ਭਾਰਤ ਦਾ ‘ਮੈਨਚੈਸਟਰ’ ਅਖਵਾਉਣ ਵਾਲਾ ਲੁਧਿਆਣਾ ਦੇਸ਼ ’ਚ ਸਭ ਤੋਂ ਵੱਧ ਹੌਜ਼ਰੀ, ਗਾਰਮੈਂਟਸ, ਸਾਈਕਲਾਂ, ਰਿਕਸ਼ਿਆਂ, ਸਿਲਾਈ ਮਸ਼ੀਨਾਂ ਅਤੇ ਫਾਸਟਨਰਾਂ ਦਾ ਨਿਰਮਾਣ ਕਰਨ ਵਾਲਾ ਸ਼ਹਿਰ ਹੈ। ਦੇਸ਼ ’ਚ ਕੁੱਲ ਹੌਜ਼ਰੀ ਦਾ 80 ਫੀਸਦੀ ਅਤੇ ਸਾਈਕਲਾਂ ਦਾ 90 ਫੀਸਦੀ ਨਿਰਮਾਣ ਇੱਥੇ ਹੀ ਹੁੰਦਾ ਹੈ।
ਇੱਥੇ ਹਰ ਸਾਲ 2 ਲੱਖ ਕਰੋੜ ਤੋਂ ਵੱਧ ਮੁੱਲ ਦੇ ਸਾਮਾਨ ਦਾ ਨਿਰਮਾਣ ਹੁੰਦਾ ਹੈ ਅਤੇ 20,000 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਵੱਖ-ਵੱਖ ਸਾਮਾਨਾਂ ਦੀ ਬਰਾਮਦ ਕੀਤੀ ਜਾਂਦੀ ਹੈ। ਇਹ ਪੰਜਾਬ ਦੇ ਸਭ ਤੋਂ ਵੱਧ ਜੀ. ਐੱਸ. ਟੀ. (40 ਫੀਸਦੀ) ਅਤੇ 10 ਲੱਖ ਪ੍ਰਵਾਸੀ ਕਾਮਿਆਂ ਨੂੰ ਰੋਜ਼ਗਾਰ ਦੇਣ ਵਾਲਾ ਸ਼ਹਿਰ ਹੈ।
ਇੰਨੀਆਂ ਸਾਰੀਆਂ ਪ੍ਰਾਪਤੀਆਂ ਦੇ ਨਾਲ-ਨਾਲ ਲੁਧਿਆਣਾ ਅਪਰਾਧਾਂ ਦੀ ਰਾਜਧਾਨੀ ਵੀ ਬਣਦਾ ਜਾ ਰਿਹਾ ਹੈ ਜੋ ਸਿਰਫ ਇਕ ਦਿਨ ’ਚ ਸਾਹਮਣੇ ਆਈਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਨਸ਼ਾ ਖਰੀਦਣ ਲਈ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਦੇ ਦੋਸ਼ ’ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 6 ਮੋਬਾ ਈਲ, ਇਕ ਐਕਟਿਵਾ, 2 ਮੋਟਰਸਾਈਕਲ, 3 ਦਾਤਰ ਅਤੇ ਹੋਰ ਸਾਮਾਨ ਬਰਾਮਦ ਕੀਤਾ।
* ਸੀ. ਆਈ.ਏ-3 ਦੀ ਪੁਲਸ ਨੇ ਰਾਤ ਦੇ ਸਮੇਂ ਆਟੋ ਰਿਕਸ਼ਾ ’ਚ ਬਿਠਾਈਆਂ ਸਵਾਰੀਆਂ ਨੂੰ ਸੁੰਨਸਾਨ ਥਾਂ ’ਤੇ ਲਿਜਾ ਕੇ ਲੁੱਟਣ ਦੇ ਦੋਸ਼ ’ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਮੋਬਾਈਲ ਫੋਨ, 4 ਮੋਟਰਸਾਈਕਲ, ਆਟੋ ਰਿਕਸ਼ਾ ਅਤੇ ਦਾਤਰ ਬਰਾਮਦ ਕੀਤਾ। ਓਧਰ ਥਾਣਾ ਡਾਬਾ ਦੀ ਪੁਲਸ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੁੱਟਣ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।
* ਥਾਣਾ ਦਰੇਸੀ ਦੀ ਪੁਲਸ ਨੇ ਦਿਨ ਦੇ ਸਮੇਂ ਵਾਰਦਾਤਾਂ ਕਰਨ ਵਾਲੇ 3 ਨਸ਼ੇੜੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 10 ਮੋਬਾਈਲ, 2 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ।
* ਰੰਜਿਸ਼ ਕਾਰਨ 7 ਲੋਕਾਂ ਨੇ ਡਾ. ਅੰਬੇਡਕਰ ਨਗਰ ’ਚ ਇਕ ਮਕਾਨ ’ਤੇ ਪਥਰਾਅ ਕਰ ਕੇ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਅਤੇ ਵਾਹਨ ਤੋੜ ਦਿੱਤੇ।
* ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਸਤਲੁੱਜ ਦਰਿਆ ਤੋਂ ਨਾਜਾਇਜ਼ ਮਾਈਨਿੰਗ ਕਰ ਕੇ ਰੇਤ ਲਿਜਾ ਰਹੀਆਂ 2 ਟ੍ਰੈਕਟਰ-ਟਰਾਲੀਆਂ ਨੂੰ ਜ਼ਬਤ ਕੀਤਾ।
* ਥਾਣਾ ਸਦਰ ਦੇ ਇਲਾਕੇ ਈਸ਼ਵਰ ਨਗਰ ’ਚ ਹੈਰੋਈਨ ਸਪਲਾਈ ਕਰਨ ਜਾ ਰਹੇ ਇਕ ਨਸ਼ਾ ਸਮੱਗਲਰ ਨੂੰ ਕਾਬੂ ਕਰ ਕੇ ਪੁਲਸ ਨੇ 265 ਗ੍ਰਾਮ ਹੈਰੋਇਨ ਬਰਾਮਦ ਕੀਤੀ।
* ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮਾਡਲ ਗ੍ਰਾਮ ਦੀ ਇਕ ਔਰਤ ਵਿਰੁੱਧ ਇਕ ਵਿਅਕਤੀ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਪੌਣੇ 2 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ।
* 5 ਲੱਖ ਰੁਪਏ ਜਮ੍ਹਾ ਕਰਵਾਉਣ ਬੈਂਕ ਭੇਜਿਆ ਗਿਆ ਸਪੇਅਰਪਾਰਟਸ ਬਣਾਉਣ ਵਾਲੀ ਫੈਕਟਰੀ ਦਾ ਡਰਾਈਵਰ ਉਕਤ ਰਕਮ ਅਤੇ ਸਕੂਟੀ ਸਣੇ ਫਰਾਰ ਹੋ ਗਿਆ।
* ਪੁਰਾਣੀ ਰੰਜਿਸ਼ ਕਾਰਨ ਨੇੜਲੇ ਪਿੰਡ ‘ਬੁਲ’ ਵਿਚ ਕੁਝ ਬਦਮਾਸ਼ਾਂ ਨੇ ਇਕ ਮਕਾਨ ’ਚ ਦਾਖਲ ਹੋ ਕੇ ਉਥੇ ਇਕੱਲੀ ਮਾਂ-ਧੀ ਨੂੰ ਕੁੱਟ ਦਿੱਤਾ।
ਸਿਰਫ ਇਕ ਦਿਨ ਦੀਆਂ ਉਪਰੋਕਤ ਘਟਨਾਵਾਂ ਇਹ ਦੱਸਣ ਲਈ ਕਾਫੀ ਹਨ ਕਿ ਅੱਜ ਲੁਧਿਆਣਾ ਕਿਸ ਕਦਰ ਅਪਰਾਧੀ ਤੱਤਾਂ ਦਾ ਬੰਦੀ ਬਣ ਕੇ ਰਹਿ ਗਿਆ ਹੈ। ਇਸ ਲਈ ਇਥੋਂ ਦੇ ਲੋਕਾਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਦਿਵਾਉਣ ਲਈ ਅਪਰਾਧਗ੍ਰਸਤ ਇਲਾਕਿਆਂ ’ਚ ਵੱਧ ਸੁਰੱਖਿਆ ਬਲ ਤਾਇਨਾਤ ਕਰਨ ਅਤੇ ਪੁਲਸ ਪ੍ਰਸ਼ਾਸਨ ਨੂੰ ਵੱਧ ਸਖਤ ਕਦਮ ਚੁੱਕਣ ਦੀ ਤੁਰੰਤ ਲੋੜ ਹੈ।
ਅਜਿਹਾ ਕਰਨ ਨਾਲ ਹੀ ਪੰਜਾਬ ਦੀ ਇਹ ਆਰਥਿਕ ਰਾਜਧਾਨੀ ਸੁਰੱਖਿਅਤ ਹੋ ਸਕੇਗੀ, ਜਿਥੇ ਵਪਾਰ ਅਤੇ ਰੋਜ਼ਗਾਰ ਆਦਿ ਦੇ ਸਿਲਸਿਲੇ ’ਚ ਹਰ ਰੋਜ਼ ਵੱਡੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ।
–ਵਿਜੇ ਕੁਮਾਰ
ਰਾਹੁਲ ਗਾਂਧੀ ਨੂੰ ਵਿਦੇਸ਼ ’ਚ ਬੋਲਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ
NEXT STORY