ਜੇਕਰ ਤੁਸੀਂ ਰੇਲਗੱਡੀ ਜਾਂ ਫਿਰ ਸੜਕ ਰਾਹੀਂ ਕਿਸੇ ਲੰਬੇ ਸਫ਼ਰ ’ਤੇ ਹੋ ਜਾਂ ਫਿਰ ਕਿਤੇ ਘੁੰਮਣ ਲਈ ਗਏ ਹੋ ਅਤੇ ਇਸ ਸਫ਼ਰ ਦੌਰਾਨ ਤੁਹਾਨੂੰ ਭੁੱਖ ਲੱਗ ਜਾਵੇ ਤਾਂ ਢਿੱਡ ਭਰਨ ਲਈ ਦਾਲ,ਚੌਲ ਜਾਂ ਰੋਟੀ ਵਰਗੇ ਖਾਣੇ ਦੇ ਮੁਕਾਬਲੇ ਚਿਪਸ, ਚਿਸਕੁਟ ਅਤੇ ਕੋਲਡ ਡਰਿੰਕਸ ਵਰਗੀਆਂ ਕਈ ਚੀਜ਼ਾਂ ਮਿਲ ਜਾਣਗੀਆਂ।
ਕਈ ਵਾਰ ਤਾਂ ਅਸੀਂ ਟਾਈਮ ਪਾਸ ਕਰਨ ਲਈ ਜਾਂ ਫਿਰ ਢਿੱਡ ਭਰਿਆ ਹੋਣ ਦੇ ਬਾਵਜੂਦ ਵੀ ਸੁਆਦ ਦੇ ਕਾਰਨ ਇਨ੍ਹਾਂ ਚੀਜ਼ਾਂ ਨੂੰ ਖਾਂਦੇ ਹਾਂ।
ਪਰ ਕੀ ਤੁਸੀਂ ਇਸ ਗੱਲ ਤੋਂ ਜਾਣੂ ਹੋ ਕਿ ਖਾਣ-ਪੀਣ ਦੀਆਂ ਰਵਾਇਤੀ ਚੀਜ਼ਾਂ ਦੀ ਥਾਂ ’ਤੇ ਖਾਧੇ ਜਾਣ ਵਾਲੇ ਇਨ੍ਹਾਂ ਸੁਆਦਲੀਆਂ ਚੀਜ਼ਾਂ ਨੂੰ ‘ਅਲਟਰਾ ਪ੍ਰੋਸੈਸਡ ਫੂਡ’ ਕਿਹਾ ਜਾਂਦਾ ਹੈ। ਇਨ੍ਹਾਂ ਦੀ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
ਇੰਨਾ ਹੀ ਨਹੀਂ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕੁਝ ਇਸ ਤਰ੍ਹਾਂ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਨੂੰ ਖਾਣ ’ਚ ਮਜ਼ਾ ਆਏ ਅਤੇ ਸਾਨੂੰ ਇਨ੍ਹਾਂ ਦੀ ਆਦਤ ਪੈ ਜਾਵੇ।
ਵਿਸ਼ਵ ਸਿਹਤ ਸੰਗਠਨ ਅਤੇ ਇੰਡੀਆਨ ਕੌਂਸਲ ਫ਼ਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨ (ਆਈਸੀਆਰਆਈਈਆਰ) ਦੀ ਇੱਕ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ 10 ਸਾਲਾਂ ’ਚ ਭਾਰਤ ’ਚ ''ਅਲਟਰਾ ਪ੍ਰੋਸੈਸਡ ਫੂਡ'' ਦਾ ਬਾਜ਼ਾਰ ਤੇਜ਼ੀ ਨਾਲ ਵਧਿਆ ਹੈ।
''ਅਲਟਰਾ ਪ੍ਰੋਸੈਸਡ ਫੂਡ'' ਕੀ ਹੁੰਦੇ ਹਨ
ਡਾ ਅਰੁਣ ਗੁਪਤਾ ਬਾਲ ਰੋਗ ਮਾਹਰ ਹਨ ਅਤੇ ਨਿਊਟ੍ਰੀਸ਼ਨ ਐਡਵੋਕੇਸੀ ਫ਼ਾਰ ਪਬਲਿਕ ਇੰਟਰਸਟ (ਐਨਏਪੀਆਈ) ਨਾਮ ਦੇ ਥਿੰਕ ਟੈਂਕ ਦੇ ਕਨਵੀਨਰ ਹਨ।
ਡਾ ਗੁਪਤਾ ਅਲਟਰਾ ਪ੍ਰਸੈਸਡ ਫੂਡ ਦਾ ਮਤਲਬ ਕੁਝ ਇਸ ਤਰ੍ਹਾਂ ਦੱਸਦੇ ਹਨ, “ਸੌਖੇ ਸ਼ਬਦਾਂ ’ਚ ਅਲਟਰਾ ਪ੍ਰੋਸੈਸਡ ਫੂਡ ਉਹ ਖਾਣਾ ਹੈ ਜਿਸ ਨੂੰ ਕਿ ਤੁਸੀਂ ਆਮ ਤੌਰ ’ਤੇ ਆਪਣੀ ਰਸੋਈ ’ਚ ਨਹੀਂ ਬਣਾ ਸਕਦੇ ਹੋ। ਇਹ ਆਮ ਭੋਜਨ ਦੀ ਤਰ੍ਹਾਂ ਨਹੀਂ ਦਿਖਦਾ। ਜਿਵੇਂ ਕਿ ਪੈਕੇਟ ’ਚ ਆਉਣ ਵਾਲੇ ਚਿਪਸ, ਚਾਕਲੇਟ, ਬਿਸਕੁਟ ਅਤੇ ਵੱਡੇ ਪੱਧਰ ’ਤੇ ਬਣਾਈਆਂ ਜਾਂਦੀਆਂ ਬਰੈੱਡਾਂ ਅਤੇ ਬੰਦ(ਡਬਲਰੋਟੀ) ਆਦਿ।”
ਉਹ ਅੱਗੇ ਕਹਿੰਦੇ ਹਨ, “ਹਰ ਭਾਈਚਾਰਾ ਆਪਣੇ ਸੁਆਦ ਅਤੇ ਪਸੰਦ ਦੇ ਹਿਸਾਬ ਨਾਲ ਖਾਣਾ ਤਿਆਰ ਕਰਦਾ ਹੈ। ਇਸ ਨੂੰ ਵੀ ਫੂਡ ਪ੍ਰੋਸੈਸਿੰਗ ਕਿਹਾ ਜਾ ਸਕਦਾ ਹੈ। ਜੇਕਰ ਅਸੀਂ ਦੁੱਧ ਤੋਂ ਦਹੀ ਬਣਾਉਦੇ ਹਾਂ ਤਾਂ ਉਹ ਵੀ ਪ੍ਰੋਸੈਸਿੰਗ ਹੀ ਹੈ। ਪਰ ਜੇਕਰ ਕਿਸੇ ਵੱਡੀ ਇੰਡਸਟਰੀ ’ਚ ਦੁੱਧ ਤੋਂ ਦਹੀਂ ਬਣਾਇਆ ਜਾਵੇ ਅਤੇ ਉਸ ਨੂੰ ਜ਼ਿਆਦਾ ਸਵਾਦ ਬਣਾਉਣ ਲਈ ਉਸ ’ਚ ਰੰਗ, ਫਲੇਵਰ, ਖੰਡ ਜਾਂ ਕੋਰਨ ਸਿਰਪ ਪਾਇਆ ਜਾਵੇ ਤਾਂ ਇਹ ਅਲਟਰਾ ਪ੍ਰੋਸੈਸਡ ਫੂਡ ਹੋਵੇਗਾ।”
ਉਨ੍ਹਾਂ ਦਾ ਕਹਿਣਾ ਹੈ ਕਿ ਅਲਟਰਾ ਪ੍ਰੋਸੈਸਡ ਫੂਡ ’ਚ ਪਾਈਆਂ ਜਾਣ ਵਾਲੀਆਂ ਇਹ ਚੀਜ਼ਾਂ ਉਨ੍ਹਾਂ ਦੇ ਪੌਸ਼ਟਿਕ ਤੱਤਾਂ ਨੂੰ ਨਹੀਂ ਵਧਾਉਂਦੀਆਂ ਸਗੋਂ ਇਨ੍ਹਾਂ ਚੀਜ਼ਾਂ ਨੂੰ ਇਸ ਲਈ ਪਾਇਆ ਜਾਂਦਾ ਹੈ ਤਾਂ ਜੋ ਤੁਸੀਂ ਇਸ ਨੂੰ ਖਾਂਦੇ ਰਹੋ, ਇਨ੍ਹਾਂ ਦੀ ਵਿਕਰੀ ਹੁੰਦੀ ਰਹੇ ਅਤੇ ਜ਼ਿਆਦਾ ਮੁਨਾਫ਼ਾ ਹੋਵੇ। ਅਜਿਹੇ ’ਚ ਇਨ੍ਹਾਂ ਨੂੰ ਵੱਡੇ-ਵੱਡੇ ਉਦਯੋਗ ਹੀ ਤਿਆਰ ਕਰ ਸਕਦੇ ਹਨ।
ਅਲਟਰਾ ਪ੍ਰੋਸੈਸਡ ਫੂਡ ਨੂੰ ਕੋਸਮੈਟਿਕ ਫੂਡ ਵੀ ਕਿਹਾ ਜਾਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਅਲਟਰਾ ਪ੍ਰੋਸੈਸਡ ਫੂਡ ਅਜਿਹੇ ਪਦਾਰਥਾਂ ਤੋਂ ਬਣਦੇ ਹਨ ਜਿਨ੍ਹਾਂ ਨੂੰ ਉਦਯੋਗਿਕ ਤਕਨੀਕਾਂ ਅਤੇ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਅਲਟਰਾ ਪ੍ਰੋਸੈਸਡ ਫੂਡ ਦੀਆਂ ਕੁਝ ਉਦਾਹਰਣਾਂ :-
ਕਾਰਬੋਨੇਟਿਡ ਕੋਲਡ ਡਰਿੰਕਸ
ਮਿੱਠੇ, ਫੈਟ ਵਾਲੇ ਜਾਂ ਨਮਕੀਨ ਸਨੈਕਸ, ਕੈਂਡੀ
ਵੱਡੇ ਪਧਰ ’ਤੇ ਤਿਆਰ ਬਰੈੱਡ, ਬਿਸਕੁਟ, ਪੇਸਟਰੀ, ਕੇਕ, ਫਰੂਟ ਯੋਗਰਟ
ਰੈਡੀ ਟੂ ਈਟ ਮੀਟ, ਚੀਜ਼ , ਪਾਸਤਾ, ਪੀਜ਼ਾ, ਮੱਛੀ, ਸੌਸੇਜ, ਬਰਗਰ, ਹਾਟ ਡੌਗ
ਇੰਸਟੈਂਟ ਸੂਪ, ਬੇਬੀ ਫਾਰਮੂਲਾ।
ਮਾਹਰਾਂ ਦਾ ਕਹਿਣਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ’ਚ ਉਦਯੋਗਿਕ ਪ੍ਰਕਿਰਿਆ ਦੇ ਤਹਿਤ ਖੰਡ, ਲੂਣ,ਫੈਟ ਜਾਂ ਇਮਲਸੀਫਾਇੰਗ (ਦੋ ਵੱਖ-ਵੱਖ ਪਦਾਰਥਾਂ ਨੂੰ ਮਿਲਾਕੇ ਤਿਆਰ ਕੀਤੇ ਗਏ) ਰਸਾਇਣ ਅਤੇ ਪ੍ਰੀਜ਼ਰਵੇਟਿਵ ਪਾਏ ਜਾਂਦੇ ਹਨ, ਜਿੰਨ੍ਹਾਂ ਦੀ ਅਸੀਂ ਆਮ ਤੌਰ ’ਤੇ ਆਪਣੀ ਰਸੋਈ ’ਚ ਵਰਤੋਂ ਨਹੀਂ ਕਰਦੇ ਹਾਂ।
ਪ੍ਰੀਜ਼ਰਵੇਸ਼ਨ ਦੀ ਸ਼ੁਰੂਆਤ
ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ’ਚ ਸਾਬਕਾ ਸੀਨੀਅਰ ਵਿਗਿਆਨੀ ਡਾ. ਵੀ ਸੁਦਰਸ਼ਨ ਰਾਓ ਦਾ ਕਹਿਣਾ ਹੈ ਕਿ ਜਦੋਂ ਸਭਿਅਤਾ ਦਾ ਆਗਾਜ਼ ਹੋਇਆ ਸੀ ਉਦੋਂ ਤੋਂ ਹੀ ਪ੍ਰੀਜ਼ਰਵੇਸ਼ਨ ਦੀ ਵਰਤੋਂ ਸ਼ੁਰੂ ਹੋ ਗਈ ਸੀ।
ਇਸ ਦਾ ਮੁੱਖ ਕੰਮ ਭੋਜਨ ਨੂੰ ਬੈਕਟੀਰੀਆ ਅਤੇ ਫੰਗਸ ਆਦਿ ਤੋਂ ਖ਼ਰਾਬ ਹੋਣ ਤੋਂ ਬਚਾਉਣਾ ਸੀ ਤਾਂ ਜੋ ਇਸ ਦੀ ਵਰਤੋਂ ਲੰਮੇ ਸਮੇਂ ਤੱਕ ਕੀਤੀ ਜਾ ਸਕੇ।
ਉਨ੍ਹਾਂ ਦਾ ਕਹਿਣਾ ਹੈ, “ਸਾਡੇ ਪੂਰਵਜਾਂ ਨੇ ਇਹ ਜਾਣਿਆ ਕਿ ਜੇਕਰ ਖਾਧ ਪਦਾਰਥਾਂ ’ਚੋਂ ਨਮੀ ਨੂੰ ਕੱਢ ਦਿੱਤਾ ਜਾਵੇ ਤਾਂ ਉਸ ਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਖਾਧ ਪਦਾਰਥਾਂ ਨੂੰ ਧੁੱਪੇ ਸੁਕਾਉਣ ਦੀ ਸ਼ੁਰੂਆਤ ਕੀਤੀ ਗਈ, ਕਿਉਂਕਿ ਉਨ੍ਹਾਂ ਨੇ ਸਮਝਿਆ ਕਿ ਸੁੱਕੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਲੰਮੇ ਸਮੇਂ ਤੱਕ ਖਾਣ ਲਈ ਵਰਤਿਆ ਜਾ ਸਕਦਾ ਹੈ।”
ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ, ਹੈਦਰਾਬਾਦ ਦੇ ਸਾਬਕਾ ਵਿਗਿਆਨੀ ਡਾ. ਵੀ ਸੁਦਰਸ਼ਨ ਰਾਓ ਦੱਸਦੇ ਹਨ ਕਿ ਪ੍ਰੀਜ਼ਰਵੇਸ਼ਨ ਦੇ ਲਈ ਲੂਣ ਅਤੇ ਖੰਡ ਦੀ ਵਰਤੋਂ ਹੋਣ ਲੱਗੀ ਹੈ, ਜਿਨ੍ਹਾਂ ਨੂੰ ਤੁਸੀਂ ਪ੍ਰੀਜ਼ਰਵੇਟਿਵ ਕਹਿ ਸਕਦੇ ਹੋ।”
ਪਰ ਹੁਣ ਨਵੀਂ ਤਕਨੀਕ ਆਉਣ ਦੇ ਕਾਰਨ ਪ੍ਰੀਜ਼ਰਵੇਸ਼ਨ ’ਚ ਕਈ ਬਦਲਾਅ ਆਏ ਹਨ।
ਇਸੇ ਗੱਲ ਨੂੰ ਸਮਝਾਉਂਦੇ ਹੋਏ ਗੁਜਰਾਤ ਦੇ ਰਾਜਕੋਟ ’ਚ ਨਗਰ ਨਿਗਮ ਦੇ ਸਿਹਤ ਵਿਭਾਗ ’ਚ ਡਾ. ਜਯੇਸ਼ ਵਕਾਨੀ ਦੱਸਦੇ ਹਨ, “ ਮਿਸਾਲ ਦੇ ਤੌਰ ’ਤੇ ਤੁਸੀਂ ਅਚਾਰ ਲੈ ਲਓ। ਉਸ ’ਚ ਲੂਣ, ਖੰਡ, ਸਿਰਕਾ ਅਤੇ ਸਿਟਰਿਕ ਐਸਿਡ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਕੁਦਰਤੀ ਤੌਰ ’ਤੇ ਪ੍ਰੀਜ਼ਰਵੇਟਿਵ ਦਾ ਕੰਮ ਕਰਦੇ ਹਨ।ਜੇਕਰ ਨਕਲੀ ਪ੍ਰੀਜ਼ਰਵੇਟਿਵ ਦੀ ਵਰਤੋਂ ਕਰਨੀ ਹੈ ਤਾਂ ਉਨ੍ਹਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫਐਸਐਸਆਈ) ਦੇ ਮਾਪਦੰਡਾਂ ਅਨੁਸਾਰ ਵਰਤਿਆ ਜਾਣਾ ਲਾਜ਼ਮੀ ਹੈ।”
ਪ੍ਰੀਜ਼ਰਵੇਟਿਵ ਦੀ ਵਰਤੋਂ ਕਾਸਮੈਟਿਕ ’ਚ ਵੀ
ਮਾਹਰਾਂ ਦਾ ਮਹਿਣਾ ਹੈ ਕਿ ਖਾਧ ਪਦਾਰਥਾਂ ’ਚ ਮੌਜੂਦ ਪ੍ਰੀਜ਼ਰਵੇਟਿਵ, ਜਿੰਨ੍ਹਾਂ ’ਚ ਕਈ ਤਰ੍ਹਾਂ ਦੇ ਐਂਟੀਮਾਈਕ੍ਰੋਬਾਇਲ, ਐਂਟੀਆਕਸੀਡੈਂਟ, ਸੋਰਬਿਕ ਐਸਿਡ ਆਦਿ ਸ਼ਾਮਲ ਹੁੰਦੇ ਹਨ, ਉਨ੍ਹਾਂ ਦੀ ਵਰਤੋਂ ਹਰ ਖਾਧ ਪਦਾਰਥ ’ਚ ਨਹੀਂ ਹੋ ਸਕਦੀ ਹੈ।
ਖਾਧ ਪਦਾਰਥਾਂ ’ਚ ਬੈਕਟੀਰੀਆ ਨੂੰ ਰੋਕਣ ਦੇ ਲਈ ਐਂਟੀਮਾਈਕ੍ਰੋਬਾਇਲ ਪ੍ਰੀਜ਼ਰਵੇਟਿਵ ਦੀ ਵਰਤੋਂ ਹੁੰਦੀ ਹੈ। ਜਦਕਿ ਤੇਲ ’ਚ ਐਂਟੀਆਕਸੀਡੈਂਟ ਦੀ ਵਰਤੋਂ ਹੁੰਦੀ ਹੈ ਅਤੇ ਸੋਰਬਿਕ ਐਸਿਡ ਦੀ ਵਰਤੋਂ ਫੰਗਸ ਤੋਂ ਬਚਾਉਣ ਦੇ ਲਈ ਕੀਤੀ ਜਾਂਦੀ ਹੈ।
ਪ੍ਰੀਜ਼ਰਵੇਟਿਵ ਦੀ ਵਰਤੋਂ ਸਿਰਫ ਖਾਣ ਵਾਲੀਆਂ ਚੀਜ਼ਾਂ ’ਚ ਹੀ ਨਹੀਂ ਹੁੰਦੀ, ਸਗੋਂ ਕਾਸਮੈਟਿਕ ਜਿਵੇਂ ਕਿ ਕਰੀਮ, ਸੈਂਪੂ, ਸਨਸਕਰੀਨ ’ਚ ਵੀ ਹੁੰਦੀ ਹੈ ਤਾਂ ਜੋ ਇਨ੍ਹਾਂ ਦੀ ਵਰਤੋਂ ਲੰਮੇ ਸਮੇਂ ਤੱਕ ਕੀਤੀ ਜਾ ਸਕੇ।
ਕੀ ਇਹ ਹਾਨੀਕਾਰਕ ਹੋ ਸਕਦੇ ਹਨ?
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਡਾ. ਵਕਾਨੀ ਦੱਸਦੇ ਹਨ, “ਕਿਸੇ ਵੀ ਪਦਾਰਥ ਜਾਂ ਖਾਧ ਸਮੱਗਰੀ ’ਚ ਪ੍ਰੀਜ਼ਰਵੇਟਿਵ ਦੀ ਵਰਤੋਂ ਸੁਰੱਖਿਆ ਮਾਪਦੰਡਾਂ ਨੂੰ ਧਿਆਨ ’ਚ ਰੱਖ ਕੇ ਹੀ ਕੀਤੀ ਜਾਂਦੀ ਹੈ ਅਤੇ ਜਿੰਨੀ ਮਾਤਰਾ ਦੀ ਜ਼ਰੂਰਤ ਹੋਵੇ, ਉਨ੍ਹੀਂ ਹੀ ਵਰਤੀ ਜਾਂਦੀ ਹੈ, ਕਿਉਂਕਿ ਜ਼ਿਆਦਾ ਵਰਤੋਂ ਨਾਲ ਕੋਈ ਫਾਇਦਾ ਨਹੀਂ ਹੁੰਦਾ ਹੈ।”
ਡਾ. ਵੀ ਸੁਦਰਸ਼ਨ ਰਾਓ ਦਾ ਕਹਿਣਾ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਖਾਣ-ਪੀਣ ਦੀਆਂ ਚੀਜ਼ਾਂ ’ਚ ਵਰਤੇ ਜਾਣ ਵਾਲੇ ਪ੍ਰੀਜ਼ਰਵੇਟਿਵਾਂ ਦੀ ਜਾਂਚ ਕਰਦੀ ਹੈ ਅਤੇ ਵੇਖਿਆ ਗਿਆ ਹੈ ਕਿ 60-70 ਸਾਲ ਇਨ੍ਹਾਂ ਨੂੰ ਖਾਣ ਨਾਲ ਵੀ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ।
ਪ੍ਰੀਜ਼ਰਵੇਟਿਵ ਅਤੇ ਅਲਟਰਾ ਪ੍ਰੋਸੈਸਡ ਫੂਡ
ਗ੍ਰਾਹਕਾਂ ਨੂੰ ਜਾਗਰੂਕ ਕਰਨ ਵਾਲੀ ਸੰਸਥਾ ‘ਕੰਜ਼ਿਊਮਰ ਵਾਇਸ’ ਦੇ ਸੀਈਓ ਆਸ਼ਿਮ ਸਾਨਿਆਲ ਦਾ ਕਹਿਣਾ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਦੇ ਨਾਲ-ਨਾਲ ਸੁਆਦ ਵਧਾਉਣ ਅਤੇ ਰੰਗ ਪਾ ਕੇ ਉਸ ਨੂੰ ਆਕਰਸ਼ਕ ਬਣਾਉਣ ’ਚ ਵੀ ਪ੍ਰੀਜ਼ਰਵੇਟਿਵਾਂ ਦੀ ਵਰਤੋਂ ਹੁੰਦੀ ਹੈ।
ਇਹ ਪ੍ਰੀਜ਼ਰਵੇਟਿਵ ਕੁਦਰਤੀ ਨਹੀਂ ਹੁੰਦੇ ਹਨ ਅਤੇ ਸੀਮਤ ਮਾਤਰਾ ’ਚ ਹੀ ਪਾਏ ਜਾਂਦੇ ਹਨ। ਪਰ ਅਲਟਰਾ ਪ੍ਰੋਸੈਸਡ ਫੂਡ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਜੋ ਤਰੀਕੇ ਵਰਤੇ ਜਾਂਦੇ ਹਨ, ਉਸ ਨਾਲ ਇਹ ਬੇਹੱਦ ਹਾਨੀਕਾਰਕ ਬਣ ਜਾਂਦੇ ਹਨ।
ਆਸ਼ਿਮ ਸਾਨਿਆਲ ਅੱਗੇ ਕਹਿੰਦੇ ਹਨ ਕਿ ਖਾਧ ਪਦਾਰਥਾਂ ’ਚ ਪ੍ਰੀਜ਼ਰਵੇਟਿਵ ਦੀ ਵਰਤੋਂ ਨੂੰ ਵੱਖਰੇ ਤੌਰ ’ਤੇ ਨਹੀਂ ਵੇਖਿਆ ਜਾ ਸਕਦਾ ਹੈ ਬਲਕਿ ਇਸ ਨੂੰ ਅਲਟਰਾ ਪ੍ਰੋਸੈਸਡ ਫੂਡ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਹੈ।
ਭਾਰਤ ’ਚ ਪ੍ਰੋਸੈਸਡ ਫੂਡ ਦੇ ਕਾਰੋਬਾਰ ਦਾ ਸੈਕਟਰ 500 ਅਰਬ ਡਾਲਰ ਦਾ ਹੈ।
ਆਸ਼ਿਮ ਸਾਨਿਆਲ ਦੱਸਦੇ ਹਨ ਕਿ ਸਬਜ਼ੀ, ਦਾਲ ਆਦਿ ਬਣਾਉਣਾ ਵੀ ਪ੍ਰੋਸੈਸਡ ਫੂਡ ਦੀ ਸ਼੍ਰੇਣੀ ’ਚ ਆਉਂਦਾ ਹੈ, ਪਰ ਅਲਟਰਾ ਪ੍ਰੋਸੈਸਡ ਫੂਡ ਉਹ ਹੁੰਦਾ ਹੈ, ਜਿਸ ਨੂੰ ਤਕਨੀਕੀ ਇਨੋਵੇਸ਼ਨ ਦੇ ਜ਼ਰੀਏ ਪ੍ਰਯੋਗਸ਼ਾਲਾ ’ਚ ਨਵੇਂ ਰੂਪ ’ਚ ਢਾਲਿਆ ਜਾਂਦਾ ਹੈ। ਇਸ ’ਚ ਖੰਡ, ਸੈਚੁਰੇਟਿਡ ਚਰਬੀ ਆਦਿ ਤੋਂ ਇਲਾਵਾ ਪ੍ਰੀਜ਼ਰਵੇਟਿਵ ਦੇ ਮਿਸ਼ਰਣ ਬਹੁਤ ਜ਼ਿਆਦਾ ਮਾਤਰਾ ’ਚ ਹੁੰਦੇ ਹਨ।
ਉਨ੍ਹਾਂ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ ਦਾ ਵੀ ਕਹਿਣਾ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਪ੍ਰੀਜ਼ਰਵੇਟਿਵ ਅਤੇ ਰਸਾਇਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ’ਚ ਪ੍ਰੀਜ਼ਰਵੇਟਿਵ ਸ਼ਾਮਲ ਕੀਤੇ ਜਾਂਦੇ ਹਨ ਤਾਂ ਜੋ ਲੰਮੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਆਮ ਲੋਕਾਂ ਨੂੰ ਇਸ ਦੀ ਆਦਤ ਪਾਉਣ ਦੇ ਲਈ ਇਨ੍ਹਾਂ ’ਚ ਕੁਝ ਐਡੀਕਟਿਵ ਵੀ ਪਾਏ ਜਾਂਦੇ ਹਨ।”
ਆਸ਼ਿਮ ਸਾਨਿਆਲ ਅੱਗੇ ਕਹਿੰਦੇ ਹਨ ਕਿ ਮਿਸਾਲ ਦੇ ਤੌਰ ’ਤੇ ਚਿਪਸ, ਕੋਲਡ ਡਰਿੰਕ ਜਾਂ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਇਨ੍ਹਾਂ ਦੀ ਆਦਤ ਪੈ ਜਾਂਦੀ ਹੈ ਅਤੇ ਇਸੇ ਤਰ੍ਹਾਂ ਦੀ ਆਦਤ ਨੂੰ ਪੱਕਾ ਕਰਨ ਲਈ ਹੀ ਅਜਿਹੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਉਨ੍ਹਾਂ ਦੇ ਮੁਤਾਬਕ, “ਇਹ ਵਿਗਿਆਨਕ ਤੌਰ ’ਤੇ ਵੀ ਸਾਬਤ ਹੋ ਚੁੱਕਿਆ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਬਣ ਗਿਆ ਹੈ। ਅਸੀਂ ਜਦੋਂ ਵੀ ਜਾਂਚ ਕੀਤੀ ਹੈ, ਹਮੇਸ਼ਾਂ ਹੀ ਉਨ੍ਹਾਂ ’ਚ ਪ੍ਰੀਜ਼ਰਵੇਟਿਵ ਅਤੇ ਹੋਰ ਕੈਮੀਕਲ ਦੀ ਮਾਤਰਾ ਕਾਫ਼ੀ ਜ਼ਿਆਦਾ ਹੀ ਪਾਈ ਹੈ।”
ਡਾ.ਆਸ਼ਿਮ ਸਾਨਿਆਲ ਕਹਿੰਦੇ ਹਨ, “ਅਲਟਰਾ ਪ੍ਰੋਸੈਸਿੰਗ ’ਚ ਪੌਸ਼ਟਿਕ ਤੱਤ ਖ਼ਤਮ ਹੋ ਜਾਂਦੇ ਹਨ।ਇਸ ਭੋਜਨ ’ਚ ਕੋਈ ਗੁਣਵੱਤਾ ਨਹੀਂ ਰਹਿੰਦੀ ਹੈ। ਜਿਵੇਂ ਕਿ ਸਿਗਰਟ ਜਾਂ ਤੰਬਾਕੂ ਆਦਿ ਦੀ ਆਦਤ ਪੈ ਜਾਂਦੀ ਹੈ, ਉਸੇ ਤਰ੍ਹਾਂ ਹੀ ਅਜਿਹੇ ਭੋਜਨ ਦੇ ਵੀ ਐਡੀਕਟਿਵ ਹੋਣ ਦੇ ਕਾਰਨ ਇਨ੍ਹਾਂ ਦੀ ਆਦਤ ਪੈ ਜਾਂਦੀ ਹੈ।”
ਮਾਹਰਾਂ ਦਾ ਕਹਿਣਾ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਦੀ ਇਹ ਸਮੱਸਿਆ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਨ੍ਹਾਂ ਨੂੰ ਕਿੰਨ੍ਹਾਂ ਖਾਧਾ ਜਾਵੇ।
ਡਾ. ਅਰੁਣ ਗੁਪਤਾ ਕਹਿੰਦੇ ਹਨ, “ ਖਾਣਾ ਖਾਂਦੇ ਸਮੇਂ ਸਾਡਾ ਦਿਮਾਗ ਸਾਨੂੰ ਸਿਗਨਲ ਦਿੰਦਾ ਹੈ ਕਿ ਢਿੱਡ ਭਰ ਗਿਆ ਹੈ। ਪਰ ਅਲਟਰਾ ਪ੍ਰੋਸੈਸਡ ਫੂਡ ਨੂੰ ਕੁਝ ਇਸ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਇਸ ਨੂੰ ਖਾਣ ’ਚ ਮਜ਼ਾ ਆਉਂਦਾ ਹੈ ਅਤੇ ਦਿਮਾਗ ਵੱਲੋਂ ਕੋਈ ਸਿਗਨਲ ਹੀ ਨਹੀਂ ਆਉਂਦਾ ਕਿ ਢਿੱਡ ਭਰ ਗਿਆ ਹੈ ਅਤੇ ਤੁਸੀਂ ਇਸ ਨੂੰ ਖਾਂਦੇ ਹੀ ਚਲੇ ਜਾਦੇ ਹੋ।”
ਪ੍ਰੀਜ਼ਰਵੇਟਿਵ ਅਤੇ ਅਲਟਰਾ ਪ੍ਰੋਸੈਸਡ ਫੂਡ ਦੇ ਨੁਕਸਾਨ
ਡਾ. ਜਯੇਸ਼ ਵਕਾਨੀ ਦਾ ਕਹਿਣਾ ਹੈ ਕਿ ਜੇਕਰ ਨਕਲੀ ਪ੍ਰੀਜ਼ਰਵੇਟਿਵ ਦੀ ਵਰਤੋਂ ਤੈਅ ਮਾਪਦੰਡ ਤੋਂ ਜ਼ਿਆਦਾ ਮਾਤਰਾ ਅਤੇ ਲੰਮੇ ਸਮੇਂ ਤੱਕ ਕੀਤੀ ਜਾਂਦੀ ਹੈ ਤਾਂ ਸਰੀਰ ’ਚ ਕੈਂਸਰ ਵੀ ਬਣ ਸਕਦਾ ਹੈ।
ਡਾ. ਅਰੁਣ ਗੁਪਤਾ ਵੀ ਕਹਿੰਦੇ ਹਨ ਕਿ ਕਈ ਵਾਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸ਼ੈਲਫ਼ ਲਾਈਫ ਵਧਾਉਣ ਦੇ ਲਈ ਅਜਿਹੇ ਪ੍ਰੀਜ਼ਰਵੇਟਿਵ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਨੁਕਸਾਨ ਹੋ ਸਕਦਾ ਹੈ।
ਉਹ ਅੱਗੇ ਕਹਿੰਦੇ ਹਨ, “ਇਨ੍ਹਾਂ ’ਚ ਪ੍ਰੀਜ਼ਰਵੇਟਿਵ ਅਤੇ ਕਲਰਿੰਗ ਏਜੰਟ ਵਰਗੇ ਰਸਾਇਣ ਹੁੰਦੇ ਹਨ, ਜਿਨ੍ਹਾਂ ਨਾਲ ਸਰੀਰ ’ਚ ਐਲਰਜੀ ਹੋ ਸਕਦੀ ਹੈ ਜਾਂ ਫਿਰ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਸ ਦਾ ਤੁਰੰਤ ਪਤਾ ਨਾ ਲੱਗੇ, ਪਰ ਲੰਮੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਖ਼ਤਰਨਾਕ ਸਿੱਧ ਹੋ ਸਕਦੀ ਹੈ।”
ਗਲੋਬਲ ਹੰਗਰ ਇੰਡੈਕਸ ਦੀ ਸਾਲ 2023 ਦੀ ਰਿਪੋਰਟ ਦੇ ਅਨੁਸਾਰ ਭਾਰਤ 125 ਦੇਸ਼ਾਂ ’ਚ ਭੁੱਖਮਰੀ ਦੇ ਮਾਮਲੇ ’ਚ 111ਵੇਂ ਨੰਬਰ ’ਤੇ ਹੈ ਅਤੇ ਭੁੱਖਮਰੀ ਨਾਲ ਜੂਝ ਰਹੀ ਸਭ ਤੋਂ ਵੱਡੀ ਆਬਾਦੀ ਵਾਲਾ ਮੁਲਕ ਵੀ ਹੈ।
ਜਿੱਥੇ ਇੱਕ ਪਾਸੇ ਦੇਸ਼ ਕੁਪੋਸ਼ਣ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮੋਟਾਪੇ ਦੀ ਵਧਦੀ ਮੁਸ਼ਕਲ ਨਾਲ ਵੀ ਜੂਝ ਰਿਹਾ ਹੈ।ਮੋਟਾਪੇ ਨੂੰ ਵਧਾਉਣ ’ਚ ਅਲਟਰਾ ਪ੍ਰੋਸੈਸਡ ਫੂਡ ਦੀ ਅਹਿਮ ਭੂਮਿਕਾ ਹੈ।
ਡਾ. ਅਰੁਣ ਗੁਪਤਾ ਕਹਿੰਦੇ ਹਨ, “ਕਦੇ ਕਦਾਈਂ ਤਾਂ ਇਨ੍ਹਾਂ ਨੂੰ ਖਾਧਾ ਜਾ ਸਕਦਾ ਹੈ, ਪਰ ਜਦੋਂ ਅਸੀਂ ਇਨ੍ਹਾਂ ਦੀ ਵਰਤੋਂ ਆਪਣੇ ਭੋਜਨ ’ਚ 10% ਤੋਂ ਵੱਧ ਕਰਨ ਲੱਗ ਜਾਂਦੇ ਹਾਂ ਭਾਵ ਕਿ 2000 ਕੈਲੋਰੀਜ਼ ’ਚ 200 ਕੈਲੋਰੀ ਤੋਂ ਵੱਧ ਜੇਕਰ ਅਲਟਰਾ ਪ੍ਰੋਸੈਸਡ ਫੂਡ ਤੋਂ ਆਉਂਦੀਆਂ ਹਨ ਤਾਂ ਫਿਰ ਨੁਕਸਾਨ ਦੀ ਸ਼ੁਰੂਆਤ ਹੋ ਚੁੱਕੀ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ , ਜੋ ਕਿ ਆਪਣੇ ਆਪ ’ਚ ਹੀ ਕਈ ਬਿਮਾਰੀਆਂ ਦਾ ਘਰ ਹੈ। ਮੋਟਾਪੇ ਨਾਲ ਸ਼ੂਗਰ, ਬਲੱਡ ਪ੍ਰੇਸ਼ਰ, ਦਿਲ ਅਤੇ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਅਤੇ ਇੱਥੋਂ ਤੱਕ ਕਿ ਕੈਂਸਰ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਡਾ. ਅਰੁਣ ਗੁਪਤਾ ਦੇ ਮੁਤਾਬਕ, “ਹਾਲ ’ਚ ਹੋਈਆਂ ਖੋਜਾਂ ਇਹ ਵੀ ਸੰਕੇਤ ਕਰਦੀਆਂ ਹਨ ਕਿ ਅਲਟਰਾ ਪ੍ਰੋਸੈਸਡ ਫੂਡ ਦੀ ਵਰਤੋਂ ਕਰਨ ਨਾਲ ਤਣਾਅ ਅਤੇ ਐਂਗਜ਼ਾਇਟੀ ਵੀ ਹੋ ਸਕਦੀ ਹੈ। ਅਜਿਹਾ ਕਿਉਂ ਹੈ, ਇਸ ’ਤੇ ਹਾਲੇ ਅਧਿਐਨ ਜਾਰੀ ਹੈ।”
ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਹਰ ਉਮਰ ਅਤੇ ਵਰਗ ਦੇ ਲੋਕ ਅਲਟਰਾ ਪ੍ਰੋਸੇਸਡ ਫੂਡ ਖਾਂਦੇ ਹਨ, ਪਰ ਭਾਰਤ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੈ, ਕਿਉਂਕਿ ਆਮ ਤੌਰ ’ਤੇ ਬੱਚਿਆਂ ਨੂੰ ਮਿੱਠੀਆਂ ਚੀਜ਼ਾਂ ਪਸੰਦ ਹੁੰਦੀਆਂ ਹਨ। ਉਹ ਚਿਪਸ, ਕੈਂਡੀ, ਚਾਕਲੈਟ, ਪੈਕਡ ਜੂਸ ਅਤੇ ਕੋਲਡ ਡਰਿੰਕ ਆਦਿ ਖਾਣਾ ਪਸੰਦ ਕਰਦੇ ਹਨ।
ਡਾ. ਅਰੁਣ ਗੁਪਤਾ ਦੱਸਦੇ ਹਨ ਕਿ ਵੈਸੇ ਤਾਂ ਇਸ ਸਬੰਧ ’ਚ ਜ਼ਿਆਦਾਤਰ ਖੋਜਾਂ ਬਾਲਗਾਂ ’ਤੇ ਹੋਈਆਂ ਹਨ, ਪਰ 2017 ’ਚ ਹੋਈ ਇੱਕ ਖੋਜ ’ਚ ਪਤਾ ਲੱਗਿਆ ਸੀ ਕਿ ਲਗਭਗ 50% ਬੱਚਿਆਂ ਨੂੰ ਅਲਟਰਾ ਪ੍ਰੋਸੈਸਡ ਫੂਡ ਨਾਲ ਨੁਕਸਾਨ ਹੋ ਰਿਹਾ ਹੈ ਅਤੇ ਇਹ ਉਨ੍ਹਾਂ ਨੂੰ ਮੋਟਾਪੇ ਵੱਲ ਧੱਕ ਰਿਹਾ ਹੈ।
ਇਸ ਤੋਂ ਬਚਣ ਦਾ ਤਰੀਕਾ ਕੀ ਹੈ?
ਮਾਹਰਾਂ ਦਾ ਕਹਿਣਾ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਨੂੰ ਖਾਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ।
ਆਸ਼ਿਮ ਸਾਨਿਆਲ ਦੱਸਦੇ ਹਨ ਕਿ ਜੇਕਰ ਤੁਸੀਂ ਇੱਕ ਹਫ਼ਤੇ ’ਚ ਚਾਰ ਵਾਰ ਅਜਿਹਾ ਭੋਜਨ ਖਾਂਦੇ ਹੋ ਤਾਂ ਹੌਲੀ-ਹੌਲੀ ਇਸ ਦੇ ਸੇਵਨ ’ਚ ਕਮੀ ਲੈ ਕੇ ਆਓ।
ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਫੂਡ ਲੇਬਲ ਦੇ ਬਾਰੇ ’ਚ ਜਾਗਰੂਕ ਕਰਨ ਦੀ ਵੀ ਲੋੜ ਹੈ। ਇਸ ਤੋਂ ਇਲਾਵਾ ਅਜਿਹੇ ਖਾਧ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਸਮੱਗਰੀਆਂ ਦੇ ਫਰੰਟ ’ਤੇ ਪ੍ਰਮੁੱਖ ਰੂਪ ’ਚ ਜਾਣਕਾਰੀ ਦੇਣੀ ਚਾਹੀਦੀ ਹੈ।
ਉਨ੍ਹਾਂ ਦੇ ਅਨੁਸਾਰ, “ਅਸੀਂ ਫਰੰਟ ਆਫ਼ ਪੈਕ ਨਿਊਟ੍ਰੀਸ਼ਨਲ ਲੇਬਲਿੰਗ ’ਤੇ ਜ਼ੋਰ ਦੇ ਰਹੇ ਹਾਂ, ਤਾਂ ਜੋ ਲੇਬਲ ਦੇ ਅਗਲੇ ਹਿੱਸੇ ’ਤੇ ਇਹ ਜਾਣਕਾਰੀ ਦਿੱਤੀ ਜਾਵੇ ਕਿ ਇਸ ’ਚ ਸ਼ੂਗਰ ਜ਼ਿਆਦਾ ਹੈ, ਲੂਣ ਜ਼ਿਆਦਾ ਹੈ ਜਾਂ ਫੈਟ ਜ਼ਿਆਦਾ ਹੈ।
"ਜੇਕਰ ਇਨ੍ਹਾਂ ਮੁੱਖ ਗੱਲਾਂ ’ਤੇ ਧਿਆਨ ਦਿੱਤਾ ਜਾਵੇ ਤਾਂ 80% ਸਮੱਸਿਆ ’ਤੇ ਲਗਾਮ ਕੱਸੀ ਜਾ ਸਕਦੀ ਹੈ। ਹੁਣ ਤੱਕ ਇਹ ਸਾਰੀ ਜਾਣਕਾਰੀ ਲੇਬਲ ਦੇ ਪਿਛਲੇ ਪਾਸੇ ਲਿਖੀ ਹੁੰਦੀ ਹੈ ਅਤੇ ਇਹ ਇੰਨ੍ਹੀ ਛੋਟੀ ਹੁੰਦੀ ਹੈ ਕਿ ਗਾਹਕ ਦਾ ਧਿਆਨ ਵੀ ਨਹੀਂ ਜਾਂਦਾ।”
ਆਸ਼ਿਮ ਸਾਨਿਆਲ ਮਿਸਾਲ ਦਿੰਦੇ ਹੋਏ ਕਹਿੰਦੇ ਹਨ ਕਿ ਲਾਤਿਨੀ ਅਮਰੀਕੀ ਦੇਸ਼ਾਂ ਨੇ ਫਰੰਟ ਲੇਬਲਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਪਹਿਲ ਨਾਲ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ’ਚ ਸੁਧਾਰ ਦਰਜ ਕੀਤਾ ਗਿਆ ਹੈ, ਕਿਉਂਕਿ ਉਹ ਜਾਗਰੂਕ ਹੋ ਰਹੇ ਹਨ।
ਇੱਕ ਪਾਸੇ ਇਹ ਵੀ ਚਰਚਾ ਹੋ ਰਹੀ ਹੈ ਜੇਕਰ ਲੇਬਲਿੰਗ ’ਚ ਜਾਣਕਾਰੀ ਦਿੱਤੀ ਗਈ ਤਾਂ ਇਸ ਨਾਲ ਵਿਕਰੀ ਵੀ ਪ੍ਰਭਾਵਿਤ ਹੋਵੇਗੀ। ਇਸ ਦੇ ਜਵਾਬ ’ਚ ਆਸ਼ਿਮ ਸਾਨਿਆਲ ਕਹਿੰਦੇ ਹਨ ਕਿ ਸਿਗਰਟ ਅਤੇ ਤੰਬਾਕੂ ’ਤੇ ਚਿਤਾਵਨੀ ਦਿੱਤੀ ਗਈ ਹੈ, ਪਰ ਕੀ ਇਸ ਨਾਲ ਅਜਿਹੇ ਉਤਪਾਦਾਂ ਦੀ ਵਿਕਰੀ ਬੰਦ ਹੋਈ ਹੈ?
ਡਾ. ਅਰੁਣ ਗੁਪਤਾ ਕਹਿੰਦੇ ਹਨ ਕਿ ਇਸ ਮਾਮਲੇ ’ਚ ਸਭ ਤੋਂ ਵੱਡੀ ਭੂਮਿਕਾ ਸਰਕਾਰ ਦੀ ਹੈ।
ਉਹ ਕਹਿੰਦੇ ਹਨ, “ਸਰਕਾਰ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੈ। ਲੋਕ ਕੀ ਖਾ ਰਹੇ ਹਨ, ਇਹ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੀਡੀਆ, ਸਮਾਜ ਅਤੇ ਸੰਸਥਾਵਾਂ ਦਾ ਵੀ ਫਰਜ਼ ਹੈ ਕਿ ਉਹ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ। ਫਿਰ ਲੋਕਾਂ ਦੀ ਆਪਣੀ ਮਰਜ਼ੀ ਹੈ ਕਿ ਕੀ ਕਰਨਾ ਹੈ?”
ਡਾ. ਅਰੁਣ ਗੁਪਤਾ ਕਹਿੰਦੇ ਹਨ ਕਿ ਜਿਸ ਤਰ੍ਹਾਂ ਨਾਲ ਦੋ ਸਾਲ ਦੇ ਬੱਚਿਆਂ ਲਈ ਬੇਬੀ ਫੂਡ ਦੀ ਮਸ਼ਹੂਰੀ ਕਰਨ ਲਈ ਭਾਰਤ ’ਚ ਪਾਬੰਦੀ ਲਗਾਈ ਗਈ ਹੈ, ਉਸੇ ਤਰ੍ਹਾਂ ਹੀ ਜ਼ਿਆਦਾ ਲੂਣ, ਖੰਡ ਅਤੇ ਚਰਬੀ ਵਾਲੀਆਂ ਚੀਜ਼ਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ’ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਉਹ ਅੱਗੇ ਕਹਿੰਦੇ ਹਨ, “ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਨੁਕਸਾਨਦੇਹ ਹੈ। ਸੰਭਾਵਨਾ ਹੈ ਕਿ ਇਸ ਸਭ ਦੇ ਬਾਵਜੂਦ ਵੀ ਲੋਕ ਖਾਣ, ਪਰ ਉਹ ਇਸ ਗੱਲ ਤੋਂ ਜਾਣੂ ਹੋਣਗੇ ਕਿ ਅਜਿਹੀਆਂ ਚੀਜ਼ਾਂ ਘੱਟ ਖਾਣੀਆਂ ਹਨ।”
ਡਾ. ਅਰੁਣ ਗੁਪਤਾ ਦੇ ਅਨੁਸਾਰ, “ ਅਜਿਹੀਆਂ ਨੀਤੀਆਂ ਨਾਲ ਇੰਡਸਟਰੀ ਨੂੰ ਵੀ ਸੁਨੇਹਾ ਜਾਂਦਾ ਹੈ ਕਿ ਭਾਵੇਂ ਕਿ ਉਹ ਪ੍ਰੋਸੈਸਡ ਫੂਡ ਬਣਾਉਣ, ਮੁਨਾਫ਼ਾ ਕਮਾਉਣ, ਇਸ ’ਚ ਕੁਝ ਬੁਰਾ ਨਹੀਂ ਹੈ, ਪਰ ਮੁਨਾਫ਼ੇ ਦੇ ਨਾਲ-ਨਾਲ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਸਹੀ ਨਹੀਂ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਅਮਰੀਕਾ ''ਚ ਸਜ਼ਾ-ਏ-ਮੌਤ ਦਾ ਨਵਾਂ ਤਰੀਕਾ: ਜ਼ਹਿਰੀਲੇ ਟੀਕੇ ਦੀ ਜਗ੍ਹਾ ਹੁਣ ਇਸ ਗੈਸ ਨੂੰ ਸੁੰਘਾ ਕੇ...
NEXT STORY