ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਹਨ ਤਾਂ ਸਿਆਸੀ ਪਾਰਟੀਆਂ ਦੀ ਸਭ ਤੋਂ ਪਹਿਲੀ ਜ਼ਰੂਰਤ ਜਿੱਤਣ ਵਾਲੇ ਉਮੀਦਵਾਰਾਂ ਦੀ ਭਾਲ ਕਰਨਾ ਹੁੰਦੀ ਹੈ। ਆਮ ਤੌਰ ’ਤੇ ਚੋਣ ਲੜਨ ਦੇ ਚਾਹਵਾਨ ਆਗੂ ਪਾਰਟੀਆਂ ਦਾ ਉਮੀਦਵਾਰ ਬਣਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਅਤੇ ਪਾਰਟੀ ਦੇ ਵੱਡੇ ਲੀਡਰਾਂ ਅਤੇ ਟਿਕਟਾਂ ਦੇਣ ਦਾ ਫੈਸਲਾ ਕਰਨ ਵਾਲੇ ਆਗੂਆਂ ਦੇ ਨਜ਼ਦੀਕੀ ਲੋਕਾਂ ਦੀਆਂ ਸਿਫਾਰਸ਼ਾਂ ਰਾਹੀਂ ਟਿਕਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਵਰਤਾਰਾ ਆਮ ਤੌਰ ’ਤੇ ਹਰ ਪਾਰਟੀ ਵਿਚ ਚਲਦਾ ਹੈ ਅਤੇ ਸਿਫਾਰਸ਼ਾਂ ਰਾਹੀਂ ਟਿਕਟਾਂ ਮਿਲਣ ’ਤੇ ਕਈ ਵਾਰ ਪਾਰਟੀਆਂ ਨੂੰ ਨੁਕਸਾਨ ਵੀ ਉਠਾਉਣਾ ਪੈਂਦਾ ਹੈ ਕਿਉਂਕਿ ਕਈ ਟਿਕਟਾਂ ਦੇ ਚਾਹਵਾਨ, ਜਿਹੜੇ ਆਪਣੇ ਆਪ ਨੂੰ ਬਹੁਤ ਯੋਗ ਸਮਝਦੇ ਹਨ, ਨਾਰਾਜ਼ ਹੋ ਜਾਂਦੇ ਹਨ ਅਤੇ ਉਹ ਤੇ ਉਨ੍ਹਾਂ ਦੇ ਸਾਥੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਹੁਣ ਇਕ ਜੂਨ ਨੂੰ ਪੰਜਾਬ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨ ਦੇ ਕਈ ਚਾਹਵਾਨਾਂ ਵੱਲੋਂ ਵੀ ਲੀਡਰਾਂ ਅਤੇ ਹਾਈਕਮਾਂਡ ਦੇ ਆਗੂਆਂ ਕੋਲ ਸਿਫਾਰਸ਼ਾਂ ਕਰਵਾਉਣ ਦੇ ਚਰਚੇ ਚਲਦੇ ਰਹੇ ਹਨ।
ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਇਕੱਲੇ ਤੌਰ ’ਤੇ ਲੋਕ ਸਭਾ ਦੀਆਂ ਚੋਣਾਂ ਲੜ ਰਹੀ ਹੈ। ਭਾਵੇਂ ਪਿਛਲੀਅਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਤੇ ਅਕਾਲੀ ਦਲ ਬਾਦਲ ਵੱਖ ਹੋ ਗਏ ਸਨ ਅਤੇ ਭਾਜਪਾ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਵਿਧਾਨ ਸਭ ਚੋਣਾਂ ਲੜੀਆਂ ਸਨ ਪਰ ਇਨ੍ਹਾਂ ਚੋਣਾਂ ਵਿਚ ਭਾਜਪਾ ਦਾ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਨਾਲ ਸੀ। ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਾ ਰਲੇਵਾਂ ਭਾਜਪਾ ਨਾਲ ਕਰ ਲਿਆ ਸੀ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਆਪਣੀ ਪਾਰਟੀ ਦਾ ਰਲੇਵਾਂ ਕਰ ਦਿੱਤਾ ਸੀ। ਇਹ ਗੱਲ ਵੱਖਰੀ ਹੈ ਕਿ ਰਲੇਵਾਂ ਕਰਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਸੰਗਰੂਰ ਤੋਂ ਲੋਕ ਸਭਾ ਦੀ ਟਿਕਟ ਦੇ ਮਾਮਲੇ ’ਤੇ ਅਕਾਲੀ ਦਲ ਬਾਦਲ ਤੋਂ ਫਿਰ ਨਾਰਾਜ਼ ਚੱਲ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਨੇ 13 ਦੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਨਾਲ ਗੱਠਜੋੜ ਹੋਣ ਕਾਰਨ ਭਾਜਪਾ ਕੇਵਲ 3 ਸੀਟਾਂ ’ਤੇ ਹੀ ਉਮੀਦਵਾਰ ਖੜ੍ਹੇ ਕਰਦੀ ਸੀ। ਇਸ ਕਾਰਨ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਦੇ ਚਾਹਵਾਨਾਂ ਨੂੰ ਲੋਕ ਸਭਾ ਦੀ ਚੋਣ ਲੜਨ ਦਾ ਪਹਿਲਾ ਮੌਕਾ ਮਿਲਿਆ ਹੈ। ਇਸ ਕਰ ਕੇ ਭਾਜਪਾ ਆਗੂ ਬੜੇ ਉਤਸ਼ਾਹਿਤ ਸਨ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਟਿਕਟ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।
ਪਰ ਭਾਜਪਾ ਦੀ ਕੇਂਦਰੀ ਹਾਈਕਮਾਂਡ ਵੱਲੋਂ ਇਸ ਵਾਰ ਸਿਫਾਰਸ਼ਾਂ ਮੰਨਣ ਦੀ ਜਗ੍ਹਾ ਸਰਵੇ ਅਤੇ ਸੰਗਠਨ ਦੀਆਂ ਰਿਪੋਰਟਾਂ ’ਤੇ ਜ਼ਿਆਦਾ ਯਕੀਨ ਕੀਤਾ ਜਾਪਦਾ ਹੈ। ਭਾਜਪਾ ਹਾਈਕਮਾਂਡ ਨੂੰ ਪਹਿਲੇ 6 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਲਈ ਕੋਈ ਮੱਥਾ-ਪੱਚੀ ਨਹੀਂ ਕਰਨੀ ਪਈ ਕਿਉਂਕਿ ਇਨ੍ਹਾਂ ਚਿਹਰਿਆਂ ’ਤੇ ਕੇਂਦਰੀ ਹਾਈਕਮਾਂਡ ਪਹਿਲਾਂ ਤੋਂ ਹੀ ਮਨ ਬਣਾਈ ਬੈਠੀ ਸੀ ਤੇ ਇਹ ਸਾਰੇ ਚਿਹਰੇ ਉੱਚ ਰੁਤਬੇ ਵਾਲੇ ਸਨ ਤੇ ਇਸ ਗੱਲ ਦਾ ਫਾਇਦਾ ਵੀ ਭਾਜਪਾ ਨੂੰ ਮਿਲਣ ਦੀ ਸੰਭਾਵਨਾ ਦਿਸ ਰਹੀ ਹੈ।
ਬਾਅਦ ਵਿਚ ਬਾਕੀ ਰਹਿੰਦੇ 7 ਉਮੀਦਵਾਰਾਂ ਵਿਚੋਂ 3 ਉਮੀਦਵਾਰਾਂ ਮਨਜੀਤ ਸਿੰਘ ਮੰਨਾ, ਅਨੀਤਾ ਸੋਮਨਾਥ ਅਤੇ ਪਰਮਪਾਲ ਕੌਰ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ। ਸੂਚੀ ਵਿਚ ਅਨੀਤਾ ਸੋਮਨਾਥ ਵਾਲੀ ਲੋਕ ਸਭਾ ਸੀਟ ਤੋਂ ਵਿਜੈ ਸਾਪਂਲਾ ਵੀ ਟਿਕਟ ਦੇ ਦਾਅਵੇਦਾਰ ਸਨ ਅਤੇ ਟਿਕਟ ਨਾ ਮਿਲਣ ’ਤੇ ਦੱਬੀ ਜ਼ੁਬਾਨ ਵਿਚ ਨਾਰਾਜ਼ਗੀ ਵੀ ਜ਼ਾਹਿਰ ਕਰ ਰਹੇ ਸਨ ਪਰ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਮਨਾਉਣ ਵਿਚ ਸਫਲ ਰਹੀ। ਤੀਜੀ ਸੂਚੀ ਜਾਰੀ ਕਰਨ ਸਮੇਂ ਪਾਰਟੀ ਨੂੰ ਕਾਫੀ ਸੋਚ ਵਿਚਾਰ ਕਰਨਾ ਪਿਆ ਕਿਉਂਕਿ ਉਮੀਦਵਾਰ ਦੇ ਹਮਾਇਤੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰ ਲਈ ਹਰ ਤਰ੍ਹਾਂ ਦਾ ਜ਼ੋਰ ਲਾਇਆ ਗਿਆ। ਅਨੰਦਪੁਰ ਸਾਹਿਬ ਹਲਕੇ ਤੋਂ ਸੁਭਾਸ਼ ਸ਼ਰਮਾ ਦੇ ਮੁਕਾਬਲੇ ਸਾਬਕਾ ਐੱਮ. ਪੀ. ਅਵਿਨਾਸ਼ ਖੰਨਾ ਵਿਚਕਾਰ ਜ਼ੋਰਦਾਰ ਅਜ਼ਮਾਇਸ਼ ਸੀ, ਸੰਗਰੂਰ ਤੋਂ ਅਰਵਿੰਦ ਖੰਨਾ ਦੇ ਮੁਕਾਬਲੇ ਕੇਵਲ ਸਿੰਘ ਢਿੱਲੋਂ ਵੀ ਇਕ ਮਜ਼ਬੂਤ ਦਾਅਵੇਦਾਰ ਸਨ ਅਤੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਦੇ ਮੁਕਾਬਲੇ ਰਮਿੰਦਰ ਆਵਲਾ ਨੂੰ ਪੰਜਾਬ ਭਾਜਪਾ ਦੇ ਵੱਡੇ ਲੀਡਰ ਦੇ ਭਰੋਸੇ ’ਤੇ ਟਿਕਟ ਮਿਲਣ ਦੀ ਉਮੀਦ ’ਤੇ ਭਾਜਪਾ ਵਿਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ ’ਤੇ ਰਹੀ ਪਰ ਭਾਜਪਾ ਹਾਈਕਮਾਂਡ ਨੇ ਸਿਫਾਰਸ਼ਾਂ ਨੂੰ ਦਰਕਿਨਾਰ ਕਰ ਕੇ ਸਰਵੇ ਤੇ ਸੰਗਠਨ ਦੀਆਂ ਰਿਪੋਰਟਾਂ ਨੂੰ ਤਰਜੀਹ ਦਿੱਤੀ। ਇਸ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਦੀ ਸੀਟ ਤੋਂ ਇਲਾਵਾ ਅਨੰਦਪੁਰ ਸਾਹਿਬ, ਫਿਰੋਜ਼ਪੁਰ ਅਤੇ ਸੰਗਰੂਰ ਦੀਆਂ ਸੀਟਾਂ ’ਤੇ ਉਮੀਦਵਾਰਾਂ ਦੇ ਨਾਂ ਤੈਅ ਕਰਨਾ ਵੀ ਪਾਰਟੀ ਲਈ ਕਾਫੀ ਔਖਾ ਕੰਮ ਰਿਹਾ। ਇਨ੍ਹਾਂ ਸਾਰੀਆਂ ਸੀਟਾਂ ’ਤੇ ਆਪਣੇ-ਆਪਣੇ ਇਲਾਕੇ ਵਿਚ ਇਕੋ ਜਿਹਾ ਰੁਤਬਾ ਰੱਖਣ ਵਾਲੇ ਕਈ ਉਮੀਦਵਾਰਾਂ ਵਿਚੋਂ ਇਕ ਦੀ ਚੋਣ ਕਰਨੀ ਕਾਫੀ ਮੁਸ਼ਕਲ ਕੰਮ ਸੀ ਪਰ ਪਾਰਟੀ ਨੇ 4 ਉਮੀਦਵਾਰਾਂ ਵਿਚੋਂ 3 ਉਮੀਦਵਾਰਾਂ ਦੇ ਫੈਸਲੇ ਵੀ ਕੀਤੇ ਤੇ ਪਾਰਟੀ ’ਚ ਅਨੁਸ਼ਾਸਨ ਵੀ ਕਾਇਮ ਰੱਖਿਆ।
ਆਖਰੀ ਉਮੀਦਵਾਰ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਤੈਅ ਕਰਨਾ ਸੀ ਤੇ ਇਸ ਹਲਕੇ ਤੋਂ ਤਕਰੀਬਨ ਡੇਢ ਦਰਜਨ ਨਾਵਾਂ ’ਤੇ ਚਰਚਾ ਕੀਤੀ ਗਈ। ਇਸ ਸੀਟ ਦਾ ਫੈਸਲਾ ਕਰਨ ਸਮੇਂ ਪਾਰਟੀ ਦੇ ਕਈ ਦਿੱਗਜ ਨੇਤਾਵਾਂ ਵੱਲੋਂ ਆਪਣੇ ਪਸੰਦ ਦੇ ਉਮੀਦਵਾਰ ਨੂੰ ਟਿਕਟ ਦਿਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਜਿਸ ਕਾਰਨ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਦਾ ਨਾਂ ਐਲਾਨ ਕਰਨ ਵਿਚ ਕੁਝ ਦੇਰੀ ਵੀ ਹੋਈ। ਅਖ਼ੀਰ ਵਿਚ ਉਮੀਦਵਾਰਾਂ ਦੀ ਲੰਬੀ ਲਿਸਟ ਵਿਚੋਂ 3 ਉਮੀਦਵਾਰਾਂ, ਜਿਨ੍ਹਾਂ ਵਿਚ ਇਕ ਔਰਤ ਅਤੇ 2 ਪੁਰਸ਼ ਸ਼ਾਮਲ ਸਨ, ਦਾ ਪੈਨਲ ਬਣਾਇਆ ਗਿਆ ਪਰ ਕਈ ਵੱਡੇ ਆਗੂਆਂ ਦੀਆਂ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਹਾਈਕਮਾਂਡ ਨੇ ਇਕ ਵਾਲਮੀਕਿ ਆਗੂ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਵਰਕਰਾਂ ਲਈ ਭਾਵੇਂ ਇਹ ਇਕ ਅਚੰਭਾ ਸੀ ਪਰ ਗੇਜਾ ਰਾਮ ਨੇ ਜਿਸ ਤਰ੍ਹਾਂ ਨੋਮੀਨੇਸ਼ਨ ਕਰਨ ਦੇ ਪ੍ਰੋਗਰਾਮ ਦਾ, ਇਕ ਪ੍ਰਪੱਕ ਨੇਤਾ ਵਾਂਗ, ਪ੍ਰਬੰਧਨ ਕੀਤਾ ਹੈ, ਤੋਂ ਬਾਅਦ ਭਾਜਪਾ ਵਰਕਰ ਕਾਫੀ ਉਤਸ਼ਾਹਿਤ ਹਨ।
ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)
ਕੁਝ ਆਗੂਆਂ ਦਾ ਇਨ੍ਹਾਂ ਚੋਣਾਂ ’ਚ ਸਭ ਕੁਝ ਦਾਅ ’ਤੇ
NEXT STORY