ਬੋਧੀਆਂ ਦੇ ਸਰਵਉੱਚ ਧਾਰਮਿਕ ਗੁਰੂ ਦਲਾਈ ਲਾਮਾ ਦੇ ਪੈਰੋਕਾਰ ਸਿਰਫ ਚੀਨ, ਮੰਗੋਲੀਆ, ਨੇਪਾਲ, ਮਿਆਂਮਾਰ ਅਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਤੱਕ ਹੀ ਸੀਮਤ ਨਹੀਂ ਸਗੋਂ ਇੰਡੋਨੇਸ਼ੀਆ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ ਦੇ ਨਾਲ-ਨਾਲ ਅਮਰੀਕਾ ’ਚ ਵੀ ਮੌਜੂਦ ਹਨ।
ਦਲਾਈ ਲਾਮਾ ਇਕ ਅਜਿਹੇ ਅਧਿਆਤਮਿਕ ਨੇਤਾ ਹਨ ਜਿਨ੍ਹਾਂ ਦਾ ਕਹਿਣਾ ਲੋਕਾਂ ਲਈ ਅਰਥ ਰੱਖਦਾ ਹੈ। ਮੌਜੂਦਾ ਦਲਾਈ ਲਾਮਾ ਦੇ ਜਾਨਸ਼ੀਨ ਨੂੰ ਲੈ ਕੇ ਅੱਜਕੱਲ ਚਰਚਾ ਜ਼ੋਰਾਂ ’ਤੇ ਹੈ ਅਤੇ ਇਸ ਮਾਮਲੇ ’ਚ ਧਮਕੀ ਦੇਣ ’ਤੇ ਉਤਾਰੂ ਚੀਨ ਨੇ ਭਾਰਤ ਸਰਕਾਰ ਨੂੰ ਤਿੱਬਤ ਨਾਲ ਜੁੜੇ ਮੁੱਦਿਆਂ ’ਤੇ ਚੌਕਸੀ ਵਰਤਣ ਲਈ ਕਿਹਾ ਹੈ।
ਕਿਸੇ ਸੰਦਰਭ ’ਚ ਘੱਟਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਜੋ ਖੁਦ ਅਰੁਣਾਚਲ ਨਾਲ ਸੰਬੰਧ ਰੱਖਣ ਵਾਲੇ ਬੌਧ ਹਨ, ਨੇ ਕਿਹਾ ਹੈ ਕਿ ਭਾਰਤ ਨੂੰ ਇਸ ਸੰਬੰਧੀ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਆਪਣੇ ਜਾਨਸ਼ੀਨ ਦਾ ਫੈਸਲਾ ਮੌਜੂਦਾ ਦਲਾਈ ਲਾਮਾ ਹੀ ਕਰਨਗੇ।
ਪਰ ਸਵਾਲ ਇਹ ਹੈ ਕਿ ਆਖਿਰ ਇਹ ਮੁੱਦਾ ਉੱਠ ਕਿਉਂ ਰਿਹਾ ਹੈ? ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਜਦੋਂ ਚੀਨ ਨੇ ਤਿੱਬਤ ’ਤੇ ਕਬਜ਼ਾ ਕੀਤਾ ਤਾਂ ਦਲਾਈ ਲਾਮਾ ਭਾਰਤ ਆ ਗਏ ਸਨ ਅਤੇ ਭਾਰਤ ਤੋਂ ਹੀ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ।
ਦੂਜੇ ਪਾਸੇ ਹਾਲਾਂਕਿ ਚੀਨ ’ਚ ਕਿਸੇ ਵੀ ਧਰਮ ਦੇ ਪਾਲਣ ਦੀ ਆਗਿਆ ਨਹੀਂ ਹੈ, ਫਿਰ ਵੀ ਉਹ ਆਪਣੇ ਦੇਸ਼ ’ਚ ਬੌਧ ਧਰਮ ਨੂੰ ਰੋਕ ਨਹੀਂ ਸਕਿਆ ਅਤੇ ਉੱਥੇ ਬੌਧ ਧਰਮ ਨਾਲ ਜੁੜੀਆਂ ਥਾਵਾਂ ਮੌਜੂਦ ਹਨ।
ਹਾਲਾਂਕਿ ਚੀਨ ਨੇ ਤਿੱਬਤ ’ਤੇ ਆਪਣਾ ਮੁਕੰਮਲ ਕੰਟਰੋਲ ਕੀਤਾ ਹੋਇਆ ਹੈ ਪਰ ਅਜੇ ਵੀ ਮੌਜੂਦਾ ਦਲਾਈ ਲਾਮਾ ਦੇ ਰੂਪ ’ਚ ਉੱਥੇ ਅਜਿਹੀ ਤਾਕਤ ਮੌਜੂਦ ਹੈ ਜਿਸ ’ਤੇ ਚੀਨ ਦਾ ਜ਼ੋਰ ਨਹੀਂ ਚੱਲਿਆ ਅਤੇ ਦਲਾਈ ਲਾਮਾ ਜਲਾਵਤਨੀ ’ਚ ਰਹਿਣ ਦੇ ਬਾਵਜੂਦ ਸਮੁੱਚੀ ਦੁਨੀਆ ਦੇ ਬੋਧੀਆਂ ’ਤੇ ਆਪਣਾ ਪ੍ਰਭਾਵ ਰੱਖਦੇ ਹਨ।
ਇਸੇ 2 ਜੁਲਾਈ ਨੂੰ ਦਲਾਈ ਲਾਮਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਦਲਾਈ ਲਾਮਾ ਦੀ ਸੰਸਥਾ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਜਾਰੀ ਰਹੇਗੀ ਅਤੇ ਉਨ੍ਹਾਂ ਦੇ ਜਾਨਸ਼ੀਨ ਨੂੰ ਵੀ ਉਥੇ ਨੈਤਿਕ ਅਤੇ ਕੂਟਨੀਤਿਕ ਅਧਿਕਾਰ ਵਿਰਾਸਤ ’ਚ ਮਿਲਣਗੇ ਜੋ ਮੌਜੂਦਾ ਦਲਾਈ ਲਾਮਾ ਨੂੰ ਮਿਲੇ ਹੋਏ ਹਨ।
ਜਿੱਥੋਂ ਤੱਕ ਚੀਨ ਦਾ ਸਬੰਧ ਹੈ, ਦਲਾਈ ਲਾਮਾ ਦੇ ਜਾਨਸ਼ੀਨ ’ਤੇ ਉਸ ਦੇ ਕੰਟਰੋਲ ਨਾਲ ਦਹਾਕਿਆਂ ਤੋਂ ਵਿਰੋਧ ਦਾ ਪ੍ਰਤੀਕ ਬਣੇ ਤਿੱਬਤ ’ਤੇ ਚੀਨ ਵਲੋਂ ਕਬਜ਼ਾ ਕਰਨ ਦਾ ਤੁਕ ਸਿੱਧ ਹੋ ਜਾਵੇਗਾ। ਦਲਾਈ ਲਾਮਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਨਵੇਂ ਦਲਾਈ ਲਾਮਾ ਦਾ ਜਨਮ ਆਜ਼ਾਦ ਦੁਨੀਆ ’ਚ ਹੋਵੇਗਾ। ਉਨ੍ਹਾਂ ਦੇ ਇਸ ਕਥਨ ਦੇ ਪਿੱਛੇ ਨਿਹਿਤ ਅਰਥ ਇਹ ਹੈ ਕਿ ਅਗਲਾ ਦਲਾਈ ਲਾਮਾ ਚੀਨ ਅਤੇ ਤਿੱਬਤ ਦੀਆਂ ਹੱਦਾਂ ਤੋਂ ਬਾਹਰ ਤਿੱਬਤੀ ਜਲਾਵਤਨੀਆਂ ਜਾਂ ਵਿਸ਼ਾਲ ਤਿੱਬਤੀ ਬੌਧ ਭਾਈਚਾਰੇ ’ਚੋਂ ਹੋਵੇਗਾ।
ਚੀਨ ਵਲੋਂ ਦਲਾਈ ਲਾਮਾ ਦੀ ਚੋਣ ਦਾ ਯਤਨ 1792 ਤੱਕ ਕਿੰਗ ਰਾਜ ਘਰਾਣੇ ਦੇ ਮੰਚੂ ਹੁਕਮਰਾਨਾਂ ਤੱਕ ਜਾਂਦਾ ਹੈ ਅਤੇ ਸਾਂਝੀ ਸਹਿਮਤੀ ਨਾਲ ਦਲਾਈ ਲਾਮਾ ਦੇ ਜਾਨਸ਼ੀਨ ਦੀ ਸੰਭਾਵਨਾ 1995 ’ਚ ਖਤਮ ਹੋ ਗਈ ਜਦੋਂ ਚੀਨ ਨੇ ਤਿੱਬਤ ’ਚ ਦੂਜੇ ਸਭ ਤੋਂ ਵੱਡੇ ਧਾਰਮਿਕ ਗੁਰੂ 10ਵੇਂ ਪੰਚੇਨਲਾਮਾ ਦੇ ਮੁੜ ਜਨਮ ਦੀ ਪਰੰਪਰਾ ਨੂੰ ਖਤਮ ਕਰ ਕੇ 11ਵੇਂ ਜਾਇਜ਼ ਪੰਚੇਨਲਾਮਾ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ 6 ਸਾਲ ਦੇ ਸਨ। ਉਦੋਂ ਤੋਂ ਉਹ ਪਰਿਵਾਰ ਸਮੇਤ ਲਾਪਤਾ ਹਨ ਅਤੇ ਇਸ ਸਮੇਂ ਉਹ 30 ਸਾਲ ਦੇ ਹੋ ਚੁੱਕੇ ਹੋਣਗੇ।
ਇਸ ਰੁਝਾਨ ਨੂੰ ਕਾਇਮ ਰੱਖਦੇ ਹੋਏ ਚੀਨ ਸਰਕਾਰ ਵਲੋਂ ਆਪਣੇ ਖੁਦ ਦੇ ਉਮੀਦਵਾਰ ਨੂੰ 15ਵਾਂ ਦਲਾਈ ਲਾਮਾ ਨਿਯੁਕਤ ਕਰਨ ਦੀ ਸੰਭਾਵਨਾ ਹੈ। ਜੇ ਕਿਤੇ ਚੀਨ ’ਤੇ ਆਰਥਿਕ ਪੱਖੋਂ ਨਿਰਭਰ ਮੰਗੋਲੀਆ ਜਾਂ ਨੇਪਾਲ ’ਚ ਦਲਾਈ ਲਾਮਾ ਦੇ ਮੁੜ ਜਨਮ ਦਾ ਪਤਾ ਲੱਗਾ ਤਾਂ ਉਨ੍ਹਾਂ ’ਤੇ ਚੀਨ ਵਲੋਂ ਨਿਯੁਕਤ ਕੀਤੇ ਹੋਏ ਉਮੀਦਵਾਰ ਨੂੰ ਮਾਨਤਾ ਦੇਣ ਲਈ ਭਾਰੀ ਦਬਾਅ ਪਾਇਆ ਜਾਵੇਗਾ।
ਤਿੱਬਤ ਤੋਂ ਬਾਅਦ ਸਭ ਤੋਂ ਵੱਡਾ ਬੌਧ ਮੱਠ ‘ਤਵਾਂਗ ਮੋਨੈਸਟ੍ਰੀ’ ਅਰੁਣਾਚਲ ਪ੍ਰਦੇਸ਼ ’ਚ ਹੈ। ਇਸ ਸੂਬੇ ਦੀਆਂ ਸਰਹੱਦਾਂ ਚੀਨ, ਭੂਟਾਨ ਅਤੇ ਮਿਆਂਮਾਰ ਨਾਲ ਲੱਗਣ ਕਾਰਨ ਇਹ ਅਤਿਅੰਤ ਜੰਗੀ ਅਹਿਮੀਅਤ ਵਾਲਾ ਖੇਤਰ ਹੈ।
ਚੀਨ ਜਬਰੀ ਅਰੁਣਾਚਲ ਪ੍ਰਦੇਸ਼ ਜਿੱਥੇ ਦਲਾਈ ਲਾਮਾ ਦਾ ਬਹੁਤ ਪ੍ਰਭਾਵ ਹੈ, ਨੂੰ ਦੱਖਣੀ ਤਿੱਬਤ ਦੱਸਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਅਰੁਣਾਚਲ ਇਤਿਹਾਸਕ ਪੱਖੋਂ ਤਿੱਬਤ ਦਾ ਹਿੱਸਾ ਹੋਣ ਕਾਰਨ ਚੀਨ ਦਾ ਹੈ। ਦੂਜੇ ਪਾਸੇ ਦਲਾਈ ਲਾਮਾ ਨੂੰ ਚੀਨ ਇਕ ਵੱਖਵਾਦੀ ਸਮਝਦਾ ਹੈ ਅਤੇ ਤਿੱਬਤ ਨੂੰ ਆਪਣੇ ਕੰਟਰੋਲ ’ਚ ਰੱਖਣਾ ਚਾਹੁੰਦਾ ਹੈ। ਉਹ ਦਲਾਈ ਲਾਮਾ ਅਤੇ ਇਸ ਇਲਾਕੇ ’ਚ ਉਨ੍ਹਾਂ ਦੇ ਵਿਸ਼ਾਲ ਪੈਰੋਕਾਰ ਵਰਗ ਨੂੰ ਆਪਣਾ ਮਕਸਦ ਪੂਰਾ ਹੋਣ ਦੇ ਰਾਹ ’ਚ ਰੁਕਾਵਟ ਸਮਝਦਾ ਹੈ।
ਚੀਨ ਨੇ ਜਦੋਂ ਤਿੱਬਤ ਨੂੰ ਕਬਜ਼ੇ ’ਚ ਲਿਆ ਤਾਂ ਉਸ ਦੇ ਹੁਕਮਰਾਨਾਂ ਨੇ ਤਿੱਬਤੀਆਂ ਨੂੰ ਦੁਬਾਰਾ ਸਿਖਲਾਈ ਲਈ ਚੀਨ ਭੇਜ ਦਿੱਤਾ ਅਤੇ ਉਥੇ ਆਪਣੇ ਫੌਜੀ ਤਾਇਨਾਤ ਕਰ ਦਿੱਤੇ। ਇਸ ਦੇ ਸਿੱਟੇ ਵਜੋਂ ਹੁਣ ਤਿੱਬਤ ’ਚ ਅਸਲੀ ਤਿੱਬਤੀ ਘੱਟ ਰਹਿ ਗਏ ਹਨ ਪਰ ਉਹ ਚੀਨ ’ਚ ਜਿੱਥੇ ਕਿਤੇ ਵੀ ਹਨ, ਬੇਸ਼ੱਕ ਹੀ ਉਪਰੋਂ ਜ਼ਾਹਿਰ ਨਾ ਕਰਨ ਪਰ ਅੰਦਰੋਂ ਉਹ ਦਲਾਈ ਲਾਮਾ ਦੇ ਹੀ ਪੈਰੋਕਾਰ ਹਨ।
ਜਿੱਥੋਂ ਤੱਕ ਚੀਨ ਸਰਕਾਰ ਨਾਲ ਤੁਲਨਾ ਦਾ ਸਵਾਲ ਹੈ, ਦਲਾਈ ਲਾਮਾ ਇਕ ਬਰਾਬਰ ਦੇ ਅਧਿਆਤਮਿਕ ਨੇਤਾ ਅਤੇ ਸ਼ਕਤੀਸ਼ਾਲੀ ਵਿਅਕਤੀ ਹਨ। ਇਸ ਲਈ ਚੀਨ ਚਾਹੁੰਦਾ ਹੈ ਕਿ ਦਲਾਈ ਲਾਮਾ ਦੀ ਮੌਤ ਤੋਂ ਬਾਅਦ ਕੋਈ ਹੋਰ ਦਲਾਈ ਲਾਮਾ ਨਾ ਆ ਸਕੇ ਅਤੇ ਜੇ ਆਏ ਤਾਂ ਉਹ ਚੀਨ ਤੋਂ ਹੀ ਹੋਵੇ ਤਾਂ ਜੋ ਚੀਨ ਸਰਕਾਰ ਉਸ ’ਤੇ ਕੰਟਰੋਲ ਕਰ ਸਕੇ।
ਇਸ ਲਈ ਹੁਣ ਭਾਰਤ ਨੂੰ ਧਰਮਨਿਰਪੱਖਤਾ ਦੇ ਰਾਹ ’ਤੇ ਚੱਲਦੇ ਹੋਏ ਚੀਨ ਜੋ ਭਾਰਤ ਨਾਲ ਜੂਝਣ ਦੇ ਮੌਕੇ ਲੱਭ ਰਿਹਾ ਹੈ, ਤੋਂ ਚੌਕਸ ਰਹਿਣਾ ਹੋਵੇਗਾ।
ਅੰਦਰੂਨੀ ਕਲੇਸ਼ ਤੋਂ ਮੁਕਤੀ ਕਾਂਗਰਸ ਲਈ ਵੱਡੀ ਚੁਣੌਤੀ
NEXT STORY