ਖਵਾਜਾ ਅਹਿਮਦ ਅੱਬਾਸ ਦੀ ਫ਼ਿਲਮ ‘ਨਕਸਲਵਾਦੀ’, ਜੋ ਨਕਸਲਵਾਦੀ ਚਾਰੂ ਮਜੂਮਦਾਰ ਦੀ ਬਾਇਓਪਿਕ ਵਜੋਂ ਬਣਾਈ ਗਈ ਸੀ, ਤੋਂ ਲੈ ਕੇ ਹਾਲ ਹੀ ’ਚ ਬਣੀ ‘ਲਾਲ ਸਲਾਮ’ ਅਤੇ ‘ਟੈਂਗੋ ਚਾਰਲੀ’ ਤੱਕ ਸੈਂਕੜੇ ਅਜਿਹੀਆਂ ਫ਼ਿਲਮਾਂ ਬਣੀਆਂ, ਜਿਨ੍ਹਾਂ ’ਚ ਹਥਿਆਰਬੰਦ ਨਕਸਲੀਆਂ ਦੇ ਪੱਖ ਵਿਚ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਕ ਪਾਸੇ ਪੁਲਸ ਖਲਨਾਇਕ ਦੇ ਰੂਪ ਵਿਚ ਦਿਸਦੀ, ਦੂਜੇ ਪਾਸੇ ਰਾਜਸੱਤਾ ਆਮ ਜਨਤਾ ਦੇ ਦੁਸ਼ਮਣ ਦੇ ਰੂਪ ਵਿਚ ਅਤੇ ਨਕਸਲਵਾਦੀ ਹਾਲਾਤ ਦੇ ਮਾਰੇ ਇਕੋ-ਇਕ ਉਧਾਰਕ ਵਜੋਂ। ਵੱਖ-ਵੱਖ ਭਾਸ਼ਾਵਾਂ ’ਚ ਹਜ਼ਾਰਾਂ ਨਾਟਕ ਤੁਹਾਨੂੰ ਨਕਸਲੀਆਂ ਪ੍ਰਤੀ ਹਮਦਰਦੀ ਪ੍ਰਦਰਸ਼ਿਤ ਕਰਦੇ ਦਿਸਦੇ ਰਹੇ ਹੋਣਗੇ। ਸਾਹਿਤ ਵੱਲ ਝਾਤੀ ਮਾਰੀਏ ਤਾਂ ‘ਹਜ਼ਾਰ ਚੌਰਾਸੀਵੇਂ ਕੀ ਮਾਂ’ ਤੋਂ ਲੈ ਕੇ ‘ਨ੍ਰਿਸ਼ੰਸ’ ਤੱਕ ਲੱਖਾਂ ਪੰਨੇ ਤੁਹਾਨੂੰ ਮਿਲ ਸਕਦੇ ਹਨ, ਜਿਨ੍ਹਾਂ ’ਚ ਇਕ ਜਮਹੂਰੀ ਵਿਵਸਥਾ ਵਿਚ ਹਥਿਆਰ ਚੁੱਕਣ ਦੇ ਨਕਸਲੀ ਸੰਘਰਸ਼ ਨੂੰ ਨਿਆਂਯੋਗ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।
ਇਹ ਲੇਖਕ, ਫ਼ਿਲਮਸਾਜ਼, ਵਿਚਾਰਕ ਅਤੇ ਰੰਗਕਰਮੀ ਜੰਗਲਾਂ ਵਿਚ ਹਥਿਆਰ ਨਾਲ ਤਾਂ ਨਹੀਂ ਦਿਸਦੇ, ਨਕਸਲੀਆਂ ਦੇ ਉਸ ਦਸਤੇ ਵਿਚ ਵੀ ਨਹੀਂ ਦਿਸਦੇ ਜੋ ਹਸਪਤਾਲ ਅਤੇ ਟ੍ਰੇਨ ਉਡਾਉਣ ਜਾਂਦੇ ਰਹੇ ਹਨ। ਇਹ ਸਾਡੇ-ਤੁਹਾਡੇ ਗੁਆਂਢ ਵਿਚ ਦਿਸਦੇ ਹਨ, ਇਹ ਯੂਨੀਵਰਸਿਟੀਆਂ ਵਿਚ ਦਿਸਦੇ ਹਨ, ਇਹ ਹਵਾਈ ਜਹਾਜ਼ ਉੱਤੇ ਦਿਸਦੇ ਹਨ, ਇਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਪੜ੍ਹਦੇ ਹਨ, ਇਹ ਵਿਦੇਸ਼ਾਂ ਵਿਚ ਭਾਸ਼ਣ ਦੇਣ ਜਾਂਦੇ ਹਨ। ਰਾਜਸੱਤਾ ਉੱਤੇ ‘ਅਧਿਕਾਰ’ ਕਰਨ ਦੀ ਲੜਾਈ ਨਕਸਲੀ ਹਥਿਆਰਾਂ ਨਾਲ ਲੜਦੇ ਹਨ, ਇਹ ਸੱਭਿਅਾ ਸਮਾਜ ’ਚ ਉਨ੍ਹਾਂ ਦੇ ਪੱਖ ਵਿਚ ਬਿਰਤਾਂਤ ਬਣਾ ਕੇ ਉਨ੍ਹਾਂ ਦਾ ਮਨੋਬਲ ਬਣਾਈ ਰੱਖਣ ਦਾ ਕੰਮ ਕਰਦੇ ਹਨ। ਇਹ ਸਮਾਜ ਨੂੰ ਬਦਲਣ ਦੇ ਝੂਠੇ ਸਬਜ਼ਬਾਗ, ਜਿਨ੍ਹਾਂ ਬਾਰੇ ਇਨ੍ਹਾਂ ਨੂੰ ਪਤਾ ਹੈ ਕਿ ਇਹ ਕਦੇ ਸਾਕਰ ਨਹੀਂ ਹੋ ਸਕਦੇ, ਦਿਖਾ ਕੇ ਨੌਜਵਾਨਾਂ ਨੂੰ ਸਿੱਧੇ ਸੰਘਰਸ਼ ਵਿਚ ਉਤਰਨ ਲਈ ਪ੍ਰੇਰਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਸਹੀ ਕਿਹਾ, ‘‘ਮਾਓਵਾਦ ਨੇ ਲੱਖਾਂ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ। ਇਸ ਨਕਸਲਵਾਦ ਨੇ 4 ਦਹਾਕਿਆਂ ਤੱਕ ਹਿੰਦੁਸਤਾਨ ਦੇ ਬਹੁਤ ਵੱਡੇ ਹਿੱਸੇ ਨੂੰ, ਬਹੁਤ ਵੱਡੀ ਆਬਾਦੀ ਨੂੰ ਬੰਦੂਕ ਦੀ ਨੋਕ ’ਤੇ ਦਬੋਚ ਕੇ ਰੱਖਿਆ ਸੀ, ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ਅਤੇ ਦੇਸ਼ ਦੇ ਆਮ ਨਾਗਰਿਕਾਂ ਦੀ ਰੱਖਿਆ ’ਚ ਸੁਰੱਖਿਆ ਬਲ ਦੇ 3500 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ।’’
ਸਿੱਧੀ ਲੜਾਈ ਤਾਂ ਬੰਦੂਕਾਂ ਨਾਲ ਲੜੀ ਜਾ ਸਕਦੀ ਹੈ, ਅਜਿਹੀ ਲੜਾਈ, ਜਿਸ ਨੂੰ ਦੁਸ਼ਮਣ ਸਾਡੀ ਬਗਲ ’ਚ ਬੈਠ ਕੇ ਸਾਡੇ ਹੀ ਸਾਧਨਾਂ ਨਾਲ ਲੜ ਰਿਹਾ ਹੋਵੇ, ਉੱਥੇ ਮੁਕਾਬਲਾ ਮੁਸ਼ਕਿਲ ਹੋ ਜਾਂਦਾ ਹੈ। ਤਦ ਹੋਰ ਵੀ, ਜਦੋਂ ਤੁਹਾਨੂੰ ਉਸ ਬਿਰਤਾਂਤ ਦੀ ਲੜਾਈ ਲਈ ਤਿਆਰ ਹੋਣਾ ਹੋਵੇ, ਜੋ ਦੇਸ਼ ਵਿਚ 80 ਵਰ੍ਹਿਆਂ ਤੋਂ ਆਪਣੇ ਪੰਜੇ ਅਤੇ ਦੰਦ ਹਰ ਦਿਨ ਹਰ ਪਲ ਮਜ਼ਬੂਤ ਕਰਨ ਵਿਚ ਲੱਗੀ ਹੈ। ਜ਼ਾਹਿਰ ਹੈ, ਪ੍ਰਧਾਨ ਮੰਤਰੀ ਨੂੰ ਸੁਤੰਤਰਤਾ ਦਿਵਸ ਦੇ ਭਾਸ਼ਣ ਵਿਚ ਦਿਮਾਗੀ ਨਕਸਲੀ ਨੂੰ ਆਈਸੋਲੇਟ ਕਰਨ ਦੀ ਗੱਲ ਕਹਿਣੀ ਪੈਂਦੀ ਹੈ। ਗੌਰਤਲਬ ਹੈ ਕਿ ਇਨ੍ਹਾਂ ਦੀਆਂ ਇਹ ਗਤੀਵਿਧੀਆਂ ਬੀਤੇ 14 ਵਰ੍ਹਿਆਂ ਤੋਂ ਨਹੀਂ, ਹਰ ਸਰਕਾਰਾਂ ਦੇ ਸਮੇਂ ਜਾਰੀ ਰਹੀਆਂ ਹਨ, ਭਾਵੇਂ ਇੰਦਰਾ ਗਾਂਧੀ ਹੋਵੇ ਜਾਂ ਰਾਜੀਵ ਗਾਂਧੀ ਜਾਂ ਫਿਰ ਅੱਜ ਨਰਿੰਦਰ ਮੋਦੀ। ਇਸੇ ਲਈ ਜੇਕਰ ਕਿਸੇ ਰਾਜਨੀਤਿਕ ਪਾਰਟੀ, ਜਿਸ ਨੂੰ ਲੋਕਤੰਤਰ ਅਤੇ ਭਾਰਤ ਦੀ ਪ੍ਰਭੂਸੱਤਾ ’ਚ ਵਿਸ਼ਵਾਸ ਹੈ, ਨੂੰ ਜੇਕਰ ਇਹ ਭਰਮ ਹੈ ਕਿ ਇਹ ‘ਦਿਮਾਗੀ ਨਕਸਲੀ’ ਉਨ੍ਹਾਂ ਦੇ ਪੱਖ ’ਚ ਹਨ ਤਾਂ ਇਹ ਭਰਮ ਸਾਫ਼ ਕਰ ਲੈਣਾ ਚਾਹੀਦਾ ਹੈ। ਅਸਲ ’ਚ ਇਹ ਮੌਕੇ ਦੀ ਤਲਾਸ਼ ’ਚ ਰਹਿੰਦੇ ਹਨ।
ਅਸਲ ’ਚ ਦਿਮਾਗੀ ਨਕਸਲੀ ਹੀ ਨਹੀਂ, ਹਰ ਖੱਬੇਪੱਖੀ ਅੰਦੋਲਨ ਦੇ ਦੋ ਚਿਹਰੇ ਹੁੰਦੇ ਹਨ, ਇਕ ਜੋ ਲੋਕ ਸਭਾ, ਵਿਧਾਨ ਸਭਾ ’ਚ ਦਿਖਾਈ ਦਿੰਦੇ ਹਨ, ਉਨ੍ਹਾਂ ਦਾ ਟੀਚਾ ਰਾਜਸੱਤਾ ’ਤੇ ਅਧਿਕਾਰ ਅਤੇ ਅੰਤ ’ਚ ਅਖੌਤੀ ਸਾਮਵਾਦ ਦੇ ਨਾ ’ਤੇ ਦੇਸ਼ ਦੇ ਤਮਾਮ ਸਾਧਨਾਂ ਉੱਤੇ ਅਧਿਕਾਰ ਦਾ ਹੁੰਦਾ ਹੈ। ਇਹ ਸਾਮਵਾਦ ਅਜਿਹਾ ਹੈ, ਪੂਰੀ ਦੁਨੀਆ ’ਚ ਹੁਣ ਜਿਸ ਦੀ ਕਲਪਨਾ ਤੱਕ ਨਹੀਂ ਕੀਤੀ ਜਾਂਦੀ ਪਰ ਭਾਰਤ ’ਚ ਦਿਮਾਗੀ ਨਕਸਲੀਆਂ ਨੇ ਆਪਣੇ ਸੁਆਰਥ ’ਚ ਇਸ ਨੂੰ ਬਚਾ ਕੇ ਰੱਖਿਆ ਹੈ। ਅਸਲ ’ਚ ਇਨ੍ਹਾਂ ਦੀ ਲੜਾਈ ਭਾਰਤ ਦੀ ਹਰ ਮਜ਼ਬੂਤ ਸਰਕਾਰ ਨਾਲ ਹੈ। ਇਨ੍ਹਾਂ ਨੂੰ ਹਮੇਸ਼ਾ ਇਕ ਕਮਜ਼ੋਰ ਲੁੰਜ-ਪੁੰਜ ਸਰਕਾਰ ਚਾਹੀਦੀ ਹੁੰਦੀ ਹੈ, ਤਾਂ ਜੋ ਦੇਸ਼ ਭਾਰਤ ਦੇ ਸੰਵਿਧਾਨ ਤੋਂ ਨਹੀਂ, ਇਨ੍ਹਾਂ ਦੀ ਮਰਜ਼ੀ ਨਾਲ, ਇਨ੍ਹਾਂ ਦੀਆਂ ਸਹੂਲਤਾਂ ਨਾਲ ਚੱਲਦਾ ਰਹੇ। ਨਕਸਲੀ ਜਦੋਂ ਬਿਹਾਰ ’ਚ ਸਕੂਲ ਅਤੇ ਹਸਪਤਾਲ ਉਡਾ ਰਹੇ ਸਨ, ਉਦੋਂ ਇਕ ਕਮਿਊਨਿਸਟ ਪਾਰਟੀ ਦੇ ਨੇਤਾ ਤੋਂ ਮੈਂ ਪੁੱਛਿਆ ਸੀ, ਇਹ ਤਾਂ ਆਮ ਜਨਤਾ ਦੀ ਵਰਤੋਂ ਦੀ ਚੀਜ਼ ਹੈ, ਇਸ ਨੂੰ ਕਿਉਂ ਤਬਾਹ ਕੀਤਾ ਜਾ ਰਿਹਾ? ਉਨ੍ਹਾਂ ਨੇ ਕਿਹਾ ਸੀ, ਆਮ ਜਨਤਾ ਨੂੰ ਸਹੂਲਤ ਮਿਲ ਜਾਵੇਗੀ ਤਾਂ ਕ੍ਰਾਂਤੀ ਕੌਣ ਕਰੇਗਾ।
ਦਿਮਾਗੀ ਨਕਸਲੀ ਇਹੀ ਚਾਹੁੰਦੇ ਹਨ, ਜਨਤਾ ਕਸ਼ਟ ’ਚ ਰਹੇਗੀ, ਸ਼ਾਸਨ ਵਿਵਸਥਾ ਅਵਿਵਸਥਿਤ ਰਹੇਗੀ ਤਾਂ ਦੇਸ਼ ਨੂੰ ਆਪਣੇ ਅਨੁਸਾਰ ਚਲਾਉਣਾ ਆਸਾਨ ਰਹੇਗਾ। ਅਸਲ ’ਚ ਦਿਮਾਗੀ ਨਕਸਲ ਇਕ ਸੁਵਿਧਾਭੋਗੀ ਪ੍ਰਜਾਤੀ ਹੈ, ਉਸ ਨੂੰ ਏ. ਸੀ. ਚਾਹੀਦਾ ਹੈ, ਬੰਗਲਾ ਚਾਹੀਦਾ ਹੈ, ਲੰਬੀ ਗੱਡੀ ਚਾਹੀਦੀ ਹੈ, ਵਿਦੇਸ਼ ਯਾਤਰਾ ਚਾਹੀਦੀ ਹੈ। ਇਸ ਸਭ ਲਈ ਉਹ ਕੁਝ ਵੀ ਦਾਅ ’ਤੇ ਲਗਾਉਣ ਨੂੰ ਤਿਆਰ ਰਹਿੰਦੇ ਹਨ, ਆਪਣੇ ਕਾਮਰੇਡਾਂ ਨੂੰ ਵੀ, ਜਿਨ੍ਹਾਂ ਨੇ ਜੰਗਲਾਂ ’ਚ ਜਾਨ ਗਵਾ ਦਿੱਤੀ, ਸੰਵਿਧਾਨ ਨੂੰ ਵੀ, ਸੁਤੰਤਰਤਾ ਨੂੰ ਵੀ, ਦੇਸ਼ ਨੂੰ ਵੀ। ਇਹ ਹਰ ਉਸ ਸਥਿਤੀ ਦੇ ਨਾਲ ਹੁੰਦੇ ਹਨ, ਜੋ ਦੇਸ਼ ਦੇ ਵਿਰੁੱਧ ਹੁੰਦੀ ਹੈ, ਭਾਵੇਂ ਉਹ ਅੱਤਵਾਦ ਹੋਵੇ, ਕਸ਼ਮੀਰ ਹੋਵੇ, ਸਿਆਚਿਨ ਹੋਵੇ। ਅਜਿਹਾ ਉਦੋਂ ਆਸਾਨ ਹੋ ਜਾਂਦਾ ਹੈ, ਜਦੋਂ ਦੇਸ਼ ’ਚ ਅਸਥਿਰਤਾ, ਅਰਾਜਕਤਾ ਅਤੇ ਕਮਜ਼ੋਰ ਸ਼ਾਸਨ ਵਿਵਸਥਾ ਰਹਿੰਦੀ ਹੈ। ਦੁਨੀਆ ਦੇ ਕਈ ਦੇਸ਼ਾਂ ਦੀ ਵੀ ਇੱਛਾ ਭਾਰਤ ਨੂੰ ਇਸੇ ਅਸਥਿਰਤਾ ’ਚ ਦੇਖਣ ਦੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਗਲਤ ਨਹੀਂ ਕਿਹਾ, ਹਥਿਆਰੀ ਨਕਸਲ ਤਾਂ ਗਏ ਪਰ ਦਿਮਾਗੀ ਨਕਸਲ, ਇਹ ਦਿਮਾਗੀ ਨਕਸਲ ਮੌਕੇ ਦੀ ਤਲਾਸ਼ ’ਚ ਹਨ। ਹਿੰਸਾ, ਅਰਾਜਕਤਾ ਦੇ ਰਸਤੇ ਖੋਜ ਰਹੇ ਹਨ। ਸਮਾਜ ਨੂੰ ਗਲਤ ਰਾਹ ’ਤੇ ਘਸੀਟਣ ਲਈ ਵੱਖ-ਵੱਖ ਦਾਅ ਲਗਾ ਰਹੇ ਹਨ।
—ਵਿਨੋਦ ਅਨੁਪਮ
ਈਰਾਨ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਲਈ ਸਭ ਕੁਝ ਦਾਅ ’ਤੇ ਲਾ ਰਿਹਾ
NEXT STORY