ਭਾਰਤ ਦੀ ਪ੍ਰਾਚੀਨ ਸੱਭਿਅਤਾ ’ਚ ਯੋਗ ਨੂੰ ਜੀਵਨ ਦਾ ਆਧਾਰ ਮੰਨਿਆ ਗਿਆ ਹੈ। ਅੱਜ ਦੀ ਤੇਜ਼-ਰਫਤਾਰ ਅਤੇ ਤਣਾਅਪੂਰਨ ਦੁਨੀਆ ’ਚ, ਜਿੱਥੇ ਜੀਵਨਸ਼ੈਲੀ ਸੰਬੰਧੀ ਬੀਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਮਾਨਸਿਕ ਵਿਕਾਰ ਤੇਜ਼ੀ ਨਾਲ ਵਧ ਰਹੇ ਹਨ, ਯੋਗ ਇਕ ਪ੍ਰਾਚੀਨ ਪਰ ਅਤਿਅੰਤ ਪ੍ਰਾਸੰਗਿਕ ਹੱਲ ਦੇ ਰੂਪ ’ਚ ਉੱਭਰ ਰਿਹਾ ਹੈ।
ਭਾਰਤ ਦੀ ਇਹ ਵਡਮੁੱਲੀ ਧਰੋਹਰ ਨਾ ਸਿਰਫ ਸਰੀਰਕ ਸਿਹਤ ਨੂੰ ਮਜ਼ਬੂਤ ਬਣਾਉਂਦੀ ਹੈ, ਸਗੋਂ ਮਨ ਦੀ ਸ਼ਾਂਤੀ ਅਤੇ ਅਧਿਆਤਮਿਕ ਸੰਤੁਲਨ ਵੀ ਪ੍ਰਦਾਨ ਕਰਦੀ ਹੈ। ਕਿਉਂਕਿ ਯੋਗ ਨਿੱਜੀ ਸਿਹਤ ਤੋਂ ਲੈ ਕੇ ਚੌਗਿਰਦਾ ਸੰਤੁਲਨ ਤੱਕ ਸਭ ਕੁਝ ਜੋੜਦਾ ਹੈ, ਇਸ ਲਈ ਬੀਤੇ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਥੀਮ ‘ਇਕ ਧਰਤੀ, ਇਕ ਸਿਹਤ ਲਈ ਯੋਗ’ ਨੇ ਇਸ ਨੂੰ ਹੋਰ ਜ਼ਿਆਦਾ ਪ੍ਰਾਸੰਗਿਕ ਬਣਾ ਦਿੱਤਾ ਹੈ।
ਅੱਜ ਦਾ ਵਿਸ਼ਾ ਯੋਗ ਨੂੰ ਦੈਨਿਕ ਜੀਵਨ ’ਚ ਅਪਣਾਉਣ ਦੇ ਵਿਵਹਾਰਿਕ ਲਾਭਾਂ ’ਤੇ ਕੇਂਦਰਿਤ ਹੈ, ਤਾਂ ਕਿ ਅਸੀਂ ਇਕ ਸਿਹਤਮੰਦ, ਸਾਕਾਰਾਤਮਕ ਅਤੇ ਸੰਤੁਲਿਤ ਜੀਵਨ ਜੀਅ ਸਕੀਏ।
ਯੋਗ ਦਾ ਅਰਥ ਹੈ ‘ਜੋੜਨਾ’ ਜਾਂ ‘ਮਿਲਨ’। ਇਹ ਸਰੀਰ, ਮਨ ਅਤੇ ਆਤਮਾ ਦਾ ਮਿਲਨ ਹੈ। ਮਹਾਰਿਸ਼ੀ ਪਤੰਜਲੀ ਦੇ ਯੋਗ ਸੂਤਰਾਂ ’ਚ ਯੋਗ ਨੂੰ ‘ਚਿਤਰ ਵ੍ਰਿਤਿ ਨਿਰੋਧ:’ ਕਿਹਾ ਗਿਆ ਹੈ, ਅਰਥਾਤ ਮਨ ਦੀਆਂ ਬਿਰਤੀਆਂ ਦਾ ਨਿਰੋਧ ਪਰ ਯੋਗ ਸਿਰਫ ਧਿਆਨ ਜਾਂ ਸਮਾਧੀ ਤੱਕ ਸੀਮਤ ਨਹੀਂ, ਇਹ ਹੱਠ ਯੋਗ, ਰਾਜ ਯੋਗ, ਭਗਤੀ ਯੋਗ ਅਤੇ ਕਰਮ ਯੋਗ ਵੱਖ-ਵੱਖ ਰੂਪਾਂ ’ਚ ਜੀਵਨ ਨੂੰ ਸੰਤੁਲਿਤ ਕਰਦਾ ਹੈ। ਅੱਜ ਦੇ ਸੰਦਰਭ ’ਚ 8 ਯੋਗ ਆਸਣ ਅਤੇ ਪ੍ਰਾਣਾਯਾਮ ਸਭ ਤੋਂ ਜ਼ਿਆਦਾ ਪ੍ਰਚੱਲਿਤ ਹਨ, ਕਿਉਂਕਿ ਇਹ ਵਿਵਹਾਰਿਕ ਅਤੇ ਤੁਰੰਤ ਲਾਭ ਦੇਣ ਵਾਲੇ ਹਨ।
ਸਰੀਰਕ ਸਿਹਤ ਦੇ ਖੇਤਰ ’ਚ ਯੋਗ ਦੇ ਲਾਭ ਅਨੇਕ ਹਨ। ਨਿਯਮਿਤ ਯੋਗਾ ਅਭਿਆਸ ਨਾਲ ਸਰੀਰ ਲਚਕੀਲਾ, ਮਜ਼ਬੂਤ ਅਤੇ ਸੰਤੁਲਿਤ ਹੁੰਦਾ ਹੈ। ਸੂਰਜ ਨਮਸਕਾਰ ਵਰਗੇ ਗਤੀਸ਼ੀਲ ਆਸਣ ਪੂਰੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਸਰਗਰਮ ਕਰਦੇ ਹਨ, ਖੂਨ ਦਾ ਸੰਚਾਰ ਵਧਾਉਂਦੇ ਹਨ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦੇ ਹਨ। ਇਸ ਨਾਲ ਵਜ਼ਨ ਨੂੰ ਕੰਟਰੋਲ ’ਚ ਰੱਖਣ ’ਚ ਮਦਦ ਮਿਲਦੀ ਹੈ। ਕਈ ਅਧਿਐਨਾਂ ਤੋਂ ਸਿੱਧ ਹੋਇਆ ਹੈ ਕਿ ਯੋਗ ਨਾਲ ਮੋਟਾਪਾ ਘੱਟ ਹੁੰਦਾ ਹੈ, ਖਾਸ ਕਰ ਕੇ ਪੇਟ ਦੀ ਚਰਬੀ। ਧਨੁਰਾਸਣ, ਭੁਜੰਗਾਸਣ ਅਤੇ ਨੌਕਾਸਣ ਵਰਗੇ ਆਸਣ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ। ਔਰਤਾਂ ਲਈ ਯੋਗ ਮਾਹਵਾਰੀ ਚੱਕਰ ਨੂੰ ਨਿਯਮਿਤ ਕਰਦਾ ਹੈ, ਬੱਚੇ ਦੇ ਜਨਮ ਤੋਂ ਬਾਅਦ ਰਿਕਵਰੀ ’ਚ ਸਹਾਇਕ ਹੁੰਦਾ ਹੈ ਅਤੇ ਹੱਡੀਆਂ ਦੀ ਮਜ਼ਬੂਤੀ ਵਧਾਉਂਦਾ ਹੈ ਜਿਸ ਨਾਲ ਓਸਟੀਓਪੋਰੋਸਿਸ ਵਰਗੀਆਂ ਬੁਢਾਪੇ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਦਿਲ ਦੀ ਸਿਹਤ ਲਈ ਯੋਗ ਇਕ ਵਰਦਾਨ ਹੈ। ਅਨੁਲੋਮ-ਵਿਲੋਮ ਅਤੇ ਭ੍ਰਾਮਰੀ ਪ੍ਰਾਣਾਯਾਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ, ਕੋਲੈਸਟ੍ਰੋਲ ਪੱਧਰ ਨੂੰ ਘੱਟ ਕਰਦੇ ਹਨ ਅਤੇ ਦਿਲ ਦੀ ਧੜਕਣ ਨੂੰ ਸੰਤੁਲਿਤ ਰੱਖਦੇ ਹਨ।
ਭਾਰਤ ’ਚ ਦਿਲ ਦਾ ਰੋਗ ਮੌਤ ਦਾ ਪ੍ਰਮੁੱਖ ਕਾਰਨ ਹੈ ਅਤੇ ਯੋਗ ਵਰਗੇ ਕੁਦਰਤੀ ਤਰੀਕੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਯੋਗ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਨਿਯਮਿਤ ਅਭਿਆਸ ਨਾਲ ਸਰੀਰ ਨਾਲ ਆਕਸੀਜਨ ਦੀ ਮਾਤਰਾ ਵਧਣ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ।
ਮਾਨਸਿਕ ਸਿਹਤ ਯੋਗ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਦੀ ਨੌਜਵਾਨ ਪੀੜ੍ਹੀ ਚਿੰਤਾ ਅਤੇ ਤਣਾਅ ਨਾਲ ਗ੍ਰਸਤ ਹੈ, ਯੋਗ ’ਚ ਧਿਆਨ ਤੇ ਪ੍ਰਾਣਾਯਾਮ ਮਨ ਨੂੰ ਸ਼ਾਂਤ ਕਰਦੇ ਹਨ। ਵਿਪਸ਼ਾਇਨਾ ਧਿਆਨ ਨਾਲ ਸਟ੍ਰੈੱਸ ਹਾਰਮੋਨ ਕੋਰਟੀਸੋਲ ਘੱਟ ਹੁੰਦਾ ਹੈ, ਨੀਂਦ ਬਿਹਤਰ ਆਉਂਦੀ ਹੈ ਅਤੇ ਇਕਾਗਰਤਾ ਵਧਦੀ ਹੈ। ਵਿਦਿਆਰਥੀਆਂ ਲਈ ਪ੍ਰੀਖਿਆ ਦਾ ਤਣਾਅ ਘੱਟ ਕਰਨ ਦਾ ਬਿਹਤਰੀਨ ਮਾਧਿਅਮ ਹੈ। ਕੰਮਕਾਜੀ ਲੋਕਾਂ ਲਈ ਯੋਗ ਵਰਕ-ਲਾਈਫ ਬੈਲੇਂਸ ਬਣਾਈ ਰੱਖਦਾ ਹੈ, ਫੈਸਲਾ ਲੈਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਭਾਵਨਾਤਮਕ ਸਥਿਰਤਾ ਪ੍ਰਦਾਨ ਕਰਦਾ ਹੈ। ਯੋਗ ਨਾਲ ਆਤਮਵਿਸ਼ਵਾਸ ਵਧਦਾ ਹੈ, ਜੋ ਨਿੱਜੀ ਅਤੇ ਪੇਸ਼ੇਵਰ ਜੀਵਨ ’ਚ ਸਫਲਤਾ ਦੀ ਕੁੰਜੀ ਹੈ। ਯੋਗ ਨੂੰ ਸਿਹਤਮੰਦ ਜੀਵਨਸ਼ੈਲੀ ਦਾ ਆਧਾਰ ਬਣਾਉਣਾ ਚਾਹੀਦਾ ਹੈ, ਯੋਗ ਸਿਰਫ ਆਸਣ ਨਹੀਂ, ਸਗੋਂ ਆਹਾਰ, ਨੀਂਦ ਅਤੇ ਰੁਟੀਨ ਦਾ ਹਿੱਸਾ ਹੈ। ਆਯੁਰਵੇਦ ਅਨੁਸਾਰ, ਸਾਤਵਿਕ ਭੋਜਨ, ਫਲ, ਸਬਜ਼ੀਆਂ, ਦਾਲਾਂ, ਅਨਾਜ ਅਤੇ ਦੁੱਧ ਯੋਗ ਦੇ ਲਾਭਾਂ ਨੂੰ ਵਧਾਉਂਦੇ ਹਨ। ਜੰਕ ਫੂਡ, ਜ਼ਿਆਦਾ ਤੇਲ, ਮਸਾਲੇ ਅਤੇ ਰਾਤ ਨੂੰ ਭਾਰੀ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ, ਸਵੇਰੇ ਜਲਦੀ ਉੱਠਣਾ, ਸੂਰਜ ਚੜ੍ਹਨ ਦੇ ਨਾਲ ਹੀ ਯੋਗ ਕਰਨਾ ਅਤੇ ਰਾਤ ਨੂੰ 7-8 ਘੰਟੇ ਦੀ ਨੀਂਦ ਲੈਣਾ ਆਦਰਸ਼ ਹੈ। ਡਿਜੀਟਲ ਡਿਟਾਕਸ ਵੀ ਯੋਗ ਦਾ ਹਿੱਸਾ ਬਣ ਸਕਦਾ ਹੈ।
ਨਿਯਮਿਤ ਯੋਗ ਅਭਿਆਸ ਲਚਕੀਲਾਪਣ ਵਧਾਉਂਦਾ ਹੈ, ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸੰਤੁਲਨ ਸੁਧਾਰਦਾ ਹੈ। ਇਸ ਨਾਲ ਡਿੱਗਣ ਦਾ ਖਤਰਾ ਘੱਟ ਹੁੰਦਾ ਹੈ। ਵਿਗਿਆਨਿਕ ਅਧਿਐਨਾਂ ਤੋਂ ਸਿੱਧ ਹੈ ਕਿ ਇਹ ਤਣਾਅ ਘੱਟ ਕਰਦਾ ਹੈ, ਕੋਰਟੀਸੋਲ ਪੱਧਰ ਘਟਾਉਂਦਾ ਹੈ ਅਤੇ ਚਿੰਤਾ ਨੂੰ ਘੱਟ ਕਰ ਸਕਦਾ ਹੈ।
ਦਿਲ ਦੀ ਸਿਹਤ ’ਚ ਸੁਧਾਰ, ਬਿਹਤਰ ਨੀਂਦ, ਆਤਮ-ਸਨਮਾਨ ’ਚ ਵਾਧਾ ਅਤੇ ਸਮੱਗਰ ਜੀਵਨ ਗੁਣਵੱਤਾ ’ਚ ਵਾਧਾ ਵਰਗੇ ਲਾਭ ਵੀ ਪ੍ਰਮਾਣਿਤ ਹਨ। ਯੋਗ ਕੈਂਸਰ ਰੋਗੀਆਂ ’ਚ ਥਕਾਵਟ ਘੱਟ ਕਰਦਾ ਹੈ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਰੋਜ਼ਾਨਾ ਜੀਵਨ ਜ਼ਿਆਦਾ ਸੰਤੁਲਿਤ ਅਤੇ ਊਰਜਾਵਾਨ ਬਣਦਾ ਹੈ।
ਸਮਾਜਿਕ ਪੱਧਰ ’ਤੇ ਯੋਗ ਭਾਈਚਾਰੇ ਨੂੰ ਜੋੜਦਾ ਹੈ। ਪਿੰਡਾਂ ’ਚ ਯੋਗ ਕੈਂਪ, ਸ਼ਹਿਰਾਂ, ਪਾਰਕਾਂ ’ਚ ਸਮੂਹਿਕ ਸੈਸ਼ਨ ਅਤੇ ਸਕੂਲਾਂ ’ਚ ਯੋਗ ਸਿੱਖਿਆ ਨਾਲ ਲੋਕ ਇਕ-ਦੂਜੇ ਨਾਲ ਜੁੜਦੇ ਹਨ। ਔਰਤਾਂ ਲਈ ਇਹ ਸਸ਼ਕਤੀਕਰਨ ਦਾ ਸਾਧਨ ਹੈ ਜੋ ਘਰੇਲੂ ਕੰਮਾਂ ਦੇ ਨਾਲ ਸਿਹਤ ਨੂੰ ਬਣਾਈ ਰੱਖਦਾ ਹੈ। ਬਜ਼ੁਰਗਾਂ ਲਈ ਯੋਗ ਗਤੀਸ਼ੀਲਤਾ ਬਣਾਈ ਰੱਖਦਾ ਹੈ ਅਤੇ ਇਕੱਲੇਪਣ ਨੂੰ ਘੱਟ ਕਰਦਾ ਹੈ। ਚੌਗਿਰਦੇ ਦੀ ਦ੍ਰਿਸ਼ਟੀ ਤੋਂ, ਯੋਗ ਸਾਨੂੰ ਕੁਦਰਤ ਨਾਲ ਜੋੜਦਾ ਹੈ। ਯੋਗ ਸਾਨੂੰ ਸਿਖਾਉਂਦਾ ਹੈ ਕਿ ਨਿੱਜੀ ਸਿਹਤ ਅਤੇ ਧਰਤੀ ਦੀ ਸਿਹਤ ਇਕ-ਦੂਜੇ ਨਾਲ ਜੁੜੇ ਹੋਏ ਹਨ। ਘੱਟ ਖਪਤ, ਜ਼ਿਆਦਾ ਜਾਗਰੂਕਤਾ ਅਤੇ ਸੰਤੁਲਿਤ ਜੀਵਨ ਨਾਲ ਅਸੀਂ ਚੌਗਿਰਦੇ ਦੀ ਰੱਖਿਆ ਕਰ ਸਕਦੇ ਹਾਂ।
ਆਰਥਿਕ ਤੌਰ ’ਤੇ ਵੀ ਯੋਗ ਲਾਹੇਵੰਦ ਹੈ। ਯੋਗ ਅਭਿਆਸ ਨਾਲ ਹਸਪਤਾਲਾਂ ਦੇ ਖਰਚ ਘੱਟ ਹੁੰਦੇ ਹਨ, ਦਵਾਈਆਂ ’ਤੇ ਨਿਰਭਰਤਾ ਘੱਟਦੀ ਹੈ। ਇਕ ਸਿਹਤਮੰਦ ਵਿਅਕਤੀ ਜ਼ਿਆਦਾ ਉਤਪਾਦਕ ਹੁੰਦਾ ਹੈ, ਜਿਸ ਨਾਲ ਪਰਿਵਾਰ ਅਤੇ ਰਾਸ਼ਟਰ ਦੀ ਅਰਥਵਿਵਸਥਾ ਵੀ ਮਜ਼ਬੂਤ ਹੁੰਦੀ ਹੈ। ਭਾਰਤ ’ਚ ਯੋਗ ਸੈਰ-ਸਪਾਟਾ ਵਧ ਰਿਹਾ ਹੈ। ਰਿਸ਼ੀਕੇਸ਼, ਹਰਿਦੁਆਰ ਵਰਗੇ ਸਥਾਨ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ, ਜਿਸ ਨਾਲ ਰੋਜ਼ਗਾਰ ਵੀ ਵਧਦਾ ਹੈ।
ਯੋਗ ਅਪਣਾਉਣਾ ਆਸਾਨ ਹੈ। ਸ਼ੁਰੂਆਤ ’ਚ 15-20 ਮਿੰਟ ਰੋਜ਼ਾਨਾ ਯੋਗ ਕਾਫੀ ਹੈ। ਘਰ ’ਤੇ ਆਨਲਾਈਨ ਵੀਡੀਓ ਜਾਂ ਐਪਸ ਰਾਹੀਂ ਵੀ ਯੋਗ ਸਿੱਖ ਸਕਦੇ ਹਾਂ। ਉਥੇ ਹੀ ਸਰਕਾਰੀ ਯੋਜਨਾਵਾਂ ਜਿਵੇਂ ਆਯੁਸ਼ ਮੰਤਰਾਲੇ ਦੇ ਯੋਗ ਪ੍ਰੋਗਰਾਮ ਅਤੇ ਕੌਮਾਂਤਰੀ ਯੋਗ ਦਿਵਸ ਦੇ ਕੈਂਪ ਮੁਫਤ ਟ੍ਰੇਨਿੰਗ ਦਿੰਦੇ ਹਨ, ਪਰ ਮਹੱਤਵਪੂਰਨ ਹੈ ਲਗਾਤਾਰਤਾ।
ਯੋਗ ਕੋਈ ਜਾਦੂ ਨਹੀਂ, ਸਗੋਂ ਅਭਿਆਸ ਹੈ। ਯੋਗ ਅਭਿਆਸ ਹੌਲੀ-ਹੌਲੀ ਵਧਾਓ, ਸਰੀਰ ਦੀ ਸੁਣੋ ਅਤੇ ਹਿੰਮਤ ਰੱਖੋ। ਯੋਗ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਸਿਹਤ ਬਾਹਰ ਨਹੀਂ, ਅੰਦਰ ਹੈ। ਜਦੋਂ ਅਸੀਂ ਯੋਗ ਅਪਣਾਉਂਦੇ ਹਾਂ, ਤਾਂ ਨਾ ਸਿਰਫ ਅਸੀਂ ਸਿਹਤਮੰਦ ਹੁੰਦੇ ਹਾਂ, ਸਗੋਂ ਸਮਾਜ ਅਤੇ ਚੌਗਿਰਦੇ ਨੂੰ ਵੀ ਲਾਭ ਪਹੁੰਚਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਅਸੀਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।
ਵਿਨੀਤ ਨਾਰਾਇਣ
ਰਾਜਨੀਤੀ ਤੋਂ ਪਰ੍ਹੇ : ਮੰਦਰ ਯਾਤਰਾਵਾਂ ਦਾ ਨੌਜਵਾਨਾਂ ਦੇ ਮੰਨ ’ਤੇ ਪ੍ਰਭਾਵ
NEXT STORY