ਅੱਜ ਅਸੀਂ ਆਪਣੇ ਪਾਠਕਾਂ ਦੇ ਸਾਹਮਣੇ ਤਣਾਅ ਦੇਣ ਵਾਲੀਆਂ ਖਬਰਾਂ ਤੋਂ ਹਟ ਕੇ ਸਿਰਫ ਡੇਢ ਮਹੀਨੇ ਵਿਚ ਵਾਪਰੀਆਂ ਅਜੀਬੋ-ਗਰੀਬ ਘਟਨਾਵਾਂ ਪੇਸ਼ ਕਰ ਰਹੇ ਹਾਂ ਜੋ ਤੁਹਾਨੂੰ ਦੱਸਣਗੀਆਂ ਕਿ ਤਣਾਅ ਦੇਣ ਵਾਲੀਆਂ ਖਬਰਾਂ ਤੋਂ ਇਲਾਵਾ ਵੀ ਦੇਸ਼ ਵਿਚ ਕਿਹੋ ਜਿਹੀਆਂ ਦਿਲਚਸਪ ਘਟਨਾਵਾਂ ਵਾਪਰ ਰਹੀਆਂ ਹਨ :
* 19 ਮਾਰਚ ਨੂੰ ਕਰਨਾਟਕ ਵਿਧਾਨ ਸਭਾ ਵਿਚ ਜਦ (ਸ) ਦੇ ਵਿਧਾਇਕ ਐੱਮ. ਟੀ. ਕ੍ਰਿਸ਼ਣਅੱਪਾ ਨੇ ਹਰ ਹਫਤੇ ਸ਼ਰਾਬ ਪੀਣ ਵਾਲਿਆਂ ਨੂੰ 2 ਬੋਤਲਾਂ ਸ਼ਰਾਬ ਮੁਫਤ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਨੂੰ 200 ਯੂਨਿਟ ਬਿਜਲੀ ਮੁਫਤ ਦੇ ਰਹੀ ਹੈ, ਇਸ ਲਈ ਸ਼ਰਾਬ ਪੀਣ ਵਾਲਿਆਂ ਨੂੰ ਪ੍ਰਤੀ ਹਫਤਾ 2 ਬੋਤਲਾਂ ਸ਼ਰਾਬ ਦੀਆਂ ਵੀ ਦਿੱਤੀਆਂ ਜਾਣ। ਉਨ੍ਹਾਂ ਦੀ ਇਸ ਮੰਗ ’ਤੇ ਸੱਤਾਧਾਰੀ ਕਾਂਗਰਸ ਦੇ ਨੇਤਾ ਕੇ. ਜੇ. ਜਾਰਜ ਨੇ ਕਿਹਾ ਕਿ ਤੁਸੀਂ ਚੋਣਾਂ ਜਿੱਤ ਕੇ ਸਰਕਾਰ ਬਣਾਓ ਅਤੇ ਇਸ ਨੂੰ ਲਾਗੂ ਕਰੋ।
* 31 ਮਾਰਚ ਨੂੰ ਮੇਰਠ (ਉੱਤਰ ਪ੍ਰਦੇਸ਼) ਵਿਚ ਇਕ ਵਿਅਕਤੀ ਦੀ ਭਾਬੀ ਨੇ ਉਸ ਨੂੰ ਇਕ 20 ਸਾਲਾ ਲੜਕੀ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਸ ਦਾ ਵਿਆਹ ਉਸ ਲੜਕੀ ਦੀ ਮਾਂ ਨਾਲ ਕਰਵਾ ਦਿੱਤਾ, ਜੋ ਉਮਰ ਵਿਚ ਉਸ ਤੋਂ 25 ਸਾਲ ਵੱਡੀ ਸੀ।
ਵਿਆਹ ਦੀਆਂ ਰਸਮਾਂ ਅਦਾ ਹੋਣ ਤੋਂ ਬਾਅਦ ਪਤਾ ਲੱਗਣ ’ਤੇ ਜਦੋਂ ਲੜਕੇ ਨੇ ਆਪਣੇ ਨਾਲ ਹੋਏ ਧੋਖੇ ਨੂੰ ਲੈ ਕੇ ਵਿਰੋਧ ਕੀਤਾ ਤਾਂ ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਕਿਸੇ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿਚ ਫਸਾ ਦਿੱਤਾ ਜਾਵੇਗਾ।
* 2 ਅਪ੍ਰੈਲ ਨੂੰ ਬੀਕਾਨੇਰ (ਰਾਜਸਥਾਨ) ਦੇ ਇਕ ਪਿੰਡ ਦੇ ਮੰਦਰ ਵਿਚ ਆਯੋਜਿਤ ਧਾਰਮਿਕ ਸਮਾਰੋਹ ਦੌਰਾਨ ਇਕ ਚੋਰ ਉਥੇ ਖੜ੍ਹਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ ਪਰ ਇਸ ਦੇ 2 ਦਿਨ ਬਾਅਦ ਹੀ ਉਹ ਦੁਬਾਰਾ ਮੰਦਰ ਵਿਚ ਆਇਆ। ਉਸ ਨੇ ਮੰਦਰ ਦੇ ਸਾਹਮਣੇ ਸਿਰ ਝੁਕਾਇਆ, ਕੰਨ ਫੜੇ, ਉਠਕ-ਬੈਠਕ ਕੀਤੀ ਅਤੇ ਮੁਆਫੀ ਮੰਗਣ ਤੋਂ ਬਾਅਦ ਮੋਟਰਸਾਈਕਲ ਨੂੰ ਉਥੇ ਹੀ ਖੜ੍ਹਾ ਕਰ ਕੇ ਚਲਾ ਗਿਆ।
* 9 ਅਪ੍ਰੈਲ ਨੂੰ ਫਾਰੂਖਾਬਾਦ (ਉੱਤਰ ਪ੍ਰਦੇੇਸ਼) ਵਿਚ ‘ਕਾਇਮਗੰਜ’ ਦੀ ਅਦਾਲਤ ਨੇ ‘ਵੈਸ਼ਣਵੀ’ ਨਾਂ ਦੀ ਇਕ ਔਰਤ ਦੇ ਪਤੀ ‘ਭਵਰ ਸਿੰਘ’ ਦੀ ਹਾਜ਼ਰੀ ਵਿਚ ‘ਵੈਸ਼ਣਵੀ’ ਦਾ ਵਿਆਹ ਉਸ ਦੀ ਮਾਂ ਦੀ ਰਜ਼ਾਮੰਦੀ ਨਾਲ ਉਸ ਦੇ ਪ੍ਰੇਮੀ ‘ਮਨੋਜ’ ਨਾਲ ਕਰਵਾ ਦਿੱਤਾ।
ਪਤੀ ਨਾਲ ਅਣਬਣ ਦੇ ਕਾਰਨ ‘ਵੈਸ਼ਣਵੀ’ ਜ਼ਿਆਦਾਤਰ ਪੇਕੇ ਹੀ ਰਹਿੰਦੀ ਸੀ। ਇਸੇ ਦੌਰਾਨ ਆਪਣੇ ਹੀ ਪਿੰਡ ਦੇ ਨੌਜਵਾਨ ‘ਮਨੋਜ’ ਨਾਲ ਉਸ ਦੇ ਸਬੰਧ ਕਾਇਮ ਹੋ ਗਏ। ‘ਭਵਰ ਸਿੰਘ’ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਸ ਨੇ ਬੇਵਫਾ ਪਤਨੀ ‘ਵੈਸ਼ਣਵੀ’ ਤੋਂ ਪੱਲਾ ਛੁਡਵਾ ਲੈਣ ਵਿਚ ਹੀ ਬਿਹਤਰੀ ਸਮਝੀ।
* 11 ਅਪ੍ਰੈਲ ਨੂੰ ਜਬਲਪੁਰ (ਮੱਧ ਪ੍ਰਦੇਸ਼) ’ਚ ਇਕ ਦੁਖਦਾਈ ਪਰ ਅਜੀਬ ਘਟਨਾ ’ਚ ਬਲੀ ਦੇਣ ਲਈ ਇਕ ਪਰਿਵਾਰ ਦੇ 4 ਮੈਂਬਰ ਇਕ ਵਾਹਨ ’ਚ ਬੱਕਰੇ ਨੂੰ ਲੈ ਕੇ ਜਾ ਰਹੇ ਸਨ ਕਿ ਇਸੇ ਦੌਰਾਨ ਅਚਾਨਕ ਵਾਹਨ ਪਲਟ ਕੇ ਸੁੱਕੀ ਨਦੀ ’ਚ ਡਿੱਗ ਜਾਣ ਨਾਲ ਉਨ੍ਹਾਂ ਚਾਰਾਂ ਦੀ ਮੌਤ ਹੋ ਗਈ ਪਰ ਚਮਤਕਾਰੀ ਢੰਗ ਨਾਲ ਬੱਕਰਾ ਬਚ ਗਿਆ।
* 23 ਅਪ੍ਰੈਲ ਨੂੰ ‘ਵੀਰ ਚੰਦਰ ਮਨੂ’ ਸ਼ਹਿਰ (ਦੱਖਣੀ ਤ੍ਰਿਪੁਰਾ) ਵਿਚ ਅਜਿਹੇ ਹੀ ਇਕ ਮਾਮਲੇ ਵਿਚ ਜਦੋਂ ‘ਨਾਯਨ ਸਾਹਾ’ ਨਾਂ ਦੇ ਇਕ ਨੌਜਵਾਨ ਨੂੰ ਆਪਣੀ ਪਤਨੀ ‘ਝੂਮਾ ਸਾਹਾ’ ਦੇ ‘ਦੀਪਾਂਕਰ ਬਾਨਿਕ’ ਨਾਂ ਦੇ ਗੁਆਂਢੀ ਨੌਜਵਾਨ ਨਾਲ ਪ੍ਰੇਮ ਸਬੰਧਾਂ ਦਾ ਪਤਾ ਲੱਗਾ ਅਤੇ ਇਕ ਰਾਤ ਉਸ ਨੂੰ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜ ਲਿਆ ਤਾਂ ਉਸ ਨੇ ‘ਝੂਮਾ’ ਅਤੇ ਉਸਦੇ ਪ੍ਰੇਮੀ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਦੀ ਪੰਚਾਇਤ ਦੀ ਸਲਾਹ ਨਾਲ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ।
* 1 ਮਈ ਨੂੰ ਕੋਲਾਰ (ਕਰਨਾਟਕ) ਜ਼ਿਲੇ ਵਿਚ ‘ਕਾਰਤਿਕ’ ਨਾਂ ਦੇ ਇਕ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਹ ਬਿਨਾਂ ਪਾਣੀ ਮਿਲਾਏ 5 ਬੋਤਲਾਂ ਸ਼ਰਾਬ ਦੀਆਂ ਪੀ ਸਕਦਾ ਹੈ। ਇਸ ’ਤੇ ਇਕ ਦੋਸਤ ਬੋਲਿਆ ਕਿ ਅਜਿਹਾ ਕਰਨ ’ਤੇ ਉਹ ਉਸ ਨੂੰ 10,000 ਰੁਪਏ ਦੇਵੇਗਾ। ਸ਼ਰਤ ਲੱਗ ਗਈ ਅਤੇ ‘ਕਾਰਤਿਕ’ ਨੇ ਸ਼ਰਾਬ ਪੀ ਤਾਂ ਲਈ ਪਰ ਉਸ ਤੋਂ ਬਾਅਦ ਉਹ ਉੱਠ ਨਾ ਸਕਿਆ ਅਤੇ ਸ਼ਰਤ ਦੇ ਪੈਸੇ ਮਿਲਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
* 1 ਮਈ ਨੂੰ ਹੀ ਰਾਜਗੜ੍ਹ (ਮੱਧ ਪ੍ਰਦੇਸ਼) ਵਿਚ ਇਕ ਹਸਪਤਾਲ ਦਾ ਵਾਰਡ ਹੀ ਉਥੇ ਇਲਾਜ ਲਈ ਲਿਆਂਦੀ ਗਈ ਅਤੇ ਚੱਲਣ-ਫਿਰਨ ਤੋਂ ਲਾਚਾਰ ਇਕ ਬੀਮਾਰ ਲੜਕੀ ਦੇ ਵਿਆਹ ਦਾ ਮੰਡਪ ਬਣ ਗਿਆ। ਹਸਪਤਾਲ ਦੇ ਵਾਰਡ ਵਿਚ ਹੀ ਲਾੜੇ ਨੇ ਆਪਣੀ ਲਾੜੀ ਨੂੰ ਗੋਦ ਵਿਚ ਚੁੱਕ ਕੇ ਉਸ ਦੇ ਨਾਲ 7 ਫੇਰੇ ਲਏ ਅਤੇ ਹਸਪਤਾਲ ਦੇ ਸਟਾਫ ਨੇ ਲਾੜੇ ਅਤੇ ਲਾੜੀ ਪੱਖ ਦੀ ਖਾਤਿਰਦਾਰੀ ਕੀਤੀ।
* 4 ਮਈ ਨੂੰ ਬਾਗਲਕੋਟ (ਕਰਨਾਟਕ) ਵਿਚ ਇਕ ਜੋੜੇ ਨੇ ਆਪਣੇ ਬੇਟੇ ਦੇ 10ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਵਿਚ 600 ਵਿਚੋਂ ਸਿਰਫ 200 ਨੰਬਰ ਹਾਸਲ ਕਰ ਕੇ ਬੁਰੀ ਤਰ੍ਹਾਂ ਫੇਲ ਹੋ ਜਾਣ ’ਤੇ ਜਸ਼ਨ ਮਨਾਇਆ ਅਤੇ ਪਾਰਟੀ ਦਿੱਤੀ। ਲੋਕਾਂ ਦੇ ਪੁੱਛਣ ’ਤੇ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਇਹ ਪਾਰਟੀ ਇਸ ਲਈ ਦਿੱਤੀ ਤਾਂ ਕਿ ਉਹ ਹਰ ਵਿਸ਼ੇ ਵਿਚ ਫੇਲ ਹੋਣ ਵਾਲੇ ਆਪਣੇ ਬੇਟੇ ਦਾ ਹੌਸਲਾ ਵਧਾ ਸਕਣ।
* 4 ਮਈ ਨੂੰ ਹੀ ‘ਦਾਹੋਦ’ (ਗੁਜਰਾਤ) ਦੇ ਪਿੰਡ ‘ਚੌਸਲਾ’ ਵਿਚ ‘ਬਿਰਸਾ ਮੁੰਡਾ ਟਰੱਸਟ’ ਅਤੇ ‘ਭੀਲ ਸਮਾਜ ਪੰਚ ਮਹਾਲ’ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਇਕ ਸਮੂਹਿਕ ਵਿਆਹ ਸਮਾਰੋਹ ਵਿਚ 3 ਜੋੜਿਆਂ ਦੇ ਵਿਆਹ ਕਰਵਾਏ ਗਏ। ਇਸ ਸਮਾਰੋਹ ਦੀ ਖਾਸ ਗੱਲ ਇਹ ਰਹੀ ਕਿ ਇਸੇ ਵਿਚ ‘ਦਾਹੋਦ’ ਤੋਂ ਭਾਜਪਾ ਵਿਧਾਇਕ ‘ਕਨ੍ਹਈਆ ਲਾਲ ਕਿਸ਼ੋਰੀ’ ਨੇ ਵੀ ਆਪਣਾ ਵਿਆਹ ਸਾਦਗੀ ਭਰੇ ਢੰਗ ਨਾਲ ਕਰਵਾਇਆ।
ਅਸੀਂ ਆਸ ਕਰਦੇ ਹਾਂ ਕਿ ਉਕਤ ਖਬਰਾਂ ਪੜ੍ਹ ਕੇ ਪਾਠਕਾਂ ਨੂੰ ਥੋੜ੍ਹਾ ਜਿਹਾ ਮਹਿਸੂਸ ਹੋਇਆ ਹੋਵੇਗਾ ਕਿ ਅੱਜ ਭਾਰਤ ਵਿਚ ਰਾਜਨੀਤੀ ਤੋਂ ਇਲਾਵਾ ਹੋਰ ਵੀ ਅਜੀਬੋ-ਗਰੀਬ ਗੱਲਾਂ ਵਾਪਰ ਰਹੀਆਂ ਹਨ।
-ਵਿਜੇ ਕੁਮਾਰ
ਸਮੂਹਿਕ ਜਬਰ-ਜ਼ਨਾਹ : ਇਕ ਵਿਅਕਤੀ ਵਲੋਂ ਕੀਤਾ ਗਿਆ ਜਬਰ-ਜ਼ਨਾਹ ਸਭ ਨੂੰ ਦੋਸ਼ੀ ਠਹਿਰਾਅ ਸਕਦਾ ਹੈ
NEXT STORY