ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ‘ਕੰਗਨਾ ਰਣੌਤ’ ਵੱਲੋਂ 28 ਜੁਲਾਈ, 2026 ਨੂੰ ਜੰਤਰ-ਮੰਤਰ ਵਿਖੇ ‘ਕਾਕਰੋਚ ਜਨਤਾ ਪਾਰਟੀ’ ਵੱਲੋਂ ਆਯੋਜਿਤ ਨੀਟ ਪ੍ਰੀਖਿਆ ਸੰਬੰਧੀ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਕੁੜੀਆਂ ਬਾਰੇ ਇਤਰਾਜ਼ਯੋਗ ਬਿਆਨ ਦੇਣ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ’ਚ ਕੰਗਨਾ ਨੇ ਉਨ੍ਹਾਂ ਨੂੰ ‘ਗਟਰ ਜਨਰੇਸ਼ਨ’ (ਗਟਰ ਛਾਪ) ਦੱਸਦਿਆਂ ਉਨ੍ਹਾਂ ’ਤੇ ਸੈਕਸ ਸੰਬੰਧ ਬਣਾਉਣ ਆਦਿ ਦੇ ਕਈ ਦੋਸ਼ ਲਾਏ ਸਨ।
ਕੰਗਨਾ ਨੇ ਕਿਹਾ ਸੀ ਕਿ ‘‘ਆਜ਼ਾਦ ਜੀਵਨ ਹਾਸਲ ਕਰਨਾ ਪੈਂਦਾ ਹੈ। ਜੇਕਰ ਤੁਸੀਂ ਬਿਨਾਂ ਕੋਈ ਜ਼ਿੰਮੇਵਾਰੀ ਉਠਾਏ ਆਜ਼ਾਦ ਜੀਵਨ ਜਿਊਣ ਦੀ ਕੋਸ਼ਿਸ਼ ਕਰਦੀਆਂ ਹੋ ਤਾਂ ਤੁਸੀਂ ਬਸ ਇਕ ਵਿਗੜੀ ਹੋਈ ਸੋਚ ਵਾਲੀ ਵਿਅਕਤੀ ਜਾਂ ‘ਗਟਰ ਛਾਪ’ ਸ਼ਖ਼ਸ ਬਣ ਕੇ ਰਹਿ ਜਾਂਦੀਆਂ ਹੋ। ਉਹ ਡਰੱਗਜ਼ ਲੈਣ, ਸ਼ਰਾਬ ਪੀਣ ਜਾਂ ਕਈ ਲੋਕਾਂ ਨਾਲ ਸਰੀਰਕ ਸੰਬੰਧ ਬਣਾਉਣ ਦੀ ਆਪਣੀ ਆਜ਼ਾਦੀ ਦਾ ਮਾਣ ਨਾਲ ਦਿਖਾਵਾ ਕਰਦੀਆਂ ਹਨ ਜਦਕਿ ਅਸਲ ’ਚ ਆਪਣੇ ਮਾਤਾ-ਪਿਤਾ ਦੀ ਕਮਾਈ ’ਤੇ ਬੇਸ਼ਰਮੀ ਨਾਲ ਜਿਊਂਦੀਆਂ ਹਨ। ਆਜ਼ਾਦ ਜ਼ਿੰਦਗੀ ਕਮਾਉਣੀ ਪੈਂਦੀ ਹੈ। ਇਹ ਕਥਿਤ ਪੱਛਮੀ ਸੋਚ ਵਾਲੀਆਂ ਭਾਰਤੀ ਔਰਤਾਂ ਦੀ ਨਵੀਂ ਪੀੜ੍ਹੀ ਹੈ ਜਿਨ੍ਹਾਂ ਨੂੰ ਮੈਂ ‘ਜਨਰੇਸ਼ਨ ਗਟਰ’ ਕਹਿੰਦੀ ਹਾਂ।’’
ਫ਼ਿਲਮ ਉਦਯੋਗ ਦੇ ਕਈ ਲੋਕਾਂ ਤੋਂ ਇਲਾਵਾ ਸਿਆਸੀ ਹਸਤੀਆਂ ਨੇ ਵੀ ‘ਕੰਗਨਾ ਰਣੌਤ’ ਦੇ ਉਕਤ ਬਿਆਨ ਦੀ ਆਲੋਚਨਾ ਕੀਤੀ। ਆਪਣੇ ਇਸ ਬਿਆਨ ਨੂੰ ਲੈ ਕੇ ‘ਕੰਗਨਾ’ ਨੇ ਕੋਈ ਮੁਆਫ਼ੀ ਨਹੀਂ ਮੰਗੀ ਸਗੋਂ ਇਸ ਦਾ ਬਚਾਅ ਕੀਤਾ ਅਤੇ ਇਸ ਬਿਆਨ ’ਤੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇਕ ਨਿਊਜ਼ ਚੈਨਲ ਨੇ ‘ਸਵਾਮੀ ਰਾਮਦੇਵ’ ਤੋਂ ‘ਕੰਗਨਾ’ ਦੇ ਬਿਆਨ ਬਾਰੇ ਪੁੱਛਣ ’ਤੇ ‘ਰਾਮਦੇਵ’ ਨੇ ਉਸ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ :
‘‘ਉਨ੍ਹਾਂ ਦੀ ਕੁਆਲੀਫਿਕੇਸ਼ਨ ਕੀ ਹੈ? ਉਨ੍ਹਾਂ ਦਾ ਬਚਪਨ ਕਿਹੋ ਜਿਹਾ ਰਿਹਾ ਹੈ? ਉਨ੍ਹਾਂ ਦੀ ਜਵਾਨੀ ਕਿਹੋ ਜਿਹੀ ਰਹੀ ਹੈ? ਉਨ੍ਹਾਂ ਦੇ ਪਹਿਲਾਂ ਦੇ ਕਾਰਨਾਮੇ ਕਿਹੋ ਜਿਹੇ ਰਹੇ ਹਨ? ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਅਜਿਹੇ ਕਿਸੇ ਵੀ ਦੇਸ਼ ਦੇ ਨੌਜਵਾਨਾਂ ਨੂੰ ਜੈੱਨ ਜ਼ੈੱਡ ਨੂੰ ਗਟਰ-ਪਟਰ ਬੋਲਣਾ ਵਿਗੜੇ ਹੋਏ ਦਿਮਾਗ ਦੀ ਨਿਸ਼ਾਨੀ ਹੈ। ਗ਼ਲਤ ਗੱਲ ਹੈ। ਇਸ ਦੇ ਉੱਪਰ ਜੋ ਹੈ, ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਲੋਕਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ।’’
ਸਵਾਮੀ ਰਾਮਦੇਵ ਤੋਂ ਇਹ ਪੁੱਛਣ ’ਤੇ ਕਿ, ‘‘ਉਹ ਤੁਹਾਡੇ ਯੋਗ ਦੀ ਪ੍ਰਸ਼ੰਸਕ ਰਹੀ ਹੈ।’’ ਉਨ੍ਹਾਂ ਨੇ ਉੱਤਰ ਦਿੱਤਾ, ‘‘ਮੇਰੀ ਪ੍ਰਸ਼ੰਸਾ ਕਰੋ, ਯੋਗ ਦੀ ਪ੍ਰਸ਼ੰਸਾ ਕਰੋ ਤਾਂ (ਕੀ) ਮੈਂ ਉਨ੍ਹਾਂ ਦੇ ਗੁਨਾਹਾਂ ’ਤੇ ਇੱਥੇ ਲਿਪਾਪੋਚੀ ਕਰ ਦਿਆਂ!’’
ਬਾਬਾ ਰਾਮਦੇਵ ਦਾ ਇਹ ਬਿਆਨ ਆਉਂਦਿਆਂ ਹੀ ‘ਕੰਗਨਾ’ ਨੇ ਕਿਹਾ ਕਿ ‘ਸਵਾਮੀ ਰਾਮਦੇਵ’ ਉਨ੍ਹਾਂ ਨੂੰ ਚਰਿੱਤਰ ਦਾ ਪਾਠ ਨਾ ਪੜ੍ਹਾਉਣ ਅਤੇ ਉਨ੍ਹਾਂ ਦੀ ਚਿੰਤਾ ਨਾ ਕਰਨ। ‘ਕੰਗਨਾ’ ਨੇ ਆਪਣੀ ‘ਇੰਸਟਾਗ੍ਰਾਮ ਸਟੋਰੀ’ ’ਤੇ ਸਵਾਮੀ ਰਾਮਦੇਵ ’ਤੇ ਸਿੱਧਾ ਹਮਲਾ ਬੋਲਦਿਆਂ ਲਿਖਿਆ, ‘‘ਬਾਬਾ ਜੀ, ਮੇਰੀ ਜਵਾਨੀ ਜਾਂ ਬੈੱਡਰੂਮ ਬਾਰੇ ਦਿਨ ’ਚ ਸੁਪਨੇ ਨਾ ਦੇਖੋ।’’
‘‘ਕੀ ‘ਰਾਮਦੇਵ’ ਮੇਰੇ ਬੈੱਡਰੂਮ ’ਚ ਚਮਗਿੱਦੜ ਬਣ ਕੇ ਲਟਕੇ ਸਨ? ਮੈਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨੇ ਕੀ ਦੇਖਿਆ? ਉਨ੍ਹਾਂ ਨੇ ਜੋ ਵੀ ਦੇਖਿਆ, ਦੱਸਣਾ ਚਾਹੀਦਾ ਸੀ। ਜਿਸ ਤਰ੍ਹਾਂ ਉਹ ਨਾਰੰਗੀ ਵਸਤਰ ਪਹਿਨਦੇ ਹਨ, ਉਨ੍ਹਾਂ ਨੂੰ ‘ਰਾਮਦੇਵ’ ਨੇ ਸ਼ਰਮਸਾਰ ਕੀਤਾ ਹੈ।’’
ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ’ਚ ‘ਕੰਗਨਾ’ ਨੇ ਕਿਹਾ, ‘‘ਉਨ੍ਹਾਂ ਨੇ ਲੋਕਾਂ ਦੀ ਜ਼ਮੀਨ ਹਥਿਆ ਲਈ ਹੈ। ਲੋਕ ਵਿਲਕ ਰਹੇ ਹਨ। ਸੁਪਰੀਮ ਕੋਰਟ ਤੋਂ ਵੀ ਉਨ੍ਹਾਂ ਨੂੰ ਝਾੜ ਪੈਂਦੀ ਹੈ। ਘੱਟੋ-ਘੱਟ ਮੈਨੂੰ ਝੂਠੇ ਜਾਂ ਫ਼ਰਾਡ ਮੈਡੀਕਲ ਦਾਅਵਿਆਂ ਦੀ ਵਜ੍ਹਾ ਨਾਲ ਕਦੇ ਸੁਪਰੀਮ ਕੋਰਟ ਤੋਂ ਝਾੜ ਨਹੀਂ ਪਈ। ਉਨ੍ਹਾਂ ਨੂੰ ਸਾਡੇ ਆਯੁਰਵੇਦ, ਜੜ੍ਹੀ-ਬੂਟੀ ਔਸ਼ਧੀ ਯੋਗ ਨੂੰ ਲੈ ਕੇ ਉਤਸ਼ਾਹ ਮਿਲਿਆ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਵਪਾਰੀ ਬਣ ਗਏ ਹਨ।’’
‘‘ਵਪਾਰੀ ਬਣਨ ’ਚ ਕੋਈ ਦਿੱਕਤ ਨਹੀਂ ਹੈ ਪਰ ਤੁਹਾਨੂੰ ਸਨਾਤਨੀ ਦਾ ਚੋਲਾ ਨਹੀਂ ਪਹਿਨਣਾ ਚਾਹੀਦਾ। ‘ਰਾਮਦੇਵ’ ਜੋ ਬਣਿਆਨ ਤੇ ਅੰਡਰਗਾਰਮੈਂਟਸ ਵੇਚ ਰਹੇ ਹਨ ਇਸ ’ਚ ਉਨ੍ਹਾਂ ਦਾ ਢੋਂਗ ਅਤੇ ਪਾਖੰਡ ਦਿਸਦਾ ਹੈ। ਇਹ ਫੈਕਟਸ ’ਤੇ ਆਧਾਰਿਤ ਹੈ, ਗੌਸਿਪ ’ਤੇ ਨਹੀਂ ਤਾਂ ਮੈਨੂੰ ਕਰੈਕਟਰ ’ਤੇ ਗਿਆਨ ਨਾ ਦਿਓ। ਮੇਰਾ ਚਰਿੱਤਰ ਤੁਹਾਡੇ ਨਾਲੋਂ ਕਿਤੇ ਵੱਧ ਬਿਹਤਰ ਹੈ ਅਤੇ ਇੱਥੇ ਕੋਈ ਧੋਖਾਦੇਹੀ ਨਹੀਂ ਹੈ। ‘ਬਾਬਾ ਰਾਮਦੇਵ’ ਵਰਗੇ ਲੋਕ ਜੇਕਰ ਸਨਾਤਨੀਆਂ ਨੂੰ ਸ਼ਰਮਿੰਦਾ ਕਰਨਗੇ ਤਾਂ ਉਨ੍ਹਾਂ ਨੂੰ ਕੌਣ ਬਰਦਾਸ਼ਤ ਕਰੇਗਾ! ਹਿੰਦੂ ਧਰਮ ਦੇ ਅਨੁਸਾਰ ਚੱਲਣਾ ਵੱਡੀ ਤਪੱਸਿਆ ਹੈ।’’
ਦੋਵਾਂ ਵਿਚਾਲੇ ਇਹ ਜ਼ੁਬਾਨੀ ਜੰਗ 28 ਅਗਸਤ ਨੂੰ ਇਕ ਨਾਟਕੀ ਘਟਨਾਕ੍ਰਮ ਤੋਂ ਬਾਅਦ ਖਤਮ ਹੋ ਗਈ ਜਦੋਂ ‘ਸਵਾਮੀ ਰਾਮਦੇਵ’ ਨੇ ‘ਕੰਗਨਾ ਰਣੌਤ’ ਨੂੰ ਮਠਿਆਈ ਅਤੇ ਤੋਹਫ਼ਾ ਅਤੇ 500-500 ਰੁਪਏ ਦੇ ਨੋਟਾਂ ਦੀ ਇਕ ਗੱਡੀ ਨਾਲ ਸੁਨੇਹਾ ਭੇਜਿਆ ਕਿ ‘‘ਰਿਸ਼ਤਿਆਂ ’ਚ ਮਿਠਾਸ ਬਣੀ ਰਹਿਣੀ ਚਾਹੀਦੀ ਹੈ ਅਤੇ ਪੁਰਾਣੇ ਗਿਲੇ-ਸ਼ਿਕਵੇ ਭੁੱਲ ਕੇ ਪਿਆਰ ਨਾਲ ਅੱਗੇ ਵਧਣਾ ਚਾਹੀਦਾ ਹੈ।’’
‘ਕੰਗਨਾ ਰਣੌਤ’ ਨੇ ਵੀ ‘ਸਵਾਮੀ ਰਾਮਦੇਵ’ ਦਾ ਸ਼ਾਂਤੀ ਪ੍ਰਸਤਾਵ ਸਵੀਕਾਰ ਕਰ ਕੇ ਇਸ ਵਿਵਾਦ ਨੂੰ ਰੋਕ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਣੇ ਮੋਬਾਈਲ ’ਤੇ ਸਟੇਟਸ ਲਗਾ ਕੇ ਲਿਖਿਆ ਹੈ ਕਿ ‘‘ਤਿਉਹਾਰ ਦਾ ਦਿਨ ਹੁੰਦਾ ਹੈ ਸਭ ਭੁੱਲ-ਚੁੱਕ ਮੁਆਫ਼ ਕਰਨ ਲਈ। ਮੇਰੇ ਵੱਡੇ ਭਰਾ ਰਾਮਦੇਵ ਜੀ ਨੇ ਬਹੁਤ ਚੰਗੀ ਗੱਲ ਕਹੀ ਹੈ ਕਿ ਵਿਵਾਦ ਨਹੀਂ ਸੰਵਾਦ ਹੋਣਾ ਚਾਹੀਦਾ। ਅੱਜ ਰੱਖੜੀ ਦੇ ਦਿਨ ਮੈਂ ਉਨ੍ਹਾਂ ਦੀ ਮਠਿਆਈ ਅਤੇ ਵੱਡੇ ਭਰਾ ਦਾ ਪਿਆਰ ਦੋਵੇਂ ਸਵੀਕਾਰ ਕਰਦੀ ਹਾਂ। ਬਹੁਤ ਧੰਨਵਾਦ! ਈਸ਼ਵਰ ਤੁਹਾਨੂੰ ਲੰਬੀ ਉਮਰ ਦੇਣ।’’
ਜੋ ਵੀ ਹੋਵੇ, ਸਿਆਸੀ ਵਿਸ਼ਲੇਸ਼ਕਾਂ ਨੇ ਹੁਣ ਇਸ ਦੇ ਪਿੱਛੇ ਸਿਆਸੀ ਅਰਥ ਲੱਭਣੇ ਸ਼ੁਰੂ ਕਰ ਦਿੱਤੇ ਹਨ ਕਿ ਇੰਨੀ ਤਿੱਖੀ ਜ਼ੁਬਾਨੀ ਜੰਗ ਤੋਂ ਬਾਅਦ ਅਚਾਨਕ ਇਕਦਮ ਹੋਈ ਸ਼ਾਂਤੀ ਦੇ ਪਿੱਛੇ ਨਿਹਿਤ ਅਰਥ ਕੀ ਹੋ ਸਕਦੇ ਹਨ।
ਰੱਖੜੀ ਭੈਣ-ਭਰਾ ਦੇ ਪਵਿੱਤਰ ਪਿਆਰ ਅਤੇ ਸਦਭਾਵਨਾ ਦਾ ਤਿਉਹਾਰ ਹੈ ਅਤੇ ਅਜਿਹੀ ਸਥਿਤੀ ’ਚ ਕੰਗਨਾ ਨੇ ਸਵਾਮੀ ਰਾਮਦੇਵ ਨੂੰ ਵੱਡੇ ਭਰਾ ਦੇ ਰੂਪ ’ਚ ਅਤੇ ਉਨ੍ਹਾਂ ਦਾ ਤੋਹਫ਼ਾ ਸਵੀਕਾਰ ਕਰ ਕੇ ਸਿਆਣਪ ਦਾ ਹੀ ਪ੍ਰਦਰਸ਼ਨ ਕੀਤਾ ਹੈ।
—ਵਿਜੇ ਕੁਮਾਰ
ਯੂ. ਪੀ. ’ਚ ਮਹਿਲਾਵਾਂ ਨੂੰ ਰੁਝਾਉਣ ’ਚ ਜੁਟੇ ਸਿਆਸੀ ਦਲ
NEXT STORY