ਹਾਲ ਹੀ ’ਚ ਸੁਪਰੀਮ ਕੋਰਟ ਨੇ 2 ਬੱਚਿਆਂ ਤੋਂ ਵੱਧ ਹੋਣ ’ਤੇ ਸਥਾਨਕ ਅਦਾਰਿਆਂ ਦੀਆਂ ਚੋਣਾਂ ਨਾ ਲੜ ਸਕਣ ਦੇ 2003 ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿੱਤੇ ਗਏ ਫੈਸਲੇ ਨੂੰ ਅੱਜ ਦੇ ਦੌਰ ’ਚ ਬੇਤੁਕਾ ਦੱਸਿਆ ਕਿਉਂਕਿ ਭਾਰਤ ’ਚ ਆਬਾਦੀ ਦੀ ਦਰ ਡਿੱਗ ਕੇ 1.9 ਰਹਿ ਗਈ ਹੈ। ਇਸ ਦਾ ਭਾਵ ਇਹ ਹੈ ਕਿ ਹੁਣ ਪ੍ਰਤੀ ਜੋੜਾ 2 ਤੋਂ ਘੱਟ ਬੱਚੇ ਜਨਮ ਲੈ ਰਹੇ ਹਨ, ਜਦਕਿ 2003 ’ਚ ਇਹ ਦਰ ਪ੍ਰਤੀ ਜੋੜਾ 3 ਸੀ। ਅੰਕੜੇ ਦੱਸਦੇ ਹਨ ਕਿ ਜਦੋਂ ਜਣੇਪਾ ਦਰ 2.1 ਤੋਂ ਹੇਠਾਂ ਆ ਜਾਵੇ ਤਾਂ ਆਬਾਦੀ ਘਟਣ ਲੱਗਦੀ ਹੈ। ਇਹੀ ਭਾਰਤ ’ਚ ਹੋ ਰਿਹਾ ਹੈ। ਇਸੇ ਲਈ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਆਬਾਦੀ ਦੀ ਨੀਤੀ ’ਤੇ ਗੱਲ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਆਬਾਦੀ ਡਿੱਗ ਰਹੀ ਹੈ।
ਕੁਝ ਸਾਲ ਪਹਿਲਾਂ ਟੈਸਲਾ ਅਤੇ ਸਪੇਸਐਕਸ ਦੇ ਮਾਲਕ ਮਸ਼ਹੂਰ ਅਮਰੀਕੀ ਉਦਯੋਗਪਤੀ ਐਲਨ ਮਸਕ ਨੇ ਕਿਹਾ ਸੀ ਕਿ ਦੁਨੀਆ ਦੀ ਆਬਾਦੀ ਬਹੁਤ ਘੱਟ ਹੈ। ਜੇ ਕਿਸੇ ਬਾਹਰੀ ਗ੍ਰਹਿ ਤੋਂ ਧਰਤੀ ’ਤੇ ਹਮਲਾ ਹੁੰਦਾ ਹੈ ਤਾਂ ਧਰਤੀ ’ਤੇ ਆਬਾਦੀ ਖ਼ਤਮ ਹੋ ਸਕਦੀ ਹੈ।
ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੀ ਵਧਦੀ ਆਬਾਦੀ ਤੇ ਲਗਾਤਾਰ ਘਟਦੇ ਸਾਧਨਾਂ ’ਤੇ ਗੱਲ ਕੀਤੀ ਜਾ ਰਹੀ ਹੈ। ‘ਹਮ ਦੋ ਹਮਾਰੇ ਦੋ’ ਦੇ ਨਾਅਰੇ ਨੂੰ ਮੱਧ ਵਰਗ ਨੇ ਤਾਂ ਅਰਸੇ ਤੋਂ ਅਪਣਾ ਰੱਖਿਆ ਹੈ। ਉਹ ਵਕਤ ਵੀ ਰਿਹਾ ਹੈ ਜਦੋਂ ਕਿਸੇ ਦੇ 2 ਤੋਂ ਵੱਧ ਬੱਚੇ ਹੁੰਦੇ ਸਨ ਤਾਂ ਉਸ ਦਾ ਜਨਤਕ ਤੌਰ ’ਤੇ ਮਜ਼ਾਕ ਉਡਾਇਆ ਜਾਂਦਾ ਸੀ। ਇਹ ਉਹ ਦੌਰ ਸੀ ਜਦੋਂ ਵਧੇਰੇ ਨੌਜਵਾਨ ਵੱਡੇ-ਵੱਡੇ ਸਾਂਝੇ ਪਰਿਵਾਰਾਂ ’ਚੋਂ ਆਏ ਸਨ। ਉਹ ਵੱਡੇ ਪਰਿਵਾਰ ਦੀ ਸ਼ਕਤੀ ਨੂੰ ਪਛਾਣਦੇ ਸਨ। ਕਿਸੇ ਮੁਸ਼ਕਲ ਦੇ ਸਮੇਂ ਆਮ ਤੌਰ ’ਤੇ ਪਰਿਵਾਰ ਇਕ-ਦੂਜੇ ਦੇ ਕੰਮ ਆਉਂਦੇ ਸਨ।
ਪਰ ਵਧੀ ਆਬਾਦੀ ਦੇ ਖ਼ਰਚੇ ਕਿਵੇਂ ਚੱਲਣ, ਇਸ ਨੂੰ ਲੈ ਕੇ ਇੰਨਾ ਡਰ ਬਿਠਾਇਆ ਗਿਆ ਕਿ ਲੋਕ ਬੱਚਿਆਂ ਨੂੰ ਸਭ ਤੋਂ ਵੱਡਾ ਖਲਨਾਇਕ ਮੰਨਣ ਲੱਗੇ। ਜਿਵੇਂ ਕਿ ਬੱਚੇ ਆਉਣਗੇ ਤਾਂ ਸਾਰੀਆਂ ਸੁੱਖ-ਸਹੂਲਤਾਂ ’ਚ ਵਿਘਨ ਪੈ ਜਾਵੇਗਾ। ਆਬਾਦੀ ਕਾਰਨ ਹੀ ਇਸ ਦੇਸ਼ ਦੀਆਂ ਸਾਰੀਆਂ ਮੁਸੀਬਤਾਂ ਹਨ ਪਰ ਹੁਣ ਇਸ ਵਿਚਾਰ ਨੂੰ ਸਿਰ ਦੇ ਭਾਰ ਖੜ੍ਹਾ ਕੀਤਾ ਜਾ ਰਿਹਾ ਹੈ।
ਦੱਖਣ ’ਚ ਤਾਂ ਲਗਾਤਾਰ ਘਟਦੀ ਆਬਾਦੀ ’ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤਾਂ ਦੂਜੇ ਬੱਚੇ ’ਤੇ 25,000, ਤੀਜੇ ’ਤੇ 30,000 ਅਤੇ ਚੌਥੇ ’ਤੇ 40,000 ਰੁਪਏ ਦੇਣ ਦਾ ਐਲਾਨ ਕਰ ਚੁੱਕੇ ਹਨ। ਇਹ ਗੱਲ ਉਦੋਂ ਹੈ, ਜਦੋਂ ਭਾਰਤ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ।
ਹੁਣ ਤਾਂ ਵਧੇਰੇ ਨੌਜਵਾਨ ਇਕ ਹੀ ਬੱਚੇ ਨੂੰ ਚਾਹੁੰਦੇ ਹਨ। ਇਸ ਦਾ ਇਕ ਵੱਡਾ ਕਾਰਨ ਉਹ ਇਹ ਦੱਸਦੇ ਹਨ ਕਿ ਇਨ੍ਹੀਂ ਦਿਨੀਂ ਇਕ ਬੱਚੇ ਨੂੰ ਪਾਲਣਾ, ਉਸ ਨੂੰ ਪੜ੍ਹਾਉਣਾ-ਲਿਖਾਉਣਾ, ਕਿਸੇ ਕੰਮ ਯੋਗ ਬਣਾਉਣਾ ਬੇਹੱਦ ਖ਼ਰਚੀਲਾ ਹੈ। ਨੌਕਰੀ ਦਾ ਕੋਈ ਭਰੋਸਾ ਨਹੀਂ। ਅਜਿਹੀ ਹਾਲਤ ’ਚ ਜੇ ਇਹ ਕਿਹਾ ਜਾਣ ਲੱਗੇ ਕਿ ਆਬਾਦੀ ਘੱਟ ਹੋ ਚੱਲੀ ਹੈ, ਇਸ ਲਈ ਵੱਧ ਤੋਂ ਵੱਧ ਬੱਚੇ ਪੈਦਾ ਹੋਣੇ ਚਾਹੀਦੇ ਹਨ ਤਾਂ ਕੁਝ ਹੈਰਾਨੀ ਵੀ ਹੁੰਦੀ ਹੈ।
ਇਹ ਗੱਲਾਂ ਸਿਰਫ਼ ਭਾਰਤ ’ਚ ਹੀ ਨਹੀਂ ਕਹੀਆਂ ਜਾ ਰਹੀਆਂ, ਪੂਰੀ ਦੁਨੀਆ ’ਚ ਬਹੁਤ ਸਾਰੇ ਦੇਸ਼ ਆਪਣੀ ਘਟਦੀ ਆਬਾਦੀ ਤੋਂ ਪਰੇਸ਼ਾਨ ਹਨ। ਚੀਨ, ਜਾਪਾਨ, ਰੂਸ ਆਦਿ ਕਈ ਦੇਸ਼ ਆਪਣੇ ਲੋਕਾਂ ਨੂੰ ਕਹਿ ਰਹੇ ਹਨ ਕਿ ਜ਼ਿਆਦਾ ਬੱਚੇ ਪੈਦਾ ਕਰੋ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗਾਂ ਦੀ ਆਬਾਦੀ ਵਧਦੀ ਜਾ ਰਹੀ ਹੈ। ਨੌਜਵਾਨ ਜੋੜੇ ਬੱਚਿਆਂ ਨੂੰ ਜਨਮ ਨਹੀਂ ਦੇਣਾ ਚਾਹੁੰਦੇ।
ਇਕ ਸਮੇਂ ’ਚ ਚੀਨ ਨੇ ਵਧਦੀ ਆਬਾਦੀ ਕਾਰਨ ਬਹੁਤ ਸਖ਼ਤ ‘ਇਕ ਬੱਚਾ’ ਵਾਲੀ ਨੀਤੀ ਅਪਣਾਈ ਸੀ ਪਰ ਹੁਣ ਉਹੀ ਚੀਨ ਨੌਜਵਾਨਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਲਈ ਤਰ੍ਹਾਂ-ਤਰ੍ਹਾਂ ਨਾਲ ਉਤਸ਼ਾਹ ਦੇ ਰਿਹਾ ਹੈ। ਇੱਥੋਂ ਤੱਕ ਕਿ ਡੇਟਿੰਗ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾ ਰਹੇ ਹਨ। ਛੁੱਟੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਨੌਜਵਾਨ ਸਰਕਾਰ ਦੀਆਂ ਗੱਲਾਂ ਮੰਨਣ ਨੂੰ ਤਿਆਰ ਨਹੀਂ ਹਨ। ਉਹ ਵੱਧ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਉਠਾਉਣਾ ਚਾਹੁੰਦੇ। ਕੁੜੀਆਂ ਤਾਂ ਚੁਣੌਤੀ ਦਿੰਦੀਆਂ ਕਹਿ ਰਹੀਆਂ ਹਨ ਕਿ ਕੀ ਅਸੀਂ ਕੋਈ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾਂ ਹਾਂ? ਜ਼ਿਆਦਾ ਬੱਚੇ ਹੋਣਗੇ ਤਾਂ ਪਾਲਣੇ ਸਾਨੂੰ ਹੀ ਪੈਣਗੇ। ਰੂਸ ’ਚ ਤਾਂ 10 ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਪੱਛਮੀ ਦੇਸ਼ ਵੀ ਆਬਾਾਦੀ ਦੀ ਕਮੀ ਨਾਲ ਜੂਝ ਰਹੇ ਹਨ।
ਪੂਰੀ ਦੁਨੀਆ ਦੀਆਂ ਸਰਕਾਰਾਂ ਦੇ ਸਾਹਮਣੇ ਚੁਣੌਤੀ ਹੈ ਕਿ ਜੇ ਨਵੀਂ ਪੀੜ੍ਹੀ ਜਨਮ ਨਹੀਂ ਲਵੇਗੀ ਤਾਂ ਦੇਸ਼ਾਂ ਦੀ ਆਰਥਿਕਤਾ ਚੱਲੇਗੀ ਕਿਵੇਂ? ਕੰਮ ਕੌਣ ਕਰੇਗਾ? ਹਾਲਾਂਕਿ ਦੁਨੀਆ ’ਚ ਬਹੁਤ ਸਾਰੇ ਉਲਟ-ਪੁਲਟ ਵਿਚਾਰ ਵੀ ਦਿਸਦੇ ਹਨ। ਇਕ ਪਾਸੇ ਤਾਂ ਘੱਟ ਆਬਾਦੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਏ. ਆਈ. ਦਾ ਢੋਲ ਪਿੱਟਿਆ ਜਾ ਰਿਹਾ ਹੈ। ਐਲਨ ਮਸਕ ਹੀ ਦੱਸ ਰਹੇ ਹਨ ਕਿ ਕੁਝ ਸਾਲਾਂ ’ਚ ਕਿਸੇ ਵੀ ਆਦਮੀ ਨੂੰ ਕੰਮ ਕਰਨ ਦੀ ਲੋੜ ਨਹੀਂ ਰਹੇਗੀ। ਲੋਕ ਕੰਮ ਲੋੜ ਲਈ ਨਹੀਂ, ਸ਼ੌਕੀਆ ਕਰਿਆ ਕਰਨਗੇ। ਸਾਰਾ ਕੰਮ ਏ. ਆਈ. ਸੰਭਾਲ ਲਵੇਗਾ। ਇੱਥੋਂ ਤੱਕ ਕਿ ਪੈਸੇ ਦੀ ਵੀ ਕੋਈ ਲੋੜ ਨਹੀਂ ਰਹੇਗੀ।
ਜੇ ਏ. ਆਈ. ਨਾਲ ਜੁੜੀਆਂ ਇਨ੍ਹਾਂ ਗੱਲਾਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਫਿਰ ਆਬਾਦੀ ਨੌਜਵਾਨਾਂ ਦੀ ਹੋਵੇ ਜਾਂ ਬਜ਼ੁਰਗਾਂ ਦੀ, ਕੀ ਫ਼ਰਕ ਪੈਂਦਾ ਹੈ ਕਿਉਂਕਿ ਕੰਮ ਤਾਂ ਕਿਸੇ ਨੇ ਕਰਨਾ ਨਹੀਂ ਹੈ। ਸਾਰਾ ਕੰਮ ਏ. ਆਈ. ਦੇ ਜ਼ਿੰਮੇ ਹੋਵੇਗਾ। ਜੇ ਵਾਕਈ ਅਜਿਹਾ ਹੋਵੇ ਤਾਂ ਇਹ ਦੁਨੀਆ ਕਿੰਨੀ ਡਰਾਉਣੀ ਹੋਵੇਗੀ? ਮਨੁੱਖ ਨੇ ਲੱਖਾਂ ਸਾਲਾਂ ਦੀ ਮਿਹਨਤ ਨਾਲ ਜੋ ਯੋਗਤਾਵਾਂ ਹਾਸਲ ਕੀਤੀਆਂ ਹਨ, ਗਿਆਨ-ਵਿਗਿਆਨ ਦੇ ਖੇਤਰ ’ਚ ਜੋ ਤਰੱਕੀ ਕੀਤੀ ਹੈ, ਉਹ ਕੀ ਵਾਕਈ ਨਸ਼ਟ ਹੋ ਜਾਵੇਗੀ?
ਫਿਰ ਇਹ ਵੀ ਕਿ ਇਕ ਹੱਦ ਤੋਂ ਬਾਅਦ ਇਸ ਧਰਤੀ ’ਤੇ ਮਨੁੱਖਾਂ ਦੀ ਲੋੜ ਵੀ ਕੀ ਰਹੇਗੀ। ਚਾਰੇ ਪਾਸੇ ਬਸ ਮਸ਼ੀਨਾਂ ਦਾ ਰਾਜ ਹੋਵੇਗਾ। ਫਿਰ ਕੀ ਰੁੱਖ, ਪੌਦੇ, ਪਸ਼ੂ, ਪੰਛੀ, ਨਦੀ, ਪਹਾੜ ਮਨੁੱਖ ਦੀਆਂ ਯਾਦਾਂ ’ਚੋਂ ਗਾਇਬ ਹੋ ਜਾਣਗੇ? ਕੀ ਇਕ ਦਿਨ ਅਜਿਹਾ ਆਵੇਗਾ ਜਦੋਂ ਇਸ ਧਰਤੀ ’ਤੇ ਮਨੁੱਖ ਨਹੀਂ, ਉਸ ਦੇ ਅਵਸ਼ੇਸ਼ ਬਚੇ ਹੋਣਗੇ? ਹਾਲੀਵੁੱਡ ’ਚ ਅਜਿਹੀਆਂ ਅਨੇਕ ਫ਼ਿਲਮਾਂ ਬਣ ਚੁੱਕੀਆਂ ਹਨ। ਪ੍ਰਮਾਤਮਾ ਕਰੇ ਕਿ ਇਹ ਡਰਾਉਣੀਆਂ ਭਵਿੱਖਬਾਣੀਆਂ ਸੱਚ ਨਹੀਂ ਸਗੋਂ ਕਲਪਨਾ ਸਾਬਤ ਹੋਣ।
-ਸ਼ਮਾ ਸ਼ਰਮਾ
ਸੋਨੀਆ ਗਾਂਧੀ ਨੇ ਆਪਣੇ ਜੀਵਨ ਅੰਦਰ ਇਕ ਖਿੜਕੀ ਖੋਲ੍ਹੀ ਹੈ
NEXT STORY