ਆਧਾਰ ਲਈ ਮੇਰੀ ਫੋਟੋ ਖਿੱਚ ਰਹੇ ਵਿਅਕਤੀ ਨੇ ਕਿਹਾ, ‘‘ਬਿਲਕੁਲ ਸਾਹਮਣੇ ਦੇਖੋ।’’ ਮੈਂ ਪਹਿਲਾਂ ਹੀ ਲਾਈਨ ’ਚ ਲੱਗ ਚੁੱਕਾ ਸੀ, ਆਪਣਾ ਪਤਾ ਦੇ ਚੁੱਕਾ ਸੀ ਅਤੇ ਮਸ਼ੀਨ ’ਤੇ ਆਪਣੀਆਂ ਦਸਾਂ ਉਂਗਲਾਂ ਦੇ ਨਿਸ਼ਾਨ ਵੀ ਦੇ ਚੁੱਕਾ ਸੀ। ਹੁਣ ਉਹ ਮੇਰੀਆਂ ਦੋਵਾਂ ਅੱਖਾਂ ਨੂੰ ਧਿਆਨ ਨਾਲ ਦੇਖਣਾ ਚਾਹੁੰਦਾ ਸੀ। ਮੈਂ ਉਸ ਨੂੰ ਪੁੱਛਿਆ, ‘‘ਇੰਨਾ ਸਭ ਕਰਨ ਤੋਂ ਬਾਅਦ, ਕੀ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਕੌਣ ਹਾਂ?’’
ਉਸ ਨੇ ਕਿਹਾ, ‘‘ਬਿਲਕੁਲ ਸਰ! ਅਗਲਾ!’’
ਮੈਂ ਇਹ ਸੋਚ ਕੇ ਘਰ ਚਲਾ ਗਿਆ ਕਿ ਮਾਮਲਾ ਸੁਲਝ ਗਿਆ ਹੈ। ਕਈ ਸਾਲਾਂ ਬਾਅਦ, ਜਦੋਂ ਚੋਣਾਂ ਦਾ ਸਮਾਂ ਨੇੜੇ ਆਇਆ, ਤਾਂ ਮੈਂ ਇਹ ਪੱਕਾ ਕਰਨ ਲਈ ਇਕ ਹੋਰ ਲਾਈਨ ’ਚ ਖੜ੍ਹਾ ਹੋ ਗਿਆ ਕਿ ਮੇਰਾ ਨਾਂ ਵੋਟਰ ਲਿਸਟ ’ਚ ਹੈ ਜਾਂ ਨਹੀਂ। ਮੈਂ ਆਪਣਾ ਆਧਾਰ ਕਾਰਡ ਕੱਢਿਆ। ਮੈਨੂੰ ਲੱਗਾ ਜਿਵੇਂ ਅਧਿਕਾਰੀ ਕਹਿ ਰਿਹਾ ਹੋਵੇ, ‘‘ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੌਣ ਹੋ ਪਰ ਵੋਟਰ ਲਿਸਟ ਲਈ, ਸਾਨੂੰ ਇਹ ਵੀ ਸਾਬਤ ਕਰਨਾ ਹੋਵੇਗਾ ਕਿ ਤੁਸੀਂ ਭਾਰਤ ਦੇ ਨਾਗਰਿਕ ਹੋ।’’
ਮੈਂ ਇਕ ਸ਼ਰਾਰਤੀ ਮੁਸਕਾਨ ਨਾਲ ਉਸ ਨੂੰ ਕਿਹਾ, ‘‘ਉਮੀਦ ਹੈ ਕਿ ਤੁਸੀਂ ਮੇਰੇ ਕੱਪੜਿਆਂ ਨੂੰ ਦੇਖ ਕੇ ਮੈਨੂੰ ਨਹੀਂ ਪਰਖੋਗੇ।’’
ਮੇਰਾ ਨਾਂ ਲਿਸਟ ’ਚ ਆ ਗਿਆ ਅਤੇ ਮੈਨੂੰ ਲੱਗਾ ਕਿ ਹੁਣ ਮੈਂ ਆਰਾਮ ਨਾਲ ਬੈਠ ਸਕਦਾ ਹਾਂ। ਉਦੋਂ ਹੀ ਕੇਂਦਰੀ ਪੰਚਾਇਤੀ ਰਾਜ ਮੰਤਰੀ ਨੇ ਕਿਹਾ ਕਿ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਪਛਾਣ ਲਈ ਵੋਟਰ ਆਈ. ਡੀ. ਅਤੇ ਬਾਇਓਮੈਟ੍ਰਿਕਸ ਦੀ ਵਰਤੋਂ ਕੀਤੀ ਜਾਵੇਗੀ। ਕੁਝ ਦਿਨਾਂ ਬਾਅਦ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਧਾਰ ਦੀ ਵੀ ਵਰਤੋਂ ਹੋਵੇਗੀ। ਮੈਨੂੰ ਲੱਗਾ ਜਿਵੇਂ ਮੈਂ ਫਿਰ ਤੋਂ ਉਸੇ ਕਾਊਂਟਰ ’ਤੇ ਖੜ੍ਹਾ ਹਾਂ।
ਮੈਂ ਪੁੱਛਿਆ, ‘‘ਤੁਹਾਨੂੰ ਕਿਹੜਾ ਕਾਰਡ ਚਾਹੀਦਾ ਹੈ?’’ ਕਲਰਕ ਨੇ ਕਿਹਾ, ‘‘ਦੋਵੇਂ ਦੇ ਦਿਓ। ਇਕ-ਦੂਜੇ ਦੀ ਪੁਸ਼ਟੀ ਹੋ ਜਾਵੇਗੀ।’’
ਇਕ ਸਮਾਂ ਸੀ ਜਦੋਂ ਮੈਂ ਆਪਣਾ ਪਾਸਪੋਰਟ ਲੈ ਕੇ ਕਿਸੇ ਦਫ਼ਤਰ ਜਾਂਦਾ ਸੀ ਅਤੇ ਉਮੀਦ ਕਰਦਾ ਸੀ ਕਿ ਮੇਰਾ ਕੰਮ ਹੋ ਜਾਵੇਗਾ। ਫਿਰ ਮੈਨੂੰ ਪੈਨ ਕਾਰਡ ਨਾਲ ਰੱਖਣਾ ਪਿਆ। ਫਿਰ ਵੋਟਰ ਆਈ. ਡੀ. ਅਤੇ ਫਿਰ ਆਧਾਰ ਕਾਰਡ। ਅੱਜ-ਕੱਲ ਜਦੋਂ ਕਾਊਂਟਰ ’ਤੇ ਕੋਈ ਪੁੱਛਦਾ ਹੈ, ‘‘ਕੀ ਮੈਂ ਤੁਹਾਡੀ ਕੋਈ ਪਛਾਣ ਦੇਖ ਸਕਦਾ ਹਾਂ?’’ ਤਾਂ ਮੈਂ ਪੁੱਛਦਾ ਹਾਂ, ‘‘ਤੁਹਾਡੇ ਕੋਲ ਕਿੰਨਾ ਸਮਾਂ ਹੈ?’’
ਪਰ ਅਸਲ ’ਚ ਮੈਂ ਇਹ ਪੁੱਛਣਾ ਚਾਹੁੰਦਾ ਹਾਂ—ਜੇਕਰ ਕੋਈ ਵਿਅਕਤੀ ਸਿਸਟਮ ਦੇ ਅੰਦਰ ਕਿਸੇ ਨੂੰ ਪੈਸੇ ਦੇ ਕੇ ਫ਼ਰਜ਼ੀ ਕਾਗਜ਼ਾਂ ’ਤੇ ਕਾਰਡ ਬਣਵਾ ਸਕਦਾ ਹੈ, ਤਾਂ ਫਿਰ ਉਸ ਇਨਸਾਨ ਨੂੰ ਵਾਪਸ ਲਾਈਨ ’ਚ ਕਿਉਂ ਭੇਜਿਆ ਜਾ ਰਿਹਾ ਹੈ, ਜਿਸ ਨੇ ਕੋਈ ਪੈਸਾ ਨਹੀਂ ਦਿੱਤਾ ਅਤੇ ਆਪਣਾ ਅਸਲੀ ਪਤਾ ਦਿੱਤਾ ਹੈ?
ਅਧਿਕਾਰੀ ਕਹਿੰਦੇ ਹਨ, ‘‘ਸਰ, ਸਾਨੂੰ ਸ਼ੱਕ ਹੈ ਕਿ ਕੁਝ ਕਾਰਡ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਹਨ।’’
ਮੈਂ ਪੁੱਛਿਆ, ‘‘ਕੀ ਤੁਸੀਂ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਇਹ ਕਾਰਡ ਜਾਰੀ ਕੀਤੇ ਸਨ?’’
‘‘ਜੀ ਬਿਲਕੁਲ, ਸਰ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਕੋਈ ਦੂਜਾ ਕਾਰਡ ਲਿਆਉਣ ਲਈ ਕਹੀਏ।’’
ਸਰਕਾਰ ਖ਼ੁਦ ’ਤੇ ਕਦੋਂ ਭਰੋਸਾ ਕਰਨਾ ਸ਼ੁਰੂ ਕਰੇਗੀ? ਉਸ ਨੇ ਮੇਰਾ ਪਾਸਪੋਰਟ ਜਾਰੀ ਕੀਤਾ, ਮੈਨੂੰ ‘ਪੈਨ’ ਦਿੱਤਾ, ਮੈਨੂੰ ਵੋਟਰ ਲਿਸਟ ’ਚ ਸ਼ਾਮਲ ਕੀਤਾ ਅਤੇ ਮੇਰੇ ਫਿੰਗਰਪ੍ਰਿੰਟ ਲਏ। ਜੇਕਰ ਇਸ ਤੋਂ ਬਾਅਦ ਵੀ ਸ਼ੱਕ ਦੀ ਕੋਈ ਗੁੰਜਾਇਸ਼ ਬਚਦੀ ਹੈ, ਤਾਂ ਸ਼ਾਇਦ ਮੈਨੂੰ ਪ੍ਰਧਾਨ ਮੰਤਰੀ ਨੂੰ ਹੀ ਆਪਣਾ ਗਾਰੰਟਰ ਬਣਾ ਕੇ ਨਾਲ ਲੈ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਕਾਊਂਟਰ ’ਤੇ ਜਾ ਕੇ ਕਹਿਣਗੇ, ‘‘ਗੁੱਡ ਮਾਰਨਿੰਗ। ਮੈਂ ਇਨ੍ਹਾਂ ਦੀ ਗਵਾਹੀ ਦੇਣ ਆਇਆ ਹਾਂ।’’ ਕਲਰਕ ਮੇਰੇ ਵੱਲ ਦੇਖੇਗਾ, ਫਿਰ ਪ੍ਰਧਾਨ ਮੰਤਰੀ ਵੱਲ। ਉਹ ਪੁੱਛੇਗਾ, ‘‘ਅਤੇ ਸਰ, ਤੁਹਾਡੀ ਗਵਾਹੀ ਕੌਣ ਦੇਵੇਗਾ?’’ ਪ੍ਰਧਾਨ ਮੰਤਰੀ ਕਹਿਣਗੇ, ‘‘ਮੈਂ ਪ੍ਰਧਾਨ ਮੰਤਰੀ ਹਾਂ।’’
ਕਲਰਕ ਜਵਾਬ ਦੇਵੇਗਾ, ‘‘ਜੀ ਸਰ, ਮੈਂ ਦੇਖ ਸਕਦਾ ਹਾਂ ਪਰ ਕੀ ਤੁਹਾਡੇ ਕੋਲ ਅਜਿਹਾ ਕੋਈ ਦਸਤਾਵੇਜ਼ ਹੈ, ਜਿਸ ’ਤੇ ਤੁਹਾਡਾ ਮੌਜੂਦਾ ਪਤਾ ਲਿਖਿਆ ਹੋਵੇ?’’
ਫਿਰ ਉਹ ਸਾਨੂੰ ਇਕ-ਇਕ ਫਾਰਮ ਫੜਾ ਦੇਵੇਗਾ ਅਤੇ ਲਾਈਨ ਦੇ ਪਿੱਛੇ ਜਾਣ ਦਾ ਇਸ਼ਾਰਾ ਕਰੇਗਾ। ਪ੍ਰਧਾਨ ਮੰਤਰੀ ਮੇਰੇ ਵੱਲ ਮੁੜ ਕੇ ਕਹਿਣਗੇ, ‘‘ਤੂੰ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਹੁੰਦਾ।’’
‘‘ਮੈਂ ਦੱਸਿਆ ਸੀ, ਸਰ। ਮੈਂ ਕਿਹਾ ਸੀ ਕਿ ਮੈਂ ਆਪਣਾ ਪੈਨ ਕਾਰਡ ਲਿਆਉਣਾ ਪਸੰਦ ਕਰਾਂਗਾ!’’
-ਰਾਬਰਟ ਕਲੀਮੈਂਟਸ
ਆਤਿਸ਼ਬਾਜ਼ੀ ਸਾਡੀ ਸੱਭਿਆਚਾਰਕ ਰਵਾਇਤ ਨਹੀਂ
NEXT STORY