅਮਰੀਕਾ ਦਾ ਦਾਅਵਾ ਹੈ ਕਿ ਕਤਲ ਲਈ ਪੰਦਰਾਂ ਹਜ਼ਾਰ ਡਾਲਰ ਐਡਵਾਂਸ ਦਿੱਤੇ ਗਏ ਸਨ ਅਤੇ ਸੌਦਾ ਇੱਕ ਲੱਖ ਡਾਲਰ ਵਿੱਚ ਤੈਅ ਹੋਇਆ ਸੀ
ਅਮਰੀਕੀ ਅਦਾਲਤ ''ਚ ਦਾਇਰ ਇਲਜ਼ਾਮਾਂ ''ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ''ਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਹਨ।
ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਦੇ ਨਿਰਦੇਸ਼ਾਂ ''ਤੇ ਅਮਰੀਕਾ ਵਿੱਚ ਇਕ ਹਿੱਟਮੈਨ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇਕ ਸਿੱਖ ਵੱਖਵਾਦੀ ਨੇਤਾ ਨੂੰ ਮਾਰਨ ਦਾ ਠੇਕਾ ਦਿੱਤਾ।
ਇਲਜ਼ਾਮ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਭਾਰਤੀ ਅਧਿਕਾਰੀ ਨਾਲ ਗੱਲਬਾਤ ਦੌਰਾਨ ਨਿਖਿਲ ਗੁਪਤਾ ਨੇ ਦੱਸਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੌਮਾਂਤਰੀ ਤਸਕਰੀ ਵਿੱਚ ਸ਼ਾਮਲ ਸੀ।
ਇਲਜ਼ਾਮ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਿਖਿਲ ਗੁਪਤਾ ਗੁਜਰਾਤ ਵਿੱਚ ਇੱਕ ਅਪਰਾਧਿਕ ਕੇਸ ਚੱਲ ਰਿਹਾ ਹੈ ਜਿਸ ਵਿੱਚ ਮਦਦ ਦੇ ਬਦਲੇ ਉਸ ਨੇ ਇੱਕ ਭਾਰਤੀ ਅਧਿਕਾਰੀ ਲਈ ਨਿਊਯਾਰਕ ਵਿੱਚ ਕਤਲ ਕਰਵਾਉਣ ਲਈ ਤਿਆਰ ਹੋ ਗਿਆ।
ਦਸਤਾਵੇਜ਼ ਦੇ ਅਨੁਸਾਰ, ਜਿਸ ਹਿੱਟਮੈਨ ਨਾਲ ਨਿਖਿਲ ਗੁਪਤਾ ਨੇ ਸੰਪਰਕ ਕੀਤਾ, ਉਹ ਅਮਰੀਕੀ ਖ਼ੁਫ਼ੀਆ ਵਿਭਾਗ ਦਾ ਇੱਕ ਅੰਡਰਕਵਰ ਏਜੰਟ ਸੀ।
ਇਸ ਏਜੰਟ ਨੇ ਨਿਖਿਲ ਗੁਪਤਾ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਗੱਲਬਾਤ ਰਿਕਾਰਡ ਕੀਤੀ। ਇਸ ਆਧਾਰ ''ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਭਾਰਤੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਨਿਊਯਾਰਕ ਵਿੱਚ ਰਹਿ ਰਹੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਠੇਕਾ ਦਿੱਤਾ ਗਿਆ ਸੀ। ਪੰਨੂ ਨੇ ਵੀ ਇਕ ਪੱਤਰ ਜਾਰੀ ਕਰਕੇ ਇਸ ਨੂੰ ਆਪਣੇ ਖ਼ਿਲਾਫ਼ ਸਾਜ਼ਿਸ਼ ਦੱਸਿਆ ਹੈ। ਪੰਨੂ ਨੂੰ ਭਾਰਤ ''ਚ ਅੱਤਵਾਦੀ ਐਲਾਨਿਆ ਹੋਇਆ ਹੈ।
ਪੰਨੂ ਨੇ ਜਨਤਕ ਤੌਰ ''ਤੇ ਵੱਖਰਾ ਖ਼ਾਲਿਸਤਾਨ ਦੇਸ਼ ਬਣਾਉਣ ਦੀ ਅਪੀਲ ਕੀਤੀ ਹੈ। ਹਾਲ ਹੀ ''ਚ ਉਨ੍ਹਾਂ ਨੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਸੀ।
ਇਲਜ਼ਾਮ ਵਿੱਚ ਦੱਸਿਆ ਗਿਆ ਹੈ ਕਿ ਜਿਸ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਸੁਪਾਰੀ ਦਿੱਤੀ ਸੀ, ਉਹ ਭਾਰਤ ਦੇ ਸੀਆਰਪੀਐੱਫ ਵਿੱਚ ਕੰਮ ਕਰਦਾ ਸੀ।
ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਗੰਭੀਰ ਇਲਜ਼ਾਮ
ਇਲਜ਼ਾਮ ਮੁਤਾਬਕ ਮਈ 2023 ਵਿੱਚ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਵਿੱਚ ਕਤਲ ਕਰਵਾਉਣ ਦਾ ਟਾਸਕ ਦਿੱਤਾ ਸੀ।
ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ ਅਤੇ ਭਾਰਤ ''ਚ ਰਹਿੰਦਾ ਹੈ।
ਗੁਪਤਾ ਨੇ ਹਿੱਟਮੈਨ ਨਾਲ ਸੰਪਰਕ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਉਹ ਇੱਕ ਅਪਰਾਧਿਕ ਸਹਿਯੋਗੀ ਮੰਨ ਰਹੇ ਸਨ। ਦਰਅਸਲ ਇਹ ਵਿਅਕਤੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਭਰੋਸੇਯੋਗ ਸੂਤਰ ਸੀ।
ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੇ ਗੁਪਤਾ ਦਾ ਸੰਪਰਕ ਅਮਰੀਕੀ ਏਜੰਸੀ ਦੇ ਇੱਕ ਅੰਡਰਕਵਰ ਏਜੰਟ ਨਾਲ ਸੰਪਰਕ ਕਰਾਇਆ।
ਗੁਪਤਾ ਅਤੇ ਅੰਡਰਕਵਰ ਏਜੰਟ ਵਿਚਕਾਰ ਇੱਕ ਲੱਖ ਅਮਰੀਕੀ ਡਾਲਰ ਦੇ ਬਦਲੇ ਕਤਲ ਕਰਨ ਦਾ ਸੌਦਾ ਹੋਇਆ।
ਨਿਖਿਲ ਗੁਪਤਾ ਨੇ ਆਪਣੇ ਇੱਕ ਸੰਪਰਕ ਰਾਹੀਂ ਨਿਊਯਾਰਕ ਦੇ ਮੈਨਹਟਨ ਵਿੱਚ ਅਮਰੀਕੀ ਏਜੰਟ ਤੱਕ ਪੰਦਰਾਂ ਹਜ਼ਾਰ ਅਮਰੀਕੀ ਡਾਲਰ ਪਹੁੰਚਾਏ।
ਇਹ ਕਤਲ ਦੇ ਕੰਮ ਲਈ ਪੇਸ਼ਗੀ ਦਿੱਤੀ ਗਈ ਸੀ। ਇਸ ਦੀ ਵੀਡੀਓ ਵੀ ਏਜੰਟ ਨੇ ਰਿਕਾਰਡ ਕੀਤੀ ਹੈ ਅਤੇ ਕੇਸ ਨਾਲ ਨੱਥੀ ਕਰ ਦਿੱਤੀ ਹੈ।
ਇਲਜ਼ਾਮਾਂ ਅਨੁਸਾਰ, ਇਸ ਕੰਮ ਨੂੰ ਨਿਰਦੇਸ਼ਤ ਕਰ ਰਹੇ ਭਾਰਤੀ ਅਧਿਕਾਰੀ ਨੇ ਜੂਨ 2023 ਵਿੱਚ ਟਾਰਗੈਟ ਬਾਰੇ ਵਿਅਰਤੀਗਤ ਜਾਣਕਾਰੀਆਂ ਗੁਪਤਾ ਨੇ ਅੱਗੇ ਅਮਰੀਕੀ ਏਜੰਟ ਨੂੰ ਦੇ ਦਿੱਤੀਆਂ।
ਇਨ੍ਹਾਂ ਵਿੱਚ ਟਾਰਗੈਟ ਵਿਅਕਤੀ ਦੀਆਂ ਤਸਵੀਰਾਂ ਅਤੇ ਘਰ ਦਾ ਪਤਾ ਵੀ ਸੀ।
ਇਲਜ਼ਾਮ ਮੁਤਾਬਕ ਅਮਰੀਕਾ ਦੀ ਬੇਨਤੀ ''ਤੇ ਅਤੇ ਇਸ ਮਾਮਲੇ ਦੇ ਸਬੰਧ ''ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ''ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ।
ਸੰਕੇਤਕ ਤਸਵੀਰ
ਮਾਮਲਾ ਕਿੱਥੇ ਫਸਿਆ?
ਇਲਜ਼ਾਮ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਈ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ, ਭਾਰਤੀ ਅਧਿਕਾਰੀਆਂ ਨੇ ਇੱਕ ਐਨਕ੍ਰਿਪਟਡ ਐਪਲੀਕੇਸ਼ਨ ਰਾਹੀਂ ਨਿਖਿਲ ਗੁਪਤਾ ਨਾਲ ਸੰਪਰਕ ਕੀਤਾ ਸੀ।
ਦਾਅਵਾ ਹੈ ਕਿ ਭਾਰਤੀ ਅਧਿਕਾਰੀ ਨੇ ਇੱਕ ਅਪਰਾਧਿਕ ਮਾਮਲੇ ਵਿੱਚ ਗੁਪਤਾ ਦੀ ਮਦਦ ਦੇ ਬਦਲੇ ਕਤਲ ਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਸੀ।
ਨਿਖਿਲ ਗੁਪਤਾ ਅਤੇ ਭਾਰਤੀ ਅਧਿਕਾਰੀ ਦਰਮਿਆਨ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਰਾਹੀਂ ਲਗਾਤਾਰ ਗੱਲਬਾਤ ਹੋ ਰਹੀ ਸੀ। ਇਸ ਤੋਂ ਇਲਾਵਾ ਦੋਵਾਂ ਦੀ ਮੁਲਾਕਾਤ ਦਿੱਲੀ ''ਚ ਵੀ ਹੋਈ ਸੀ।
ਇਲਜ਼ਾਮ ਵਿਚ ਅਮਰੀਕੀ ਏਜੰਸੀ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਗੁਪਤਾ ਅਤੇ ਭਾਰਤੀ ਅਧਿਕਾਰੀ ਵਿਚਾਲੇ ਐਨਕ੍ਰਿਪਟਡ ਐਪ ਰਾਹੀਂ ਲਗਾਤਾਰ ਗੱਲਬਾਤ ਹੁੰਦੀ ਰਹੀ ਸੀ ਅਤੇ ਇਸ ਗੱਲਬਾਤ ਦੌਰਾਨ ਗੁਪਤਾ ਦਿੱਲੀ ਜਾਂ ਆਸਪਾਸ ਦੇ ਇਲਾਕਿਆਂ ਵਿਚ ਸੀ।
ਇਲਜ਼ਾਮ ਵਿਚ ਦਾਅਵਾ ਕੀਤਾ ਗਿਆ ਹੈ ਕਿ 12 ਮਈ ਨੂੰ ਗੁਪਤਾ ਨੂੰ ਸੂਚਿਤ ਕੀਤਾ ਗਿਆ ਸੀ ਕਿ ''ਉਸ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਨੂੰ ਦੇਖ ਲਿਆ ਗਿਆ ਹੈ।''
ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ''ਗੁਜਰਾਤ ਪੁਲਿਸ ਵੱਲੋਂ ਹੁਣ ਕੋਈ ਕਾਲ ਨਹੀਂ ਕਰੇਗਾ।''
23 ਮਈ ਨੂੰ, ਭਾਰਤੀ ਅਧਿਕਾਰੀ ਨੇ ਫਿਰ ਗੁਪਤਾ ਨੂੰ ਭਰੋਸਾ ਦਿਵਾਇਆ ਕਿ ''ਉਨ੍ਹਾਂ ਨੇ ਆਪਣੇ ਬੌਸ ਨਾਲ ਗੱਲ ਕਰ ਲਈ ਹੈ ਅਤੇ ਗੁਜਰਾਤ ਵਿੱਚ ਜੋ ਮਾਮਲਾ ਹੈ, ਉਹ ਹੁਣ ਸਾਫ ਹੈ ਅਤੇ ਹੁਣ ਤੈਨੂੰ ਦੁਬਾਰਾ ਕਾਲ ਨਹੀਂ ਕਰੇਗਾ।''
ਇਲਜ਼ਾਮ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਅਧਿਕਾਰੀ ਨੇ ਗੁਪਤਾ ਦੀ ਇੱਕ ਡੀਸੀਪੀ ਨਾਲ ਮੁਲਾਕਾਤ ਦੀ ਵਿਵਸਥਾ ਵੀ ਕੀਤੀ।
ਅਧਿਕਾਰੀ ਤੋਂ ਵਿਸ਼ਵਾਸ ਮਿਲਣ ਤੋਂ ਬਾਅਦ, ਗੁਪਤਾ ਨੇ ਨਿਊਯਾਰਕ ਵਿੱਚ ਕਤਲ ਕਰਨ ਦੀ ਯੋਜਨਾ ਨੂੰ ਅੱਗੇ ਵਧਾਇਆ।
ਇਸ ਮੰਤਵ ਲਈ ਗੁਪਤਾ ਨੇ ਅਮਰੀਕਾ ਵਿਚ ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇਕ ਭਰੋਸੇਯੋਗ ਸੂਤਰ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ''ਜਿਸ ਵਿਅਕਤੀ ਦਾ ਕਤਲ ਕੀਤਾ ਜਾਣਾ ਹੈ, ਉਹ ਨਿਊਯਾਰਕ ਅਤੇ ਕਿਸੇ ਹੋਰ ਅਮਰੀਕੀ ਸ਼ਹਿਰ ਵਿੱਚ ਆਉਂਦਾ-ਜਾਂਦਾ ਹੈ।''
ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ 18 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ
ਭਾਰਤ ਦੀ ਪ੍ਰਤੀਕਿਰਿਆ
ਇਲਜ਼ਾਮ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੁਪਤਾ ਨੇ ਨਿਊਯਾਰਕ ਵਿਚ ਕਤਲ ਹੋ ਜਾਣ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ਵਿਚ ਹੋਰ ਕੰਮ ਦੇਣ ਦਾ ਵਾਅਦਾ ਏਜੰਟ ਨੂੰ ਕੀਤਾ ਸੀ।
ਗੁਪਤਾ ਨੇ ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੂੰ 18 ਜੂਨ ਨੂੰ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ 19 ਜੂਨ ਨੂੰ ਇੱਕ ਆਡੀਓ ਕਾਲ ਵਿੱਚ ਕਿਹਾ ਸੀ, “ਸਾਨੂੰ ਹਰੀ ਝੰਡੀ ਮਿਲ ਗਈ ਹੈ, ਜਿੰਨੀ ਜਲਦੀ ਹੋ ਸਕੇ, ਇਸ ਕੰਮ ਨੂੰ ਪੂਰਾ ਕਰੋ।"
ਇਲਜ਼ਾਮਾਂ ਅਨੁਸਾਰ ਨਿਖਿਲ ਗੁਪਤਾ 30 ਜੂਨ ਨੂੰ ਭਾਰਤ ਤੋਂ ਚੈੱਕ ਗਣਰਾਜ ਦੀ ਯਾਤਰਾ ਕੀਤੀ ਅਤੇ ਉਸੇ ਦਿਨ ਚੈੱਕ ਪੁਲਿਸ ਨੇ ਅਮਰੀਕਾ ਦੀ ਬੇਨਤੀ ''ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਅਮਰੀਕਾ ਨੇ ਇਸ ਘਟਨਾਕ੍ਰਮ ਦੀ ਭਾਰਤ ਨੂੰ ਜਾਣਕਾਰੀ ਦਿੱਤੀ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।
ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸ ਇਲਜ਼ਾਮ ਵਿੱਚ ਕਿਸੇ ਵੀ ਭਾਰਤੀ ਅਧਿਕਾਰੀ ਦਾ ਨਾਮ ਨਹੀਂ ਲਿਆ ਗਿਆ ਹੈ।
ਬਾਗਚੀ ਨੇ ਕਿਹਾ, “ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਮਰੀਕਾ ਨਾਲ ਦੁਵੱਲੇ ਸੁਰੱਖਿਆ ਸਹਿਯੋਗ ''ਤੇ ਗੱਲਬਾਤ ਦੌਰਾਨ, ਅਮਰੀਕੀ ਪੱਖ ਨੇ ਕੁਝ ਇਨਪੁਟ ਸਾਂਝੇ ਕੀਤੇ ਸਨ, ਜੋ ,ਸੰਗਠਿਤ ਅਪਰਾਧੀਆਂ, ਅੱਤਵਾਦੀਆਂ, ਹਥਿਆਰਾਂ ਦੇ ਵਪਾਰੀਆਂ ਅਤੇ ਹੋਰਾਂ ਦੇ ਗਠਜੋੜ ਬਾਰੇ ਸੀ। ਭਾਰਤ ਨੇ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਹੈ।"
ਉਨ੍ਹਾਂ ਨੇ ਕਿਹਾ, "ਭਾਰਤ ਸਰਕਾਰ ਨੇ ਇਸ ਮੁੱਦੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕਰਕੇ ਜਵਾਬ ਦਿੱਤਾ ਹੈ, ਜੋ ਭਾਰਤ ਦੇ ਕੌਮਾਂਤਰੀ ਸਬੰਧਾਂ ਅਤੇ ਅੰਦਰੂਨੀ ਸੁਰੱਖਿਆ ਲਈ ਕਿਸੇ ਵੀ ਪ੍ਰਭਾਵ ਨੂੰ ਸੰਬੋਧਿਤ ਕਰਨ ਉਨ੍ਹਾਂ ਦੇ ਸੰਕਲਪ ਦਾ ਪ੍ਰਦਰਸ਼ਨ ਕਰਦੇ ਹਨ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੀਨ ਦੇ ਬੱਚਿਆਂ ’ਚ ਫੈਲੀ ਬਿਮਾਰੀ ਕੀ ਹੈ, ਭਾਰਤ ਨੂੰ ਕਿੰਨਾ ਖ਼ਤਰਾ ਤੇ ਕੀ ਕੋਵਿਡ ਨਾਲ ਕੋਈ ਲਿੰਕ ਹੈ
NEXT STORY