ਹਰ ਇਨਸਾਨ ਹਰ ਉਮਰ ਅਤੇ ਹਰ ਹਾਲ ’ਚ ਇਕ ਹੀ ਚੀਜ਼ ਲੱਭ ਰਿਹਾ ਹੈ ਅਤੇ ਉਹ ਹੈ ਖੁਸ਼ੀ। ਬੱਚਾ ਉਸ ਨੂੰ ਖਿਡੌਣਿਆਂ ’ਚ ਲੱਭਦਾ ਹੈ, ਨੌਜਵਾਨ ਪ੍ਰਾਪਤੀਆਂ ’ਚ। ਵੱਡਾ ਕਾਮਯਾਬੀ ਅਤੇ ਰਿਸ਼ਤਿਆਂ ’ਚ, ਬਜ਼ੁਰਗ ਸ਼ਾਇਦ ਸਕੂਨ ਅਤੇ ਕਿਸੇ ਦੇ ਸਾਥ ’ਚ। ‘ਇਹ ਹਾਸਲ ਕਰ ਲਵਾਂ, ਉਦੋਂ ਖੁਸ਼ ਹੋਵਾਂਗਾ।’ ‘ਬੱਚੇ ਸੈਟਲ ਹੋ ਜਾਣ, ਉਦੋਂ ਜਾ ਕੇ ਚੈਨ ਮਿਲੇਗਾ।’ ‘ਜ਼ਿੰਮੇਵਾਰੀਆਂ ਨਿਪਟਣ, ਉਦੋਂ ਜ਼ਿੰਦਗੀ ਦਾ ਮਜ਼ਾ ਲਵਾਂਗਾ।’ ਖੁਸ਼ੀ ਦਿਸਹੱਦਾ ਬਣ ਜਾਂਦੀ ਹੈ, ਟਿਕਾਣਾ ਨਹੀਂ। ਅਸੀਂ ਜਿੰਨਾ ਵਧੀਏ, ਉਹ ਓਨੀ ਹਟਦੀ ਜਾਂਦੀ ਹੈ। ਤਾਂ ਸ਼ਾਇਦ ਹੁਣ ਇਕ ਅਸਹਿਜ ਸਵਾਲ ਦਾ ਸਮਾਂ ਹੈ, ਕੀ ਅਸੀਂ ਗਲਤ ਥਾਂ ਤਲਾਸ਼ ਕਰਦੇ ਰਹੇ?
ਉਹ ਪਲ ਯਾਦ ਕਰੋ ਜਦੋਂ ਮਨਚਾਹੀ ਚੀਜ਼ ਆਖਿਰ ਮਿਲੀ ਸੀ। ਕੁਝ ਦੇਰ ਤੁਸੀਂ ਪੂਰੇ ਸੀ। ਮਨ ਖਾਮੋਸ਼ ਸੀ, ਚਿੰਤਾਵਾਂ ਘੁਲ ਗਈਆਂ ਸਨ ਅਤੇ ਖੁਸ਼ੀ ਬਿਨਾਂ ਕੋਸ਼ਿਸ਼ ਉਮੜ ਰਹੀ ਸੀ। ਫਿਰ ਹੌਲੀ-ਹੌਲੀ ਚਮਕ ਫਿੱਕੀ ਪਈ, ਨਵੀਆਂ ਖਾਹਿਸ਼ਾਂ ਆਈਆਂ ਅਤੇ ਉਨ੍ਹਾਂ ਲਈ ਫਿਰ ਤੋਂ ਸ਼ਿਕਾਰ ਸ਼ੁਰੂ। ਕੀ ਖੁਸ਼ੀ ਸੱਚਮੁੱਚ ਉਸ ਪ੍ਰਾਪਤੀ ’ਚ ਸੀ? ਜਾਂ ਖਾਹਿਸ਼ ਪੂਰੀ ਹੋਣ ਨਾਲ ਬੇਚੈਨ ਮਨ ਬਸ ਇੰਨੀ ਦੇਰ ਚੁੱਪ ਹੋਇਆ ਕਿ ਅਸੀਂ ਪਹਿਲਾਂ ਤੋਂ ਮੌਜੂਦ ਖੁਸ਼ੀ ਚੱਖ ਸਕੀਏ?
ਤੈਤਰੀਯ ਉਪਨਿਸ਼ਦ ਆਨੰਦ ਨੂੰ ਹੋਂਦ ਦੇ ਡੂੰਘੇ ਸੁਭਾਅ ਦੀ ਬੁਨਿਆਦ ਦੱਸਦਾ ਹੈ। ਸਥਾਈ ਤ੍ਰਿਪਤੀ ਬਾਹਰੋਂ ਪਾਉਣ ਦਾ ਨਹੀਂ, ਅੰਦਰ ਪਛਾਣਨ ਦਾ ਵਿਸ਼ਾ ਹੈ। ਬਾਹਰੀ ਅਨੁਭਵ ਸੁੱਖ ਅਤੇ ਸੱਚੀ ਖੁਸ਼ੀ ਦਿੰਦੇ ਹਨ ਪਰ ਜਦੋਂ ਖੁਸ਼ੀ ਪੂਰੀ ਤਰ੍ਹਾਂ ਬਦਲਦੇ ਹਾਲਾਤ ’ਤੇ ਟਿਕੀ ਹੋਵੇ, ਤਾਂ ਚੈਨ ਵੀ ਉਨ੍ਹਾਂ ਜਿੰਨਾ ਬੇਭਰੋਸਗੀ ਵਾਲਾ ਹੋ ਜਾਂਦਾ ਹੈ।
ਇਕ ਸੁੰਦਰ ਵੇਦਾਂਤੀ ਦ੍ਰਿਸ਼ਟਾਂਤ ਹੈ ਕਿ ਇਕ ਔਰਤ ਬਦਹਵਾਸ ਹੋ ਕੇ ਆਪਣਾ ਹਾਰ ਲੱਭ ਰਹੀ ਸੀ। ਉਸ ਨੇ ਹਰ ਕਮਰਾ ਛਾਣਿਆ, ਹਰ ਅਲਮਾਰੀ ਖੋਲ੍ਹੀ ਅਤੇ ਆਲੇ-ਦੁਆਲੇ ਸਾਰਿਆਂ ਤੋਂ ਪੁੱਛਗਿੱਛ ਕੀਤੀ। ਆਖਿਰ ਇਕ ਸਹੇਲੀ ਨੇ ਮੁਸਕਰਾ ਕੇ ਕਿਹਾ, ‘‘ਹਰ ਥਾਂ ਕੀ ਲੱਭ ਰਹੀ ਹੈਂ? ਹਾਰ ਤਾਂ ਤੇਰੇ ਗਲ ’ਚ ਹੀ ਹੈ।’’ ਔਰਤ ਨੇ ਗਲ ਨੂੰ ਛੂਹਿਆ ਅਤੇ ਸਮਝ ਗਈ। ਉਸ ਨੂੰ ਕੁਝ ਨਵਾਂ ਨਹੀਂ ਦਿੱਤਾ ਗਿਆ ਸੀ। ਉਸ ਨੇ ਬਸ ਉਹੀ ਪਛਾਣਿਆ ਜੋ ਪਹਿਲਾਂ ਤੋਂ ਮੌਜੂਦ ਸੀ। ਸ਼ਾਇਦ ਸਥਾਈ ਖੁਸ਼ੀ ਦੀ ਤਲਾਸ਼ ਵੀ ਅਜਿਹੀ ਹੀ ਹੈ। ਅਸੀਂ ਉਮਰ ਭਰ ਜੋੜਦੇ, ਪਾਉਂਦੇ ਅਤੇ ਲੱਭਦੇ ਰਹਿੰਦੇ ਹਾਂ, ਇਹ ਭੁੱਲ ਕੇ ਕਿ ਜੋ ਚੈਨ ਲੱਭ ਰਹੇ ਹਾਂ, ਉਹ ਸ਼ਾਇਦ ਅੰਦਰ ਹੀ ਹੈ।
ਜਦੋਂ ਜ਼ਿੰਦਗੀ ਬਣੀ ਗੁਰੂ : ਇਹ ਸਬਕ ਮੈਨੂੰ ਕਿਤਾਬ ਤੋਂ ਨਹੀਂ, ਗੁਆਉਣ ਤੋਂ ਮਿਲਿਆ। ਹਾਲ ਹੀ ’ਚ ਮੈਂ ਕਿਸੇ ਬੇਹੱਦ ਆਪਣੇ ਨੂੰ ਗੁਆਇਆ ਅਤੇ ਸ਼ਾਸਤਰ ਜਿਸ ਸਮਝ ਵੱਲ ਬਸ ਇਸ਼ਾਰਾ ਕਰਦੇ ਸਨ, ਉਹ ਅਜਿਹੀ ਡੂੰਘਾਈ ਨਾਲ ਉਤਰੀ, ਜੋ ਕੋਈ ਉਪਦੇਸ਼ ਨਹੀਂ ਦੇ ਸਕਦਾ। ਹਸਪਤਾਲ ਦੇ ਗਲਿਆਰਿਆਂ ’ਚ ਬਿਤਾਏ ਉਨ੍ਹਾਂ ਲੰਬੇ ਘੰਟਿਆਂ ’ਚ, ਜਿੱਥੇ ਹਰ ਚਿਹਰੇ ’ਤੇ ਬੇਭਰੋਸਗੀ ਸੀ, ਹਵਾ ’ਚ ਉਮੀਦ ਅਤੇ ਦੁਆ ਟੰਗੀ ਸੀ ਅਤੇ ਜ਼ਿੰਦਗੀ ਦੀ ਨਾਜ਼ੁਕਤਾ ਤੋਂ ਅੱਖ ਚੁਰਾਉਣਾ ਨਾਮੁਮਕਿਨ ਸੀ, ਮੈਨੂੰ ਜ਼ਿੰਦਗੀ ਦੇ ਸਭ ਤੋਂ ਡੂੰਘੇ ਸਬਕਾਂ ’ਚੋਂ ਇਕ ਮਿਲਿਆ ਕਿ ਜ਼ਿੰਦਗੀ ਟਾਲਣ ਦੀ ਚੀਜ਼ ਨਹੀਂ, ਹਰ ਦਿਨ ਜ਼ਿੰਦਾਦਿਲੀ ਨਾਲ ਜਿਊਣ ਦਾ ਵਿਸ਼ਾ ਹੈ।
ਮੈਂ ਜਾਣਿਆ, ਹੋਸ਼ ’ਚ ਜੀਵਿਆ ਹਰ ਪਲ ਤੋਹਫ਼ਾ ਹੈ। ਹਰ ਗੱਲਬਾਤ, ਹਰ ਸਾਂਝੀ ਖਾਮੋਸ਼ੀ, ਹਰ ਸਾਹ ਅਤੇ ਪਿਆਰ ਕਰਨ ਦਾ ਹਰ ਮੌਕਾ ਅਨਮੋਲ ਹੈ। ਇਕ ਜਾਣੀ-ਪਛਾਣੀ ਆਵਾਜ਼। ਖਾਮੋਸ਼ੀ ’ਚ ਫੜਿਆ ਹੋਇਆ ਹੱਥ। ਪਰਿਵਾਰ ਦੇ ਨਾਲ ਵੰਡਿਆ ਖਾਣਾ। ਇਹ ਛੋਟੀਆਂ ਗੱਲਾਂ ਨਹੀਂ, ਇਹੀ ਜ਼ਿੰਦਗੀ ਹੈ।
ਅਧਿਆਤਮਿਕ ਸਮਝ ਨਾਲ ਦੁੱਖ ਮਿਟ ਨਹੀਂ ਜਾਂਦਾ ਅਤੇ ਜਾਗਰੂਕਤਾ ਦਾ ਮਤਲਬ ਇਹ ਨਹੀਂ ਕਿ ਅਸੀਂ ਹਮੇਸ਼ਾ ਖੁਸ਼ ਰਹੀਏ। ਦੁੱਖ ਵੀ ਕੋਮਲਤਾ ਅਤੇ ਮੌਜੂਦਗੀ ਦਾ ਹੱਕਦਾਰ ਹੈ। ਉਨ੍ਹਾਂ ਗਲਿਆਰਿਆਂ ਤੋਂ ਜੋ ਸਿੱਖਿਆ ਮੇਰੇ ਨਾਲ ਪਰਤੀ, ਉਹ ਸਿੱਧੀ-ਸਾਦੀ ਸੀ-ਆਪਣੀ ਖੁਸ਼ੀ ਨੂੰ ਨਾ ਟਾਲੋ। ਆਪਣੇ ਪਿਆਰ ਨੂੰ ਨਾ ਟਾਲੋ। ਜਿਊਣਾ ਨਾ ਟਾਲੋ।
ਮਨ ਸਾਧੋ, ਆਨੰਦ ਪਾਓ-ਮਨ ਅਦਭੁਤ ਸਾਧਨ ਹੈ ਅਤੇ ਭਾਰੀ ਰੁਕਾਵਟ ਵੀ। ਇਕ ਕੌੜੀ ਗੱਲਬਾਤ ਖੂਬਸੂਰਤ ਦਿਨ ਨੂੰ ਕਾਲਾ ਕਰ ਸਕਦੀ ਹੈ। ਕੱਲ ਦੀ ਇਕ ਫ਼ਿਕਰ ਅੱਜ ਦਾ ਚੈਨ ਚੋਰੀ ਕਰ ਸਕਦੀ ਹੈ। ਇਸ ਦਾ ਮਤਲਬ ਵਿਚਾਰਾਂ ਨੂੰ ਦਬਾਉਣਾ ਜਾਂ ਭਾਵਨਾਵਾਂ ਤੋਂ ਇਨਕਾਰ ਕਰਨਾ ਨਹੀਂ। ਮਤਲਬ ਹੈ ਉਨ੍ਹਾਂ ਨੂੰ ਦੇਖਣ ਦੀ ਉਹ ਜਾਗਰੂਕਤਾ ਪਾਉਣਾ, ਜਿਸ ਨਾਲ ਉਹ ਸਾਡੇ ’ਤੇ ਹਾਵੀ ਨਾ ਹੋਣ। ‘ਮੈਂ ਬੇਚੈਨ ਹਾਂ’ ਕਹਿਣ ਅਤੇ ਇਹ ਪਛਾਣਨ ’ਚ ਜ਼ਮੀਨ-ਆਸਮਾਨ ਦਾ ਫ਼ਰਕ ਹੈ ਕਿ ‘ਮੇਰੇ ਮਨ ’ਚ ਬੇਚੈਨੀ ਉੱਠ ਰਹੀ ਹੈ ਅਤੇ ਮੈਨੂੰ ਇਸ ਦੀ ਹੋਸ਼ ਹੈ।’ ਇਸੇ ਛੋਟੇ ਬਦਲਾਅ ਨਾਲ ਅੰਦਰੂਨੀ ਆਜ਼ਾਦੀ ਸ਼ੁਰੂ ਹੁੰਦੀ ਹੈ। ਵਿਚਾਰ ਬਦਲਦੇ ਹਨ। ਭਾਵਨਾਵਾਂ ਬਦਲਦੀਆਂ ਹਨ। ਹਾਲਾਤ ਬਦਲਦੇ ਹਨ ਪਰ ਜਾਗਰੂਕਤਾ ਇਨ੍ਹਾਂ ਸਾਰਿਆਂ ਨਾਲ ਸਾਫ਼ ਨਜ਼ਰ ਅਤੇ ਸੰਤੁਲਨ ਨਾਲ ਮਿਲਣ ਦਿੰਦੀ ਹੈ।
ਠਹਿਰਾਅ ਦਾ ਇਕ ਪਲ : ਦਿਨ ਅੱਗੇ ਵਧਾਉਣ ਤੋਂ ਪਹਿਲਾਂ ਠਹਿਰੋ। ਆਰਾਮ ਨਾਲ ਬੈਠੋ। ਅੱਖਾਂ ਹਲਕੀਆਂ ਜਿਹੀਆਂ ਬੰਦ ਕਰੋ। ਸਹਿਜ ਸਾਹ ਨੂੰ ਮਹਿਸੂਸ ਕਰੋ। ਨਾ ਕੁਝ ਪਾਉਣਾ ਹੈ, ਨਾ ਕੁਝ ਸੁਧਾਰਨਾ, ਨਾ ਕਿਤੇ ਪਹੁੰਚਣਾ ਹੈ। ਵਿਚਾਰਾਂ ਨੂੰ ਖੁੱਲ੍ਹੇ ਆਸਮਾਨ ’ਚ ਬੱਦਲਾਂ ਵਾਂਗ ਆਉਣ-ਜਾਣ ਦਿਓ। ਚੰਦ ਪਲਾਂ ਲਈ ਖੁਸ਼ੀ ਦੀ ਤਲਾਸ਼ ਛੱਡ ਦਿਓ। ਬਸ ਮੌਜੂਦ ਰਹੋ। ਹੋ ਸਕਦਾ ਹੈ ਤੁਸੀਂ ਪਾਓ ਕਿ ਚੈਨ ਨੂੰ ਹਮੇਸ਼ਾ ਘੜਨਾ ਨਹੀਂ ਪੈਂਦਾ। ਕਦੇ-ਕਦੇ ਉਸ ਨੂੰ ਬਸ ਬਾਹਰ ਲਿਆਉਣਾ ਹੁੰਦਾ ਹੈ।
ਖੁਸ਼ਹਾਲ ਜੀਵਨ ਦੀ ਅਸਲੀ ਕਲਾ : ਖੁਸ਼ਹਾਲ ਜੀਵਨ ਮੁਸ਼ਕਲਾਂ, ਨਿਰਾਸ਼ਾਵਾਂ ਜਾਂ ਦੁੱਖਾਂ ਤੋਂ ਆਜ਼ਾਦ ਜ਼ਿੰਦਗੀ ਨਹੀਂ। ਇਸ ਦਾ ਮਤਲਬ ਹੈ ਜ਼ਿੰਦਗੀ ਦੇ ਬਦਲਦੇ ਰਹਿਣ ’ਤੇ ਵੀ ਅੰਦਰੋਂ ਜੁੜੇ ਰਹਿਣਾ। ਇਸ ਦਾ ਮਤਲਬ ਹੈ ਕਾਮਯਾਬੀ ਦਾ ਲੁਤਫ਼ ਲੈਣਾ ਪਰ ਉਸ ’ਤੇ ਨਿਰਭਰ ਨਾ ਹੋਣਾ। ਡੂੰਘਾਈ ਨਾਲ ਪਿਆਰ ਕਰਨਾ ਪਰ ਖੁਦ ਨੂੰ ਨਾ ਗੁਆਉਣਾ। ਬੇਭਰੋਸਗੀ ਨੂੰ ਅਪਣਾਉਣਾ ਪਰ ਸੰਤੁਲਨ ਨਾ ਗੁਆਉਣਾ। ਅਧਿਆਤਮਿਕ ਗਿਆਨ ਜ਼ਿੰਦਗੀ ਤੋਂ ਕੱਟਣ ਨੂੰ ਨਹੀਂ ਕਹਿੰਦਾ, ਜਾਗਰੂਕ ਹੋ ਕੇ ਉਸ ’ਚ ਹਿੱਸਾ ਲੈਣ ਨੂੰ ਕਹਿੰਦਾ ਹੈ। ਖੁਸ਼ਹਾਲ ਜੀਵਨ ਦੀ ਕਲਾ ਸਿਰਫ਼ ਖੁਸ਼ ਹੋਣਾ ਸਿੱਖਣਾ ਨਹੀਂ, ਇਹ ਅੰਦਰ ਪਹਿਲਾਂ ਤੋਂ ਮੌਜੂਦ ਸ਼ਾਂਤ ਆਨੰਦ ਨੂੰ ਪਛਾਣਨਾ ਅਤੇ ਮਿਲੇ ਹੋਏ ਪਲਾਂ ’ਚ ਹੋਰ ਜ਼ਿਆਦਾ ਜਾਗਰੂਕਤਾ, ਪਿਆਰ ਅਤੇ ਮੌਜੂਦਗੀ ਲਿਆਉਣਾ ਹੈ। ਮੌਜੂਦਾ ਪਲ ਜ਼ਿੰਦਗੀ ਦਾ ਉਡੀਕ ਘਰ ਨਹੀਂ, ਉਹੀ ਜ਼ਿੰਦਗੀ ਹੈ।
-ਸੰਗੀਤਾ ਮਿੱਤਲ
ਕਰਤਾਰ ਸਿੰਘ ਸਰਾਭਾ ਨੇ ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨੂੰ ਪ੍ਰੇਰਿਤ ਕੀਤਾ
NEXT STORY