ਹਰਿਆਣਾ ’ਚ ਵਧਦੇ ਅਪਰਾਧ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਇਸ ਮੁੱਦੇ ’ਤੇ ਰਾਜ ’ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਾਲੇ ਦੋਸ਼-ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। 22 ਅਗਸਤ ਨੂੰ ਸ਼ੁਰੂ ਹੋਏ ਰਾਜ ਵਿਧਾਨ ਸਭਾ ਦੇ ਅਜਲਾਸ ਦੇ ਪਹਿਲੇ ਹੀ ਦਿਨ ਇਸ ਮੁੱਦੇ ’ਤੇ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ। ਇਸ ਦੇ ਸਿੱਟੇ ਵਜੋਂ ਰਾਜ ਦੇ ਇਤਿਹਾਸ ’ਚ ਪਹਿਲੀ ਵਾਰ ਇਕ ਦਿਨ ’ਚ 6 ਵਾਰ ਵਿਧਾਨ ਸਭਾ ਦੀ ਕਾਰਵਾਈ ’ਚ ਵਿਘਨ ਪਿਆ।
ਬੇਸ਼ੱਕ ਰਾਜ ਸਰਕਾਰ ਮਹਿਲਾਵਾਂ ਅਤੇ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ, ਸਮੂਹਕ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲਿਆਂ ’ਚ ਸਖਤ ਕਾਰਵਾਈ ਦੇ ਦਾਅਵੇ ਕਰਦੀ ਹੋਵੇ ਪਰ ਇਹ ਰੁਕ ਨਹੀਂ ਰਹੇ। ਇਸ ਦੀਅਾਂ ਪਿਛਲੇ 10 ਦਿਨਾਂ ਦੀਅਾਂ ਉਦਾਹਰਣਾਂ ਹੇਠਾਂ ਦਰਜ ਹਨ।
* 12 ਅਗਸਤ ਨੂੰ ‘ਕਰਨਾਲ’ ਜ਼ਿਲੇ ਦੇ ਸਦਰ ਧਾਣਾ ਖੇਤਰ ’ਚ 8 ਮਹੀਨਿਅਾਂ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਅਾ।
* 19 ਅਗਸਤ ਨੂੰ ‘ਕਰਨਾਲ’ ਜ਼ਿਲੇ ਦੇ ਪਿੰਡ ‘ਉਮਰਪੁਰ’ ’ਚ ਝਗੜੇ ਤੋਂ ਬਾਅਦ ਦੋ ਭਰਾਵਾਂ ਨੇ ਅਾਪਣੀ ਭੈਣ ‘ਕੁਲਸੁਮ’ ਦੀ ਹੱਤਿਅਾ ਕਰ ਦਿੱਤੀ।
* 20 ਅਗਸਤ ਰਾਤ ਨੂੰ ‘ਸਿਰਸਾ’ ਦੇ ਪਿੰਡ ‘ਰੱਤਾਖੇੜਾ’ ’ਚ ‘ਅਮੀਲਾਲ’ ਨਾਂ ਦੇ ਵਿਅਕਤੀ ਦੀ ਤੇਜ਼ਧਾਰ ਹਥਿਅਾਰਾਂ ਨਾਲ ਹੱਤਿਅਾ ਕਰ ਦਿੱਤੀ ਗਈ। ਉਸ ਦੀ ਲਾਸ਼ ਘਰ ਤੋਂ ਕੁਝ ਹੀ ਦੂਰੀ ’ਤੇ ਹਨੂਮਾਨ ਮੰਦਰ ਦੇ ਨੇੜੇ ਪਈ ਹੋਈ ਮਿਲੀ।
*20 ਅਗਸਤ ਨੂੰ ਹੀ ‘ਪਾਨੀਪਤ’ ਦੇ ‘ਨੈਨ’ ਪਿੰਡ ’ਚ ਅਾਪਣੇ ਫੁਫੇਰੇ ਭਰਾ ਸੁਨੀਲ ਦੇ ਨਾਲ ਡਿਊਟੀ ’ਤੇ ਜਾ ਰਹੇ ‘ਮੋਨੂੰ’ ਨਾਂ ਦੇ ਨੌਜਵਾਨ ’ਤੇ 5 ਲੋਕਾਂ ਨੇ ਹਮਲਾ ਕਰ ਦਿੱਤਾ। ਜਿਸ ਦੇ ਸਿੱਟੇ ਵਜੋਂ ‘ਮੋਨੂੰ’ ਦੀ ਮੌਤ ਹੋ ਗਈ।
* 21 ਅਗਸਤ ਨੂੰ ‘ਪਲਵਲ’ ਜ਼ਿਲੇ ਦੇ ‘ਮਾਂਡਕੋਲਾ’ ਪਿੰਡ ’ਚ ਛੁੱਟੀ ’ਤੇ ਘਰ ਅਾਏ ਇਕ ਅਗਨੀਵੀਰ ‘ਬਲਦੇਵ’ ਦੀ ਗੋਲੀ ਮਾਰ ਕੇ ਹੱਤਿਅਾ ਕਰ ਦਿੱਤੀ ਗਈ। ਉਹ ਇਸੇ ਸਾਲ ‘ਅਗਨੀਵੀਰ’ ਦੇ ਰੂਪ ’ਚ ਫੌਜ ’ਚ ਭਰਤੀ ਹੋਇਅਾ ਸੀ।
*22 ਅਗਸਤ ਨੂੰ ‘ਕਰਨਾਲ’ ਦੇ ਪਿੰਡ ‘ਮੋਰਮਾਜਰਾ’ ’ਚ ‘ਦਲ ਸਿੰਘ’ ਨਾਂ ਦੇ ਇਕ ਵਿਅਕਤੀ ਦੇ ਸਿਰ ’ਚ ਲੋਹੇ ਦੀ ਰਾਡ ਮਾਰ ਕੇ ਉਸ ਦੀ ਹੱਤਿਅਾ ਕਰ ਦਿੱਤੀ ਗਈ।
*22 ਅਗਸਤ ਨੂੰ ਹੀ ‘ਗੁੜਗਾਂਓਂ’ ਦੇ ਮਾਨੇਸਰ ਇਲਾਕੇ ’ਚ ਪਤੀ-ਪਤਨੀ ਦੇ ਝਗੜੇ ’ਚ ਇਕ ਵਿਅਕਤੀ ਨੇ ਅਾਪਣੀ ਪਤਨੀ ਦੇ ਸਿਰ ’ਤੇ ਵੇਲਣਾ ਮਾਰ ਕੇ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਹੱਤਿਅਾ ਕਰ ਦਿੱਤੀ।
ਇਸ ਤਰ੍ਹਾਂ ਦੇ ਹਾਲਾਤ ਦੇ ਵਿਚਾਲੇ 22 ਅਗਸਤ ਨੂੰ ਸੂਬਾਈ ਵਿਧਾਨ ਸਭਾ ’ਚ ਇਨੈਲੋ ਵਿਧਾਇਕ ‘ਅਰਜੁਨ ਚੌਟਾਲਾ’ ਦੇ ਇਕ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ‘ਨਾਇਬ ਸਿੰਘ ਸੈਣੀ’ ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਦੱਸਿਅਾ ਕਿ ਇਸ ਸਾਲ 31 ਜੁਲਾਈ ਤੱਕ ਸੂਬੇ ’ਚ 530 ਹੱਤਿਅਾਵਾਂ, 2316 ਅਗਵਾ ਅਤੇ ਫਿਰੌਤੀ ਵਸੂਲਣ ਲਈ ਬੱਚਿਅਾਂ ਦੇ ਅਗਵਾ ਦੀਅਾਂ 12 ਘਟਨਾਵਾਂ ਹੋਈਅਾਂ ਹਨ।
ਸ਼੍ਰੀ ਨਾਇਬ ਸਿੰਘ ਸੈਣੀ ਅਨੁਸਾਰ ਇਸੇ ਮਿਅਾਦ ਦੇ ਦੌਰਾਨ ਸੂਬੇ ’ਚ ਜਬਰ-ਜ਼ਨਾਹ ਦੇ 779, ਅਗਵਾ ਦੇ 771, ਛੇੜਛਾੜ ਦੇ 662 ਅਤੇ ਦਾਜ ਮੌਤਾਂ ਨਾਲ ਸਬੰਧਤ 80 ਮਾਮਲੇ ਅਤੇ ਪੋਕਸੋ ਕਾਨੂੰਨ ਦੇ ਅਧੀਨ 1106 ਕੇਸ ਦਰਜ ਕੀਤੇ ਗਏ ਹਨ।
ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ’ਚ ਸੁਧਾਰ ਸਬੰਧੀ ਚੁੱਕੇ ਗਏ ਕਦਮਾਂ ਬਾਰੇ ਪੁੱਛਣ ’ਤੇ ਮੁੱਖ ਮੰਤਰੀ ਨੇ ਦੱਸਿਅਾ ਕਿ ਸੂਬੇ ’ਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਾਧੁਨਿਕ ਦੰਗਾ ਰੋਕੂ ਉਪਕਰਣਾਂ ਨਾਲ ਪੂਰੀ ਤਰ੍ਹਾਂ ਲੈਸ ‘106 ਕਾਨੂੰਨ-ਵਿਵਸਥਾ ਕੰਪਨੀਅਾਂ’ ਕਾਇਮ ਕੀਤੀਅਾਂ ਗਈਅਾਂ ਹਨ।
ਉਨ੍ਹਾਂ ਨੇ ਇਹ ਵੀ ਦੱਸਿਅਾ ਕਿ ‘‘ਸੂਬੇ ’ਚ 2021 ਵਿਚ ‘ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ’ ( ਈ. ਅਾਰ. ਐੱਸ. ਐੱਸ.) ਭਾਵ ‘ਡਾਇਲ 112’ ਸੇਵਾ ਸ਼ੁਰੂ ਕੀਤੀ ਸੀ, ਜਿਸ ਦੀ ਬਦੌਲਤ ਅਪਰਾਧਾਂ ਨਾਲ ਨਜਿੱਠਣ ਲਈ ਘਟਨਾ ਵਾਲੀ ਥਾਂ ’ਤੇ ਪਹੁੰਚਣ ਅਤੇ ਕਾਨੂੰਨ-ਵਿਵਸਥਾ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਲੱਗਣ ਵਾਲੇ ਸਮੇਂ ’ਚ ਕਮੀ ਅਾਈ ਹੈ।’’
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਪਰਾਧ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦੇ, ਇਨ੍ਹਾਂ ’ਤੇ ਰੋਕ ਹੀ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਸ਼ਾਸਨ ਕਾਲ ’ਚ ਹਰੇਕ ਘਟਨਾ ਦੀ ਐੱਫ. ਅਾਈ. ਅਾਰ. ਦਰਜ ਹੁੰਦੀ ਹੈ ਪਰ ਕਾਂਗਰਸ ਦੇ ਸ਼ਾਸਨ ਕਾਲ ’ਚ ਐੱਫ. ਅਾਈ. ਅਾਰ. ਤਕ ਦਰਜ ਨਹੀਂ ਹੁੰਦੀ ਸੀ।
ਹਰਿਅਾਣਾ ’ਚ ਲਾਕਾਨੂੰਨੀ ਕਿੰਨੀ ਵਧ ਚੁੱਕੀ ਹੈ, ਇਹ 10 ਦਿਨਾਂ ਦੀਅਾਂ ਉਕਤ ਘਟਨਾਵਾਂ ਤੋਂ ਹੀ ਸਪੱਸ਼ਟ ਹੈ। ਸਰਕਾਰ ਨੂੰ ਇਸ ਨੂੰ ਰੋਕਣ ਲਈ ਪੂਰਾ ਜ਼ੋਰ ਲਗਾ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ’ਚ ਪਾਈ ਜਾ ਰਹੀ ਅਸੁਰੱਖਿਅਾ ਦੀ ਭਾਵਨਾ ਦੂਰ ਹੋ ਸਕੇ।
-ਵਿਜੇ ਕੁਮਾਰ
ਵਾਟਰਸ਼ੈੱਡ : ਸਾਕਾਰ ਹੁੰਦਾ ਵਿਕਸਿਤ ਭਾਰਤ ਦਾ ਸੁਪਨਾ
NEXT STORY