ਪਿਛਲੇ ਕੁਝ ਸਾਲਾਂ ਦੇ ਦੌਰਾਨ ‘ਫੇਸਬੁੱਕ’, ‘ਇੰਸਟਾਗ੍ਰਾਮ’ ਅਤੇ ‘ਸਨੈਪਚੈਟ’ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕੁਝ ਲੜਕੇ-ਲੜਕੀਅਾਂ ਦੁਆਰਾ ਆਪਸ ’ਚ ਦੋਸਤੀ ਕਰਨ ਦਾ ਰੁਝਾਨ ਵਧ ਗਿਆ ਹੈ ਜਿਸ ਨੂੰ ‘ਆਨਲਾਈਨ ਫ੍ਰੈਂਡਸ਼ਿਪ’ ਕਿਹਾ ਜਾਂਦਾ ਹੈ।
ਇਨ੍ਹਾਂ ਦੇ ਜ਼ਰੀਏ ਨੌਜਵਾਨ ਦੋਸਤੀ ਦੇ ਨਾਂ ’ਤੇ ਆਪਣੀਆਂ ਆਨਲਾਈਨ ਫ੍ਰੈਂਡਜ਼ ਨੂੰ ਧੋਖਾ ਦੇਣ, ਉਨ੍ਹਾਂ ਦਾ ਯੌਨ ਸ਼ੋਸ਼ਣ ਕਰਨ ਅਤੇ ਬਲੈਕਮੇਲ ਕਰ ਕੇ ਪੈਸੇ ਵਸੂਲਣ ’ਚ ਵੀ ਸੰਕੋਚ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਦੀ ਚਾਲ ’ਚ ਫਸਣ ਵਾਲੀਆਂ ਮੁਟਿਆਰਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ। ਅਜਿਹੀਆਂ ਇਸੇ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 6 ਜਨਵਰੀ ਨੂੰ ‘ਪਾਲਘਰ’ (ਮਹਾਰਾਸ਼ਟਰ) ’ਚ ਇਕ 17 ਸਾਲਾ ਨਾਬਾਲਗ ਲੜਕੀ ਨੂੰ ‘ਇੰਸਟਾਗ੍ਰਾਮ’ ਉੱਤੇ ਪ੍ਰੇਮ ਜਾਲ ’ਚ ਫਸਾ ਕੇ ਅਗਵਾ ਕਰਨ, ਮਹੀਨਿਆਂ ਤੱਕ ਉਸ ਦਾ ਯੌਨ ਸ਼ੋਸ਼ਣ ਕਰਨ ਅਤੇ ਘਟਨਾ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਨੌਜਵਾਨ ਦੇ ਵਿਰੁੱਧ ਕੇਸ ਦਰਜ ਕੀਤਾ।
* 12 ਜਨਵਰੀ ਨੂੰ ‘ਪਾਲੀ’ (ਰਾਜਸਥਾਨ) ਦੀ ਇਕ ਨਾਬਾਲਗਾ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਦੋਸਤੀ ਕਰਨ ਤੋਂ ਬਾਅਦ ਇਕ ਨੌਜਵਾਨ ਉਸ ਨੂੰ ਦਿੱਲੀ ਲੈ ਆਇਆ ਅਤੇ ਕਿਰਾਏ ਦੇ ਮਕਾਨ ’ਚ ਰੱਖ ਕੇ ਉਸ ਦਾ ਕਈ ਵਾਰ ਸ਼ੋਸ਼ਣ ਕੀਤਾ। ਜਦੋਂ ਲੜਕੀ ਨੇ ਉਸ ਨਾਲ ਵਿਆਹ ਕਰਨ ਲਈ ਕਿਹਾ ਤਾਂ ਉਸ ਨੂੰ ਕੁੱਟਿਆ ਗਿਆ। ਪੁਲਸ ਨੇ ਨਾਬਾਲਗਾ ਦੀ ਸ਼ਿਕਾਇਤ ’ਤੇ ਮੁਲਜ਼ਮ ਦੇ ਵਿਰੁੱਧ ‘ਪੋਕਸੋ ਐਕਟ’ ਦੇ ਤਹਿਤ ਕੇਸ ਦਰਜ ਕੀਤਾ।
* 5 ਮਈ ਨੂੰ ‘ਸੀਕਰ’ (ਰਾਜਸਥਾਨ) ’ਚ ਇਕ ਔਰਤ ਨੇ ਆਪਣੇ ‘ਆਨਲਾਈਨ ਫ੍ਰੈਂਡ’ ਉੱਤੇ ਵਿਆਹ ਦਾ ਝੂਠਾ ਵਾਅਦਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 20 ਜੂਨ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਪੁਲਸ ਨੇ ਇਕ ਵਿਅਕਤੀ ਨੂੰ ਇਕ ਔਰਤ ਨਾਲ ਆਨਲਾਈਨ ਦੋਸਤੀ ਕਰ ਕੇ ਉਸ ਨੂੰ ਕਿਰਾਏ ’ਤੇ ਕਮਰਾ ਦਿਵਾਉਣ ਦੇ ਬਹਾਨੇ ਇਕ ਲਾਜ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
* 23 ਜੂਨ ਨੂੰ ‘ਬੁਰਾੜੀ’ (ਦਿੱਲੀ) ’ਚ ਇਕ ਔਰਤ ਨੇ ਆਪਣੇ ‘ਆਨਲਾਈਨ ਫ੍ਰੈਂਡ’ ਦੇ ਵਿਰੁੱਧ ਰੀਲ ਬਣਾਉਣ ਦੇ ਬਹਾਨੇ ਉਸ ਨੂੰ ਇਕ ਹੋਟਲ ’ਚ ਬੁਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਘਟਨਾ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 16 ਜੁਲਾਈ ਨੂੰ ‘ਕੋਲਕਾਤਾ’ (ਪੱਛਮੀ ਬੰਗਾਲ) ’ਚ ਇਕ ਔਰਤ ਨੇ ਆਪਣੇ ‘ਆਨਲਾਈਨ ਫ੍ਰੈਂਡ’ ਉੱਤੇ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
*5 ਅਗਸਤ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ’ਚ ਇਕ ਲੜਕੀ ਨੇ ਰਾਜਸਥਾਨ ਦੇ ਇਕ ਨੌਜਵਾਨ ਦੇ ਵਿਰੁੱਧ ਉਸ ਦੇ ਨਾਲ ‘ਇੰਸਟਾਗ੍ਰਾਮ’ ਦੇ ਜ਼ਰੀਏ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਨਸ਼ੀਲੀ ਪੇਸਟਰੀ ਖੁਆ ਕੇ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਘਟਨਾ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰ ਕੇ ਲੱਖਾਂ ਰੁਪਏ ਵਸੂਲਣ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
*6 ਅਗਸਤ ਨੂੰ ‘ਨਾਗਪੁਰ’ (ਮਹਾਰਾਸ਼ਟਰ) ’ਚ ‘ਇੰਸਟਾਗ੍ਰਾਮ’ ਉੱਤੇ ਦੋਸਤੀ ਤੋਂ ਬਾਅਦ ਇਕ ਨਾਬਾਲਗਾ ਨੂੰ ਬੰਧਕ ਬਣਾ ਕੇ ਆਪਣੇ ਕੋਲ ਰੱਖਣ ਅਤੇ ਉਸ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ।
*6 ਅਗਸਤ ਨੂੰ ਹੀ ‘ਗਵਾਲੀਅਰ’ (ਮੱਧ ਪ੍ਰਦੇਸ਼) ’ਚ ਇਕ ਲੜਕੀ ਨੇ ‘ਇੰਸਟਾਗ੍ਰਾਮ’ ਉੱਤੇ ਬਣੇ ਦੋਸਤ ਦੇ ਵਿਰੁੱਧ ਉਸ ਨੂੰ ਨੌਕਰੀ ਦਿਵਾਉਣ ਦੇ ਬਹਾਨੇ ‘ਮੁਰੈਨਾ’ ਦੇ ਇਕ ਹੋਟਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।
* 12 ਅਗਸਤ ਨੂੰ ‘ਸੂਰਤ’ (ਗੁਜਰਾਤ) ’ਚ ਪੁਲਸ ਨੇ ਇਕ ਨੌਜਵਾਨ ਨੂੰ ਇਕ ਔਰਤ ਨਾਲ ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਤੋਂ ਬਾਅਦ ਡਰਾ-ਧਮਕਾ ਕੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਅਤੇ ਉਸ ਦਾ ਵੀਡੀਓ ਜਨਤਕ ਕਰਨ ਦੀ ਧਮਕੀ ਦੇ ਕੇ 36 ਤੋਲੇ ਸੋਨਾ ਅਤੇ ਨਕਦੀ ਵਸੂਲਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
* ਅਤੇ ਹੁਣ 16 ਅਗਸਤ ਨੂੰ ‘ਨਵੀਂ ਦਿੱਲੀ’ ਵਿਚ ਇਕ ਮੇਕਅੱਪ ਆਰਟਿਸਟ ਔਰਤ ਨੂੰ ਉਸ ਦੇ ‘ਆਨਲਾਈਨ ਫ੍ਰੈਂਡ’ ਦੁਆਰਾ ਕੰਮ ਦਿਵਾਉਣ ਅਤੇ ਵਿਆਹ ਦਾ ਝਾਂਸਾ ਦੇ ਕੇ ਨਸ਼ੀਲਾ ਪਦਾਰਥ ਪਿਆ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਜਵਾਨੀ ਦੇ ਜੋਸ਼ ’ਚ ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨਾਂ ਨਾਲ ਦੋਸਤੀ ਕਰਨਾ ਕਿਸ ਕਦਰ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਔਰਤਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
—ਵਿਜੇ ਕੁਮਾਰ
ਜੈੱਨ-ਜ਼ੀ : ਜੜ੍ਹਾਂ ਨਾਲ ਜੁੜੀ, ਆਸਮਾਨ ਨੂੰ ਛੂੰਹਦੀ ਪੀੜ੍ਹੀ
NEXT STORY