ਰੈਗਿੰਗ ਉੱਚ ਸਿੱਖਿਆ ਸੰਸਥਾਨਾਂ ’ਚ ਸੀਨੀਅਰ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ’ਤੇ ਜ਼ੁਲਮ ਦਾ ਮਾਧਿਅਮ ਬਣ ਗਈ ਹੈ। ਇਸ ’ਚ ਉਨ੍ਹਾਂ ਨਾਲ ਮਾਰਕੁੱਟ, ਸੈਕਸ ਸ਼ੋਸ਼ਣ, ਕੱਪੜੇ ਉਤਰਵਾਉਣੇ ਆਦਿ ਸ਼ਾਮਲ ਹੈ ਜਿਸ ਦੀਆਂ ਪਿਛਲੇ ਸਿਰਫ ਇਕ ਹਫਤੇ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 7 ਫਰਵਰੀ ਨੂੰ ਕਾਨਪੁਰ ਦੇ ‘ਗਣੇਸ਼ ਸ਼ੰਕਰ ਵਿਦਿਆਰਥੀ ਮੈਮੋਰੀਅਲ ਮੈਡੀਕਲ ਕਾਲਜ’ ਦੇ 8 ਸੀਨੀਅਰ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਕਰਨ ਦੇ ਮਾਮਲੇ ’ਚ 6 ਮਹੀਨੇ ਲਈ ਸਸਪੈਂਡ ਕਰਨ, ‘ਸਮੈਸਟਰ’ ਪ੍ਰੀਖਿਆ ’ਚ ਬੈਠਣ ਤੋਂ ਰੋਕਣ ਤੋਂ ਇਲਾਵਾ ਹਰ ਵਿਦਿਆਰਥੀ ਨੂੰ 10,000 ਰੁਪਏ ਦਾ ਜੁਰਮਾਨਾ ਕੀਤਾ ਗਿਆ।
* 9 ਫਰਵਰੀ ਨੂੰ ‘ਖੁਆਜ਼ਾ ਮੁਈਨੁੱਦੀਨ ਚਿਸ਼ਤੀ ਭਾਸ਼ਾ ਵਿਸ਼ਵਵਿਦਿਆਲਾ’ ਲਖਨਊ ’ਚ ਕਾਨੂੰਨ ਦੀ ਇਕ ਵਿਦਿਆਰਥਣ ਨੇ ਆਪਣੀ ਇਕ ਸੀਨੀਅਰ ਵਿਦਿਆਰਥਣ ਅਤੇ ਇਕ ਸੀਨੀਅਰ ਵਿਦਿਆਰਥੀ ’ਤੇ ਉਸ ਦੀ ਰੈਗਿੰਗ ਕਰਨ, ਡਰਾਉਣ, ਜ਼ਖਮੀ ਕਰਨ ਦੀ ਕੋਸ਼ਿਸ਼ ਕਰਨ ਅਤੇ ਉਸ ਨਾਲ ਅਣਮਨੁੱਖੀ ਵਤੀਰਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ।
* 12 ਫਰਵਰੀ ਨੂੰ ਕੇਰਲ ’ਚ ‘ਕੋਟਾਯਮ’ ਦੇ ‘ਸਰਕਾਰੀ ਨਰਸਿੰਗ ਕਾਲਜ’ ’ਚ ਮੈਡੀਕਲ ਦੇ 5 ਵਿਦਿਆਰਥੀਆਂ ‘ਸੈਮੂਅਲ ਜਾਨਸਨ’, ‘ਰਾਹੁਲ ਰਾਜ,’ ‘ਜੀਵ,’ ‘ਰਿਜੀਲ ਜੀਤ’ ਅਤੇ ‘ਵਿਵੇਕ’ ਵਲੋਂ ਕਾਲਜ ਦੇ 3 ਜੂਨੀਅਰ ਵਿਦਿਆਰਥੀਆਂ ਨਾਲ ਰੈਗਿੰਗ ਦੇ ਨਾਂ ’ਤੇ ਕਈ ਮਹੀਨਿਆਂ ਤਕ ਬੇਰਹਿਮੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ।
ਪੁਲਸ ਅਨੁਸਾਰ ਸੀਨੀਅਰ ਵਿਦਿਆਰਥੀਆਂ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਨਗਨ ਅਵਸਥਾ ’ਚ ਖੜ੍ਹੇ ਹੋਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਦੇ ਨਿੱਜੀ ਅੰਗਾਂ ’ਤੇ ਕਸਰਤ ਕਰਨ ਲਈ ਵਰਤੇ ਜਾਣ ਵਾਲੇ ਭਾਰੀ ਡੰਬਲ ਲਟਕਾਉਣ ਤੋਂ ਇਲਾਵਾ ‘ਜਿਓਮੈਟਰੀ ਬਾਕਸ’ ਦੇ ‘ਕੰਪਾਸ’ ਸਮੇਤ ਤਿੱਖੀਆਂ ਚੀਜ਼ਾਂ ਚੁਭੋ ਕੇ ਜ਼ਖਮੀ ਕਰਨ ਪਿੱਛੋਂ ਉਨ੍ਹਾਂ ਦੇ ਜ਼ਖਮਾਂ ’ਤੇ ਕੋਈ ਲੋਸ਼ਨ ਲਾਇਆ ਗਿਆ। ਜਦੋਂ ਜ਼ਖਮੀ ਵਿਦਿਆਰਥੀ ਦਰਦ ਨਾਲ ਚੀਕਣ ਲੱਗੇ ਤਾਂ ਜ਼ਬਰਦਸਤੀ ਉਨ੍ਹਾਂ ਦੇ ਮੂੰਹ ’ਚ ਲੋਸ਼ਨ ਭਰ ਦਿੱਤਾ ਗਿਆ।
ਇੱਥੇ ਹੀ ਬਸ ਨਹੀਂ, ਸਮੇਂ-ਸਮੇਂ ’ਤੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਚਿਹਰਿਆਂ, ਸਿਰ ਅਤੇ ਮੂੰਹ ’ਤੇ ਕਰੀਮ ਮਲਣ ਲਈ ਵੀ ਮਜਬੂਰ ਕਰਨ ਤੋਂ ਇਲਾਵਾ ਇਹ ਲੋਕ ਹਰ ਐਤਵਾਰ ਨੂੰ ਸ਼ਰਾਬ ਪੀਣ ਲਈ ਇਨ੍ਹਾਂ ਕੋਲੋਂ ਜ਼ਬਰਦਸਤੀ ਰੁਪਏ ਬਟੋਰਦੇ ਸਨ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ’ਚ ਇਨ੍ਹਾਂ ਸੀਨੀਅਰ ਵਿਦਿਆਰਥੀਆਂ ਨੇ ਹੋਸਟਲ ’ਚ ਇਕ ਵਿਦਿਆਰਥੀ ਦੇ ਕਮਰੇ ’ਚ ਦਾਖਲ ਹੋ ਕੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ’ਤੇ ਜ਼ੁਲਮ ਕੀਤਾ।
ਦੋਸ਼ ਹੈ ਕਿ ਜਦੋਂ ਉਨ੍ਹਾਂ ਦੀ ਸਹਿਣ ਸ਼ਕਤੀ ਜਵਾਬ ਦੇ ਗਈ ਤਦ ਜਾ ਕੇ ਇਸ ਦਿਲ ਦਹਿਲਾ ਦੇਣੀ ਵਾਲੀ ਘਟਨਾ ਦੇ ਸੰਬੰਧ ’ਚ ਵਿਦਿਆਰਥੀਆਂ ਨੇ ਕੋਟਾਯਮ ਗਾਂਧੀਨਗਰ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਦੋਸ਼ੀ ਵਿਦਿਆਰਥੀਆਂ ਨੇ ਬੀਤੇ ਸਾਲ ਨਵੰਬਰ ਮਹੀਨੇ ’ਚ ਉਨ੍ਹਾਂ ਦੀ ਰੈਗਿੰਗ ਸ਼ੁਰੂ ਕੀਤੀ ਸੀ ਜੋ ਹੁਣ ਤੱਕ ਜਾਰੀ ਹੈ।
* 12 ਫਰਵਰੀ ਨੂੰ ਹੀ ‘ਐੱਸ. ਵੀ. ਐੱਨ. ਆਈ. ਟੀ.’ ਕਾਲਜ, ਸੂਰਤ ’ਚ ਜਨਮ ਦਿਨ ਦੀ ਪਾਰਟੀ ’ਚ ਸੀਨੀਅਰ ਵਿਦਿਆਰਥੀਆਂ ਵਲੋਂ ਰੈਗਿੰਗ ਦੇ ਨਾਂ ’ਤੇ ਬੈਲਟ ਨਾਲ ਕੁਝ ਜੂਨੀਅਰ ਵਿਦਿਆਰਥੀਆਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ, ਜਿਸ ’ਤੇ ਕਾਲਜ ਵਲੋਂ ਮਾਮਲੇ ’ਤੇ ਠੋਸ ਕਾਰਵਾਈ ਨਾ ਕਰਨ ਦੀ ਸਥਿਤੀ ’ਚ ਵਿਦਿਆਰਥੀ ਜਥੇਬੰਦੀ ਨੇ ਅੰਦੋਲਨ ਦੀ ਧਮਕੀ ਦਿੱਤੀ ਹੈ।
* 13 ਫਰਵਰੀ ਨੂੰ ‘ਜਾਧਵਪੁਰ ਯੂਨੀਵਰਸਿਟੀ’ (ਪੱਛਮੀ ਬੰਗਾਲ) ਦੀ ‘ਐਂਟੀ ਰੈਗਿੰਗ ਕਮੇਟੀ’ ਨੇ ਯੂਨੀਵਰਸਿਟੀ ਦੇ ਉਨ੍ਹਾਂ ਵਿਦਿਆਰਥੀਆਂ ਦੀਆਂ ਮਾਰਕਸ਼ੀਟਸ ਤਦ ਤੱਕ ਰੋਕਣ ਦਾ ਫੈਸਲਾ ਕੀਤਾ ਹੈ ਜਦ ਤੱਕ ਉਨ੍ਹਾਂ ਵਲੋਂ ਅਗਸਤ, 2023 ’ਚ ਇਕ ਵਿਦਿਆਰਥੀ ਦੀ ਰੈਗਿੰਗ ਅਤੇ ਸੈਕਸ ਸ਼ੋਸ਼ਣ ਕਾਰਨ ਮੌਤ ਦੇ ਮਾਮਲੇ ’ਚ ਅਦਾਲਤ ਦਾ ਫੈਸਲਾ ਨਹੀਂ ਆ ਜਾਂਦਾ।
ਦੇਸ਼ ’ਚ ਰੈਗਿੰਗ ’ਤੇ ਪਾਬੰਦੀ ਅਤੇ ਕਾਲਜਾਂ ’ਚ ‘ਐਂਟੀ ਰੈਗਿੰਗ ਕਮੇਟੀਆਂ’ ਵੀ ਬਣੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਰੈਗਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਭ ਤੋਂ ਬੁਰੀ ਗੱਲ ਇਹ ਹੈ ਕਿ ਰੈਗਿੰਗ ਦੀਆਂ ਘਟਨਾਵਾਂ ’ਚ ਮੈਡੀਕਲ ਵਰਗੇ ਇਸ ਸੰਵੇਦਨਸ਼ੀਲ ਅਤੇ ਅਹਿਮ ਪੇਸ਼ੇ ਦੀ ਪੜ੍ਹਾਈ ਨਾਲ ਜੁੜੇ ਵਿਦਿਆਰਥੀ ਵੀ ਸ਼ਾਮਲ ਪਾਏ ਜਾ ਰਹੇ ਹਨ।
ਹਾਲਾਂਕਿ ਸਾਰੇ ਵਿਦਿਆਰਥੀ ਅਜਿਹੇ ਨਹੀਂ ਹਨ ਪਰ ਇਸ ਤਰ੍ਹਾਂ ਘਟਨਾਵਾਂ ਯਕੀਕਨ ਦੁਖਦਾਈ ਹਨ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਵਿਦਿਆਰਥੀਆਂ ਨੂੰ ਸਖਤ ਤੋਂ ਸਖਤ ਸਿੱਖਿਆਦਾਇਕ ਸਜ਼ਾ ਮਿਲਣੀ ਹੀ ਚਾਹੀਦੀ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗੇ।
ਇਸ ਦੇ ਨਾਲ ਹੀ ਰੈਗਿੰਗ ਰੋਕਣ ਲਈ ਸਿੱਖਿਆ ਸੰਸਥਾਨਾਂ ਦੇ ਪ੍ਰਬੰਧਕਾਂ ਨੂੰ ਹੋਸਟਲਾਂ ਅਤੇ ਹੋਰ ਸੰਵੇਦਨਸ਼ੀਲ ਸੰਸਥਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਉਣੇ ਚਾਹੀਦੇ ਹਨ ਤਾਂ ਕਿ ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ’ਚ ਫੜੇ ਜਾਣ ਦਾ ਡਰ ਬਣਿਆ ਰਹੇ ਅਤੇ ਉਹ ਜੂਨੀਅਰ ਵਿਦਿਆਰਥੀਆਂ ’ਤੇ ਜ਼ੁਲਮ ਕਰਨ ਤੋਂ ਸੰਕੋਚ ਕਰਨ।
ਹਾਲਾਂਕਿ ਸਿੱਖਿਆ ਸੰਸਥਾਵਾਂ ਨੂੰ ਹਰ ਸੈਸ਼ਨ ਦੇ ਸ਼ੁਰੂ ’ਚ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਕੋਲੋਂ ਰੈਗਿੰਗ ਨਾ ਕਰਨ ਦਾ ਸਹੁੰ ਪੱਤਰ ਲੈਣਾ ਜ਼ਰੂਰੀ ਹੈ ਪਰ ਇਸ ਹੁਕਮ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਇਸ ਲਈ ਅਜਿਹੀਆਂ ਸਿੱਖਿਆ ਸੰਸਥਾਵਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
–ਵਿਜੇ ਕੁਮਾਰ
ਦਿੱਲੀ ਦੇ ਸੀ. ਐੱਮ. ਚਿਹਰੇ ਨਾਲ ਦੇਸ਼ ’ਚ ਵੀ ਸਮੀਕਰਨ ਸਾਧੇਗੀ ਭਾਜਪਾ
NEXT STORY