ਅੱਤਵਾਦ ਗ੍ਰਸਤ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪੂਰੇ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸੁਰੱਖਿਆ ਬਲ ਮਿਲ ਕੇ ਮੁਹਿੰਮ ਚਲਾ ਰਹੇ ਹਨ। ਇਸ ਦੇ ਅਧੀਨ ਅੱਤਵਾਦੀਆਂ ਦੇ ਮਦਦਗਾਰਾਂ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਆਦਿ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀਆਂ ਲਗਭਗ ਪਿਛਲੇ ਡੇਢ ਮਹੀਨੇ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠ ਲਿਖੇ ਅਨੁਸਾਰ ਦਰਜ ਹਨ :
* 3 ਅਗਸਤ ਨੂੰ ‘ਬਾਰਾਮੂਲਾ’ ਅਤੇ ‘ਪੁਲਵਾਮਾ’ ਜ਼ਿਲਿਆਂ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਮਦਦਗਾਰ ‘ਏਜਾਜ ਅਹਿਮਦ ਗਨਾਈ’ ਨੂੰ ‘ਬਾਰਾਮੂਲਾ’ ਦੇ ‘ਸ਼ੀਰੀ’ ਇਲਾਕੇ ਤੋਂ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਪਿਸਤੌਲ, 9 ਐੱਮ. ਐੱਮ. ਦੇ 10 ਕਾਰਤੂਸ, ਇਕ ਮੈਗਜ਼ੀਨ ਅਤੇ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ।
* ਇਸੇ ਦਿਨ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਇਕ ਹੋਰ ਮਦਦਗਾਰ ‘ਤੌਸੀਫ਼ ਅਹਿਮਦ ਡਾਰ’ ਨੂੰ ‘ਪੁਲਵਾਮਾ’ ਜ਼ਿਲੇ ਦੇ ‘ਰਾਜਪੋਰਾ’ ਤੋਂ ਗ੍ਰਿਫ਼ਤਾਰ ਕਰ ਕੇ ਉਸ ਤੋਂ ਇਕ ਹੈਂਡ ਗ੍ਰੇਨੇਡ ਅਤੇ ਇਤਰਾਜ਼ਯੋਗ ਪੋਸਟਰ ਬਰਾਮਦ ਕੀਤੇ।
* 25 ਅਗਸਤ ਨੂੰ ‘ਸ਼ੋਪੀਆਂ’ ਜ਼ਿਲੇ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ 3 ਮਦਦਗਾਰਾਂ ‘ਜੁਨੈਦ ਅਹਿਮਦ ਡਾਰ’, ‘ਆਮਿਰ ਯੂਸੁਫ਼’ ਅਤੇ ‘ਜੁਨੈਦ ਮੁਜ਼ੱਫ਼ਰ’ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ 2 ਹੱਥਗੋਲੇ ਅਤੇ ਅੱਤਵਾਦੀ ਸੰਗਠਨ ‘ਹਿਜ਼ਬੁਲ ਮੁਜਾਹਿਦੀਨ’ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ।
* ਇਸੇ ਦਿਨ ‘ਪੁਲਵਾਮਾ’ ’ਚ ‘ਰਾਜਪੋਰਾ’ ਇਲਾਕੇ ਦੇ ‘ਯਾਰਵਾਨ ਜੰਗਲ’ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ 2 ਮਦਦਗਾਰਾਂ ‘ਲਤੀਫ਼ ਅਹਿਮਦ ਦੀਦਾਦ’ ਅਤੇ ‘ਏਜਾਜ ਅਹਿਮਦ’ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 1 ਪਿਸਤੌਲ ਦੇ 12 ਰਾਊਂਡ ਅਤੇ 1 ਹੈਂਡ ਗ੍ਰੇਨੇਡ ਬਰਾਮਦ ਕੀਤਾ।
* 26 ਅਗਸਤ ਨੂੰ ਅੱਤਵਾਦੀਆਂ ਦੇ ਮਦਦਗਾਰਾਂ ਵਿਰੁੱਧ ਇਕ ਵੱਡੀ ਮੁਹਿੰਮ ’ਚ ਸ਼ੋਪੀਆਂ ’ਚ ਅੱਤਵਾਦੀਆਂ ਦੇ 6 ਮਦਦਗਾਰ ਅਤੇ ‘ਸੋਪੋਰ’ ਤੇ ਪੁਲਵਾਮਾ ’ਚ 2-2 ਮਦਦਗਾਰ ਗ੍ਰਿਫ਼ਤਾਰ ਕਰ ਕੇ ਸੁਰੱਖਿਆ ਬਲਾਂ ਨੇ ਹੈਂਡ ਗ੍ਰੇਨੇਡ, ਗੋਲਾ-ਬਾਰੂਦ ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਪੋਸਟਰ ਬਰਾਮਦ ਕੀਤੇ।
* 27 ਅਗਸਤ ਨੂੰ ‘ਸੋਪੋਰ’ ’ਚ ਸੁਰੱਖਿਆ ਬਲਾਂ ਨੇ ‘ਲਸ਼ਕਰ-ਏ-ਤੋਇਬਾ’ ਦੇ 3 ਮਦਦਗਾਰਾਂ ‘ਸ਼ਾਰਿਕ ਅਸ਼ਰਫ਼’, ‘ਸਕਲੈਨ ਮੁਸ਼ਤਾਕ’ ਅਤੇ ‘ਤੌਫ਼ੀਕ ਹਸਨ ਸ਼ੇਖ’ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਗ੍ਰੇਨੇਡ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ।
* 5 ਸਤੰਬਰ ਨੂੰ ‘ਪੁੰਛ’ ਜ਼ਿਲੇ ਦੇ ‘ਸੁਰਨਕੋਟ’ ’ਚ ‘ਜੰਮੂ-ਕਸ਼ਮੀਰ ਗਜ਼ਨਵੀ ਫੋਰਸ’ ਦੇ ਇਕ ਅੱਤਵਾਦੀ ਮਦਦਗਾਰ ‘ਮੁਹੰਮਦ ਸ਼ੱਬੀਰ’ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 3 ਹੈਂਡ ਗ੍ਰੇਨੇਡ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ। ਉਹ ਸਰਹੱਦ ਪਾਰ ਬੈਠੇ ਹੈਂਡਲਰ ਦੇ ਸਿੱਧੇ ਸੰਪਰਕ ’ਚ ਸੀ।
* ਅਤੇ ਹੁਣ 15 ਸਤੰਬਰ ਨੂੰ ਜੰਮੂ ’ਚ ‘ਰਾਜੌਰੀ’ ਪੁਲਸ ਨੇ ਇਕ ਟੈਰਰ ਮਾਡਿਊਲ ਦਾ ਪਰਦਾਫਾਸ਼ ਕਰ ਕੇ ਅੱਤਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ ਨਾਲ ਜੁੜੇ ਅੱਤਵਾਦੀਆਂ ਦੇ 3 ਮਦਦਗਾਰਾਂ ‘ਜ਼ਾਕਿਰ ਹੁਸੈਨ’, ‘ਮੁਹੰਮਦ ਆਜ਼ਮ’ ਅਤੇ ‘ਮੁਹੰਮਦ ਮੁਸ਼ਤਾਕ’ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਮੁਲਜ਼ਮ ਅੱਤਵਾਦੀਆਂ ਨੂੰ ‘ਲੌਜਿਸਟਿਕਲ ਸਪੋਰਟ’, ਸੁਰੱਖਿਅਤ ਆਵਾਜਾਈ ਅਤੇ ਹੋਰ ਸਹਾਇਤਾ ਉਪਲਬਧ ਕਰਵਾਉਣ ’ਚ ਸ਼ਾਮਲ ਸਨ। ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਇਹ ਕਸ਼ਮੀਰ ਘਾਟੀ ’ਚ ਅੱਤਵਾਦੀਆਂ ਦੇ ‘ਗਾਈਡ’ ਦੇ ਤੌਰ ’ਤੇ ਕੰਮ ਕਰਦੇ ਸਨ।
ਪੁੱਛਗਿੱਛ ਦੌਰਾਨ ਇਕ ਦੋਸ਼ੀ ਦੇ ਇੰਕਸ਼ਾਫ ’ਤੇ ਇਕ ਆਈ. ਈ. ਡੀ. (ਵਿਸਫੋਟਕ) ਵੀ ਬਰਾਮਦ ਕੀਤਾ ਗਿਆ। ਉਸ ਨੂੰ ਇਕ ਅੱਤਵਾਦੀ ਗਰੁੱਪ ਦੇ ਮੈਂਬਰਾਂ ਨੇ ਆਪਣੇ ਕੋਲ ਸੁਰੱਖਿਅਤ ਰੱਖਣ ਲਈ ਦਿੱਤਾ ਸੀ ਤਾਂ ਜੋ ਭਵਿੱਖ ’ਚ ਇਸ ਨੂੰ ਕਿਸੇ ਹਮਲੇ ’ਚ ਇਸਤੇਮਾਲ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਰਾਜੌਰੀ ਜ਼ਿਲੇ ’ਚ ਅੱਤਵਾਦੀ ਗਤੀਵਿਧੀਆਂ ’ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਪੀ. ਓ. ਕੇ. ’ਚ ਰਹਿਣ ਵਾਲੇ ਅੱਤਵਾਦੀ ਹੈਂਡਲਰਾਂ ਦੇ ਨਾਲ ਸੰਪਰਕਾਂ ਦੇ ਦੋਸ਼ ’ਚ ਅਨੇਕਾਂ ਓਵਰਗ੍ਰਾਊਂਡ ਵਰਕਰਾਂ (ਮਦਦਗਾਰਾਂ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਰੱਖਿਆ ਏਜੰਸੀਆਂ ਅਨੁਸਾਰ ਅਜਿਹੇ ਮਦਦਗਾਰਾਂ ਨੂੰ ਆਮ ਤੌਰ ’ਤੇ ਅੱਤਵਾਦੀਆਂ ਨੂੰ ਸੰਘਣੇ ਜੰਗਲਾਂ ’ਚ ਰਸਤਾ ਦਿਖਾਉਣ, ਉਨ੍ਹਾਂ ਨੂੰ ਲੌਜਿਸਟਿਕਲ ਸਪੋਰਟ ਦੇਣ ਅਤੇ ਸੁਰੱਖਿਆ ਬਲਾਂ ਦੀ ਆਵਾਜਾਈ ਦੀ ਸੂਚਨਾ ਦੇਣ ਦੇ ਬਦਲੇ ’ਚ ਆਰਥਿਕ ਮਦਦ ਦਿੱਤੀ ਜਾਂਦੀ ਹੈ।
ਹਾਲਾਂਕਿ ਇਸ ਅਸ਼ਾਂਤ ਰਾਜ ’ਚ ਅੱਤਵਾਦ ਨੂੰ ਸਮਾਪਤ ਕਰਨ ਦੀ ਦਿਸ਼ਾ ’ਚ ਸੁਰੱਖਿਆ ਬਲਾਂ ਦੁਆਰਾ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰੰਤੂ ਇਸ ’ਚ ਹੋਰ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਅਜੇ ਭਾਰਤ ’ਚ ਬੈਠੇ ਕੁਝ ਦੇਸ਼ਧ੍ਰੋਹੀ ਭਾਰਤ ਦੇ ਦੁਸ਼ਮਣ ਪਾਕਿਸਤਾਨ ਦੇ ਇਸ਼ਾਰੇ ’ਤੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।
—ਵਿਜੇ ਕੁਮਾਰ
ਹਿੰਸਾ ਦੇ ਵਧਦੇ ਰੁਝਾਨ ’ਤੇ ਰੋਕ ਲਾਉਣ ਦੀ ਲੋੜ
NEXT STORY