ਰਬੀ (ਸਰਦੀਆਂ) ਦੀਆਂ ਫਸਲਾਂ ਕਣਕ, ਸਰ੍ਹੋਂ, ਛੋਲੇ, ਆਲੂ ਆਦਿ ਦੇ ਵਧੀਆ ਝਾੜ ਲਈ ਯੂਰੀਆ ਅਤੇ ਡੀ. ਏ. ਪੀ. (ਡਾਈ ਅਮੋਨੀਆ ਫਾਸਫੇਟ) ਖਾਦਾਂ ਦੀ ਲੋੜ ਹੁੰਦੀ ਹੈ ਪਰ ਇਨ੍ਹਾਂ ਦੋਹਾਂ ਹੀ ਖਾਦਾਂ ਦੀ ਕਮੀ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਉਨ੍ਹਾਂ ’ਚ ਭਾਰੀ ਰੋਸ ਪਾਇਆ ਜਾਂਦਾ ਹੈ।
ਪੰਜਾਬ ਅਤੇ ਹਰਿਆਣਾ ਤੋਂ ਲੈ ਕੇ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਆਦਿ ਸੂਬਿਆਂ ਦੇ ਕਿਸਾਨ ਇਸ ਸਮੇਂ ਡੀ. ਏ. ਪੀ. ਖਾਦ ਦੀ ਭਿਆਨਕ ਕਮੀ ਨਾਲ ਜੂਝ ਰਹੇ ਹਨ। ਡੀ. ਏ. ਪੀ. ਦੂਸਰੀ ਸਭ ਤੋਂ ਵੱਧ ਖਪਤ ਵਾਲੀ ਖਾਦ ਹੈ ਜਿਸ ਲਈ ਕੁਝ ਥਾਵਾਂ ’ਤੇ ਕਿਸਾਨਾਂ ਨੂੰ 2-2 ਦਿਨ ਲਾਈਨ ’ਚ ਲੱਗਣਾ ਪੈ ਰਿਹਾ ਹੈ ਅਤੇ ਕੁਝ ਸੂਬਿਅਾਂ ’ਚ ਤਾਂ ਪੁਲਸ ਦੇ ਪਹਿਰੇ ’ਚ ਇਸ ਦੀ ਵੰਡ ਹੋਣ ਦੀ ਖਬਰ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੇਸ਼ ’ਚ ਉਕਤ ਖਾਦਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਖਰੀਫ ਦਾ ਸੀਜ਼ਨ ਹੋਵੇ ਜਾਂ ਰਬੀ ਦਾ, ਹਰ ਵਾਰ ਕਿਸਾਨਾਂ ਨੂੰ ਉਕਤ ਖਾਦਾਂ ਨੂੰ ਹਾਸਲ ਕਰਨ ਲਈ ਭਾਰੀ ਜੱਦੋ-ਜਹਿਦ ਕਰਨੀ ਪੈਂਦੀ ਹੈ।
ਜੇ ਕਿਸਾਨ ਨੂੰ ਖਾਦ ਮਿਲ ਵੀ ਜਾਏ ਤਾਂ ਵੀ ਉਸ ਨੂੰ ਜਿੰਨੀ ਚਾਹੀਦੀ ਹੈ, ਓਨੀ ਨਹੀਂ ਮਿਲਦੀ ਅਤੇ ਮਜਬੂਰਨ ਕਿਸਾਨਾਂ ਨੂੰ ਕਾਲੇ ਬਾਜ਼ਾਰ ’ਚੋਂ ਮਹਿੰਗੇ ਮੁੱਲ ’ਤੇ ਖਾਦ ਲੈਣੀ ਪੈਂਦੀ ਹੈ। ਕਈ ਸੂਬਿਅਾਂ ’ਚ ਕਿਸਾਨਾਂ ਨੇ 1350 ਵਾਲੇ 50 ਕਿਲੋ ਡੀ. ਏ. ਪੀ. ਦੇ ਕੱਟੇ ਨੂੰ ਬਲੈਕ ’ਚ ਖਰੀਦਣ ਲਈ 2-2 ਹਜ਼ਾਰ ਰੁਪਏ ਦਿੱਤੇ ਹਨ।
ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋਵੇਗੀ ਕਿ ਦੇਸ਼ ਲਈ ਅਨਾਜ ਉਗਾਉਣ ਵਾਲੇ ਅੰਨਦਾਤਾ ਨੂੰ ਸਮੇਂ ’ਤੇ ਖਾਦ ਨਹੀਂ ਮਿਲਦੀ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਕਿਸਾਨਾਂ ਨੂੰ ਉਕਤ ਖਾਦਾਂ ਹਾਸਲ ਕਰਨ ਲਈ ਮੁਸ਼ਕਲਾਂ ’ਚੋਂ ਲੰਘਣਾ ਪੈ ਰਿਹਾ ਹੈ।
–11 ਨਵੰਬਰ ਨੂੰ ਦੇਵਰੀਆ (ਉੱਤਰ ਪ੍ਰਦੇਸ਼) ’ਚ ਕਿਸਾਨਾਂ ਨੇ ਖਾਦ ਦੀ ਵੰਡ ’ਚ ਧਾਂਦਲੀ ਵਿਰੁੱਧ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ‘ਸਾਧਨ ਸਹਿਕਾਰੀ ਸਮਿਤੀ’ ਦੇ ਸਕੱਤਰ ’ਤੇ ਵੰਡ ’ਚ ਵਿਤਕਰੇ ਦਾ ਦੋਸ਼ ਲਾਇਆ ਕਿ ਉਨ੍ਹਾਂ ਨੂੰ ਉਕਤ ਸਮਿਤੀ ’ਚੋਂ ਖਾਦ ਨਾ ਮਿਲਣ ਕਾਰਨ ਬਲੈਕ ’ਚ ਮਹਿੰਗੇ ਭਾਅ ’ਤੇ ਖਾਦ ਖਰੀਦਣੀ ਪੈ ਰਹੀ ਹੈ।
–20 ਨਵੰਬਰ ਨੂੰ ‘ਧਾਰ’ (ਮੱਧ ਪ੍ਰਦੇਸ਼) ਜ਼ਿਲੇ ਦੇ ‘ਰਾਜਗੜ੍ਹ’ ਵਿਚ ਯੂਰੀਆ ਖਾਦ ਦੀ ਕਮੀ ਕਾਰਨ ਪ੍ਰੇਸ਼ਾਨ ਕਿਸਾਨਾਂ ਨੇ ਚੱਕਾ ਜਾਮ ਕਰ ਦਿੱਤਾ।
–22 ਨਵੰਬਰ ਨੂੰ ‘ਅੰਮ੍ਰਿਤਸਰ’ (ਪੰਜਾਬ) ਵਿਚ ਵੱਖ-ਵੱਖ ਕਿਸਾਨ ਸੰਗਠਨਾਂ ਨੇ ‘ਮੁੱਖ ਖੇਤੀਬਾੜੀ ਅਧਿਕਾਰੀ’ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਕੇ ਖਾਦ ਦੀ ਸਪਲਾਈ ਅਤੇ ਇਸ ਦੀ ਵਿਕਰੀ ਨਾਲ ਜੁੜੀ ਗੜਬੜੀ ਨੂੰ ਤੁਰੰਤ ਰੋਕਣ ਦੀ ਮੰਗ ਉਠਾਈ।
–25 ਨਵੰਬਰ ਨੂੰ ਉੱਜੈਨ (ਮੱਧ ਪ੍ਰਦੇਸ਼) ’ਚ ਕਿਸਾਨਾਂ ਨੇ ਯੂਰੀਅਾ ਖਾਦ ਦੀ ਕਮੀ ਅਤੇ ਵੰਡ ’ਚ ਦੇਰੀ ਦਾ ਦੋਸ਼ ਲਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਦੇ ਸਿੱਟੇ ਵਜੋਂ ਉੱਜੈਨ-ਅਾਗਰ (ਮਾਲਵਾ) ਹਾਈਵੇਅ ’ਤੇ ਕਈ ਘੰਟੇ ਟ੍ਰੈਫਿਕ ਜਾਮ ਰਿਹਾ। ਪ੍ਰਦਰਸ਼ਨਕਾਰੀਅਾਂ ਨੇ ਦਾਅਵਾ ਕੀਤਾ ਕਿ ਰੋਜ਼ਾਨਾ ਖਾਦ ਲਈ ਲਗਭਗ 300 ਕਿਸਾਨਾਂ ਨੂੰ ਟੋਕਨ ਦਿੱਤੇ ਜਾਂਦੇ ਹਨ ਪਰ 70-80 ਨੂੰ ਹੀ ਖਾਦ ਮਿਲਦੀ ਹੈ।
–27 ਨਵੰਬਰ ਨੂੰ ਗੁਨਾ (ਮੱਧ ਪ੍ਰਦੇਸ਼) ਦੇ ਕੁਸ਼ੇਪੁਰ ਪਿੰਡ ਦੀ ਕਿਸਾਨ ਮਹਿਲਾ ਭੂਰੀ ਬਾਈ ਦੀ ਖਾਦ ਲਈ 2 ਦਿਨਾਂ ਤਕ ਲਾਈਨ ’ਚ ਖੜ੍ਹੀ ਰਹਿਣ ਕਾਰਨ ਭੁੱਖ, ਥਕਾਨ ਅਤੇ ਠੰਢ ਕਾਰਨ ਤਬੀਅਤ ਵਿਗੜ ਜਾਣ ਕਾਰਨ ਮੌਤ ਹੋ ਗਈ।
ਕਈ ਥਾਵਾਂ ’ਤੇ ਮੁਲਾਜ਼ਮਾਂ ਵਲੋਂ ਖਾਦ ਵੰਡ ’ਚ ਪਾਰਦਰਸ਼ਿਤਾ ਦੀ ਕਮੀ ਅਤੇ ਧਾਂਦਲੀਅਾਂ ਦੀਅਾਂ ਸ਼ਿਕਾਇਤਾਂ ਵੀ ਮਿਲ ਰਹੀਅਾਂ ਹਨ। ਦੋਸ਼ ਹੈ ਕਿ ਕਈ ਥਾਵਾਂ ’ਤੇ ਮੁਲਾਜ਼ਮਾਂ ਵਲੋਂ ਕਿਸਾਨਾਂ ਨੂੰ ਭਜਾ ਦਿੱਤਾ ਜਾਂਦਾ ਹੈ ਅਤੇ ਕਦੇ-ਕਦੇ ਉਨ੍ਹਾਂ ਦੇ ਦਸਤਾਵੇਜ਼ ਵੀ ਪਾੜ ਕੇ ਸੁੱਟ ਦਿੱਤੇ ਜਾਂਦੇ ਹਨ।
ਆਜ਼ਾਦੀ ਤੋਂ ਬਾਅਦ ਜਦੋਂ ਭਾਰਤ ਕੋਲ ਅਾਪਣੇ ਲੱਖਾਂ ਲੋਕਾਂ ਨੂੰ ਖੁਆਉਣ ਲਈ ਕੁਝ ਨਹੀਂ ਸੀ, ਤਾਂ 1960 ’ਚ ਖੇਤੀ ਅਤੇ ਜਨਨ ਵਿਗਿਆਨੀ ਐੱਮ. ਐੱਸ. ਸਵਾਮੀਨਾਥਨ ਦੀ ਅਗਵਾਈ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਹਮਾਇਤ ਅਤੇ ਹੱਲਾਸ਼ੇਰੀ ਕਾਰਨ ਆਈ ਹਰੀ ਕ੍ਰਾਂਤੀ ਨੇ ਭਾਰਤ ਨੂੰ ਨਾ ਸਿਰਫ ਸਵੈਨਿਰਭਰ ਬਣਾਇਆ ਸਗੋਂ ਇਸ ਨੂੰ ਕਣਕ ਅਤੇ ਚੌਲ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਵੀ ਬਣਾਇਆ। ਫਰਟੀਲਾਈਜ਼ਰ ਸੈਕਟਰ ਨੇ ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼ ਵਰਗੇ ਜ਼ਰੂਰੀ ਪੋਸ਼ਕ ਤੱਤਾਂ ਦੀ ਸਮੇਂ ਸਿਰ ਉਪਲਬੱਧਤਾ ਯਕੀਨੀ ਕਰ ਕੇ ਭਾਰਤ ਦੀ ਖੇਤੀਬਾੜੀ ਪੈਦਾਵਾਰ ਨੂੰ ਬਣਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਈ ਹੈ।
ਭਾਰਤ ਅਾਪਣੀ ਲਗਭਗ 95 ਫੀਸਦੀ ਵਿਸ਼ੇਸ਼ ਖਾਦ ਚੀਨ ਤੋਂ ਦਰਾਮਦ ਕਰਦਾ ਹੈ। 2023 ਦੇ ਦਰਮਿਆਨ ਤੋਂ ਚੀਨ ਨੇ ਵਿਸ਼ੇਸ਼ ਖਾਦ ਦੀ ਬਰਾਮਦ ’ਤੇ ਰੋਕ ਲਾਉਣ ਦੇ ਨਾਲ-ਨਾਲ ਐਕਸਪੋਰਟ ’ਤੇ ਰੋਕ ਲਾ ਦਿੱਤੀ ਹੈ। ਹਾਲਾਂਕਿ ਭਾਰਤ ਨੇ ਸਾਊਥ ਅਫਰੀਕਾ, ਚਿਲੀ, ਮੋਰਾਕੋ ਤੋਂ ਦੂਸਰੇ ਸਪਲਾਈ ਸੋਰਸ ਹਾਸਲ ਕਰ ਲਏ ਹਨ ਪਰ ਇਹ ਕਾਫੀ ਨਹੀਂ ਹੈ। ਸ਼ਾਇਦ ਹੁਣ ਇਸ ’ਤੇ ਫਿਰ ਤੋਂ ਸੋਚਣ ਅਤੇ ਇਕ ਨਵੀਂ ਹਰੀ ਕ੍ਰਾਂਤੀ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ।
ਗਵਰਨਰ ਅਹੁਦੇ ’ਤੇ ਬੈਠੇ ਕੁਝ ‘ਲੋਕ’ ਯਕੀਨੀ ਤੌਰ ’ਤੇ ‘ਚੰਗੇ ਲੋਕ’ ਨਹੀਂ
NEXT STORY