ਰਵੀਕਾਂਤ ਅਤੇ ਬੰਦਨਾ
ਬਿਹਾਰ ਵਿੱਚ ਪਟਨਾ ਹਾਈ ਕੋਰਟ ਨੇ ਦਸ ਸਾਲ ਪੁਰਾਣੇ ਇੱਕ ਵਿਆਹ ਨੂੰ ਰੱਦ ਕਰ ਦਿੱਤਾ ਹੈ। ਇਸ ਮਾਮਲੇ ''ਚ ਮੁੰਡੇ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਹੈ।
ਬਿਹਾਰ ਵਿੱਚ, ਇਸ ਕਿਸਮ ਦੇ ਵਿਆਹ ਨੂੰ ''ਪਕੜੌਆ ਵਿਆਹ'' ਕਿਹਾ ਜਾਂਦਾ ਹੈ।
ਸੂਬੇ ਵਿੱਚ ਇਸ ਤਰ੍ਹਾਂ ਦੇ ਵਿਆਹਾਂ ਦਾ ਇੱਕ ਲੰਬਾ ਇਤਿਹਾਸ ਹੈ। ''ਪਕੜੌਆ ਵਿਆਹ'' ਵਿੱਚ, ਕੁੜੀ ਵਾਲੇ ਪਾਸੇ ਦੇ ਲੋਕ ਮੁੰਡੇ ਨੂੰ ''ਅਗਵਾ'' ਕਰ ਲੈਂਦੇ ਹਨ ਅਤੇ ਉਸ ਦਾ ਵਿਆਹ ਜਬਰਨ ਆਪਣੀ ਧੀ ਨਾਲ ਕਰਵਾ ਦਿੰਦੇ ਹਨ।
ਹਾਲਾਂਕਿ, ਕੁੜੀ ਦੇ ਪਰਿਵਾਰ ਵਾਲੇ ਹਾਈ ਕੋਰਟ ਦੇ ਇਸ ਫ਼ੈਸਲੇ ਨੂੰ ਸਵੀਕਾਰ ਨਹੀਂ ਕਰ ਰਹੇ ਅਤੇ ਉਹ ਇਸ ਦੇ ਖ਼ਿਲਾਫ਼ ਅਪੀਲ ਕਰਨ ਲਈ ਕਾਨੂੰਨੀ ਸਲਾਹ ਲੈ ਰਹੇ ਹਨ।
ਉਹ ਇਸ ਫ਼ੈਸਲੇ ਲਈ ਆਪਣੇ ਹੀ ਵਕੀਲ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਇਲਜ਼ਾਮ ਲਗਾ ਰਹੇ ਹਨ ਕਿ ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿੱਚ ਸਾਰੇ ਸਬੂਤ ਪੇਸ਼ ਨਹੀਂ ਕੀਤੇ।
ਰਵੀਕਾਂਤ ਦੇ ਪਿਤਾ ਚੰਦਰਮੌਲੇਸ਼ਵਰ ਸਿੰਘ
ਕੀ ਹੈ ਮਾਮਲਾ?
ਦਰਅਸਲ, ਇਸ ਮਾਮਲੇ ਨੂੰ ਲੈ ਕੇ ਬਿਹਾਰ ਦੇ ਦੋ ਪਰਿਵਾਰਾਂ ਵਿਚਾਲੇ ਕਾਨੂੰਨੀ ਲੜਾਈ ਚੱਲ ਰਹੀ ਸੀ।
ਇਹ ਮਾਮਲਾ ਨਵਾਦਾ ਜ਼ਿਲ੍ਹੇ ਦੇ ਪਿੰਡ ਰੇਵਰਾ ਦੇ ਚੰਦਰਮੌਲੇਸ਼ਵਰ ਸਿੰਘ ਦੇ ਪੁੱਤਰ ਰਵੀਕਾਂਤ ਅਤੇ ਲਖੀਸਰਾਏ ਜ਼ਿਲ੍ਹੇ ਦੇ ਚੌਕੀ ਪਿੰਡ ਦੇ ਬਿਪਿਨ ਸਿੰਘ ਦੀ ਪੁੱਤਰੀ ਬੰਦਨਾ ਕੁਮਾਰੀ ਦੇ ਵਿਆਹ ਦਾ ਹੈ।
ਇਲਜ਼ਾਮਾਂ ਮੁਤਾਬਕ ਰਵੀਕਾਂਤ ਸਿੰਘ ਆਪਣੇ ਚਾਚਾ ਸਤੇਂਦਰ ਸਿੰਘ ਨਾਲ ਲਖੀਸਰਾਏ ਸਥਿਤ ਅਸ਼ੋਕ ਧਾਮ ਮੰਦਰ ''ਚ ਪੂਜਾ ਕਰਨ ਲਈ ਗਏ ਸਨ।
ਉਸੇ ਦੌਰਾਨ ਉਨ੍ਹਾਂ ਨੂੰ ਬੰਦੂਕ ਦਿਖਾ ਕੇ ਅਗਵਾ ਕਰ ਲਿਆ ਗਿਆ ਅਤੇ ਲਖੀਸਰਾਏ ਦੀ ਬੰਦਨਾ ਕੁਮਾਰੀ ਦੇ ਨਾਲ ਜਬਰਨ ਵਿਆਹ ਕਰਵਾ ਦਿੱਤਾ ਗਿਆ।
ਇਹ ਘਟਨਾ 30 ਜੂਨ 2013 ਦੀ ਹੈ। ਉਸ ਸਮੇਂ ਰਵੀਕਾਂਤ ਦੀ ਫੌਜ ਵਿੱਚ ਨਵੀਂ-ਨਵੀਂ ਨੌਕਰੀ ਲੱਗੀ ਸੀ।
ਸਤੇਂਦਰ ਸਿੰਘ ਅਨੁਸਾਰ, "ਉਹ ਕਰੀਬ ਅੱਠ ਵਿਅਕਤੀ ਸਨ, ਜਿਨ੍ਹਾਂ ਵਿੱਚੋਂ ਕੁਝ ਕੋਲ ਹਥਿਆਰ ਵੀ ਸਨ।"
"ਉਹ ਰਵੀਕਾਂਤ ਨੂੰ ਘਸੀਟ ਕੇ ਲੈ ਗਏ। ਉਨ੍ਹਾਂ ਨੇ ਮੈਨੂੰ ਵੀ ਚੁੱਕ ਲਿਆ ਪਰ ਮੈਨੂੰ ਲਖੀਸਰਾਏ ਵਿੱਚ ਛੱਡ ਦਿੱਤਾ ਅਤੇ ਮੈਨੂੰ ਕਿਹਾ ਕਿ ਉਹ ਤੁਹਾਡੇ ਮੁੰਡੇ ਦਾ ਵਿਆਹ ਕਰਵਾ ਰਹੇ ਹਨ। ਅਸੀਂ ਘਰ ਸੂਚਿਤ ਕੀਤਾ, ਪਰਿਵਾਰ ਵਾਲੇ ਵੀ ਉਥੇ ਆ ਗਏ ਪਰ ਕੁਝ ਪਤਾ ਨਹੀਂ ਲੱਗਾ।"
ਸਤੇਂਦਰ ਸਿੰਘ ਦਾ ਦਾਅਵਾ ਹੈ ਕਿ ਰਵੀਕਾਂਤ ਸਵੇਰੇ ਚਾਰ ਵਜੇ ਬਾਥਰੂਮ ਦੇ ਬਹਾਨੇ ਨਿਕਲਿਆ, ਉਸ ਸਮੇਂ ਘਰ ਦੇ ਲੋਕ ਸੁੱਤੇ ਹੋਏ ਸਨ। ਉਸ ਦਾ ਮੋਟਰਸਾਈਕਲ ਮੰਦਰ ਕੋਲ ਖੜ੍ਹਾ ਸੀ ਅਤੇ ਚਾਬੀ ਉਸ ਕੋਲ ਸੀ।
ਰਵੀਕਾਂਤ ਆਪਣੀ ਮੋਟਰਸਾਈਕਲ ''ਤੇ ਉਸੇ ਵੇਲੇ ਲਖੀਸਰਾਏ ਤੋਂ ਭੱਜ ਗਿਆ। ਲਖੀਸਰਾਏ ਦਾ ਅਸ਼ੋਕ ਧਾਮ ਮੰਦਰ ਕੁੜੀ ਦੇ ਘਰ ਤੋਂ ਕੁਝ ਕਦਮਾਂ ਦੀ ਦੂਰੀ ''ਤੇ ਹੈ।
ਰਵੀਕਾਂਤ ਦੇ ਪਿਤਾ ਚੰਦਰਮੌਲੇਸ਼ਵਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਕਦੇ ਵੀ ਇਸ ਜਬਰੀ ਵਿਆਹ ਨੂੰ ਸਵੀਕਾਰ ਨਹੀਂ ਕੀਤਾ। ਹਾਲਾਂਕਿ, ਇਸ ਦੇ ਲਈ ਰਿਸ਼ਤੇਦਾਰਾਂ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ।
ਚੰਦਰਮੌਲੇਸ਼ਵਰ ਸਿੰਘ ਦਾ ਕਹਿਣਾ ਹੈ, “ਕਿਸੇ ਨੂੰ ਅਗਵਾ ਕਰ ਕੇ ਜਬਰਨ ਸਿੰਦੂਰ ਲਗਵਾਉਣਾ ਕੋਈ ਵਿਆਹ ਨਹੀਂ ਹੈ। ਪਕੜੌਆ ਵਿਆਹ ਬਿਹਾਰ ਵਿੱਚ ਹੁੰਦੇ ਸਨ, ਹੋ ਰਹੇ ਹੋਣਗੇ ਅਤੇ ਅੱਗੇ ਕੀ ਹੋਵੇਗਾ ਇਸ ਬਾਰੇ ਅਸੀਂ ਨਹੀਂ ਜਾਣਦੇ।"
"ਪਰ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਮਿਲੇ, ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ, ਜਿਨ੍ਹਾਂ ਨਾਲ ਸਾਡਾ ਮਨ ਨਹੀਂ ਮਿਲਦਾ, ਉਨ੍ਹਾਂ ਨਾਲ ਰਿਸ਼ਤੇ ਨੂੰ ਕਿਵੇਂ ਸਵੀਕਾਰ ਕਰ ਲਈਏ?"
ਰਵੀਕਾਂਤ ਅਤੇ ਬੰਦਨਾ ਪਰਿਵਾਰ ਵਾਲਿਆਂ ਨਾਲ
ਪਕੜੌਆ ਵਿਆਹ ਕੀ ਹੈ?
ਪਕੜਵਾ ਜਾਂ ਪਕੜੌਆ ਵਿਆਹ ਇੱਕ ਅਜਿਹਾ ਵਿਆਹ ਹੁੰਦਾ ਹੈ ਜਿਸ ਵਿੱਚ ਇੱਕ ਯੋਗ ਮੁੰਡੇ ਨੂੰ ਅਗਵਾ ਕਰਕੇ ਉਸ ਦਾ ਜਬਰਨ ਵਿਆਹ ਕਰਵਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਵਿਆਹ ''ਤੇ ਫਿਲਮਾਂ ਅਤੇ ਟੀਵੀ ਸੀਰੀਅਲ ਵੀ ਬਣੇ ਹਨ।
ਸਾਲ 1980 ਦੇ ਦਹਾਕੇ ਅਤੇ ਇਸ ਤੋਂ ਪਹਿਲਾਂ ਬਿਹਾਰ ਵਿੱਚ ਅਜਿਹੇ ਵਿਆਹਾਂ ਦੇ ਕਈ ਮਾਮਲੇ ਦੇਖਣ ਨੂੰ ਮਿਲਦੇ ਸਨ। ਉੱਤਰੀ ਬਿਹਾਰ ਵਿੱਚ ਅਜਿਹੇ ਵਿਆਹ ਜ਼ਿਆਦਾ ਦੇਖਣ ਨੂੰ ਮਿਲਦੇ ਹਨ।
ਮੰਨਿਆ ਜਾਂਦਾ ਹੈ ਕਿ ਇਸ ਦੇ ਲਈ ਪਿੰਡ ''ਚ ਗੈਂਗ ਤੱਕ ਹੁੰਦੇ ਸਨ ਜੋ ਮੁੰਡਿਆਂ ਨੂੰ ਅਗਵਾ ਕਰਦੇ ਸਨ।
ਇੱਕ ਸਮੇਂ ਤਾਂ ਉੱਤਰੀ ਬਿਹਾਰ ਵਿੱਚ ਨੌਕਰੀ ਕਰਨ ਵਾਲੇ ਅਤੇ ਯੋਗ ਮੁੰਡਿਆਂ ਨੂੰ ਵਿਆਹ ਦੇ ਸੀਜ਼ਨ ਦੌਰਾਨ ਘਰੋਂ ਬਾਹਰ ਨਿਕਲਣ ਵੇਲੇ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਸੀ।
ਬਿਹਾਰ ਪੁਲਿਸ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਹਰ ਸਾਲ ਜਬਰੀ ਵਿਆਹ ਦੇ ਤਿੰਨ ਤੋਂ ਚਾਰ ਹਜ਼ਾਰ ਮਾਮਲੇ ਦਰਜ ਹੁੰਦੇ ਹਨ।
ਜੇਕਰ ਪਿਛਲੇ ਸਾਲਾਂ ''ਤੇ ਨਜ਼ਰ ਮਾਰੀਏ ਤਾਂ ਜ਼ਬਰਦਸਤੀ ਵਿਆਹ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿੱਚ ਪ੍ਰੇਮ ਸਬੰਧਾਂ ਕਾਰਨ ਘਰੋਂ ਭੱਜਣ ਵਾਲੇ ਜੋੜਿਆਂ ਦੇ ਅੰਕੜੇ ਸ਼ਾਮਲ ਨਹੀਂ ਹਨ।
ਸਤੇਂਦਰ ਸਿੰਘ ਅਨੁਸਾਰ ਉਹ ਉਸ ਸਮੇਂ ਆਪਣੇ ਭਤੀਜੇ ਰਵੀਕਾਂਤ ਨਾਲ ਸੀ ਜਦੋਂ ਉਸ ਨੂੰ ਬੰਦੂਕ ਦੀ ਨੋਕ ''ਤੇ ਅਗਵਾ ਕੀਤਾ ਗਿਆ।
''ਪਕੜੌਆ ਨਹੀਂ, ਪ੍ਰੇਮ ਵਿਆਹ''
ਇਹ ਮੰਨਿਆ ਜਾ ਰਿਹਾ ਹੈ ਕਿ ''ਜ਼ਬਰਦਸਤੀ ਵਿਆਹ'' ਨੂੰ ਲੜਕੇ ਦੇ ਪਰਿਵਾਰ ਦੁਆਰਾ ਹੌਲੀ-ਹੌਲੀ ਸਵੀਕਾਰ ਕਰ ਲਿਆ ਜਾਂਦਾ ਹੈ ਅਤੇ ਬਿਰਾਦਰੀ ਜਾਂ ਸਮਾਜ ਦਾ ਦਬਾਅ ਇਸ ਨੂੰ ਸਵੀਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਚੰਦਰਮੌਲੇਸ਼ਵਰ ਸਿੰਘ ਕਹਿੰਦੇ ਹਨ, "ਮੈਂ ਫੌਜ ਵਿੱਚ ਸੀ ਅਤੇ ਮੈਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਹੈ, ਪਰ ਅੱਜ ਕੱਲ੍ਹ ਵੀ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਕੁੜੀ ਦੇ ਵਿਆਹ ਦੇ ਖਰਚੇ ਨੂੰ ਬਚਾਉਣ ਲਈ ਹੁੰਦਾ ਹੈ।"
ਉਧਰ, ਬੰਦਨਾ ਕੁਮਾਰੀ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ‘ਪਕੜੌਆ ਵਿਆਹ’ ਨਹੀਂ ਸਗੋਂ ਪ੍ਰੇਮ ਵਿਆਹ ਸੀ ਅਤੇ ਉਹ ਹਾਈ ਕੋਰਟ ਦੇ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਪਟੀਸ਼ਨ ਜਾਂ ਅਪੀਲ ਦਾਇਰ ਕਰਨਗੇ।
ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਆਪਣੇ ਵਕੀਲ ਨੇ ਅਦਾਲਤ ਵਿੱਚ ਸਾਰੇ ਸਬੂਤ ਪੇਸ਼ ਨਹੀਂ ਕੀਤੇ।
ਬੰਦਨਾ ਕੁਮਾਰੀ ਦਾ ਕਹਿਣਾ ਹੈ, "ਹਾਈ ਕੋਰਟ ਦਾ ਇਹ ਫ਼ੈਸਲਾ ਗ਼ਲਤ ਹੈ ਪਰ ਸਾਨੂੰ ਅਦਾਲਤ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਸ ਦੇ ਖ਼ਿਲਾਫ਼ ਅਸੀਂ ਸੁਪਰੀਮ ਕੋਰਟ ਜਾਵਾਂਗੇ। ਮੇਰੇ ਕੋਲ ਸਾਰੇ ਸਬੂਤ ਹਨ।"
"ਅਸੀਂ ਦੋਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਸਾਡੇ ਵਕੀਲ ਨੇ ਹਾਈ ਕੋਰਟ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਉਹ ਸਾਡਾ ਫੋਨ ਤੱਕ ਵੀ ਨਹੀਂ ਚੁੱਕ ਰਹੇ ਹਨ।"
ਇਸ ਸਬੰਧੀ ਅਸੀਂ ਬੰਦਨਾ ਕੁਮਾਰੀ ਦੇ ਵਕੀਲ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
ਦਰਅਸਲ, ਬੰਦਨਾ ਦਾ ਕਹਿਣਾ ਹੈ ਕਿ ਰਵੀਕਾਂਤ ਉਨ੍ਹਾਂ ਦੀ ਇੱਕ ਚਚੇਰੀ ਭੈਣ ਦੇ ਦਿਓਰ ਹਨ ਅਤੇ ਇਸੇ ਕਾਰਨ ਉਨ੍ਹਾਂ ਦਾ ਘਰ ਆਉਣਾ-ਜਾਣਾ ਹੁੰਦਾ ਸੀ।"
"ਇਸ ਦੌਰਾਨ ਦੋਹਾਂ ਨੇ ਇਕ-ਦੂਜੇ ਨੂੰ ਪਸੰਦ ਕੀਤਾ ਅਤੇ ਅਸ਼ੋਕ ਧਾਮ ਮੰਦਰ ''ਚ ਵਿਆਹ ਕਰਵਾ ਲਿਆ ਪਰ ਮੁੰਡੇ ਦੇ ਪਿਤਾ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ।
ਦੂਜੇ ਵਿਆਹ ਦਾ ਇਲਜ਼ਾਮ
ਬੰਦਨਾ ਦੀ ਮਾਂ ਸ਼੍ਰੋਮਣੀ ਦੇਵੀ ਦਾ ਇਲਜ਼ਾਮ ਹੈ ਕਿ ਬੰਦਨਾ ਦੇ ਵਕੀਲ ਨੇ ਕੇਸ ਵਿੱਚ ਕੋਈ ਮਦਦ ਨਹੀਂ ਕੀਤੀ।
ਸ਼੍ਰੋਮਣੀ ਦੇਵੀ ਦਾ ਦਾਅਵਾ ਹੈ, “ਦੋਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਅਤੇ ਮੁੰਡੇ ਨੇ ਖੁਸ਼ੀ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਮੰਤਰ ਪੜ੍ਹੇ। ਇਹ ਵਿਆਹ ਪੂਰੇ ਸਮਾਜ ਵਿਚਕਾਰ ਹੋਇਆ ਸੀ।"
ਉੱਥੇ ਹੀ ਬੰਦਨਾ ਦੀ ਗੁਆਂਢੀ ਨਿਸ਼ਾ ਦੇਵੀ ਨੇ ਦਾਅਵਾ ਕੀਤਾ ਹੈ ਕਿ ਮੁੰਡੇ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਇਹ ਕੋਈ ਪਕੜੌਆ ਵਿਆਹ ਨਹੀਂ ਸੀ।
ਮੁੰਡੇ ਨੇ ਕੁੜੀ ਨੂੰ ਪਸੰਦ ਕੀਤਾ ਤੇ ਉਸ ਨਾਲ ਵਿਆਹ ਕਰ ਲਿਆ, ਕਿਸੇ ਨੇ ਉਸ ਨੂੰ ਫੜ੍ਹ ਕੇ ਨਹੀਂ ਲਿਆਂਦਾ ਸੀ ਪਰ ਇਹ ਵਿਆਹ ਮੁੰਡੇ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ।
ਬੰਦਨਾ ਦਾ ਦਾਅਵਾ ਹੈ ਕਿ ਰਵੀਕਾਂਤ ਵਿਆਹ ਤੋਂ ਬਾਅਦ ਵੀ ਉਸ ਨੂੰ ਮਿਲਣ ਲਖੀਸਰਾਏ ਆਉਂਦਾ ਸੀ।
ਉਹ ਵੀ ਕਰੀਬ ਤਿੰਨ ਸਾਲ ਪਹਿਲਾਂ ਕਈ ਮਹੀਨਿਆਂ ਲਈ ਸਹੁਰੇ ਘਰ ਰਹੀ ਸੀ। ਬੰਦਨਾ ਦਾ ਇਲਜ਼ਾਮ ਹੈ ਕਿ ਸਹੁਰੇ ਘਰ ਉਸ ਨਾਲ ਗ਼ਲਤ ਵਿਹਾਰ ਹੁੰਦਾ ਸੀ, ਜਿਸ ਕਾਰਨ ਉਹ ਉਥੋਂ ਵਾਪਸ ਆ ਗਈ।
ਪਰ ਰਵੀਕਾਂਤ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਰਵੀਕਾਂਤ ਵਿਆਹ ਦੇ ਅਗਲੇ ਦਿਨ ਹੀ ਕਿਸੇ ਤਰ੍ਹਾਂ ਆਪਣੇ ਸਹੁਰੇ ਘਰੋਂ ਭੱਜ ਗਿਆ ਸੀ।
ਬੰਦਨਾ ਦੀ ਮਾਂ ਸ਼੍ਰੋਮਣੀ ਦੇਵੀ ਦਾ ਕਹਿਣਾ ਹੈ ਕਿ ਮੁੰਡੇ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਖੁਸ਼ੀ-ਖੁਸ਼ੀ ਨਿਭਾਈਆਂ ਸਨ।
ਦਰਅਸਲ, ਵਿਆਹ ਤੋਂ ਬਾਅਦ ਰਵੀਕਾਂਤ ਨੇ ਲਖੀਸਰਾਏ ਦੀ ਫੈਮਿਲੀ ਕੋਰਟ ''ਚ ਇਸ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਸੀ।
ਬੰਦਨਾ ਕੁਮਾਰੀ ਦਾ ਇਲਜ਼ਾਮ ਹੈ ਕਿ ਰਵੀਕਾਂਤ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਅਜਿਹਾ ਕੀਤਾ।
ਹਾਲਾਂਕਿ, ਜਨਵਰੀ 2020 ਵਿੱਚ, ਲਖੀਸਰਾਏ ਦੀ ਅਦਾਲਤ ਨੇ ਰਵੀਕਾਂਤ ਦੇ ਖ਼ਿਲਾਫ਼ ਆਪਣਾ ਫ਼ੈਸਲਾ ਸੁਣਾਇਆ ਸੀ ਅਤੇ ਬੰਦਨਾ ਨੂੰ ਰਵੀਕਾਂਤ ਦੀ ਪਤਨੀ ਦਾ ਦਰਜਾ ਦਿੱਤਾ ਗਿਆ ਸੀ।
ਪਰ ਰਵੀਕਾਂਤ ਦੇ ਪਰਿਵਾਰ ਨੇ ਇਸ ਫ਼ੈਸਲੇ ਖ਼ਿਲਾਫ਼ ਪਟਨਾ ਹਾਈਕੋਰਟ ''ਚ ਅਪੀਲ ਕੀਤੀ ਸੀ।
ਇਸ ''ਤੇ ਸੁਣਵਾਈ ਪੂਰੀ ਹੋਣ ਤੋਂ ਬਾਅਦ ਹਾਈ ਕੋਰਟ ਨੇ ਪਿਛਲੇ ਹਫ਼ਤੇ 2013 ਦੇ ਵਿਆਹ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾਇਆ ਸੀ।
ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕੁੜੀ ਦੇ ਪਰਿਵਾਰ ਵੱਲੋਂ ਵਿਆਹ ਸਬੰਧੀ ਪੇਸ਼ ਕੀਤੇ ਸਬੂਤਾਂ ਨੂੰ ਨਾਕਾਫ਼ੀ ਮੰਨਿਆ ਹੈ।
ਇਸ ਤੋਂ ਇਲਾਵਾ ਅਸ਼ੋਕ ਧਾਮ ਮੰਦਿਰ ''ਚ ਵਿਆਹ ਕਰਵਾਉਣ ਦਾ ਦਾਅਵਾ ਕਰਨ ਵਾਲੇ ਪੰਡਿਤ ''ਤੇ ਵੀ ਅਦਾਲਤ ਨੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਹ ਵੀ ਕਿਹਾ ਹੈ ਕਿ ਹਿੰਦੂ ਵਿਆਹ ਵਿੱਚ ਕਾਨੂੰਨ ਮੁਤਾਬਕ ਵਿਆਹ ''ਚ ਸੱਤ ਫੇਰੇ ਹੁੰਦੇ ਹਨ। ਜਿਸ ਦੇ ਬਾਰੇ ਵਿਆਹ ਕਰਵਾਉਣ ਦਾ ਦਾਅਵਾ ਕਰਨ ਵਾਲੇ ਪੰਡਿਤ ਨੂੰ ਕੁਝ ਪਤਾ ਨਹੀਂ ਹੈ।
ਬੰਦਨਾ ਕੁਮਾਰੀ ਦਾ ਕਹਿਣਾ ਹੈ ਕਿ ਉਹ ਇਸ ਲੜਾਈ ਨੂੰ ਜਾਰੀ ਰੱਖੇਗੀ।
ਬੰਦਨਾ ਕੁਮਾਰੀ ਦਾ ਕੀ ਕਹਿਣਾ ਹੈ?
ਬੰਦਨਾ ਦਾ ਦਾਅਵਾ ਹੈ ਕਿ ਲਖੀਸਰਾਏ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਰਵੀਕਾਂਤ ਆਪਣੇ ਸਹੁਰੇ ਆਏ ਸਨ ਅਤੇ ਇਸ ਦੌਰਾਨ ਬੰਦਨਾ ਦੇ ਭਰਾ ਦੇ ਵਿਆਹ ਵਿੱਚ ਵੀ ਸ਼ਾਮਲ ਹੋਏ ਸਨ।
ਇਸ ਤੋਂ ਬਾਅਦ ਬੰਦਨਾ ਵੀ ਕੁਝ ਮਹੀਨਿਆਂ ਲਈ ਆਪਣੇ ਸਹੁਰੇ ਘਰ ਰਹੀ। ਬੰਦਨਾ ਦੀਆਂ ਇਸ ਦੌਰ ਦੀਆਂ ਕੁਝ ਤਸਵੀਰਾਂ ਵੀ ਹਨ। ਹਾਲਾਂਕਿ, ਬੀਬੀਸੀ ਉਨ੍ਹਾਂ ਤਸਵੀਰਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ।
ਬੰਦਨਾ ਨੇ ਇਹ ਵੀ ਗੰਭੀਰ ਇਲਜ਼ਾਮ ਲਗਾਇਆ ਹੈ ਕਿ ਰਵੀਕਾਂਤ ਦਾ ਸਾਲ 2017 ਵਿੱਚ ਦੂਜਾ ਵਿਆਹ ਕਰਵਾ ਦਿੱਤਾ ਗਿਆ ਸੀ। ਵੰਦਨਾ ਦਾ ਕਹਿਣਾ ਹੈ ਕਿ ਉਸ ਨੇ ਇਸ ਵਿਆਹ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਹੋਇਆ ਹੈ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ਵਿਆਹ ਝਾਰਖੰਡ ਦੇ ਦੇਵਘਰ ''ਚ ਕੁਝ ਲੋਕਾਂ ਦੀ ਮੌਜੂਦਗੀ ''ਚ ਕਰਵਾਇਆ ਗਿਆ ਸੀ, ਜਦਕਿ ਉਸ ਵੇਲੇ ਰਵੀਕਾਂਤ ਅਤੇ ਬੰਦਨਾ ਦੇ ਵਿਆਹ ਨੂੰ ਲੈ ਕੇ ਅਦਾਲਤ ਦਾ ਕੋਈ ਫ਼ੈਸਲਾ ਨਹੀਂ ਆਇਆ ਸੀ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਜਦੋਂ ਅਸੀਂ ਰਵੀਕਾਂਤ ਦੇ ਪਿਤਾ ਤੋਂ ਉਨ੍ਹਾਂ (ਰਵੀਕਾਂਤ) ਦੇ ਵਿਆਹ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਪਰਿਵਾਰਕ ਮਾਮਲਾ ਦੱਸਦੇ ਹੋਏ ਇਸ ''ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਅਸੀਂ ਉਸ ਔਰਤ ਨਾਲ ਵੀ ਸੰਪਰਕ ਕੀਤਾ ਜਿਸ ਨਾਲ ਬੰਦਨਾ ਨੇ ਰਵੀਕਾਂਤ ਨਾਲ ਵਿਆਹ ਹੋਣ ਦਾ ਦਾਅਵਾ ਕੀਤਾ ਸੀ।
ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਫੋਨ ''ਤੇ ਉਨ੍ਹਾਂ ਦੇ ਇੱਕ ਭਰਾ ਨੇ ਹਾਈ ਕੋਰਟ ਦੇ ਫੈ਼ਸਲੇ ਦਾ ਸਵਾਗਤ ਕਰਦਿਆਂ ਦੱਸਿਆ ਕਿ ਰਵੀਕਾਂਤ ਦਾ ਸਾਲ 2017 ''ਚ ਵਿਆਹ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਹਨ।
ਰਵੀਕਾਂਤ ਇਸ ਵੇਲੇ ਆਪਣੀ ਨੌਕਰੀ ਲਈ ਜੈਪੁਰ ਵਿੱਚ ਤੈਨਾਤ ਹਨ। ਪਟਨਾ ਹਾਈ ਕੋਰਟ ਵਿੱਚ ਉਨ੍ਹਾਂ ਦੀ ਜਿੱਤ ਜ਼ਰੂਰ ਹੋਈ ਹੈ ਪਰ ਮਾਮਲੇ ਵਿੱਚ ਉਲਝਣਾਂ ਅਜੇ ਵੀ ਬਰਕਰਾਰ ਹਨ।
ਬੰਦਨਾ ਦਾ ਦਾਅਵਾ ਹੈ ਕਿ ਦੂਜੇ ਵਿਆਹ ਦਾ ਮਾਮਲਾ ਅਜੇ ਅਦਾਲਤ ਵਿੱਚ ਹੈ ਅਤੇ ਉਹ ਆਪਣਾ ਕੇਸ ਸੁਪਰੀਮ ਕੋਰਟ ਵਿੱਚ ਲੈ ਕੇ ਜਾਵੇਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨਿਖਿਲ ਗੁਪਤਾ ਬਾਰੇ ਕੀ-ਕੀ ਪਤਾ ਹੈ ਜਿਸ ਨੇ ਭਾਰਤ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ
NEXT STORY