ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਐਲਾਨ, ਇਸ ਤੋਂ ਬਾਅਦ ਕਾਂਗਰਸ ਦੀ ਸੰਗਰੂਰ ਰੈਲੀ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸੰਭਾਵਨਾ ਨੇ ਪੰਜਾਬ ’ਚ ਬਹੁਕੋਣੀ ਚੋਣ ਮੁਕਾਬਲੇ ਦਾ ਮਾਹੌਲ ਤਿਆਰ ਕਰ ਦਿੱਤਾ ਹੈ। ਪੰਜਾਬ ਦੇ ਪੇਂਡੂ ਸਿੱਖ ਨੌਜਵਾਨਾਂ ਦੇ ਧਾਰਮਿਕ ਜੋਸ਼ ’ਚੋਂ ਉੱਭਰੀ ਨਵੀਂ ਪਾਰਟੀ ‘ਵਾਰਿਸ ਪੰਜਾਬ ਦੇ’ ਦੀ ਵੀ ਚੋਣ ਮੈਦਾਨ ’ਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਵਿਆਪਕ ਸੰਭਾਵਨਾ ਜਤਾਈ ਜਾ ਰਹੀ ਹੈ।
ਹਾਲਾਂਕਿ, ਚੋਣਾਂ ਦਾ ਸਮੁੱਚਾ ਮਾਹੌਲ ਚਿੰਤਾਜਨਕ ਹੈ। ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਵਿਚਕਾਰ ਤਿੱਖੀ ਦੁਸ਼ਮਣੀ ਨੇ ਸਿਆਸੀ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ ਹੈ। ਸੂਬੇ ਦੀ ਤਰੱਕੀ ਲਈ ਅਗਾਂਹਵਧੂ ਨੀਤੀਆਂ ਬਾਰੇ ਜਾਣਕਾਰੀ ਭਰਪੂਰ ਅਤੇ ਸਾਰਥਕ ਚਰਚਾ ਦੀ ਥਾਂ ਕੌੜੇ ਨਿੱਜੀ ਦੋਸ਼ਾਂ ਅਤੇ ਚਿੱਕੜ ਉਛਾਲੀ ਨੇ ਲੈ ਲਈ ਹੈ। ਖੇਤੀਬਾੜੀ ਆਰਥਿਕਤਾ ’ਚ ਵਿਭਿੰਨਤਾ ਲਿਆਉਣ, ਨਸ਼ਿਆਂ ਦੀ ਲਤ, ਉਦਯੋਗਾਂ ’ਚ ਖੜੋਤ, ਬੇਰੋਜ਼ਗਾਰੀ, ਵਾਤਾਵਰਣ ਦਾ ਵਿਗਾੜ, ਧਰਤੀ ਹੇਠਲੇ ਪਾਣੀ ’ਚ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਦੀ ਮੌਜੂਦਗੀ, ਸਿਹਤ ਅਤੇ ਸਿੱਖਿਆ ਦੇ ਡਿੱਗਦੇ ਮਿਆਰ, ਵਿਆਪਕ ਭ੍ਰਿਸ਼ਟਾਚਾਰ, ਸਿਆਸੀ ਹਿੰਸਾ, ਗੈਂਗਸਟਰਵਾਦ ਅਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਵਰਗੇ ਗੰਭੀਰ ਮੁੱਦੇ ਇਕ ਅਜਿਹੇ ਸੂਬੇ ਦੀ ਤਸਵੀਰ ਪੇਸ਼ ਕਰਦੇ ਹਨ, ਜੋ ਲਗਾਤਾਰ ਨਿਘਾਰ ਵੱਲ ਵਧ ਰਿਹਾ ਹੈ।
ਸਪੱਸ਼ਟ ਹੈ ਕਿ ਪੰਜਾਬ ਦੀ ਅਗਵਾਈ ਕਰਨ ਦੇ ਚਾਹਵਾਨਾਂ ਨੂੰ ਸੂਬੇ ਦੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪੁਨਰ-ਉੱਥਾਨ ਲਈ ਇਕ ਇਮਾਨਦਾਰ ਅਤੇ ਅਮਲ ’ਚ ਲਿਆਂਦੀ ਜਾ ਸਕਣ ਵਾਲੀ ਕਾਰਜ-ਯੋਜਨਾ ਪੇਸ਼ ਕਰਨੀ ਹੋਵੇਗੀ। ਇਹ ਯੋਜਨਾ ਮੁਫ਼ਤ ਸਹੂਲਤਾਂ ਦੇ ਅਜਿਹੇ ਅਸਥਿਰ ਵਾਅਦਿਆਂ ਤੋਂ ਅੱਗੇ ਵਧਣੀ ਚਾਹੀਦੀ ਹੈ, ਜਿਨ੍ਹਾਂ ਦੀ ਕੀਮਤ ਸੂਬੇ ਨੂੰ ਲਗਾਤਾਰ ਵਧਦੇ ਕਰਜ਼ੇ ਅਤੇ ਲੋਕਾਂ ਨੂੰ ਇਕ ਕਰਜ਼ੇ ਹੇਠ ਦੱਬੇ ਸੂਬੇ ਦੀ ਮਿਹਰਬਾਨੀ ’ਤੇ ਸਦੀਵੀ ਨਿਰਭਰਤਾ ਦੇ ਰੂਪ ’ਚ ਚੁਕਾਉਣੀ ਪੈਂਦੀ ਹੈ। ਇਨ੍ਹਾਂ ਵੱਡੀਅਾਂ ਚੁਣੌਤੀਆਂ ਦੇ ਸਾਹਮਣੇ ਸਿਆਸੀ ਲੀਡਰਸ਼ਿਪ ਦੀ ਅਸਲ ਪਰਖ ਇਸ ਗੱਲ ’ਚ ਹੋਵੇਗੀ ਕਿ ਕੀ ਉਹ ਤੰਗਦਿਲੀ ਅਤੇ ਕੌੜੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ-ਹਿੱਤ ਅਤੇ ਸਾਂਝੇ ਉਦੇਸ਼ਾਂ ’ਤੇ ਆਧਾਰਿਤ ਇਕ ਉੱਚੀ-ਸੁੱਚੀ ਸਿਆਸੀ ਸੋਚ ਅਪਣਾਉਣ ਲਈ ਤਿਆਰ ਹੈ।
ਇਸੇ ਤਰ੍ਹਾਂ, ਸਿਆਸੀ ਪਾਰਟੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਚੋਣਾਂ ’ਚ ਅਜਿਹੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ, ਜਿਨ੍ਹਾਂ ਦਾ ਦਿਲ ਵਿਸ਼ਾਲ ਹੋਵੇ, ਜਿਨ੍ਹਾਂ ਦੀ ਸੋਚ ਵੱਡੀ ਹੋਵੇ ਅਤੇ ਜਿਨ੍ਹਾਂ ਦੀ ਸਿਆਸਤ ਲੋਕ-ਸੇਵਾ ਦੇ ਪਵਿੱਤਰ ਸਿਧਾਂਤਾਂ ’ਤੇ ਆਧਾਰਿਤ ਹੋਵੇ। ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਵਾਰ-ਵਾਰ ਦਿੱਤੇ ਜਾਂਦੇ ਇਸ ਬਿਆਨ ਦਾ ਕਿ ਸਿਰਫ਼ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਪਾਰਟੀ ਦੀ ਟਿਕਟ ਦਿੱਤੀ ਜਾਵੇਗੀ, ਇਹੀ ਅਰਥ ਹੋਣਾ ਚਾਹੀਦਾ ਹੈ ਕਿ ਉਮੀਦਵਾਰ ਉਹੀ ਬਣਾਏ ਜਾਣ, ਜੋ ਨਿਸ਼ਕਾਮ ਸੇਵਾ ਅਤੇ ਲੋਕਾਂ ਨਾਲ ਆਪਣੇ ਵਿਹਾਰ ’ਚ ਨਿਮਰਤਾ ਪ੍ਰਤੀ ਵਚਨਬੱਧ ਹੋਣ।
ਇਸ ਦੇ ਨਾਲ ਹੀ ਵੋਟਰਾਂ ਦੀ ਵੀ ਇਹੋ ਜਿਹੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਚੁਣਨ, ਜਿਨ੍ਹਾਂ ਦਾ ਜਨਤਕ ਜੀਵਨ ਅਤੇ ਸਿਆਸੀ ਆਚਰਨ ਬੇਦਾਗ਼ ਰਿਹਾ ਹੋਵੇ, ਨਾ ਕਿ ਉਨ੍ਹਾਂ ਨੂੰ ਜਿਨ੍ਹਾਂ ਦੀ ਅਗਵਾਈ ਦੀ ਦਾਅਵੇਦਾਰੀ ਮੁੱਖ ਤੌਰ ’ਤੇ ਗ਼ਲਤ ਢੰਗ ਨਾਲ ਕਮਾਈ ਦੌਲਤ ਅਤੇ ਅਪਰਾਧੀਆਂ ਦੀ ਸਰਪ੍ਰਸਤੀ ਹੇਠ ਪਲਦੇ ਬਾਹੂਬਲ ਦੀ ਤਾਕਤ ’ਤੇ ਟਿਕੀ ਹੋਵੇ।
ਪੰਜਾਬ ਇਕ ਅਜਿਹੀ ਨਵੀਂ ਅਤੇ ਪ੍ਰੇਰਣਾਦਾਇਕ ਸਿਆਸਤ ਦਾ ਰਾਹ ਦਿਖਾ ਸਕਦਾ ਹੈ ਅਤੇ ਉਸ ਨੂੰ ਅਜਿਹਾ ਕਰਨਾ ਵੀ ਚਾਹੀਦਾ ਹੈ, ਜਿਸ ’ਚ ‘ਤਾਕਤ ਦਾ ਪੱਲਾ ਹੱਕ ਅਤੇ ਨਿਆਂ ਦੇ ਨਾਲ ਹੋਵੇ।’ ਉਸ ਨੂੰ ਅਜਿਹੀ ਸਿਆਸਤ ਦਾ ਰਾਹ ਰੌਸ਼ਨ ਕਰਨਾ ਚਾਹੀਦਾ ਹੈ, ਜੋ ਸਤਿਕਾਰਯੋਗ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਚੋਂ ਪ੍ਰੇਰਣਾ ਲੈਂਦੀ ਹੋਵੇ ਅਤੇ ਜ਼ਾਲਮ ਸੱਤਾ ਦੇ ਵਿਰੁੱਧ ਸੱਚ, ਨਿਆਂ ਅਤੇ ਕਮਜ਼ੋਰਾਂ ਦੀ ਰਾਖੀ ਲਈ ਤਾਕਤ ਦੀ ਵਰਤੋਂ ਦੀ ਵਕਾਲਤ ਕਰਦੀ ਹੋਵੇ।
ਜਿੱਥੇ ਸੱਤਾਧਾਰੀ ਪਾਰਟੀ ‘ਆਪ’ ਆਪਣੀ ਸਿਆਸੀ ਹੋਂਦ ਬਚਾਉਣ ਦੇ ਸੰਘਰਸ਼ ’ਚ ਆਪਣਾ ਦਬਦਬਾ ਕਾਇਮ ਰੱਖਣ ਲਈ ਸੱਤਾ ਦੇ ਸਾਰੇ ਸਾਧਨਾਂ ਦੀ ਵਰਤੋਂ ਕਰੇਗੀ, ਉੱਥੇ ਆਪਣੇ ਆਪ ਨੂੰ ਇਸ ਦੀ ਮੁੱਖ ਵਿਰੋਧੀ ਮੰਨਣ ਵਾਲੀ ਕਾਂਗਰਸ ਦੇ ਸਾਹਮਣੇ ਇਕ ਸਪੱਸ਼ਟ ਅਤੇ ਵੱਡੀ ਜ਼ਿੰਮੇਵਾਰੀ ਹੈ। ਉਸ ਤੋਂ ਹੋਰਨਾਂ ਪਾਰਟੀਆਂ ਨਾਲੋਂ ਵੱਧ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਸਿਆਸੀ ਭਾਸ਼ਾ ’ਚ ਸੰਜਮ ਵਰਤੇ ਅਤੇ ਸਿਆਸਤ ਦੀ ਅਜਿਹੀ ਉਦਾਰ ਸੋਚ ਪੇਸ਼ ਕਰੇ, ਜਿਸ ’ਚ ਵਿਰੋਧੀ ਦੀ ਇੱਜ਼ਤ ਦਾ ਵੀ ਸਤਿਕਾਰ ਹੋਵੇ।
ਉਸ ਨੂੰ ਪੰਜਾਬ ਦੇ ਪੁਨਰ-ਉੱਥਾਨ ਲਈ ਸਪੱਸ਼ਟ ਤੌਰ ’ਤੇ ਇਮਾਨਦਾਰ ਨੀਤੀਗਤ ਸੁਝਾਵਾਂ ’ਤੇ ਆਧਾਰਿਤ ਸਮਾਵੇਸ਼ੀ ਸਿਆਸਤ ਦਾ ਵਾਅਦਾ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਅਮਲ ’ਚ ਵੀ ਲਿਆਉਣਾ ਚਾਹੀਦਾ ਹੈ। ਉਸ ਨੂੰ ਅਜਿਹੀ ਨਵੀਂ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਸ ਦੀ ਨਿੱਜੀ ਅਤੇ ਬੌਧਿਕ ਇਮਾਨਦਾਰੀ ਨੂੰ ਸੂਬੇ ਦੀ ਸੇਵਾ ਪ੍ਰਤੀ ਉਸ ਦੀ ਵਚਨਬੱਧਤਾ ਦੀ ਕਸੌਟੀ ’ਤੇ ਪਰਖਿਆ ਜਾ ਸਕੇ।
ਇਹ ਚੋਣ ਸਿਰਫ਼ ਸਿਆਸੀ ਸੱਤਾ ਕਾਇਮ ਰੱਖਣ ਜਾਂ ਹਾਸਲ ਕਰਨ ਦੀ ਚੋਣ ਨਹੀਂ ਹੋ ਸਕਦੀ। ਇਹ ਲੋਕਾਂ ਦੇ ਉਸ ਭਰੋਸੇ ਦੀ ਪੁਸ਼ਟੀ ਹੋਣੀ ਚਾਹੀਦੀ ਹੈ, ਜੋ ਉਨ੍ਹਾਂ ਨੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਲੋਕ-ਸੇਵਾ ਦੀਆਂ ਸਰਵੋਤਮ ਪ੍ਰੰਪਰਾਵਾਂ ਅਨੁਸਾਰ ਕੰਮ ਕਰਨ ਦੀ ਸਮਰੱਥਾ ’ਚ ਜਤਾਇਆ ਹੈ।
ਅੰਤ ’ਚ, ਸੂਬੇ ਦਾ ਭਵਿੱਖ ਵੋਟਰਾਂ ਦੇ ਸੂਝਵਾਨ ਫ਼ੈਸਲੇ ਅਤੇ ਲੰਮੇ ਸਮੇਂ ਤੋਂ ਬਿਹਤਰ ਦਿਨਾਂ ਦੀ ਹੌਸਲੇ ਨਾਲ ਉਡੀਕ ਕਰ ਰਹੇ ਲੋਕਾਂ ਵੱਲੋਂ ਆਪਣੀਆਂ ਜਾਇਜ਼ ਉਮੀਦਾਂ ਨੂੰ ਸਮੂਹਿਕ ਤੌਰ ’ਤੇ ਅਤੇ ਪੂਰੀ ਦ੍ਰਿੜ੍ਹਤਾ ਨਾਲ ਪ੍ਰਗਟ ਕਰਨ ’ਤੇ ਨਿਰਭਰ ਕਰਦਾ ਹੈ। ਅਜਿਹੇ ਸਮੇਂ ’ਚ ਸ਼ਕੀਲ ਬਦਾਯੂਨੀ ਦਾ ਇਹ ਸ਼ੇਅਰ ਬਹੁਤ ਪ੍ਰਾਸੰਗਿਕ ਹੋ ਜਾਂਦਾ ਹੈ :
ਸਾਹਿਲ ਕੀ ਤਰਫ਼ ਕਸ਼ਤੀ ਲੇ ਚਲ, ਤੂਫ਼ਾਨ ਕੇ ਥਪੇੜੇ ਸਹਿਣਾ ਕਯਾ।
ਤੂ ਆਪ ਹੀ ਅਪਨਾ ਮਾਝੀ ਬਨ, ਮੌਜੋਂ ਕੇ ਸਹਾਰੇ ਬਹਨਾ ਕਯਾ।
ਭਾਵ, ਲੋਕ ਆਪਣੀ ਬੇੜੀ ਨੂੰ ਆਪ ਕੰਢੇ ਵੱਲ ਲੈ ਕੇ ਜਾਣ, ਆਖ਼ਿਰ ਤੂਫ਼ਾਨ ਦੇ ਝੱਖੜ ਕਦੋਂ ਤੱਕ ਸਹਿੰਦੇ ਰਹਿਣਗੇ? ਉਹ ਆਪ ਆਪਣੀ ਬੇੜੀ ਦੇ ਮਲਾਹ ਬਣਨ; ਲਹਿਰਾਂ ਦੇ ਰਹਿਮੋ-ਕਰਮ ’ਤੇ ਬੇਵੱਸ ਹੋ ਕੇ ਵਹਿੰਦੇ ਰਹਿਣ ਦਾ ਕੀ ਫ਼ਾਇਦਾ?
ਉਮੀਦ ਹੈ ਕਿ ਪੰਜਾਬ ਦੀਆਂ ਚੋਣਾਂ ਸੂਬੇ ਨੂੰ ਅਜਿਹੀ ਤਬਦੀਲੀ ਲਿਆਉਣ ਵਾਲੀ ਲੀਡਰਸ਼ਿਪ ਦੇਣਗੀਆਂ, ਜੋ ਅੱਲਾਮਾ ਇਕਬਾਲ ਦੀ ਇਸ ਦਰਦ ਭਰੀ ਪੁਕਾਰ ਦਾ ਭਰੋਸਾ ਦੇਣ ਵਾਲਾ ਜਵਾਬ ਬਣ ਸਕੇ :
ਨਿਸ਼ਾਨ-ਏ-ਰਾਹ ਦਿਖਾਤੇ ਥੇ ਜੋ ਸਿਤਾਰੋਂ ਕੋ,
ਤਰਸ ਗਏਂ ਹੈਂ ਕਿਸੀ ਮਰਦ-ਏ-ਰਾਹਦਾਂ ਕੇ ਲੀਏ।
ਭਾਵ, ਜੋ ਕਦੇ ਤਾਰਿਆਂ ਨੂੰ ਵੀ ਰਾਹ ਦਿਖਾਇਆ ਕਰਦੇ ਸਨ, ਅੱਜ ਉਹ ਖ਼ੁਦ ਰਾਹ ਜਾਣਨ ਵਾਲੇ ਕਿਸੇ ਸੱਚੇ ਰਹਿਬਰ ਲਈ ਤਰਸ ਰਹੇ ਹਨ।
ਅਸ਼ਵਨੀ ਕੁਮਾਰ
(ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ)
ਸਾਨੂੰ ਆਧਾਰ ’ਤੇ ਭਰੋਸਾ ਨਹੀਂ ਹੈ...!
NEXT STORY