ਰਾਹੁਲ ਗਾਂਧੀ ਨੂੰ ਘੱਟੋ-ਘੱਟ 2029 ਤੱਕ, ਜਦੋਂ ਅਗਲੀਆਂ ਲੋਕ ਸਭਾ ਚੋਣਾਂ ਹੋਣੀਆਂ ਹਨ, ਅਮਰੀਕਾ ਜਾਂ ਬ੍ਰਿਟੇਨ ਵਿਚ ਗੱਲਬਾਤ ਦਾ ਪ੍ਰਬੰਧ ਕਰਨ ਲਈ ਸੈਮ ਪਿਤਰੋਦਾ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਬਚਣਾ ਚਾਹੀਦਾ ਹੈ।
ਰਾਹੁਲ ਦੀ ਨਰਿੰਦਰ ਮੋਦੀ ਪ੍ਰਤੀ ਨਾਪਸੰਦਗੀ ਇੰਨੀ ਤੀਬਰ ਅਤੇ ਇੰਨੀ ਨਿੱਜੀ ਹੈ ਕਿ ਉਹ ਆਪਣੇ ਭਾਸ਼ਣਾਂ ਵਿਚ ਮੋਦੀ ਦਾ ਜ਼ਿਕਰ ਕਰਦਿਆਂ ਆਪਣੀ ਗਲਤੀ ਮੰਨ ਲੈਂਦੇ ਹਨ। ਘਰ ਵਿਚ ਸਿਆਸੀ ਵਿਰੋਧੀਆਂ ’ਤੇ ਜ਼ਹਿਰ ਉਗਲਣਾ ਹੀ ਬਹੁਤ ਮਾੜਾ ਹੈ। ਵਿਦੇਸ਼ਾਂ ਵਿਚ ਅਜਿਹਾ ਕਰਨਾ ਉਚਿਤ ਨਹੀਂ ਹੈ।
ਸਾਡੇ ਰਾਸ਼ਟਰੀ ਆਗੂਆਂ ਨਾਲ ਚਰਚਾ ਕਰਨ ਲਈ ਕਈ ਵਿਦੇਸ਼ੀ ਪਤਵੰਤੇ ਨਵੀਂ ਦਿੱਲੀ ਆਉਂਦੇ ਹਨ। ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲਦੇ ਹਨ। ਇਨ੍ਹਾਂ ਪਤਵੰਤਿਆਂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਕੋਈ ਮਿਸਾਲ ਨਹੀਂ ਮਿਲਦੀ।
ਇਹ ਠੀਕ ਹੈ ਕਿ ਸਾਡੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਦੇ ਬਹੁਤ ਸਾਰੇ ਕਾਰਨ ਹਨ, ਖਾਸ ਕਰ ਕੇ ਉਨ੍ਹਾਂ ਦੇ ਦੋਗਲੇਪਣ ਲਈ, ਪਰ ਇਹ ਲੜਾਈ ਭਾਰਤ ਵਿਚ ਭਾਰਤੀਆਂ ਨੇ ਲੜਨੀ ਹੈ। ਵਿਦੇਸ਼ੀਆਂ ਨੂੰ ਸਾਡੀਆਂ ਅੰਦਰੂਨੀ ਸਮੱਸਿਆਵਾਂ ਵਿਚ ਨਹੀਂ ਫਸਣਾ ਚਾਹੀਦਾ।
ਰਾਹੁਲ ਗਾਂਧੀ ਤੇਜ਼ੀ ਨਾਲ ਨਰਿੰਦਰ ਮੋਦੀ ਲਈ ਇਕ ਅਸਲ ਖ਼ਤਰਾ ਬਣਦੇ ਜਾ ਰਹੇ ਸਨ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਉਨ੍ਹਾਂ ਨੇ ਵੱਡੀ ਛਾਲ ਮਾਰ ਦਿੱਤੀ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਸਦਨ ਵਿਚ ਆਪਣੀ ਹਾਜ਼ਰੀ ਦੁੱਗਣੀ ਕਰ ਦਿੱਤੀ। ਭਾਜਪਾ ਆਪਣੇ ਗੜ੍ਹ ਉੱਤਰ ਪ੍ਰਦੇਸ਼ ਵਿਚ ਹਾਰ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਰਾਮ ਮੰਦਰ ਦਾ ਉਦਘਾਟਨ ਕਰਨ ਸਮੇਂ ਸ਼ੰਕਰਾਚਾਰੀਆ ਦੀ ਭੂਮਿਕਾ ਨਿਭਾਉਣ ਦੇ ਬਾਵਜੂਦ ਮੋਦੀ ਅਯੁੱਧਿਆ ਸੀਟ ਵੀ ਹਾਰ ਗਏ।
ਇਕ ਹੋਰ ਸਮਝਦਾਰ ਸਿਆਸਤਦਾਨ ਅਗਲੀ ਵਾਰ ਨਰਿੰਦਰ ਮੋਦੀ ਨੂੰ ਹਟਾਉਣ ਲਈ ਉਸ ਛੋਟੀ ਜਿੱਤ ਦਾ ਫਾਇਦਾ ਉਠਾਉਣ ਦੀ ਯੋਜਨਾ ਬਣਾਵੇਗਾ। ਇਹੋ ਗੱਲ ਰਾਹੁਲ ਨੇ ਲੋਕ ਸਭਾ ’ਚ ਸਰਕਾਰ ਦੀਆਂ ਨੀਤੀਆਂ ’ਤੇ ਹਮਲਿਆਂ ਦੀ ਅਗਵਾਈ ਕਰਦੇ ਹੋਏ ਦਿਖਾਈ। ਉਨ੍ਹਾਂ ਨੇ ਸਿਆਸੀ ਸੱਤਾ ’ਤੇ ਕਾਬਜ਼ ਹੋਣ ਦੇ ਇਕੋ-ਇਕ ਉਦੇਸ਼ ਨਾਲ ਫੈਲਾਈ ਜਾ ਰਹੀ ਨਫ਼ਰਤ ਅਤੇ ਵੰਡਪਾਊ ਭਾਵਨਾਵਾਂ ਵੱਲ ਇਸ਼ਾਰਾ ਕੀਤਾ।
ਅਤੇ ਫਿਰ ਉਹ ਸੰਯੁਕਤ ਰਾਜ ਅਮਰੀਕਾ ਲਈ ਉਡਾਣ ਭਰਦੇ ਹਨ ਅਤੇ ਚੋਣਵੇਂ ਦਰਸ਼ਕਾਂ ਨੂੰ ਸੰਬੋਧਨ ਕਰਦੇ ਹਨ, ਜਿਸ ਨੂੰ ਉਨ੍ਹਾਂ ਦੇ ਦੋਸਤ ਅਤੇ ਵਿਸ਼ਵਾਸਪਾਤਰ ਸੈਮ ਵਲੋਂ ਚੁਣਿਆ ਜਾਂਦਾ ਹੈ, ਸ਼ਾਇਦ ਇਕ ਉਲਝਣ ਵਾਲੇ ਸਰੋਤਿਆਂ ਦੇ ਸਾਹਮਣੇ ਮੋਦੀ ਦੇ ਵਿਰੁੱਧ ਬੋਲਦੇ ਹਨ ਅਤੇ ਅਜਿਹਾ ਕਰਕੇ ਆਪਣੇ ਹੀ ਅਕਸ ਨੂੰ ਖਰਾਬ ਕਰਦੇ ਹਨ।
ਇਸ ਦੇ ਉਲਟ, ਨਰਿੰਦਰ ਮੋਦੀ ਇਕ ਸ਼ਾਨਦਾਰ ਸਿਆਸਤਦਾਨ ਹਨ। ਉਨ੍ਹਾਂ ਨੇ ਭਾਰਤੀਆਂ ਦੀ ਇਕ ਵੱਡੀ ਭੀੜ ਨੂੰ ਆਕਰਸ਼ਿਤ ਕੀਤਾ ਜੋ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਚ ਇਕੱਠੀ ਹੋਈ ਅਤੇ ਵਿਦੇਸ਼ਾਂ ਵਿਚ ਭਾਰਤ ਦੀ ਗੁਆਚੀ ਹੋਈ ਜ਼ਮੀਨ ਮੁੜ ਪ੍ਰਾਪਤ ਕੀਤੀ। ਭਾਰਤ ਦੇ ਵਿਸ਼ਾਲ ਅਤੇ ਵਧ ਰਹੇ ਬਾਜ਼ਾਰਾਂ ਦੀ ਅਮਰੀਕਾ ਅਤੇ ਵੱਖ-ਵੱਖ ਯੂਰਪੀ ਸ਼ਕਤੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ। ਇਸੇ ਕਾਰਨ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵਿਦੇਸ਼ਾਂ ਵਿਚ ਬਹੁਤ ਮੰਗ ਹੈ।
ਨਰਿੰਦਰ ਮੋਦੀ ਇਕ ਚਲਾਕ ਅਤੇ ਹਿਸਾਬ-ਕਿਤਾਬ ਵਾਲੇ ਸਿਆਸਤਦਾਨ ਹਨ। ਉਹ ਇਕ ਬਿਹਤਰੀਨ ਬੁਲਾਰੇ ਹਨ। ਉਨ੍ਹਾਂ ਨੇ ਨਿਊਯਾਰਕ ਵਿਚ ਅਜਿਹਾ ਕੁਝ ਨਹੀਂ ਕਿਹਾ ਜੋ ਉਨ੍ਹਾਂ ਨੇ ਸਾਡੇ ਦੇਸ਼ ਵਿਚ ਪਹਿਲਾਂ ਨਾ ਕਿਹਾ ਹੋਵੇ ਪਰ ਉਨ੍ਹਾਂ ਨੇ ਜੋ ਕੁਝ ਵੀ ਕਿਹਾ ਉਹ ਇੰਨੇ ਦ੍ਰਿੜ੍ਹ ਇਰਾਦੇ ਅਤੇ ਜਜ਼ਬੇ ਨਾਲ ਕਿਹਾ ਕਿ ਉਨ੍ਹਾਂ ਨੇ ਆਪਣੇ ਸਰੋਤਿਆਂ ’ਤੇ ਇਕ ਅਮਿੱਟ ਛਾਪ ਛੱਡੀ।
ਆਪਣੇ ਸ਼ਹਿਰ ਮੁੰਬਈ ਵਿਚ, ਮੈਂ ਸ਼ਿਵ ਸੈਨਾ ਪਾਰਟੀ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਨੂੰ ਘੱਟੋ-ਘੱਟ ਇਕ ਦਰਜਨ ਮੌਕਿਆਂ ’ਤੇ ਬੋਲਦਿਆਂ ਸੁਣਿਆ ਹੈ। ਉਨ੍ਹਾਂ ਨੇ ਆਪਣੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੋਦੀ ਵੀ ਅਜਿਹਾ ਹੀ ਕਰਦੇ ਹਨ। ਪਰ ਮੋਦੀ ਆਪਣੇ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਹਾਸੇ-ਮਜ਼ਾਕ ਦੀ ਵਰਤੋਂ ਨਹੀਂ ਕਰਦੇ।
ਉਹ ਇਸ ਲਈ ਬਹੁਤ ਗੰਭੀਰ ਹਨ। ਬਾਲ ਠਾਕਰੇ ਆਪਣੇ ਭਾਸ਼ਣ ’ਚ ਹਾਸੇ ਦੇ ਅਜਿਹੇ ਤੀਰ ਮਿਲਾਉਂਦੇ ਸਨ ਕਿ ਮਰਾਠੀ ਤੋਂ ਇਲਾਵਾ ਕੋਈ ਵੀ ਵਿਅਕਤੀ ਹੱਸਦਾ ਹੋਇਆ ਘਰ ਪਰਤ ਜਾਂਦਾ।
ਰਾਹੁਲ ਗਾਂਧੀ ਕਦੇ ਵੀ ਮੋਦੀ ਦੇ ਵਿਚਾਰ ਪ੍ਰਗਟ ਕਰਨ ਦੇ ਉੱਚ ਮਾਪਦੰਡਾਂ ਨੂੰ ਹਾਸਲ ਨਹੀਂ ਕਰ ਸਕਦੇ, ਜਿਸ ’ਤੇ ਖੁਦ ਸਪੀਕਰ ਨੇ ਵਿਸ਼ਵਾਸ ਨਹੀਂ ਕੀਤਾ। ਹਰ ਸਿਆਸਤਦਾਨ ਦੀ ਆਪਣੀ ਤਾਕਤ ਅਤੇ ਕਮਜ਼ੋਰੀਆਂ ਹੁੰਦੀਆਂ ਹਨ। ਮਿਸਾਲ ਲਈ, ਰਾਹੁਲ ਮੋਦੀ ਨਾਲੋਂ ਜ਼ਿਆਦਾ ਇਮਾਨਦਾਰ ਵਿਅਕਤੀ ਵਜੋਂ ਉਭਰੇ ਹਨ, ਜੋ ਇਕ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰੇਰਿਤ ਹਨ।
ਉਨ੍ਹਾਂ ਨੂੰ ਇਸ ਗੁਣ ਦੀ ਵਰਤੋਂ ਵੋਟਰਾਂ ਨੂੰ ਆਪਣੀ ਯੋਗਤਾ ਦਾ ਅਹਿਸਾਸ ਕਰਵਾਉਣ ਲਈ ਕਰਨੀ ਚਾਹੀਦੀ ਹੈ। ਵਿਦੇਸ਼ੀ ਧਰਤੀ ’ਤੇ ਆਪਣੇ ਵਿਰੋਧੀਆਂ ’ਤੇ ਹਮਲਾ ਕਰਨਾ ਸਹੀ ਰਣਨੀਤੀ ਨਹੀਂ ਹੈ, ਭਾਵੇਂ ਹੀ ਸੈਮ ਇਸ ਦੀ ਵਕਾਲਤ ਕਰਨ।
ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਭਰੋਸੇਯੋਗ ਸਹਿਯੋਗੀ ਅਮਿਤ ਸ਼ਾਹ ਨੇ ਹਾਲ ਹੀ ਵਿਚ ਕਸ਼ਮੀਰ ਵਾਦੀ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ, ਜੋ ਜੰਮੂ-ਕਸ਼ਮੀਰ ਨੂੰ 2019 ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਇਸ ਦੀ ਪੂਰੀ ਜ਼ਿੰਮੇਵਾਰੀ ਲੈ ਰਹੀ ਹੈ, ਨੇ ਉੱਥੇ ਅੱਤਵਾਦ ਤੋਂ ਛੁਟਕਾਰਾ ਪਾ ਲਿਆ ਹੈ। ਫਿਰ ਵੀ, ਹਰ ਹਫਤੇ ਅਖਬਾਰਾਂ ਵਿਚ ਅੱਤਵਾਦੀ ਹਮਲਿਆਂ ਦੀ ਚਰਚਾ ਹੁੰਦੀ ਹੈ। ਸਾਨੂੰ ਕਿਸ ’ਤੇ ਭਰੋਸਾ ਕਰਨਾ ਚਾਹੀਦਾ ਹੈ? ਮਰੇ ਨਾਗਰਿਕਾਂ ਅਤੇ ਸ਼ਹੀਦ ਸੈਨਿਕਾਂ ਨੂੰ ਹਰ ਹਫ਼ਤੇ ਦਫ਼ਨਾਇਆ ਜਾਂਦਾ ਹੈ ਜਾਂ ਉਨ੍ਹਾਂ ਦਾ ਸਸਕਾਰ ਕੀਤਾ ਜਾਂਦਾ ਹੈ!
ਅਮਿਤ ਸ਼ਾਹ ਨੇ ਵਾਦੀ ਦੇ ਵੋਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਬਦੁੱਲਾ ਦੀ ਅਗਵਾਈ ਵਾਲੀ ਕਾਂਗਰਸ ਜਾਂ ਨੈਸ਼ਨਲ ਕਾਨਫਰੰਸ ਸੱਤਾ ਵਿਚ ਆਉਂਦੀ ਹੈ, ਤਾਂ ਅੱਤਵਾਦ ਆਪਣੇ ਸਾਰੇ ਘਿਨਾਉਣੇ ਰੂਪਾਂ ਵਿਚ ਇਸ ਖੇਤਰ ਵਿਚ ਵਾਪਸ ਆ ਜਾਵੇਗਾ। ਦੋਵਾਂ ਆਗੂਆਂ, ਮੋਦੀ ਅਤੇ ਸ਼ਾਹ ਨੂੰ ਸਪੱਸ਼ਟ ਤੌਰ ’ਤੇ ਯਕੀਨ ਹੈ ਕਿ ਬੰਦੂਕਾਂ ਅਤੇ ਗੋਲੀਆਂ ਨਾਲ ਅੱਤਵਾਦ ਦਾ ਖਾਤਮਾ ਹੋ ਜਾਵੇਗਾ।
ਇਹ ਉਹ ਸਬਕ ਨਹੀਂ ਹੈ ਜੋ ਆਇਰਲੈਂਡ ਜਾਂ ਸਪੇਨ ਅਤੇ ਘਰ ਦੇ ਨੇੜੇ ਪੰਜਾਬ ਨੇ ਆਪਣੇ ਹੀ ਮੁਕਾਬਲਿਆਂ ਤੋਂ ਸਿੱਖਿਆ ਹੈ। ਅੱਤਵਾਦ ’ਤੇ ਸਾਰੀਆਂ ਮਿਆਰੀ ਕਿਤਾਬਾਂ ਤੁਹਾਨੂੰ ਦੱਸਦੀਆਂ ਹਨ ਕਿ ਬ੍ਰੇਨਵਾਸ਼ ਕੀਤੇ ਅੱਤਵਾਦੀਆਂ ਨਾਲ ਸਖਤੀ ਨਾਲ ਨਜਿੱਠਣਾ ਜ਼ਰੂਰੀ ਹੈ, ਉੱਥੇ ਹੀ ਅੱਤਵਾਦ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜਦੋਂ ਉਹ ਭਾਈਚਾਰਾ ਜਿਸ ’ਚੋਂ ਅੱਤਵਾਦੀ ਆਉਂਦੇ ਹਨ, ਉਨ੍ਹਾਂ ਦੇ ਖਿਲਾਫ ਹੋ ਜਾਵੇ।
ਸੰਖੇਪ ਵਿਚ, ਅੱਤਵਾਦੀਆਂ ਅਤੇ ਅੱਤਵਾਦ ਵਿਚ ਸਪੱਸ਼ਟ ਅੰਤਰ ਹੈ। ਪਹਿਲੇ ਨੂੰ ਖਤਮ ਕੀਤਾ ਜਾ ਸਕਦਾ ਹੈ, ਪਰ ਜਦੋਂ ਉਨ੍ਹਾਂ ਨੂੰ ਫੜ ਲਿਆ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ ਹੈ, ਤਾਂ ਨੌਜਵਾਨ ਰੰਗਰੂਟ ਉਨ੍ਹਾਂ ਦੀ ਥਾਂ ਲੈ ਲੈਂਦੇ ਹਨ।
ਆਇਰਲੈਂਡ ਵਾਂਗ, ਪੰਜਾਬ ਵਿਚ ਵੀ ਫੜੇ ਗਏ ਜਾਂ ਮਾਰੇ ਗਏ ਅੱਤਵਾਦੀਆਂ ਦੀ ਥਾਂ ਛੇਤੀ ਹੀ ਹੋਰ ਨੌਜਵਾਨ ਰੰਗਰੂਟਾਂ ਨੇ ਲੈ ਲਈ। ਜੱਟ ਸਿੱਖ ਕਿਸਾਨਾਂ ਨੇ ਉਦੋਂ ਹੀ ਸਰਕਾਰ ਦੀ ਮਦਦ ਕਰਨੀ ਸ਼ੁਰੂ ਕੀਤੀ ਜਦੋਂ ਉਨ੍ਹਾਂ ਦਾ ਜੀਵਨ ਉਨ੍ਹਾਂ ਲਈ ਅਸਹਿ ਹੋ ਗਿਆ। ਇਕੱਲੀ ਬੰਦੂਕ ਨਾਲ ਕੁਝ ਵੀ ਹੱਲ ਨਹੀਂ ਹੋ ਸਕਦਾ। ਲੋਕਾਂ ਨੂੰ ਜਿੱਤਣਾ ਪਵੇਗਾ। ਉਸ ਅਜ਼ਮਾਏ/ਪਰਖੇ ਗਏ ਹੱਲ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)
ਸੰਘਵਾਦ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਕ ਸ਼ਬਦ ਹੈ ‘ਉਪ-ਕਰ’
NEXT STORY