ਚੀਨ ਤੋਂ ਆਪਣੇ ਬਚਾਅ ਲਈ ਜਾਪਾਨ, ਦੱਖਣੀ ਕੋਰੀਆ ਨੇ ਅਮਰੀਕਾ ਨਾਲ ਮਿਲ ਕੇ ਇਕ ਤਿਕੋਣੀ ਗੱਠਜੋੜ ਬਣਾਇਆ ਹੈ, ਜਿਸ ਨਾਲ ਚੀਨ ਦੇ ਹਮਲੇ ਸਮੇਂ ਤਿੰਨੋਂ ਦੇਸ਼ ਮਿਲ ਕੇ ਚੀਨ ਦਾ ਮੁਕਾਬਲਾ ਕਰ ਸਕਣ ਪਰ ਚੀਨ ਇਨ੍ਹਾਂ ਤਿੰਨਾਂ ਦੇਸ਼ਾਂ ’ਚ ਫੁੱਟ ਪਾਉਣ ਲਈ ਆਪਣੀ ਚਾਲ ਚੱਲਣ ਤੋਂ ਟਲ ਨਹੀਂ ਰਿਹਾ ਹੈ। ਫੁੱਟ ਪਾਉਣ ਲਈ ਚੀਨ ਨੇ ਇਸ ਤਿਕੋਣ ਦੀ ਸਭ ਤੋਂ ਕਮਜ਼ੋਰ ਕੜੀ ਨੂੰ ਲੱਭਿਆ ਹੈ ਜਿੱਥੋਂ ਪੂਰੇ ਗੱਠਜੋੜ ’ਚ ਦਰਾੜ ਪਾਈ ਜਾ ਸਕੇ।
ਇਸ ਸਮੇਂ ਚੀਨ ਗੱਠਜੋੜ ’ਚ ਫੁੱਟ ਪਾਉਣ ਲਈ ਦੱਖਣੀ ਕੋਰੀਆ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਚੀਨ ਜਾਣਦਾ ਹੈ ਕਿ ਇਸ ਗੱਠਜੋੜ ਦੀ ਸਭ ਤੋਂ ਕਮਜ਼ੋਰ ਕੜੀ ਦੱਖਣੀ ਕੋਰੀਆ ਹੈ ਜਿਸ ਦਾ ਜਾਪਾਨ ਨਾਲ ਰਿਸ਼ਤਾ ਸੰਵੇਦਨਸ਼ੀਲ ਹੈ। ਇਸ ਲਈ ਚੀਨ ਨੇ ਮੱਕਾਰੀ ਭਰਿਆ ਕੰਮ ਕੀਤਾ ਹੈ ਅਤੇ ਉਸ ਨੇ ਦੱਖਣੀ ਕੋਰੀਆ ਦੀ ਵਿਰੋਧੀ ਪਾਰਟੀ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।
ਹੁਣ 8 ਜੂਨ ਨੂੰ ਦੱਖਣੀ ਕੋਰੀਆ ’ਚ ਚੀਨ ਦੇ ਰਾਜਦੂਤ ਸਿੰਗ ਹਾਈਮਿੰਗ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਆਈ ਖਟਾਸ ਲਈ ਪੂਰੀ ਤਰ੍ਹਾਂ ਦੱਖਣੀ ਕੋਰੀਆ ਨੂੰ ਜ਼ਿੰਮੇਵਾਰ ਦੱਸ ਦਿੱਤਾ ਸੀ ਜਿਸ ਪਿੱਛੋਂ ਦੱਖਣੀ ਕੋਰੀਆ ਦੇ ਸਿਆਸੀ ਗਲਿਆਰਿਆਂ ’ਚ ਚੀਨ ਦੇ ਖਿਲਾਫ ਬੇਹੱਦ ਨਾਰਾਜ਼ਗੀ ਫੈਲੀ ਸੀ ਅਤੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲਾ ਨੇ ਚੀਨ ਦੇ ਇਸ ਬਿਆਨ ਨੂੰ ਬੇ-ਸਿਰ ਪੈਰ ਦੀ ਉਕਸਾਉਣ ਵਾਲੀ ਹਰਕਤ ਦੱਸਿਆ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਪਾਰਕ ਜਿਨ ਨੇ ਇਸ ਨੂੰ ਉਨ੍ਹਾਂ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਚੀਨ ਦੀ ਦਖਲਅੰਦਾਜ਼ੀ ਦੱਸਿਆ।
ਇਸ ਦੇ ਜਵਾਬ ’ਚ ਦੱਖਣੀ ਕੋਰੀਆ ਨੇ ਚੀਨ ਦੇ ਰਾਜਦੂਤ ਨੂੰ ਤਲਬ ਕੀਤਾ ਅਤੇ ਸਖਤ ਸ਼ਬਦਾਂ ’ਚ ਇਸ ਬਿਆਨ ’ਤੇ ਦੁੱਖ ਪ੍ਰਗਟਾਇਆ। ਮੰਤਰਾਲਾ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਦੱਖਣੀ ਕੋਰੀਆ ਦੇ ਉਪ-ਵਿਦੇਸ਼ ਮੰਤਰੀ ਛਾਂਗ ਹੋ ਜਿਨ ਨੇ ਸਿੰਗ ਨੂੰ ਬੁਲਾ ਕੇ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਬਿਨਾਂ ਕਾਰਨ ਉਕਸਾਵੇ ਵਾਲੀ ਬਿਆਨਬਾਜ਼ੀ ਲਈ ਨਾਰਾਜ਼ਗੀ ਦਰਜ ਕਰਵਾਈ।
ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲਾ ਨੇ ਚੀਨੀ ਰਾਜਦੂਤ ਨੂੰ ਤਲਬ ਕੀਤਾ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਚੀਨ ਬਦਲੇ ਦੀ ਕਾਰਵਾਈ ਨਾ ਕਰੇ ਤਾਂ ਚੀਨ ਨੇ ਵੀ ਬੀਜਿੰਗ ਸਥਿਤ ਦੱਖਣੀ ਕੋਰੀਆ ਦੇ ਰਾਜਦੂਤ ਨੂੰ ਤਲਬ ਕੀਤਾ ਅਤੇ ਸਿੰਗ ਹਾਈਮਿੰਗ ਦੀ ਗੱਲ ਨੂੰ ਬਖੇੜਾ ਬਣਾਉਣ ’ਤੇ ਖਰੀਆਂ-ਖੋਟੀਆਂ ਸੁਣਾਈਆਂ। ਹਾਲਾਂਕਿ ਹਾਈਮਿੰਗ ਦੀ ਗੱਲ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਵੀ ਬੁਰੀ ਲੱਗੀ ਸੀ ਕਿਉਂਕਿ ਹਾਈਮਿੰਗ ਨੇ ਆਪਣੀ ਗੱਲ ਕਹਿਣ ਲਈ ਅਜਿਹਾ ਸਮਾਂ ਚੁਣਿਆ ਸੀ ਜਦੋਂ ਯੁਨ ਸੁਕ ਕੋਰੀਆ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਲੀ ਜਾਏ ਮਿਊਂਗ ਨਾਲ ਵਾਰਤਾ ਕਰ ਰਹੇ ਸਨ ਤਾਂ ਯੂਨ ਦੇ ਕੱਟੜ ਆਲੋਚਕ ਹਨ।
ਇਸ ਮੀਟਿੰਗ ’ਚ ਉਹ ਜਾਪਾਨ ਦੇ ਫੁਕੂਸ਼ੀਮਾ ਦਾਈਚੀ ਨਿਊਕਲੀਅਰ ਪਲਾਂਟ ਤੋਂ ਸਮੁੰਦਰ ’ਚ ਪਾਣੀ ਛੱਡਣ ਦੇ ਮੁੱਦੇ ’ਤੇ ਕੰਮ ਕਰ ਰਹੇ ਸਨ। ਇਸ ’ਚ 60 ਤੋਂ ਜ਼ਿਆਦਾ ਰੇਡੀਓ ਐਕਟਿਵ ਪਦਾਰਥ ਰਲੇ ਹੁੰਦੇ ਹਨ ਜਿਸ ਨਾਲ ਸਮੁੰਦਰੀ ਵਾਤਾਵਰਣ ’ਤੇ ਬੁਰਾ ਅਸਰ ਪੈਂਦਾ ਹੈ। ਇਸ ਮੁੱਦੇ ’ਤੇ ਵੀ ਦੋਵਾਂ ਦੇਸ਼ਾਂ ’ਚ ਤਣਾਅ ਬਣਿਆ ਰਹਿੰਦਾ ਹੈ ਅਤੇ ਇਨ੍ਹਾਂ ਦੇ ਆਪਸੀ ਸਬੰਧਾਂ ’ਤੇ ਬੁਰਾ ਅਸਰ ਪਾਉਂਦਾ ਹੈ। ਹਾਲਾਂਕਿ ਜਾਪਾਨ ਇਸ ਪਾਣੀ ਨੂੰ ਸਮੁੰਦਰ ’ਚ ਛੱਡਣ ਤੋਂ ਪਹਿਲਾਂ ਪਲਾਂਟ ’ਚ ਉਸ ਨੂੰ ਸੋਧਦਾ ਹੈ ਪਰ ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਇਸ ਨਾਲ ਜਲ ਜੀਵਨ ਅਤੇ ਦੂਸਰੇ ਖਾਧ ਪਦਾਰਥਾਂ ਦੀ ਸ਼ੁੱਧਤਾ ’ਤੇ ਬੁਰਾ ਅਸਰ ਪੈਂਦਾ ਹੈ।
ਇਸ ਤਿਕੋਣੀ ਗੱਠਜੋੜ ’ਚ ਜਾਪਾਨ ਅਤੇ ਦੱਖਣੀ ਕੋਰੀਆ ’ਚ ਅਕਸਰ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਸ ਸਮੇਂ ਯੂਨ ਦੀ ਸਰਕਾਰ ਦੌਰਾਨ ਜਾਪਾਨ, ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸਬੰਧ ਬਹੁਤ ਹੱਦ ਤੱਕ ਸੁਧਰੇ ਹਨ ਪਰ ਚੋਣਾਂ ਪਿੱਛੋਂ ਜਦ ਵਿਰੋਧੀ ਧਿਰ ਦੀ ਚੀਨ ਵੱਲ ਝੁਕਾਅ ਵਾਲੀ ਸਰਕਾਰ ਆਉਂਦੀ ਹੈ ਤਾਂ ਦੱਖਣੀ ਕੋਰੀਆ ਅਤੇ ਜਾਪਾਨ ਦਰਮਿਆਨ ਰਿਸ਼ਤੇ ਫਿਰ ਤੋਂ ਖਰਾਬ ਹੋ ਜਾਂਦੇ ਹਨ। ਜਦ ਜਾਪਾਨ ਦੇ ਫੁਕੂਸ਼ੀਮਾ ਪਲਾਂਟ ਤੋਂ ਦੂਸ਼ਿਤ ਪਾਣੀ ਨੂੰ ਸਮੁੰਦਰ ’ਚ ਛੱਡਣ ਦੀ ਗੱਲ ਆਉਂਦੀ ਹੈ ਤਾਂ ਦੱਖਣੀ ਕੋਰੀਆ ਦੀ ਵਿਰੋਧੀ ਪਾਰਟੀ ਵਲੋਂ ਦੂਸਰੇ ਵਿਸ਼ਵ ਯੁੱਧ ’ਚ ਉਸ ਦੇ ਨਾਗਰਿਕਾਂ ਨੂੰ ਜਾਪਾਨੀ ਫੌਜ ਵੱਲੋਂ ਜਬਰੀ ਮਜ਼ਦੂਰੀ ਕਰਵਾਏ ਜਾਣ ਨੂੰ ਲੈ ਕੇ ਜਾਪਾਨ ਕੋਲੋਂ ਮੁਆਵਜ਼ਾ ਮੰਗਣ ਦੀ ਗੱਲ ਕੀਤੀ ਜਾਂਦੀ ਹੈ।
ਇਸ ਪਿੱਛੇ ਕਾਰਨ ਇਹ ਹੈ ਕਿ ਚੀਨ ਜਿਸ ਤਰ੍ਹਾਂ ਆਪਣੀ ਮੱਕਾਰੀ ਭਰੀ ਚਾਲ ਨਾਲ ਜਾਪਾਨ ਅਤੇ ਦੱਖਣੀ ਕੋਰੀਆ ਨੂੰ ਲੰਬੇ ਹੱਥੀਂ ਲੈਣ ਦੀ ਕੋਸ਼ਿਸ਼ ਕਰਦਾ ਹੈ ਉਸ ਤੋਂ ਇਹ ਨਾਰਾਜ਼ ਰਹਿੰਦੇ ਹਨ। ਇਸ ਤੋਂ ਇਲਾਵਾ ਚੀਨ ਨੇ ਹਾਲ ਹੀ ’ਚ ਸੈਮਸੰਗ ਦੇ ਇਕ ਵੱਡੇ ਅਧਿਕਾਰੀ ਨੂੰ ਭਾਰੀ ਰਿਸ਼ਵਤ ਦਿੱਤੀ ਸੀ ਜਿਸ ਨਾਲ ਉਹ ਸੈਮੀ-ਕੰਡਕਟਰ ਬਣਾਉਣ ਦੀ ਤਕਨੀਕ ਦਾ ਬਲੂ-ਪ੍ਰਿੰਟ ਚੀਨ ਨੂੰ ਦੇ ਦੇਵੇ ਪਰ ਸਮੇਂ ਸਿਰ ਹੀ ਉਸ ਨੂੰ ਦੱਖਣੀ ਕੋਰੀਆ ਦੀ ਖੁਫੀਆ ਸ਼ਾਖਾ ਨੇ ਗ੍ਰਿਫਤਾਰ ਕਰ ਲਿਆ ਅਤੇ ਚੀਨ ਦਾ ਭੇਤ ਖੁੱਲ੍ਹ ਗਿਆ।
ਚੀਨ ਦੱਖਣੀ ਕੋਰੀਆ ’ਚ ਘੁਸਪੈਠ ਕਰ ਕੇ ਇਸ ਤਿਕੋਣ ਨੂੰ ਤੋੜਨ ਦੀ ਕੋਸ਼ਿਸ਼ ਤਾਂ ਬਹੁਤ ਕਰ ਰਿਹਾ ਹੈ ਪਰ ਅਜੇ ਤੱਕ ਉਸ ਨੂੰ ਸਫਲਤਾ ਨਹੀਂ ਮਿਲੀ ਪਰ ਚੀਨ ਆਪਣੀ ਹਾਰ ਦੇ ਬਾਵਜੂਦ ਉਸ ਦਿਸ਼ਾ ’ਚ ਕੰਮ ਕਰਨਾ ਜਾਰੀ ਰੱਖਦਾ ਹੈ। ਜਾਣਕਾਰਾਂ ਦੀ ਰਾਇ ’ਚ ਇਸ ਕਾਰਨ ਦੱਖਣੀ ਕੋਰੀਆ ਅਤੇ ਜਾਪਾਨ ਨੂੰ ਚੌਕਸ ਰਹਿਣਾ ਪਵੇਗਾ ਕਿਉਂਕਿ ਚੀਨ ਇਸ ਖੇਤਰ ’ਚ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਛੱਡੇਗਾ।
ਸੌਖਾ ਬਣੇਗਾ ਭਾਰਤੀ ਸਟਾਰਟਅੱਪਸ ਦਾ ਰਾਹ
NEXT STORY