"ਮੇਰੀ ਖ਼ਾਹਿਸ਼ ਹੈ ਕਿ ਮੈਂ ਪੁਲਿਸ ਜਾਂ ਭਾਰਤੀ ਸੁਰੱਖਿਆ ਬਲਾਂ ਵਿੱਚ ਭਰਤੀ ਹੋਵਾਂ, ਇਸ ਲਈ ਮੈਂ ਹਰ ਰੋਜ਼ ਪ੍ਰੈਕਟਿਸ ਕਰਨ ਲਈ ਕਈ ਕਿਲੋਮੀਟਰ ਦੌੜਦੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਅਜਿਹਾ ਕੁੱਝ ਵਾਪਰ ਜਾਵੇਗਾ।"
ਇਹ ਬੋਲ ਭਾਰਤ-ਪਾਕਿਸਤਾਨ ਸਰਹੱਦ ਤੋਂ ਇੱਕ ਕਿਲੋਮੀਟਰ ਦੂਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦੇ ਇੱਕ ਪਿੰਡ ਦੀ 15 ਸਾਲਾਂ ਕੁੜੀ ਦੇ ਹਨ।
ਇਸ ਨਾਬਲਿਗ ਕੁੜੀ ਦਾ ਇਲਜ਼ਾਮ ਹੈ ਕਿ 30 ਨਵੰਬਰ ਦੀ ਰਾਤ ਨੂੰ ਕੁਝ ਲੋਕਾਂ ਵੱਲੋਂ ਉਸ ਨਾਲ ਕਥਿਤ ਤੌਰ ''ਤੇ ਗੈਂਗਰੇਪ ਕੀਤਾ ਗਿਆ।
ਪੁਲਿਸ ਨੇ ਕੁੜੀ ਦੇ ਪਿੰਡ ਨਾਲ ਸਬੰਧਤ 4 ਨੌਜਵਾਨਾਂ ਵਿਰੁੱਧ ਬਲਾਤਕਾਰ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਦੋਂ ਬੀਬੀਸੀ ਦੀ ਟੀਮ 7 ਦਸੰਬਰ ਨੂੰ ਪੀੜਤ ਕੁੜੀ ਨੂੰ ਮਿਲੀ ਤਾਂ ਉਹ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸੀ।
ਨੌਵੀਂ ਜਮਾਤ ਦੀ ਵਿਦਿਆਰਥਣ
ਇਸ ਕੁੜੀ ਨੇ ਦੱਸਿਆ ਕਿ ਉਹ ਨੌਵੀਂ ਜਮਾਤ ਵਿਚ ਪੜ੍ਹਦੀ ਹੈ।
ਉਸ ਨੇ ਕਿਹਾ, "ਮੈਂ ਹਰ ਰੋਜ਼ ਵਾਂਗ ਦੌੜ ਲਗਾਉਣ ਲਈ ਗਈ ਸੀ ਅਤੇ ਰਸਤੇ ਵਿੱਚ ਮੈਨੂੰ ਚਾਰ ਲੋਕਾਂ ਨੇ ਰੋਕ ਲਿਆ। ਇਹ ਬੰਦੇ ਮੈਨੂੰ ਪਹਿਲਾਂ ਵੀ ਰਸਤੇ ਵਿੱਚ ਘੇਰਦੇ ਸਨ ਪਰ ਮੈਂ ਬਹੁਤਾ ਮਹਿਸੂਸ ਨਹੀਂ ਕੀਤਾ ਸੀ।"
“ਇਹ ਵਿਅਕਤੀ ਮੇਰੇ ਪਿੰਡ ਦੀ ਹੀ ਹਨ, ਇਨਾਂ ਨੇ ਮੈਨੂੰ ਕੋਈ ਨਸ਼ੀਲੀ ਦਵਾਈ ਸੁੰਘਾ ਦਿੱਤੀ ਅਤੇ ਖੇਤਾਂ ਵਿੱਚ ਚੁੱਕ ਕੇ ਲੈ ਗਏ।"
ਉਸ ਨੇ ਦੱਸਿਆ, "ਜਦੋਂ ਮੈਨੂੰ ਮੁੰਡੇ ਜਬਰਦਸਤੀ ਚੁੱਕ ਕੇ ਖੇਤਾਂ ਵੱਲ ਲਿਜਾ ਰਹੇ ਸਨ ਤਾਂ ਮੈਂ ਰੌਲਾ ਪਾਇਆ ਪਰ ਕਿਸੇ ਨੇ ਵੀ ਮੇਰੀ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਕੀ ਹੋਇਆ ਮੈਨੂੰ ਨਹੀਂ ਪਤਾ ਅਤੇ ਹੁਣ ਮੈਂ ਹਸਪਤਾਲ ਵਿੱਚ ਦਾਖਲ ਹਾਂ।"
ਲੜਕੀ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਚਾਰ ਲੜਕਿਆਂ ਨੇ ਕਥਿਤ ਤੌਰ ''ਤੇ ਉਸ ਨਾਲ ਵਾਰੀ-ਵਾਰੀ ਜਬਰ-ਜਨਾਹ ਕੀਤਾ।
''ਮੈਨੂੰ ਇਨਸਾਫ਼ ਚਾਹੀਦਾ ਹੈ''
ਇਸੇ ਦੌਰਾਨ ਕੁੜੀ ਦੇ ਪਿਤਾ ਬੋਲਣਾ ਸ਼ੁਰੂ ਕਰ ਦਿੰਦੇ ਹਨ।
ਉਹ ਕਹਿੰਦੇ ਹਨ, "ਗੱਲ 30 ਨਵੰਬਰ ਦੀ ਹੈ। ਮੇਰੇ ਪਿੰਡ ਦੇ ਹੀ ਚਾਰ ਮੁੰਡਿਆਂ ਨੇ ਮੇਰੀ ਧੀ ਨਾਲ ਗਲਤ ਕੰਮ ਕੀਤਾ ਅਤੇ ਬਾਅਦ ਵਿੱਚ ਰਾਤ ਸਮੇਂ ਉਹ ਮੇਰੀ ਲੜਕੀ ਨੂੰ ਮੇਰੇ ਘਰ ਮੂਹਰੇ ਸੁੱਟ ਗਏ।”
ਉਨ੍ਹਾਂ ਕਿਹਾ, “ਮੈਨੂੰ ਇਨਸਾਫ਼ ਚਾਹੀਦਾ ਹੈ ਪਰ ਮੇਰੇ ਉੱਪਰ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।"
ਪਿੰਡ ਦੇ ਲੋਕ ਕੀ ਕਹਿ ਰਹੇ ਹਨ
ਇਸ ਮਗਰੋਂ ਬੀਬੀਸੀ ਦੀ ਟੀਮ ਪਾਕਿਸਤਾਨ ਸਰਹੱਦ ਨੇੜਲੇ ਉਸ ਦੇ ਪਿੰਡ ਪਹੁੰਚੀ, ਜਿੱਥੇ ਇਹ ਕਥਿਤ ਘਟਨਾ ਵਾਪਰੀ ਸੀ।
ਪਿੰਡ ਦੇ ਕੁਝ ਲੋਕਾਂ ਨਾਲ ਗੱਲ ਕਰਨ ''ਤੇ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਪਿੰਡ ਦੇ ਕੁੱਝ ਪਰਿਵਾਰਾਂ ਵਿੱਚ ਪਿਛਲੇ ਕੁੱਝ ਸਮੇਂ ਤੋਂ ਆਪਸੀ ''ਖਹਿਬਾਜ਼ੀ'' ਚੱਲ ਰਹੀ ਹੈ।
ਇਸ ਪਿੰਡ ਦੀ ਅਬਾਦੀ 2 ਕੁ ਹਜ਼ਾਰ ਦੇ ਕਰੀਬ ਹੈ, ਇਸ ਪਿੰਡ ਵਿੱਚ ਜੱਟ ਸਿੱਖਾਂ ਦੀ ਵੱਸੋਂ ਵਧੇਰੇ ਹੈ ਅਤੇ ਕੁਝ ਪਰਿਵਾਰ ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਹਨ।
ਜੱਟ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਘਟਨਾ ਬਾਬਤ ਕੁਝ ਵੀ ਕਹਿਣ ਤੋਂ ਗੁਰੇਜ਼ ਹੀ ਕੀਤਾ ਗਿਆ।
ਇਸ ਦਾ ਕਾਰਨ ਪੁੱਛਣ ''ਤੇ ਇੱਕ ਬਜ਼ੁਰਗ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ''ਤੇ ਕਿਹਾ ਕਿ ਇਹ ''ਝੰਜਟ'' ਰਾਏ ਸਿੱਖਾਂ ਦਾ ਆਪਸੀ ਹੈ ਤੇ ਜੱਟ ਸਿੱਖ ਇਨ੍ਹਾਂ ਦੇ ਮਸਲਿਆ ''ਤੇ ਅਕਸਰ ''ਚੁੱਪ'' ਹੀ ਰਹਿੰਦੇ ਹਨ।
ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਪਰਮਜੀਤ ਸਿੰਘ ਪੰਮਾ ਪਿੰਡ ਦੀ ਪੰਚਾਇਤ ਦੇ ਮੈਂਬਰ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ, "ਦੇਖੋ ਜੀ, ਧੀ-ਧਿਆਣੀ ਦਾ ਮਸਲਾ ਹੈ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਕੁੱਝ ਗੱਲ ਤਾਂ ਹੁੰਦੀ ਹੈ ਪਰ ਕਈ ਵਾਰ ਰੰਜਿਸ਼ ਤਹਿਤ ਨਾਜ਼ਾਇਜ਼ ਲੋਕ ਵੀ ਫਸਾ ਦਿੱਤੇ ਜਾਂਦੇ ਹਨ। ਬਾਕੀ ਤੁਸੀਂ ਸਾਰੀ ਗੱਲ ਸਮਝ ਹੀ ਗਏ ਹੋਵੋਗੇ।"
ਪਿੰਡ ਦੀ ਸਰਪੰਚ ਨੇ ਕੀ ਕਿਹਾ
ਇਸ ਦੌਰਾਨ ਅਸੀਂ ਪਿੰਡ ਦੀ ਸਰਪੰਚ ਸੰਤੋਸ਼ ਕੌਰ ਕੋਲ ਪਹੁੰਚੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ।
ਪਿੰਡ ਦੇ ਬਾਹਰਵਾਰ ਬਣੀ ਇੱਕ ਢਾਣੀ ਵਿੱਚ ਸਰਪੰਚ ਦੇ ਘਰ 20 ਤੋਂ ਵਧ ਲੋਕ ਇਕੱਠੇ ਹੋ ਗਏ ਸਨ।
ਇਸ ਦਾ ਕਾਰਨ ਇਹ ਸੀ ਕਿ ਜਦੋਂ ਕੈਮਰਾਮੈਨ ਪਿੰਡ ਵਿੱਚ ਤਸਵੀਰਾਂ ਖਿੱਚ ਰਿਹਾ ਸੀ ਤਾਂ ਇੱਕ ਸਾਂਝੀ ਥਾਂ ''ਤੇ ਬੈਠੇ ਕੁਝ ਲੋਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਸੀ।
ਸਰਪੰਚ ਸੰਤੋਸ਼ ਕੌਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਮੁਹੱਲੇ ਦੀਆਂ ਔਰਤਾਂ ਦਰਮਿਆਨ ਖੇਤ ਦੀ ਇੱਕ ਵੱਟ ਨੂੰ ਲੈ ਕੇ ਤੂੰ ਤੂੰ-ਮੈਂ ਮੈਂ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਅਤੇ ਬਲਾਤਕਾਰ ਦੇ ਪਰਚੇ ਵਿੱਚ ਨਾਮਜ਼ਦ ਕੀਤੇ ਗਏ ਮੁੰਡਿਆਂ ਦੇ ਘਰ ਨੇੜੇ-ਨੇੜੇ ਹੀ ਹਨ।
ਸੰਤੋਸ਼ ਕੌਰ ਕਹਿੰਦੇ ਹਨ, "ਜਦੋਂ ਮੁਹੱਲੇ ਦੀਆਂ ਕੁੱਝ ਔਰਤਾਂ ਆਪਸ ਵਿਚ ਲ਼ੜੀਆਂ ਸਨ ਤਾਂ ਪੰਚਾਇਤੀ ਤੌਰ ''ਤੇ ਬੁਲਾ ਕੇ ਉਨ੍ਹਾਂ ਨੂੰ ਸਮਝਾ-ਬੁਝਾ ਦਿੱਤਾ ਗਿਆ ਸੀ।”
"ਪਰ ਸਾਨੂੰ ਨਹੀਂ ਪਤਾ ਕਿ ਇਨ੍ਹਾਂ ਦੇ ਪਰਿਵਾਰਾਂ ਨੇ ਆਪਸ ਵਿੱਚ ਰੰਜਿਸ਼ ਕਿਉਂ ਰੱਖੀ ਹੋਈ ਸੀ। ਹੁਣ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆ ਗਈ ਹੈ। ਮੈਂ ਤਾਂ ਸਾਫ਼ ਤੌਰ ''ਤੇ ਕਹਿੰਦੀ ਹਾਂ ਕਿ ਇੱਕ ਮੁੰਡੇ ਨੇ ਲੜਕੀ ਨਾਲ ਗਲਤ ਕੰਮ ਕੀਤਾ ਹੋ ਸਕਦਾ ਹੈ ਪਰ ਗੈਂਗਰੇਪ ਵਾਲੀ ਕੋਈ ਗੱਲ ਨਹੀਂ ਹੈ।"
ਹੀਰਾ ਸਿੰਘ ਇਸ ਪਿੰਡ ਵਿੱਚ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਪਿੰਡ ਦੀ ਬੇਲੋੜੀ ਬਦਨਾਮੀ ਹੋ ਰਹੀ ਹੈ।
ਡਾਕਟਰ ਦਾ ਕੀ ਕਹਿਣਾ ਹੈ
ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੀੜਤ ਲੜਕੀ ਦੇ ਡਾਕਟਰੀ ਮੁਆਇਨੇ ਲਈ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਸੀ।
ਸਿਵਲ ਹਸਪਤਾਲ ਫਿਰੋਜ਼ਪੁਰ ਦੇ ਜੱਚਾ-ਬੱਚਾ ਵਿਭਾਗ ਵਿਚ ਤਾਇਨਾਤ ਡਾ ਪੂਜਾ ਦੀ ਨਿਗਰਾਨੀ ਹੇਠ ਲੜਕੀ ਦਾ ਡਾਕਟਰੀ ਮੁਆਇਨਾ ਕੀਤਾ ਜਾ ਚੁੱਕਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਪੁਲਿਸ ਨੂੰ ਦਿੱਤੀ ਜਾਵੇਗੀ।
ਡਾਕਟਰਾਂ ਨੇ ਕੁੜੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਪੁਲਿਸ ਦਾ ਕੀ ਕਹਿਣਾ ਹੈ
ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ''ਤੇ ਅਧਾਰ ''ਤੇ ਥਾਣਾ ਮਮਦੋਟ ਵਿਖੇ ਲਵਪ੍ਰੀਤ ਸਿੰਘ, ਪੰਮਾ ਸਿੰਘ, ਜਸਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਖਿਲਾਫ਼ ਭਾਰਤੀ ਦੰਡ ਵਿਧਾਨ ਵਿਧਾਨ ਦੀ ਧਾਰਾ 376-ਡੀ ਅਤੇ ''ਦਿ ਪ੍ਰੋਟੈਕਸ਼ਨ ਆਫ ਚਿਲਡਰਨ ਸੈਕਸੁਅਲ ਆਫੈਂਸ ਐਕਟ 2012, 2019'' ਅਧੀਨ ਕੇਸ ਦਰਜ ਕੀਤਾ ਹੈ।"
ਜ਼ਿਲ੍ਹਾ ਫਿਰੋਜ਼ਪੁਰ ਦੇ ਐਸਪੀ (ਡੀ) ਰਣਧੀਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।"
ਉਨ੍ਹਾਂ ਕਿਹਾ, "ਅਸੀਂ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕਰ ਦਿੱਤਾ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਇੰਗਲੈਂਡ ''ਚ ਤੇਜੀ ਨਾਲ ਵਧੇ ਰਵਿਦਾਸੀਆ ਭਾਈਚਾਰੇ ਨੇ ਕਿਉਂ ਵੁਲਵਰਹੈਂਪਟਨ ’ਚ ਵਿਸ਼ਾਲ ਗੁਰਦੁਆਰਾ ਬਣਾਇਆ
NEXT STORY