ਪਿਛਲੇ ਕੁਝ ਸਮੇਂ ਤੋਂ ਦੇਸ਼ ’ਚ ਅਗਨੀਕਾਂਡਾਂ ’ਚ ਵਾਧਾ ਹੋਣ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਨਾ ਸਿਰਫ਼ ਆਮ ਲੋਕ ਹੀ ਇਨ੍ਹਾਂ ਅਗਨੀਕਾਂਡਾਂ ਦਾ ਸ਼ਿਕਾਰ ਹੋ ਰਹੇ ਹਨ ਸਗੋਂ ਸਰਕਾਰੀ ਦਫ਼ਤਰ, ਹਸਪਤਾਲ, ਹੋਟਲ ਅਤੇ ਨਾਈਟ ਕਲੱਬ ਆਦਿ ਵੀ ਅੱਗ ਦੀ ਲਪੇਟ ’ਚ ਆ ਰਹੇ ਹਨ ਜਿਨ੍ਹਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 25 ਅਪ੍ਰੈਲ, 2024 ਨੂੰ ‘ਪਟਨਾ’ (ਬਿਹਾਰ) ਸਥਿਤ ਇਕ ਹੋਟਲ ’ਚ ਲੱਗੀ ਭਿਆਨਕ ਅੱਗ ਦੇ ਨਤੀਜੇ ਵਜੋਂ 3 ਔਰਤਾਂ ਸਮੇਤ 6 ਮਹਿਮਾਨਾਂ ਦੀ ਮੌਤ ਹੋ ਗਈ ਅਤੇ 15 ਹੋਰ ਬੁਰੀ ਤਰ੍ਹਾਂ ਝੁਲਸ ਗਏ।
* 10 ਅਕਤੂਬਰ, 2024 ਨੂੰ ‘ਲੁਧਿਆਣਾ’ ’ਚ ਇਕ ਗੈਸਟ ਹਾਊਸ ’ਚ ਅੱਗ ਲੱਗ ਜਾਣ ਕਾਰਨ ਉੱਥੇ ਠਹਿਰੇ ਇਕ ਜੋੜੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
* 6 ਦਸੰਬਰ, 2025 ਨੂੰ ‘ਅਰਪੋਰਾ’ (ਗੋਆ) ’ਚ ਸਥਿਤ ਇਕ ਨਾਈਟ ਕਲੱਬ ’ਚ ਭਿਆਨਕ ਅੱਗ ਲੱਗਣ ਦੇ ਨਤੀਜੇ ਵਜੋਂ ਉੱਥੇ ਗੀਤ, ਸੰਗੀਤ ਅਤੇ ਨਾਚ ਦਾ ਆਨੰਦ ਮਾਣ ਰਹੇ 25 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਕਲੱਬ ’ਚ ਅੱਗ ਤੋਂ ਬਚਾਅ ਸੰਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ।
* 18 ਦਸੰਬਰ, 2025 ਨੂੰ ‘ਬਹਿਰੋੜ’ (ਰਾਜਸਥਾਨ) ਜ਼ਿਲੇ ਦੇ ‘ਨੀਮਰਾਣਾ’ ’ਚ ਸਥਿਤ ਇਕ ਗੈਸਟ ਹਾਊਸ ’ਚ ਅੱਗ ਲੱਗ ਜਾਣ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਅਤੇ 5 ਹੋਰ ਬੁਰੀ ਤਰ੍ਹਾਂ ਝੁਲਸ ਗਏ।
* 18 ਮਈ, 2026 ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ਸਥਿਤ ਇਕ ਚਾਰ ਮੰਜ਼ਿਲਾ ਹੋਟਲ ’ਚ ਅੱਗ ਲੱਗ ਗਈ ਜਿਸ ਨਾਲ ਉੱਥੇ ਠਹਿਰੇ ਅਨੇਕ ਮਹਿਮਾਨ ਝੁਲਸ ਗਏ।
* 3 ਜੂਨ, 2026 ਨੂੰ ‘ਦਿੱਲੀ’ ’ਚ ਮਾਲਵੀਯ ਨਗਰ ਦੇ ‘ਹੌਜ਼ ਰਾਨੀ’ ਇਲਾਕੇ ’ਚ ਸਥਿਤ ਇਕ ਹੋਟਲ ’ਚ ਸਵੇਰੇ-ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਇਮਾਰਤ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਉੱਪਰ ਦੀਆਂ ਮੰਜ਼ਿਲਾਂ ਤੱਕ ਫੈਲ ਗਈ। ਇਸ ਹਾਦਸੇ ’ਚ ਉੱਥੇ ਠਹਿਰੇ ਹੋਏ 23 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 40 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਜਾਂਚ ’ਚ ਹੋਟਲ ’ਚ ਸੁਰੱਖਿਆ ਸੰਬੰਧੀ ਕਈ ਕਮੀਆਂ ਸਾਹਮਣੇ ਆਈਆਂ। ਰਿਪੋਰਟਾਂ ਅਨੁਸਾਰ ਹੋਟਲ ਕੋਲ ਫਾਇਰ ਐੱਨ. ਓ. ਸੀ. ਨਹੀਂ ਸੀ ਅਤੇ 6 ਕਮਰਿਆਂ ਲਈ ਲਾਇਸੈਂਸ ਹੋਣ ਦੇ ਬਾਵਜੂਦ ਉੱਥੇ ਲਗਭਗ 20 ਕਮਰੇ ਬਣਾ ਲਏ ਗਏ ਸਨ। ਹੋਟਲ ’ਚ ਦਾਖਲ ਹੋਣ ਅਤੇ ਬਾਹਰ ਨਿਕਲਣ ਲਈ ਇਕੋ ਰਸਤਾ ਹੋਣ ਅਤੇ ਹੋਰ ਸੁਰੱਖਿਆ ਸੰਬੰਧੀ ਕਮੀਆਂ ਨੇ ਹਾਦਸੇ ਨੂੰ ਹੋਰ ਗੰਭੀਰ ਬਣਾ ਦਿੱਤਾ।
* ਅਤੇ ਹੁਣ 17 ਅਗਸਤ, 2026 ਨੂੰ ‘ਬੀਰਭੂਮ’ (ਪੱਛਮੀ ਬੰਗਾਲ) ਦੇ ਪ੍ਰਸਿੱਧ ਧਾਰਮਿਕ ਸਥਾਨ ‘ਤਾਰਾਪੀਠ’ ’ਚ ਤੜਕੇ ਸਾਢੇ 4 ਵਜੇ ਜਦੋਂ ਇਕ ਚਾਰ ਮੰਜ਼ਿਲਾ ਹੋਟਲ ’ਚ ਠਹਿਰੇ ਹੋਏ ਬਹੁਤ ਸਾਰੇ ਲੋਕ ਸੁੱਤੇ ਪਏ ਸਨ, ਅਚਾਨਕ ਗਰਾਊਂਡ ਫਲੋਰ ’ਤੇ ਰਿਸੈਪਸ਼ਨ ਦੇ ਨੇੜੇ ਕਿਸੇ ਬਿਜਲੀ ਉਪਕਰਣ ਤੋਂ ਨਿਕਲੀ ਚੰਗਿਆੜੀ ਨਾਲ ਭਿਆਨਕ ਅੱਗ ਭੜਕ ਉੱਠੀ।
ਇਸਦੇ ਨਤੀਜੇ ਵਜੋਂ ਉੱਥੇ ਠਹਿਰੇ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 34 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮ੍ਰਿਤਕਾਂ ’ਚ ਮੇਘਾਲਿਆ ਦੇ ‘ਵੈਸਟ ਗਾਰੋ ਹਿੱਲਜ਼’ ਤੋਂ ਆਏ ਇਕ ਪਰਿਵਾਰ ਦੇ 2 ਨਾਬਾਲਗਾਂ ਸਮੇਤ 5 ਮੈਂਬਰ ਵੀ ਸ਼ਾਮਲ ਸਨ ਜੋ ਤਾਰਾਪੀਠ ’ਚ ਇਕ ਧਾਰਮਿਕ ਸਮਾਰੋਹ ’ਚ ਹਿੱਸਾ ਲੈਣ ਲਈ ਆਏ ਹੋਏ ਸਨ। ਹਾਲਾਂਕਿ ਹੋਟਲ ’ਚ ਐਮਰਜੈਂਸੀ ਦੀ ਹਾਲਤ ’ਚ ਬਾਹਰ ਨਿਕਲਣ ਦਾ ਰਸਤਾ ਸੀ ਪਰ ਉਸ ’ਤੇ ਤਾਲਾ ਲੱਗਿਆ ਹੋਇਆ ਸੀ।
ਹੋਟਲ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਹਮੇਸ਼ਾ ਦੀ ਤਰ੍ਹਾਂ ਪ੍ਰਸ਼ਾਸਨ ਨੇ ‘ਤਾਰਾਪੀਠ’ ’ਚ ਸਥਿਤ ਸਾਰੇ ਹੋਟਲਾਂ, ਲੌਜਾਂ, ਗੈਸਟ ਹਾਊਸਾਂ ਅਤੇ ‘ਹੋਮ ਸਟੇਅ’ ’ਚ ਬਿਜਲੀ ਦੀ ਵਿਵਸਥਾ ਅਤੇ ਫਾਇਰ ਸੇਫਟੀ ਸਿਸਟਮ ਦੀ ਜਾਂਚ ਦਾ ਹੁਕਮ ਦੇ ਦਿੱਤਾ ਹੈ।
ਜ਼ਿਆਦਾਤਰ ਮਾਮਲਿਆਂ ’ਚ ਸ਼ਾਰਟ ਸਰਕਟ ਹੋਣ ਅਤੇ ਅੱਗ ਤੋਂ ਬਚਾਅ ਸੰਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ, ਵੱਡੇ ਅਦਾਰਿਆਂ ’ਚ ਲਾਜ਼ਮੀ ਐੱਨ. ਓ. ਸੀ. ਜਾਂ ਸੁਰੱਖਿਆ ਸੰਬੰਧੀ ਆਡਿਟ ਨਾ ਹੋਣ ਆਦਿ ਕਾਰਨਾਂ ਕਰ ਕੇ ਹੀ ਅਗਨੀਕਾਂਡ ਹੁੰਦੇ ਹਨ।
ਇਸ ਲਈ ਜਦੋਂ ਤੱਕ ਸਬੰਧਤ ਸਟਾਫ਼ ਨੂੰ ਪੂਰੀ ਸਿਖਲਾਈ ਅਤੇ ਅਤਿ-ਆਧੁਨਿਕ ਅੱਗ ਬੁਝਾਊ ਉਪਕਰਣਾਂ ਨਾਲ ਲੈਸ ਕਰ ਕੇ ਇਨ੍ਹਾਂ ਦਾ ਮੁਕਾਬਲਾ ਕਰਨ ਦੀ ਰਣਨੀਤੀ ਨਹੀਂ ਬਣਾਈ ਜਾਂਦੀ ਉਦੋਂ ਤੱਕ ਅਜਿਹੇ ਅਗਨੀਕਾਂਡਾਂ ਅਤੇ ਉਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਨਹੀਂ ਰੋਕਿਆ ਜਾ ਸਕਦਾ।
—ਵਿਜੇ ਕੁਮਾਰ
ਪਲਾਸਟਿਕ ਕਰੰਸੀ : ਆਧੁਨਿਕੀਕਰਨ ਅਤੇ ਭਰੋਸੇ ਦੀ ਪ੍ਰੀਖਿਆ
NEXT STORY