ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਜਿਸ ਨੂੰ ਬਣਾਉਟੀ ਮੇਧਾ ਵੀ ਕਹਿੰਦੇ ਹਨ, ਨੂੰ ਤਕਨੀਕੀ ਕ੍ਰਾਂਤੀ ਦੀ ਸਰਵੋਤਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸ ਦੀ ਆਮਦ ਨੇ ਨਾ ਸਿਰਫ ਇੰਟਰਨੈੱਟ ਯੂਜ਼ਰਜ਼ ਦਾ ਕੰਮ ਬੇਹੱਦ ਸੌਖਾ ਬਣਾ ਦਿੱਤਾ ਹੈ ਸਗੋਂ ਸਿਹਤ, ਪੱਤਰਕਾਰਿਤਾ, ਫਿਲਮ ਉਦਯੋਗ, ਸਿੱਖਿਆ ਆਦਿ ਵੱਖ-ਵੱਖ ਖੇਤਰਾਂ ’ਚ ਵੀ ਇਹ ਬਹੁ-ਉਪਯੋਗੀ ਸਿੱਧ ਹੋ ਰਹੀ ਹੈ। ਬੋਲਣ ’ਚ ਅਸਮਰੱਥ ਵਿਅਕਤੀ ਦੇ ਵਿਚਾਰ ਡੀਪਫੇਕ ਰਾਹੀਂ ਆਵਾਜ਼ ਪਾ ਸਕਦੇ ਹਨ, ਇਸ ਨੂੰ ਆਧੁਨਿਕ ਤਕਨੀਕ ਦਾ ਹੀ ਕ੍ਰਿਸ਼ਮਾ ਕਹਾਂਗੇ। ਸਿੱਖਿਆ ਦੇ ਖੇਤਰ ’ਚ ਗੁੰਝਲਦਾਰ ਸਮਝੇ ਜਾਣ ਵਾਲੇ ਵਿਸ਼ਿਆਂ ਨੂੰ ਦਿਲਚਸਪ ਸਰੂਪ ਪ੍ਰਦਾਨ ਕਰਨਾ ਡੀਪਫੇਕ ਲਈ ਮੰਨੋ ਖੱਬੇ ਹੱਥ ਦੀ ਖੇਡ ਹੈ। ਵਿਗਿਆਪਨ ਖੇਤਰ ’ਚ ਤਾਂ ਇਸ ਨਾਲ ਜੁੜੀਆਂ ਕਈ ਸੰਭਾਵਨਾਵਾਂ ਮੌਜੂਦ ਹਨ।
ਜਿਵੇਂ ਕਿ ਹਰ ਤਸਵੀਰ ਦੇ ਦੋ ਪਹਿਲੂ ਹੁੰਦੇ ਹਨ, ਵਿਕਸਿਤ ਭਵਿੱਖ ਲਈ ਵਰਦਾਨ ਬਣਦਾ ਡੀਪਫੇਕ ਆਪਣੇ ਨਾਂਹ-ਪੱਖੀ ਤੌਰ ’ਤੇ ਬਹੁਰੂਪੀਆ ਬਣ ਕੇ ਲੋਕਾਂ ਦੀ ਨਿੱਜਤਾ ਨਾਲ ਖਿਲਵਾੜ ਕਰ ਰਿਹਾ ਹੈ। ਹਾਲ ਹੀ ’ਚ ਡੀਪਫੇਕ ਦੇ ਸ਼ਿਕਾਰ ਬਣੇ ਕਲਾਕਾਰ ਚਰਚਾ ਦਾ ਕੇਂਦਰ ਰਹੇ। ਵਿਸ਼ਵ ਪੱਧਰ ’ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੇਟਾ ਦੇ ਮੁਖੀ ਮਾਰਕ ਜ਼ੁਕਰਬਰਗ ਵਰਗੀਆਂ ਨਾਮਵਰ ਹਸਤੀਆਂ ਵੀ ਏ. ਆਈ.-ਅੱਯਾਰੀ ਦਾ ਨਿਸ਼ਾਨਾ ਬਣਨ ਤੋਂ ਨਹੀਂ ਬਚ ਸਕੀਆਂ।
ਸਾਧਾਰਨ ਸ਼ਬਦਾਂ ’ਚ ਡੀਪਫੇਕ ਏ. ਆਈ. ਦੀ ਮਦਦ ਨਾਲ ਤਿਆਰ ਕੀਤਾ ਗਿਆ ਕੰਟੈਂਟ ਹੈ ਜਿਸ ’ਚ ਆਡੀਓ-ਵੀਡੀਓ ਦੋਵੇਂ ਹੀ ਸ਼ਾਮਲ ਹੁੰਦੇ ਹਨ। ਤਸਵੀਰ ਜਾਂ ਵੀਡੀਓ ’ਚ ਮੌਜੂਦ ਵਿਅਕਤੀ ਦੇ ਚਿਹਰੇ ’ਤੇ ਹੋਰ ਚਿਹਰਾ ਲਾ ਕੇ, ਏ. ਆਈ. ਦੀ ਮਦਦ ਨਾਲ ਉਸ ਦੇ ਬਾਡੀ ਮੂਵਮੈਂਟ, ਹਾਵ-ਭਾਵ ਇਸ ਤਰ੍ਹਾਂ ਬਦਲ ਦਿੱਤੇ ਜਾਂਦੇ ਹਨ ਕਿ ਦੇਖਣ ’ਤੇ ਇਹ ਬਿਲਕੁਲ ਅਸਲੀ ਲੱਗਦੀ ਹੈ। ਸਿਰਫ ਚੌਕਸ ਅਤੇ ਸਿੱਖਿਅਤ ਅੱਖਾਂ ਹੀ ਇਸ ਦੀ ਅਸਲੀਅਤ ਮਹਿਸੂਸ ਕਰ ਸਕਦੀਆਂ ਹਨ। ਇਕ ਤਰ੍ਹਾਂ ਦੇ ਡੀਪਫੇਕ ਕੰਟੈਂਟ ’ਚ ਅਸਲੀ ਆਵਾਜ਼ ਦੀ ਕਾਪੀ ਕਰ ਕੇ, ਵੱਖ-ਵੱਖ ਤਰ੍ਹਾਂ ਦੇ ਸਕੈਮ ਅੰਜਾਮ ਦਿੱਤੇ ਜਾਂਦੇ ਹਨ। ਹਰ ਸਾਲ ਵੱਡੀ ਗਿਣਤੀ ’ਚ ਪ੍ਰਸਾਰਿਤ ਹੋਣ ਵਾਲੇ ਡੀਪਫੇਕ ਵੀਡੀਓ ਨਾ ਸਿਰਫ ਵਿਅਕਤੀ ਵਿਸ਼ੇਸ਼ ਦੇ ਅਕਸ ਧੁੰਦਲੇ ਕਰਨ ਦਾ ਬਦਲ ਬਣਦੇ ਹਨ ਸਗੋਂ ਕੰਟੈਂਟ ਦੇ ਨਾਂ ’ਤੇ ਅਕਸਰ ਅਜਿਹੀ ਸਮੱਗਰੀ ਵੀ ਪਰੋਸਦੇ ਰਹਿੰਦੇ ਹਨ ਜੋ ਸਮਾਜ ’ਚ ਅਨੈਤਿਕਤਾ ਫੈਲਾਉਣ ਅਤੇ ਧਾਰਮਿਕ-ਫਿਰਕਾ ਅੱਗ ਭੜਕਾਉਣ ਦਾ ਕਾਰਜ ਕਰੇ। ਪੱਖਪਾਤੀ ਭਾਵਨਾਵਾਂ ਕਾਰਨ ਸਿਆਸੀ ਭੈੜੇ ਪ੍ਰਚਾਰ ਕਰਨਾ ਆਮ ਗੱਲ ਹੈ।
ਸਹਿਜ ਸਾਫਟਵੇਅਰ ਪ੍ਰਾਪਤੀ ਕਾਰਨ ਡੀਪਫੇਕ ਮੋਬਾਈਲ ਤੱਕ ਆਪਣੀ ਬੜ੍ਹਤ ਬਣਾ ਚੁੱਕਾ ਹੈ। ਸਾਈਬਰ ਅਪਰਾਧੀਆਂ ਨੂੰ ਫੜਨਾ ਔਖਾ ਹੈ, ਇਸੇ ਗੱਲ ਦਾ ਉਹ ਅਣਉਚਿਤ ਲਾਭ ਉਠਾਉਂਦੇ ਹਨ। ਸਾਲ 2022 ’ਚ 66 ਫੀਸਦੀ ਸਾਈਬਰ ਸੁਰੱਖਿਆ ਪੇਸ਼ੇਵਰਾਂ ਨੇ ਡੀਪਫੇਕ ਹਮਲਿਆਂ ਦਾ ਸਾਹਮਣਾ ਕੀਤਾ, ਡੀਪਫੇਕ ਧੋਖਾਧੜੀ ਨਾਲ ਵਿਸ਼ਵ ਭਰ ਦੀਆਂ ਕੰਪਨੀਆਂ ਨੂੰ 4.8 ਡਾਲਰ ਦਾ ਨੁਕਸਾਨ ਉਠਾਉਣਾ ਪਿਆ। ਖੋਜਕਰਤਿਆਂ ਅਨੁਸਾਰ, ਮੌਜੂਦਾ ਦਹਾਕੇ ਦੇ ਅੰਤ ਤੱਕ 90 ਫੀਸਦੀ ਕੰਟੈਂਟ ਸਿੰਥੈਂਟਿਕ ਵਿਧੀ ਨਾਲ ਤਿਆਰ ਕੀਤੇ ਜਾ ਸਕਦੇ ਹਨ। ਮਸ਼ੀਨ ਲਰਨਿੰਗ ਤੇ ਏ. ਆਈ. ਆਗਾਮੀ ਸਾਲਾਂ ’ਚ ਇੰਨੇ ਪ੍ਰਪੱਕ ਹੋਣ ਦੀ ਸੰਭਾਵਨਾ ਹੈ ਕਿ ਫਾਰੈਂਸਿਕ ਸਾਇੰਸ ਦੀ ਮਦਦ ਦੇ ਬਿਨਾਂ ਸੱਚ-ਝੂਠ ਨੂੰ ਨਿਤਾਰਨਾ ਮੁਸ਼ਕਲ ਹੋਵੇਗਾ।
ਖਾਸ ਜਾਂ ਆਮ, ਕਿਸੇ ਵੀ ਵਿਅਕਤੀ ਦੀ ਨਿੱਜਤਾ ਨਾਲ ਛੇੜਛਾੜ ਕਾਨੂੰਨੀ ਤੌਰ ’ਤੇ ਨਾਜਾਇਜ਼ ਹੈ। ਸੂਚਨਾ ਤਕਨਾਲੋਜੀ (ਆਈ. ਟੀ.) ਨਿਯਮ 2021 ਅਧੀਨ, ਗਲਤ ਸੂਚਨਾ ਪ੍ਰਸਾਰਿਤ ਹੋਣ ਤੋਂ ਰੋਕਣਾ ਆਨਲਾਈਨ ਪਲੇਟਫਾਰਮ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਨਿਯਮ ਅਨੁਸਾਰ, ਯੂਜ਼ਰਜ਼ ਜਾਂ ਸਰਕਾਰ ਤੋਂ ਰਿਪੋਰਟ ਪ੍ਰਾਪਤ ਹੋਣ ’ਤੇ 36 ਘੰਟਿਆਂ ਦੇ ਅੰਦਰ ਸਬੰਧਤ ਕੰਟੈਂਟ ਨੂੰ ਹਟਾਉਣਾ ਲਾਜ਼ਮੀ ਹੈ। ਅਜਿਹਾ ਨਾ ਹੋਣ ’ਤੇ ਸ਼ਿਕਾਇਤਕਰਤਾ ਕੰਪਨੀ ਵਿਰੁੱਧ ਕੋਰਟ ’ਚ ਮੁਕੱਦਮਾ ਦਰਜ ਕਰਵਾ ਸਕਦਾ ਹੈ।
ਯੂਨੀਕ ਫੀਚਰਜ਼ ਦੀ ਵਰਤੋਂ ਕਰ ਕੇ ਡੀਪਫੇਕ ਬਣਾਉਣਾ ਆਈ. ਟੀ. ਐਕਟ ਦੀ ਧਾਰਾ 66-ਸੀ ਅਤੇ ਆਨਲਾਈਨ ਚੈਟਿੰਗ ’ਚ ਇਸ ਦੀ ਵਰਤੋਂ ਕਰਨਾ ਧਾਰਾ 66-ਡੀ ਤਹਿਤ ਅਪਰਾਧ ਦੀ ਸ਼੍ਰੇਣੀ ’ਚ ਆਉਂਦੇ ਹਨ। ਇਲੈਕਟ੍ਰਾਨਿਕ ਰਿਕਾਰਡ ਦੀ ਜਾਅਲਸਾਜ਼ੀ ਅਧੀਨ ਆਉਣ ਕਾਰਨ ਡੀਪਫੇਕ ’ਤੇ ਆਈ. ਪੀ. ਸੀ. ਦੀ ਧਾਰਾ 463 ਤੋਂ 471 ਲਾਗੂ ਕੀਤੀ ਜਾ ਸਕਦੀ ਹੈ।
ਫਰਜ਼ੀ ਆਡੀਓ-ਵੀਡੀਓ ਸੋਸ਼ਲ ਮੀਡੀਆ ’ਤੇ ਆਪਣਾ ਗਲਬਾ ਬਣਾ ਸਕਣ ’ਚ ਕਾਮਯਾਬ ਹੋ ਸਕਦੇ ਹਨ ਕਿਉਂਕਿ ਇਨ੍ਹਾਂ ’ਤੇ ਰੋਕ ਲਾਉਣ ਸਬੰਧੀ ਅਜੇ ਤੱਕ ਨਾ ਤਾਂ ਕੋਈ ਤਸੱਲੀਬਖਸ਼ ਕਾਨੂੰਨ ਮੌਜੂਦ ਹੈ ਅਤੇ ਨਾ ਹੀ ਸੋਸ਼ਲ ਪਲੇਟਫਾਰਮ ’ਤੇ ਪ੍ਰਸਾਰਿਤ ਹੋਣ ਵਾਲੇ ਕੰਟੈਂਟ ਦੀ ਨਿਗਰਾਨੀ ਤੇ ਜਾਂਚ ਲਈ ਕੋਈ ਜਵਾਬਦੇਹ ਰੈਗੂਲੇਟਰੀ ਸੰਸਥਾ ਹੀ। ਹਾਲ ਹੀ ’ਚ ਖੁਦ ਪ੍ਰਧਾਨ ਮੰਤਰੀ ਵੱਲੋਂ ਚਿੰਤਾ ਪ੍ਰਗਟਾਉਣ ਉਪਰੰਤ ਜਲਦੀ ਹੀ ਮੌਜੂਦਾ ਕਾਨੂੰਨ ’ਚ ਸੋਧ ਹੋਣ ਜਾਂ ਸਖਤ ਕਾਨੂੰਨ ਲਾਗੂ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਤਾਂ ਹਨ।
ਮੰਤਵ ਕਿਸੇ ਦੀ ਨਿੱਜਤਾ ਚੋਰੀ ਕਰ ਕੇ ਸਨਸਨੀ ਫੈਲਾਉਣੀ ਹੋਵੇ ਜਾਂ ਨਿਹਿਤ ਸਵਾਰਥਾਂ ਕਾਰਨ ਕਿਸੇ ਦੀ ਮਰਿਆਦਾ ਕਲੰਕਿਤ ਕਰਨਾ, ਸਮਾਜਿਕ ਸ਼ੁੱਧਤਾ ਦੇ ਆਧਾਰ ’ਤੇ ਅਜਿਹੇ ਯਤਨ ਨਾਮੰਨਣਯੋਗ ਹਨ। ਪ੍ਰਭਾਵਿਤ ਵਿਅਕਤੀ ਦੀ ਸ਼ਾਨ ਮਿੱਟੀ ’ਚ ਮਿਲ ਸਕਦੀ ਹੈ। ਫਿਰਕੇ ਵਿਸ਼ੇਸ਼ ਦੀਆਂ ਭਾਵਨਾਵਾਂ ਭੜਕਣ ਕਾਰਨ ਹਿੰਸਾ ਅਤੇ ਅਰਾਜਕਤਾ ਦਾ ਮਾਹੌਲ ਪੈਦਾ ਹੋ ਸਕਦਾ ਹੈ। ਇਸ ਵਿਸ਼ੇ ’ਚ ਵਰਤੀ ਗਈ ਥੋੜ੍ਹੀ ਜਿਹੀ ਕੁਤਾਹੀ ਸਾਡੀ ਵੰਨ-ਸੁਵੰਨੀ ਲੋਕਤੰਤਰੀ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਸਾਬਤ ਹੋ ਸਕਦੀ ਹੈ।
ਤਕਨੀਕੀ ਵਿਕਾਸ ਦਾ ਮੰਤਵ ਸਾਡੇ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇ ਵਰਚੁਅਲ ਸੰਮੇਲਨ ’ਚ ਵੀ ਬਣਾਉਟੀ ਮੇਧਾ ਨੂੰ ਵਿਸ਼ਵ ਪੱਧਰ ’ਤੇ ਨਿਯਮਾਂ ਦੀ ਲੋੜ ਦੱਸਦੇ ਹੋਏ ਇਹ ਵੀ ਕਿਹਾ ਸੀ ਕਿ ਬਣਾਉਟੀ ਮੇਧਾ ਨੂੰ ਵਿਅਕਤੀ ਅਤੇ ਸਮਾਜ ਲਈ ਜ਼ਿੰਮੇਵਾਰ ਹੋਣਾ ਹੋਵੇਗਾ। ਬਣਾਉਟੀ ਮੇਧਾ ਹਰੇਕ ਤਰ੍ਹਾਂ ਨਾਲ ਇਸ ਵਿਕਾਸ ਕ੍ਰਮ ’ਚ ਸ਼ਾਨਦਾਰ ਸਿੱਧ ਹੋ ਸਕਦੀ ਹੈ। ਬਸ਼ਰਤੇ ਨਾ ਤਾਂ ਉਹ ਮਨੁੱਖਤਾ ’ਤੇ ਹਾਵੀ ਹੋ ਸਕੇ ਅਤੇ ਨਾ ਹੀ ਕਿਸੇ ਵੀ ਰੂਪ ’ਚ ਉਸ ਦੀ ਦੁਰਵਰਤੋਂ ਸੰਭਵ ਹੋਵੇ।
ਦੀਪਿਕਾ ਅਰੋੜਾ
ਸਿੱਖਾਂ ਦਾ ਭਰੋਸਾ ਜਿੱਤਣ ਲਈ ਭਾਜਪਾ ਨੂੰ ਬਹੁਤ ਕੁਝ ਕਰਨ ਦੀ ਲੋੜ
NEXT STORY