ਲੋਕ ਸਭਾ ਚੋਣਾਂ ਪਿੱਛੋਂ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ’ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਦੀ ਹਾਲਤ ਖਸਤਾ ਹੈ। ਪਾਰਟੀ ਨੇ ਆਪਣੇ ਬਲਬੂਤੇ ਆਖਰੀ ਵਾਰ 1984 ’ਚ ਕੇਂਦਰ ’ਚ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਸੀ। ਉਸ ਤੋਂ ਬਾਅਦ ਕਾਂਗਰਸ ਨੇ ਮਰਹੂਮ ਪੀ. ਵੀ. ਨਰਸਿਮ੍ਹਾ ਰਾਓ (1991-96) ਅਤੇ ਮਰਹੂਮ ਡਾ. ਮਨਮੋਹਨ ਸਿੰਘ (2004-14) ਦੀ ਅਗਵਾਈ ’ਚ ਗੱਠਜੋੜ ਦੀ ਸਰਕਾਰ ਚਲਾਈ।
ਪਰ ਹੁਣ ਕਾਂਗਰਸ ਦੀ ਸਥਿਤੀ ਜਿੰਨਾ ਸੋਚਿਆ ਸੀ, ਉਸ ਤੋਂ ਕਿਤੇ ਵੱਧ ਬਦਤਰ ਹੈ। ਬੀਤੀ 8 ਮਾਰਚ ਨੂੰ ਗੁਜਰਾਤ ਪਹੁੰਚੇ ਕਾਂਗਰਸ ਦੇ ਚੋਟੀ ਦੇ ਆਗੂ ਅਤੇ ਲੋਕ ਸਭਾ ’ਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਆਪਣੇ ਹੀ ਆਗੂਆਂ ’ਤੇ ਭੜਕ ਗਏ ਅਤੇ ਕਿਹਾ, ‘‘ਕਾਂਗਰਸ ’ਚ ਆਗੂਆਂ ਦੀ ਕਮੀ ਨਹੀਂ ਹੈ, ਬੱਬਰ ਸ਼ੇਰ ਹਨ ਪਰ ਪਿੱਛੇ ਚੇਨ ਲੱਗੀ ਹੋਈ ਹੈ। ਜੇਕਰ ਸਾਨੂੰ ਸਖਤ ਕਾਰਵਾਈ ਕਰਨੀ ਪਈ, 40 ਲੋਕਾਂ ਨੂੰ ਕੱਢਣਾ ਪਿਆ ਤਾਂ ਕੱਢ ਦੇਣਾ ਚਾਹੀਦਾ ਹੈ। ਭਾਜਪਾ ਲਈ ਅੰਦਰੋਂ ਕੰਮ ਕਰ ਰਹੇ ਹਨ।’’ ਆਖਿਰ ਰਾਹੁਲ ਦਾ ਆਪਣੀ ਪਾਰਟੀ ਦੇ ਆਗੂਆਂ ’ਤੇ ਇਸ ਬੇ-ਭਰੋਸਗੀ ਦਾ ਕਾਰਨ ਕੀ ਹੈ।
ਬਿਨਾਂ ਸ਼ੱਕ ਕਾਂਗਰਸ ਸਮਰਥਕਾਂ-ਹਮਾਇਤੀਆਂ ਲਈ ਇਹ ਚਿੰਤਨ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਆਮ ਜਨਤਾ ਦੇ ਨਾਲ ਕਾਂਗਰਸ ਦਾ ਇਕ ਵਰਗ ਵੀ ਨਾ ਸਿਰਫ ਭਾਜਪਾ-ਸੰਘ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ ਸਗੋਂ ਉਸ ਦੇ ਲਈ ਅੰਦਰਖਾਤਿਓਂ ਕੰਮ ਵੀ ਕਰ ਰਿਹਾ ਹੈ। ਅਸਲ ’ਚ ਰਾਹੁਲ ਅਤੇ ਉਨ੍ਹਾਂ ਦੇ ਸਲਾਹਕਾਰ ਪਾਰਟੀ ਦੇ ਸੰਕਟ ਨੂੰ ਸਮਝਣ ’ਚ ਵਾਰ-ਵਾਰ ਖੁੰਝ ਰਹੇ ਹਨ।
ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਉਸ ਦੀ ਲੀਡਰਸ਼ਿਪ ਦੀ ਅਸਥਿਰਤਾ, ਦਿਸ਼ਾਹੀਣਤਾ ਅਤੇ ਜਨਭਾਵਨਾ ਤੋਂ ਬੇਹੱਦ ਟੁੱਟਣਾ ਹੈ। ਕਾਂਗਰਸ ਸਨਾਤਨ ਸੱਭਿਆਚਾਰ ਪ੍ਰਤੀ ਆਪਣੀ ਪ੍ਰਤੱਖ-ਅਪ੍ਰਤੱਖ ਨਫਰਤ ਪ੍ਰਦਰਸ਼ਿਤ ਕਰ ਕੇ ਭਾਜਪਾ-ਸੰਘ ਤੋਂ ਵੱਖਰੀ ਪਛਾਣ ਬਣਾ ਰਹੀ ਹੈ। ਇਸ ਦੇ ਲਈ ਪਾਰਟੀ ਲੀਡਰਸ਼ਿਪ ਹਿੰਦੂਆਂ ਨੂੰ ਜਾਤਾਂ ’ਚ ਵੰਡਣ ਅਤੇ ਮੁਸਲਮਾਨਾਂ ਨੂੰ ਇਸਲਾਮ ਦੇ ਨਾਂ ’ਤੇ ਇਕਜੁੱਟ ਰੱਖਣ ਦੀ ਵੰਡ ਪਾਊ ਸਿਆਸਤ ਤੋਂ ਗੁਰੇਜ਼ ਨਹੀਂ ਕਰਦੀ।
ਬੀਤੇ ਦਿਨੀਂ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ‘ਗੰਗਾ ’ਚ ਡੁਬਕੀ ਲਾਉਣ ਨਾਲ ਗਰੀਬੀ ਦੂਰ ਨਹੀਂ ਹੁੰਦੀ’ ਸਬੰਧਤ ਬਿਆਨ ਇਸੇ ਮਾਨਸਿਕਤਾ ਦੀ ਪੈਦਾਵਾਰ ਹੈ। ਇਹ ਗੱਲ ਵੱਖਰੀ ਹੈ ਕਿ ਕਰਨਾਟਕ ਦੇ ਉਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਸਕੱਤਰ ਪਾਇਲਟ ਸਮੇਤ ਕਈ ਕਾਂਗਰਸੀ ਆਗੂ ਮਹਾਕੁੰਭ ’ਚ ਇਸ਼ਨਾਨ ਕਰਦੇ ਦਿਖਾਈ ਦਿੱਤੇ ਅਤੇ ਇਨ੍ਹਾਂ ’ਚੋਂ ਕੁਝ ਨੇ ਸਿਆਸਤ ਤੋਂ ਉੱਪਰ ਉੱਠ ਕੇ ਇੰਨੇ ਵਿਸ਼ਾਲ ਆਯੋਜਨ ਲਈ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਪ੍ਰਤੱਖ-ਅਪ੍ਰਤੱਖ ਪ੍ਰਸ਼ੰਸਾ ਵੀ ਕੀਤੀ। ਇਸ ਨਾਲ ਕਾਂਗਰਸ ਲੀਡਰਸ਼ਿਪ ਹੋਰ ਬੇਚੈਨ ਹੋ ਗਈ।
ਵਿਚਾਰਧਾਰਕ-ਸਿਆਸੀ ਕਾਰਨਾਂ ਕਰ ਕੇ ਰਾਹੁਲ ਗਾਂਧੀ ਇਸ ਹੱਦ ਤਕ ਮੋਦੀ-ਵਿਰੋਧ ’ਚ ਚੂਰ ਹੋ ਚੁੱਕੇ ਹਨ ਕਿ ਉਹ ਆਪਣੇ ਬਿਆਨਾਂ ਨਾਲ ਭਾਰਤ ਦੇ ਸਵੈ-ਮਾਣ, ਦੇਸ਼ ਦੀ ਏਕਤਾ, ਅਖੰਡਤਾ, ਸੁਰੱਖਿਆ ਨਾਲ ਗਲੋਬਲ ਕੂਟਨੀਤੀ ’ਚ ਰਾਸ਼ਟਰੀ ਹਿੱਤਾਂ ਨੂੰ ਵੀ ਦਾਅ ’ਤੇ ਲਾਉਣ ਤੋਂ ਪ੍ਰਹੇਜ਼ ਨਹੀਂ ਕਰ ਰਹੇ ਹਨ। ਬੀਤੇ ਦਿਨੀਂ ਲੋਕ ਸਭਾ ’ਚ ਰਾਹੁਲ ਨੇ ਬੇਤੁਕਾ ਦਾਅਵਾ ਕੀਤਾ ਕਿ ਵਿਦੇਸ਼ ਮੰਤਰੀ ਜੈਸ਼ੰਕਰ ਵਾਰ-ਵਾਰ ਅਮਰੀਕਾ ਇਸ ਲਈ ਗਏ ਤਾਂਕਿ ਪ੍ਰਧਾਨ ਮੰਤਰੀ ਮੋਦੀ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ’ਚ ਬੁਲਾਇਆ ਜਾ ਸਕੇ।
ਕੀ ਇਹ ਮੌਜੂਦਾ ਵਿਰੋਧੀ ਧਿਰ ਦੀ ਸਭ ਤੋਂ ਹੋਛੀ ਸਿਆਸਤ ਨਹੀਂ ਹੈ। ਜਦੋਂ ਅਮਰੀਕਾ ’ਚ ਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਹੋਈ ਤਾਂ ਉਸ ਨੂੰ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਆਸ ਭਰਪੂਰ ਦੱਸਿਆ। ਇਹ ਵੀ ਕਾਂਗਰਸੀ ਲੀਡਰਸ਼ਿਪ ਨੂੰ ਚੁੱਭ ਗਿਆ।
ਇਹ ਕੋਈ ਪਹਿਲੀ ਵਾਰ ਨਹੀਂ ਹੈ। ਸਾਲ 2018 ’ਚ ਰਾਹੁਲ ਨੇ ਰਾਫੇਲ ਸਿਲਸਿਲੇ ’ਚ ਫਰਾਂਸੀਸੀ ਰਾਸ਼ਟਰਪਤੀ ਦੇ ਨਾਂ ’ਤੇ ਇਕ ਬੇ-ਬੁਨਿਆਦ ਦਾਅਵਾ ਕੀਤਾ ਸੀ, ਜਿਸ ਦਾ ਖੰਡਨ ਖੁਦ ਫਰਾਂਸੀਸੀ ਸਰਕਾਰ ਨੂੰ ਕਰਨਾ ਪਿਆ। 2017 ’ਚ ਜਦੋਂ ਡੋਕਲਾਮ ’ਚ ਭਾਰਤ ਚੀਨੀ ਉਕਸਾਵੇ ਦਾ ਜਵਾਬ ਦੇ ਰਿਹਾ ਸੀ, ਤਦ ਰਾਹੁਲ ਗੁਪਤ ਤੌਰ ’ਤੇ ਚੀਨੀ ਰਾਜਦੂਤ ਨੂੰ ਮਿਲਣ ਚਲੇ ਗਏ।
ਆਪਣੇ ਹਾਲ ਹੀ ਦੇ ਵਿਦੇਸ਼ੀ ਦੌਰਿਆਂ ’ਚ ਰਾਹੁਲ ਕਈ ਵਾਰ ਇਸ ਗੱਲ ਤੋਂ ਅਸੰਤੁਸ਼ਟ ਹੋ ਚੁੱਕੇ ਹਨ ਕਿ ਅਮਰੀਕਾ ਯੂਰਪ ਅਤੇ ਹੁਣ ਭਾਰਤ ਦੇ ਅੰਦਰੂਨੀ ਮਾਮਲਿਆਂ ’ਤੇ ਕੁਝ ਨਹੀਂ ਬੋਲਦਾ। ਕਈ ਮੌਕਿਆਂ ’ਤੇ ਰਾਹੁਲ ਭਾਰਤ ਨੂੰ ਰਾਸ਼ਟਰ ਦੀ ਬਜਾਏ ਸੂਬਿਆਂ ਦਾ ਸੰਘਰਸ਼ ਦੱਸ ਚੁੱਕੇ ਹਨ। ਰਾਹੁਲ ਦੀ ਇਹ ਮਾਨਸਿਕਤਾ ਉਨ੍ਹਾਂ ਵਿਦੇਸ਼ੀ ਵਿਚਾਰਧਾਰਾਵਾਂ ਅਨੁਸਾਰ ਹੈ, ਜਿਸ ’ਚ ਦੇਸ਼ ਦੀ ਮੂਲ ਸਨਾਤਨ ਸੱਭਿਅਤਾ, ਪਛਾਣ ਅਤੇ ਇਤਿਹਾਸ ਦੇ ਪ੍ਰਤੀ ਹੀਣ-ਭਾਵਨਾ ਅਤੇ ਭਾਰਤ ਨੂੰ ਰਾਸ਼ਟਰ ਨਾ ਮੰਨਣ ਦਾ ਚਿੰਤਨ ਹੈ।
ਅਜਿਹੀ ਹੀ ਮਾਨਸਿਕਤਾ ਤੋਂ ਗ੍ਰਸਤ ਹੋਣ ਕਾਰਨ ਰਾਹੁਲ ਜਾਣੇ-ਅਨਜਾਣੇ ’ਚ ਕਿਸੇ ਤਰ੍ਹਾਂ ਭਾਰਤ-ਵਿਰੋਧੀ ਸ਼ਕਤੀਆਂ ਨੂੰ ਮੌਕਾ ਦੇ ਰਹੇ ਹਨ, ਇਹ ਉਨ੍ਹਾਂ ਦੇ ਸਤੰਬਰ 2014 ਦੇ ਅਮਰੀਕਾ ਦੌਰੇ ’ਚ ਇਸ ਬਿਆਨ ਤੋਂ ਸਪੱਸ਼ਟ ਹੈ। ਉਦੋਂ ਉਨ੍ਹਾਂ ਨੇ ਕਿਹਾ ਸੀ, ‘‘ਲੜਾਈ ਇਸ ਗੱਲ ਦੀ ਹੈ ਕਿ ਇਕ ਸਿੱਖ ਹੋਣ ਦੇ ਨਾਤੇ ਕੀ ਉਨ੍ਹਾਂ ਨੂੰ ਭਾਰਤ ’ਚ ਪੱਗ ਬੰਨ੍ਹਣ, ਕੜਾ ਪਾਉਣ ਜਾਂ ਗੁਰਦੁਆਰੇ ਜਾਣ ਦੀ ਇਜਾਜ਼ਤ ਮਿਲੇਗੀ’। ਇਸ ਨੂੰ ਆਧਾਰ ਬਣਾ ਕੇ ਅਮਰੀਕਾ-ਕੈਨੇਡਾ ਸਥਿਤ ਖਾਲਿਸਤਾਨੀ ਕੱਟੜਵਾਦੀਆਂ ਨੇ ਭਾਰਤ ਦੇ ਵਿਰੁੱਧ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ।
ਹਾਲ ਹੀ ’ਚ ਰਾਹੁਲ ਨੇ ਇਥੋਂ ਤਕ ਕਹਿ ਦਿੱਤਾ ਕਿ ਕਾਂਗਰਸ ਦੀ ਲੜਾਈ ਹੁਣ ਸਿਰਫ ਭਾਜਪਾ-ਸੰਘ ਨਾਲ ਹੀ ਨਹੀਂ, ਸਗੋਂ ‘ਇੰਡੀਅਨ ਸਟੇਟ’ ਭਾਵ ਸਮੁੱਚੇ ਭਾਰਤ ਨਾਲ ਹੈ। ਅਖੀਰ ਇਹ ਕਿਹੋ ਜਿਹੀ ਮਾਨਸਿਕਤਾ ਹੈ, ਕੀ ਇਹ ਸੱਚ ਨਹੀਂ ਕਿ ਜੇਹਾਦੀਆਂ, ਇੰਜੀਲਵਾਦੀਆਂ ਦੇ ਨਾਲ ਨਕਸਲਵਾਦੀ ਵੀ ਦਹਾਕਿਆਂ ਤੋਂ ‘ਇੰਡੀਅਨ ਸਟੇਟ’ ਵਿਰੁੱਧ ‘ਜੰਗ’ ਕਰ ਰਹੇ ਹਨ।
ਜਦੋਂ ਭਾਰਤੀ ਸਨਾਤਨ ਸੱਭਿਆਚਾਰ ’ਚ ਹਜ਼ਾਰਾਂ ਸਾਲਾਂ ਤੋਂ ਸੰਵਾਦ ਅਤੇ ਅਸਹਿਮਤੀ ਨੂੰ ਸਵੀਕਾਰ ਕਰਨ ਦੀ ਰਵਾਇਤ ਰਹੀ ਹੈ ਤਾਂ ਭਾਰਤੀ ਸਿਆਸਤ ’ਚ ਸਿਆਸੀ-ਵਿਚਾਰਧਾਰਕ ਵਿਰੋਧੀ ਨੂੰ ਮੁਕਾਬਲੇਬਾਜ਼ ਦੀ ਥਾਂ ਦੁਸ਼ਮਣ ਮੰਨਣ ਦਾ ਵਿਕਾਰ ਕਿਥੋਂ ਆਇਆ। ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ’ਚ 1960-70 ਦੇ ਦਹਾਕੇ ਤੱਕ ਵੱਖ-ਵੱਖ ਸਿਆਸਤਦਾਨਾਂ ’ਚ ਵਿਚਾਰਧਾਰਕ ਵਖਰੇਵੇਂ ਸਨ ਪਰ ਬਹੁਤ ਹੱਦ ਤਕ ਉਨ੍ਹਾਂ ’ਚ ਵਖਰੇਵੇਂ ਅਤੇ ਦੁਸ਼ਮਣੀ ਦਾ ਭਾਵ ਨਹੀਂ ਸੀ। ਹਾਲ ਹੀ ਦੇ ਸਾਲਾਂ ’ਚ ਇਸ ਅਰਾਜਕਤਾਵਾਦੀ ਸਿਆਸਤ ਨੂੰ ਜੇਕਰ ਕਿਸੇ ਨੇ ਹੋਰ ਤੀਬਰਤਾ ਨਾਲ ਗਤੀ ਦਿੱਤੀ ਹੈ ਤਾਂ ਉਹ ਬਿਨਾਂ ਸ਼ੱਕ ਰਾਹੁਲ ਗਾਂਧੀ ਹੀ ਹਨ।
ਬਲਬੀਰ ਪੁੰਜ
ਪੰਜਾਬ ਨੂੰ ਜੋੜਦੇ ਹੋਏ: ਸੜਕਾਂ, ਰੇਲ ਤੇ ਹਵਾਈ ਅੱਡਿਆਂ ਲਈ ਕੇਂਦਰ ਦੀ ਦ੍ਰਿਸ਼ਟੀ
NEXT STORY