ਬਿਹਾਰ ਚੋਣਾਂ ਦੇ ਪਹਿਲੇ ਪੜਾਅ ਦਾ ਮਤਦਾਨ ਪੂਰੀ ਚੋਣ ਨੂੰ ਜਲੇਬੀ ਬਣਾ ਰਿਹਾ ਹੈ। ਪਿਛਲੀ ਵਾਰ ਕਰੀਬ 8 ਫੀਸਦੀ ਤੋਂ ਵੱਧ ਵੋਟਿੰਗ ਹੋਈ ਹੈ। ਅਜੇ ਚੋਣ ਆਯੋਗ ਦਾ ਅੰਤਿਮ ਅੰਕੜਾ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ 2020 ’ਚ ਜਿੱਥੇ 57 ਫੀਸਦੀ ਵੋਟਿੰਗ ਹੋਈ ਸੀ, ਇਸ ਵਾਰ ਅੰਤਿਮ ਅੰਕੜਾ 67 ਨੂੰ ਛੂਹ ਸਕਦਾ ਹੈ।
ਉਂਝ 2020 ਦੀ ਇਨ੍ਹਾਂ ਸੀਟਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ ਉਦੋਂ ਦਾ 46.7 ਫੀਲਦੀ ਸੀ ਭਾਵ ਇਸ ਵਾਰ ਜੋ ਮਤਦਾਨ ਹੋਇਆ ਉਹ ਇਸ ਤੋਂ 17.96 ਫੀਸਦੀ ਜ਼ਿਆਦਾ ਹੈ। ਤਾਂ ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇੰਨਾ ਜ਼ਿਆਦਾ ਵੋਟਰ ਕਿਸ ਨੂੰ ਨਿਪਟਾਉਣ ਜਾਂ ਕਿਸ ਨੂੰ ਬਚਾਉਣ ਲਈ ਬੂਥ ਤੱਕ ਪਹੁੰਚਿਆ।
ਪਹਿਲੇ ਪੜਾਅ ’ਚ ਕੁੱਲ 18 ਜ਼ਿਲਿਆਂ ’ਚ ਮਤਦਾਨ ਹੋਇਆ। ਇਸ ’ਚ 10 ਜ਼ਿਲਿਆਂ ’ਚ ਤਾਂ ਬੰਪਰ ਵੋਟਿੰਗ ਹੋਈ ਪਰ ਬਾਕੀ 8 ਜ਼ਿਲਿਆਂ ’ਚ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵੋਟਿੰਗ ਹੋਈ। ਇਸ ਦਾ ਮਤਲਬ ਕੀ ਕੱਢਿਆ ਜਾਵੇ? ਇਕ ਤਰਕ ਇਹ ਹੈ ਕਿ ਪੂਰੇ ਬਿਹਾਰ ’ਚ ਕੋਈ ਇਕ ਮੁੱਦਾ ਕੰਮ ਕਰਦਾ ਨਜ਼ਰ ਆ ਰਿਹਾ ਹੈ। ਦੂਜਾ ਤਰਕ ਇਹ ਹੈ ਕਿ ਮਹਿਲਾਵਾਂ ਨੇ ਨਿਤੀਸ਼ ਕੁਮਾਰ ਨੂੰ ਵੋਟ ਦਿੱਤੀ ਹੈ। ਤੀਜਾ ਤਰਕ ਹੈ ਕਿ ਜੇਨ-ਜੀ ਨੇ ਤੇਜਸਵੀ ਯਾਦਵ ਨੂੰ ਨੌਕਰੀ ਲਗਾਉਣ ਦੀ ਅਗਾਊਂ ਮਠਿਆਈ ਵੋਟ ਦਿੱਤੀ ਹੈ। ਕੁਝ ਲੋਕ ਇਸ ਨੂੰ ਯੋਜਨਾਬੱਧ ਵੋਟ ਚੋਰੀ ਨਾਲ ਜੋੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਜ਼ਿਲਿਆਂ ’ਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਹੈ, ਜਿੱਥੇ ਸਭ ਤੋਂ ਜ਼ਿਆਦਾ ਵੋਟਾਂ ਕੱਟੀਆਂ ਗਈਆਂ ਸਨ ਤਾਂ ਸ਼ੁਰੂਆਤ ਇਸੇ ਦੋਸ਼ ਦੀ ਪੜਤਾਲ ਨਾਲ ਕਰਦੇ ਹਾਂ।
ਵੋਟ ਫੀਸਦੀ ਦਾ ਵਧਣਾ ਐੱਸ. ਆਈ. ਆਰ. ਦੇ ਕਾਰਨ ਸੰਭਵ ਹੋ ਸਕਿਆ ਹੈ। ਪਹਿਲੀ ਸੂਚੀ 7.89 ਕਰੋੜ ਵੋਟਰਾਂ ਦੀ ਸੀ ਜਿਸ ਨੂੰ ਘਟਾ ਕੇ 7.42 ਕਰੋੜ ਕਰ ਦਿੱਤਾ ਗਿਆ। ਸੁਭਾਵਿਕ ਹੈ ਕਿ ਇਕ ਵੀ ਵੋਟ ਨਾ ਵਧਣ ਦੀ ਸੂਰਤ ’ਚ ਵੀ ਵੋਟ ਫੀਸਦੀ ’ਚ ਇਜ਼ਾਫਾ ਹੋਣਾ ਹੀ ਹੈ। ਹੁਣ ਸਵਾਲ ਹੋ ਸਕਦਾ ਹੈ ਕਿ ਦਸ ਫੀਸਦੀ ਵੋਟਾਂ ਐੱਸ. ਆਈ. ਆਰ. ਦੇ ਕਾਰਨ ਵਧੀਆਂ ਹੋਣ ਪਰ ਬਾਕੀ ਦੀਆਂ 8-10 ਵਾਧੂ ਵੋਟਾਂ ਕਿਸ ਦੀਆਂ ਹਨ। ਕਿਸ ਮੁੱਦੇ ’ਤੇ ਹਨ, ਕਿਸ ਦੇ ਖਾਤੇ ’ਚ ਗਈਆਂ ਹਨ। ਐੱਨ. ਡੀ. ਏ. ਜਾਂ ਮਹਾਗੱਠਜੋੜ ਦੇ ਹਿੱਸੇ ਆਈਆਂ ਹਨ ਜਾਂ ਐੱਨ. ਡੀ. ਏ. ’ਚ ਨਿਤੀਸ਼ ਅਤੇ ਮਹਾਗੱਠਜੋੜ ’ਚ ਤੇਜਸਵੀ ਦੇ ਲਈ ਆਈਆਂ ਹਨ ਜਾਂ ਫਿਰ ਪ੍ਰਸ਼ਾਂਤ ਕੁਮਾਰ (ਪੀ.ਕੇ.) ਦੀ ਸਵਰਾਜ ਪਾਰਟੀ ਦੇ ਕੋਲ ਜਾ ਰਹੀਆਂ ਹਨ।
ਉਂਝ ਪੀ.ਕੇ. ਨੇ ਚੋਣ ਦਾ ਮਾਹੌਲ ਬਣਾਇਆ ਅਤੇ ਨੌਕਰੀ, ਹਿਜ਼ਰਤ, ਅੱਧੇ-ਅਧੂਰੇ ਵਿਕਾਸ ਵਰਗੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਸਾਹਮਣੇ ਰੱਖਿਆ। ਇਸ ਦੇ ਲਈ ਬਿਹਾਰ ਦੀ ਜਨਤਾ ਪੀ.ਕੇ. ਦਾ ਸ਼ੁਕਰੀਆ ਅਦਾ ਤਾਂ ਕਰਦੀ ਹੈ ਪਰ ਕੀ ਕਿੰਗ ਮੇਕਰ ਦੀ ਭੂਮਿਕਾ ’ਚ ਵੀ ਲਿਆਏਗੀ ਜਾਂ 5 ਸਾਲ ਉਡੀਕ ਕਰਨ ਲਈ ਕਹਿ ਰਹੀ ਹੈ।
ਮਹਿਲਾ ਵੋਟਰ ਵੱਡੀ ਤਾਦਾਦ ’ਚ ਨਿਕਲੀਆਂ। ਕੀ ਮੰਨ ਕੇ ਚੱਲਿਆ ਜਾਵੇ ਕਿ 10 ਹਜ਼ਾਰੀ ਯੋਜਨਾ ਕੰਮ ਕਰ ਗਈ। ਜਦੋਂ ਤੱਕ ਚੋਣ ਕਮਿਸ਼ਨ ਮਹਿਲਾ ਵੋਟਰ ਦਾ ਅੰਕੜਾ ਸਾਹਮਣੇ ਨਹੀਂ ਰੱਖਦਾ ਉਦੋਂ ਤੱਕ ਨਿਸ਼ਚਿਤ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਂਝ ਵੀ ਜੇਕਰ ਮਰਦਾਂ ਦੇ ਮੁਕਾਬਲੇ ਮਹਿਲਾਵਾਂ ਜ਼ਿਆਦਾ ਗਿਣਤੀ ’ਚ ਨਿਕਲੀਆਂ ਹਨ, ਤਾਂ ਇਸ ’ਚ ਹੈਰਾਨੀ ਦੀ ਗੱਲ ਨਹੀਂ ਹੈ। ਪਿਛਲੀ ਵਾਰ ਵੀ 60 ਫੀਸਦੀ ਮਹਿਲਾਵਾਂ ਨੇ ਵੋਟਾਂ ਪਾਈਆਂ ਸਨ। ਜਦਕਿ ਮਰਦ ਵੋਟਰਾਂ ਦੀ ਫੀਸਦੀ 54 ਹੀ ਸੀ।
ਦਿਲਚਸਪ ਤੱਥ ਹੈ ਕਿ ਉਸ ਸਮੇਂ ਵੀ ਐੱਨ. ਡੀ. ਏ. ਨੂੰ ਮਹਾਗੱਠਜੋੜ ਦੇ ਮੁਕਾਬਲੇ ਇਕ ਫੀਸਦੀ ਜ਼ਿਆਦਾ ਹੀ ਮਹਿਲਾ ਵੋਟਾਂ ਮਿਲੀਆਂ ਸਨ। ਜਦਕਿ ਮਹਾਗੱਠਜੋੜ ਨੂੰ ਐੱਨ. ਡੀ.ਏ. ਦੇ ਮੁਕਾਬਲੇ 2 ਫੀਸਦੀ ਜ਼ਿਆਦਾ ਮਰਦਾਂ ਦੀਆਂ ਵੋਟਾਂ ਮਿਲੀਆਂ ਸਨ।
ਇਸ ਦਾ ਮਤਲਬ ਇਹ ਨਹੀਂ ਹੈ ਕਿ 2025 ’ਚ ਵੀ 2020 ਨੂੰ ਦੁਹਾਰਇਆ ਜਾਵੇਗਾ ਪਰ ਇੰਨਾ ਤੈਅ ਹੈ ਕਿ ਸਵਾ ਕਰੋੜ ਮਹਿਲਾਵਾਂ ਦੇ ਖਾਤੇ ’ਚ ਕੁਲ ਮਿਲਾ ਕੇ ਕਰੀਬ 12 ਕਰੋੜ ਰੁਪਏ ਜਮ੍ਹਾ ਕਰਨਾ ਨਿਤੀਸ਼ ਕੁਮਾਰ ਦੇ ਹੱਕ ’ਚ ਜ਼ਰੂਰ ਜਾਣਾ ਹੀ ਚਾਹੀਦਾ ਹੈ। ਜੇਕਰ ਅਜਿਹਾ ਹੈ ਤਾਂ ਅਗਲੀ ਕਿਸ਼ਤ ਦਾ ਐਲਾਨ ਦੂਜੇ ਪੜਾਅ ਤੋਂ ਪਹਿਲਾਂ ਹੋ ਜਾਵੇਗਾ ਅਤੇ ਉਸ ’ਚ ਜ਼ਿਆਦਾ ਤੋਂ ਜ਼ਿਆਦਾ ਜੀਵਿਕਾ ਦੀਦੀ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਹੋਵੇਗੀ। ਪਹਿਲਾ ਪੜਾਅ ਕੁਲ ਮਿਲਾ ਕੇ ਨਿਤੀਸ਼ ਕੁਮਾਰ ਦੇ ਨਾਂ ਰਿਹਾ ਹੈ। ਅਜਿਹਾ ਆਮ ਤੌਰ ’ਤੇ ਕਿਹਾ ਜਾ ਰਿਹਾ ਹੈ ਕਿ ਐੱਨ. ਡੀ. ਏ. ਸਭ ਤੋਂ ਵੱਡੇ ਦਲ ਦੇ ਰੂਪ ’ਚ ਸਾਹਮਣੇ ਆ ਸਕਦੇ ਹਨ।
ਮਹਿਲਾਵਾਂ ਦੇ ਨਾਲ-ਨਾਲ ਨੌਜਵਾਨ ਵੋਟਰਾਂ ਦਾ ਉਤਸ਼ਾਹ ਵੀ ਦੇਖਿਆ ਗਿਆ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਬਿਹਾਰ ’ਚ 18 ਤੋਂ 35 ਸਾਲ ਦੇ ਨੌਜਵਾਨ ਦੇ ਵੋਟਰਾਂ ਦੀ ਗਿਣਤੀ ਮਹਿਲਾ ਵੋਟਰਾਂ ਨਾਲੋਂ ਵੱਧ ਹੈ ਪਰ ਨੌਜਵਾਨ ਵੋਟਰਾਂ ’ਚ ਨੌਜਵਾਨ ਕੁੜੀਆਂ ਵੀ ਸ਼ਾਮਲ ਹਨ, ਮੰਨਿਆ ਜਾ ਰਿਹਾ ਹੈ ਕਿ 10 ਹਜ਼ਾਰੀ ਮਹਿਲਾ ਯੋਜਨਾ ਤੋਂ ਇਲਾਵਾ ਜੇਕਰ ਕਿਸੇ ਹੋਰ ਮੁੱਦੇ ਦੀ ਚਰਚਾ ਹੁੰਦੀ ਰਹੀ ਹੈ ਤਾਂ ਉਹ ਤੇਜਸਵੀ ਯਾਦਵ ਦੇ ਹਰ ਪਰਿਵਾਰ ’ਚ ਇਕ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਹੈ। ਇਸੇ ਤਰ੍ਹਾਂ ਜੀਵਿਕਾ ਦੀਦੀ ਸਮੂਹਾਂ ਦੇ ਕੋਆਰਡੀਨੇਟਰਾਂ ਦਾ 1 ਲੱਖ ਦੀਦੀਆਂ ਨੂੰ 30,000 ਰੁਪਏ ਦੀ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਹੈ।
ਕੀ ਸਖਤ ਮੁਕਾਬਲੇ ਦੇ ਖਦਸ਼ੇ ਨੇ ਦੋਵਾਂ ਗੱਠਜੋੜਾਂ ਦੇ ਵੋਟਰਾਂ ਨੂੰ ਪ੍ਰੇਰਿਤ ਕੀਤਾ? ਕੀ ਇਹ ਡਰ ਹਰ ਜਾਤੀ ਦੇ ਵੋਟਰ ਨੂੰ ਖਿੱਚ ਲਿਆਇਆ ਕਿ ਆਪਣੀ-ਆਪਣੀ ਜਾਤੀ ਦੇ ਜ਼ਿਆਦਾ ਤੋਂ ਜ਼ਿਆਦਾ ਉਮੀਦਵਾਰਾਂ ਨੂੰ ਵਿਧਾਨ ਸਭਾ ’ਚ ਪਹੁੰਚਾਉਣਾ ਹੈ। ਕੁਝ ਦਾ ਕਹਿਣਾ ਹੈ ਕਿ ਕਿਉਂਕਿ ਐੱਸ.ਆਈ.ਆਰ. ਦੇ ਬਾਅਦ ਦੀ ਇਹ ਪਹਿਲੀ ਚੋਣ ਸੀ ਲਿਹਾਜ਼ਾ ਹਰ ਵੋਟਰ ਇਹ ਨਿਸ਼ਚਿਤ ਕਰ ਲੈਣਾ ਚਾਹੁੰਦਾ ਸੀ ਕਿ ਉਸ ਦੀ ਵੋਟ ਪੈ ਜਾਵੇ ਤਾਂ ਕਿ ਅੱਗੋਂ ਲਈ ਕੋਈ ਦਿੱਕਤ ਨਾ ਆਵੇ।
ਪਹਿਲੇ ਪੜਾਅ ਦੀ ਵੋਟਿੰਗ ਨੇ ਦੋਵਾਂ ਗੱਠਜੋੜਾਂ ਨੂੰ ਕੋਰਸ ਕੁਰੈਕਸ਼ਨ ਦਾ ਮੌਕਾ ਦੇ ਦਿੱਤਾ ਹੈ। ਭਾਜਪਾ ਨੂੰ ਅਹਿਸਾਸ ਹੋਣ ਲੱਗਾ ਹੈ ਕਿ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕਰਨ ਦਾ ਸਿਆਸੀ ਜੂਆ ਭਾਰੀ ਵੀ ਪੈ ਸਕਦਾ ਹੈ। ਮਹਾਗੱਠਜੋੜ ਦੇ ਦਲਾਂ ’ਚ ਆਪਸੀ ਤਾਲਮੇਲ ਦੀ ਕਮੀ ਨੂੰ ਕੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
-ਵਿਜੇ ਵਿਦਰੋਹੀ
‘ਸਰਗਰਮ ਜਬਰੀ ਵਸੂਲੀ ਗਿਰੋਹ’ ਲੋਕਾਂ ’ਚ ਭਾਰੀ ਦਹਿਸ਼ਤ!
NEXT STORY