ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ “ਸਿਹਤਮੰਦ ਸਮਾਜ, ਸਿਹਤਮੰਦ ਭਵਿੱਖ” ਦੇ ਉਦੇਸ਼ ਨੂੰ ਮੁੱਖ ਰੱਖਦਿਆਂ 17ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇਸ ਕੈਂਪ ਵਿਚ ਪਿੰਡ ਅਤਲਾ ਕਲਾਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਸਿਹਤ ਸਬੰਧੀ ਜ਼ਰੂਰੀ ਸਲਾਹ ਪ੍ਰਾਪਤ ਕੀਤੀ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਉਹ ਪਰਮਾਤਮਾ, ਆਪਣੇ ਪਿੰਡ ਦੇ ਸਤਿਕਾਰਯੋਗ ਬਜ਼ੁਰਗਾਂ ਅਤੇ ਆਪਣੇ ਮਾਤਾ-ਪਿਤਾ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀਆਂ ਅਸੀਸਾਂ ਅਤੇ ਪ੍ਰੇਰਨਾ ਸਦਕਾ ਉਨ੍ਹਾਂ ਨੂੰ ਡਾਕਟਰੀ ਖੇਤਰ ਰਾਹੀਂ ਮਾਨਵਤਾ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੰਭਾਲ ਕਰਨਾ ਉਨ੍ਹਾਂ ਲਈ ਕੇਵਲ ਪੇਸ਼ੇਵਰ ਫਰਜ਼ ਨਹੀਂ, ਸਗੋਂ ਸਮਾਜ ਪ੍ਰਤੀ ਇੱਕ ਪਵਿੱਤਰ ਜ਼ਿੰਮੇਵਾਰੀ ਵੀ ਹੈ।
ਡਾ. ਸਿੰਗਲਾ ਨੇ ਕਿਹਾ ਕਿ ਅਤਲਾ ਕਲਾਂ ਵਿਖੇ ਲਗਾਇਆ ਗਿਆ ਇਹ 17ਵਾਂ ਮੁਫ਼ਤ ਮੈਡੀਕਲ ਕੈਂਪ ਲੋਕਾਂ ਨੂੰ ਸਮੇਂ ਸਿਰ ਸਿਹਤ ਜਾਂਚ, ਬਿਮਾਰੀਆਂ ਦੀ ਪਛਾਣ ਅਤੇ ਸਹੀ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਨ।
ਇਸ ਲੋਕ-ਭਲਾਈ ਦੇ ਕਾਰਜ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਡਾ. ਅਨਿਲ ਗਰਗ, ਆਤਮਾ ਰਾਮ ਅੱਖਾਂ ਹਸਪਤਾਲ, ਭੀਖੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਰਣਜੀਤ ਸਿੰਘ, ਕਰਨੈਲ ਸਿੰਘ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਾਕਮ ਸਿੰਘ, ਸੈਕਟਰੀ ਦਰਸ਼ਨ ਸਿੰਘ, ਆਰ.ਐੱਮ.ਪੀ. ਡਾ. ਬਲਦੇਵ ਸਿੰਘ, ਜੱਗਾ ਸਿੰਘ ਮੈਂਬਰ, ਰਾਜ ਕੌਰ ਆਸ਼ਾ ਵਰਕਰ, ਕੁਲਵਿੰਦਰ ਕੌਰ ਆਸ਼ਾ ਵਰਕਰ, ਵੀਰਪਾਲ ਕੌਰ ਆਂਗਣਵਾੜੀ ਵਰਕਰ, ਖੁਸ਼ਨਦੀਪ ਸਿੰਘ, ਜਸਕਰਨ ਸਿੰਘ, ਸਰਜੀਵਨ ਸਿੰਘ ਅਤੇ ਅਵਤਾਰ ਸਿੰਘ ਸਮੇਤ ਸਮੂਹ ਪਿੰਡ ਵਾਸੀਆਂ ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਲਹਿਰਾ ਪਾਵਰ ਪਲਾਂਟ ਦੀਆਂ 4 'ਚੋਂ 3 ਯੂਨਿਟਾਂ 15 ਦਿਨਾਂ ਤੋਂ ਬੰਦ
NEXT STORY