ਇਕ ਸਮਾਂ ਸੀ ਜਦੋਂ ਇਕ ਜੋੜੇ ਲਈ 10-12 ਬੱਚੇ ਹੋਣਾ ਆਮ ਗੱਲ ਸੀ, ਫਿਰ ਉਹ ਸਮਾਂ ਆਇਆ ਜਦੋਂ ਬੱਚਿਆਂ ਦੀ ਗਿਣਤੀ 5-7 ਹੋਣ ਲੱਗੀ। ਇਸ ਤੋਂ ਬਾਅਦ ਭਾਰਤ ਦੀ ਆਬਾਦੀ ਵਿਚ ਬੇਕਾਬੂ ਵਾਧੇ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਮਹਿਸੂਸ ਕਰਦੇ ਹੋਏ ਇਕ ਨਾਅਰਾ ਦਿੱਤਾ ਗਿਆ ਕਿ ‘ਦੋ ਯਾ ਤੀਨ ਬੱਚੇ ਹੋਤੇ ਹੈਂ ਘਰ ਮੇਂ ਅੱਛੇ’। ਇਸ ਤੋਂ ਬਾਅਦ ‘ਹਮ ਦੋ ਹਮਾਰੇ ਦੋ’ ਦਾ ਦੌਰ ਆਇਆ। ਫਿਰ ਇਹ ਰੁਝਾਨ ਸ਼ੁਰੂ ਹੋਇਆ ਕਿ ‘ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ, ਸਿਰਫ਼ ਇਕ ਹੀ ਕਾਫ਼ੀ ਹੈ।’ ਹੁਣ ਸਵਾਲ ਇਹ ਉੱਠਦਾ ਹੈ ਕਿ ਜਿਨ੍ਹਾਂ ਮਾਪਿਆਂ ਦੇ ਬੱਚੇ ਵਜੋਂ ਸਿਰਫ਼ ਇਕ ਹੀ ਕੁੜੀ ਹੁੰਦੀ ਹੈ, ਉਹ ਉਸ ਦੇ ਵਿਆਹ ਤੋਂ ਬਾਅਦ ਕੀ ਕਰਨਗੇ ਜਦੋਂ ਉਹ ਖੁਦ ਬੁੱਢੇ ਹੋ ਜਾਣਗੇ, ਉਹ ਕਿੱਥੇ ਜਾਣਗੇ, ਕਿੱਥੇ ਰਹਿਣਗੇ? ਆਮ ਤੌਰ ’ਤੇ ਸਾਡੇ ਭਾਰਤ ਵਿਚ ਮਾਪੇ ਆਪਣੇ ਪੁੱਤਰ ਨਾਲ ਅਧਿਕਾਰਤ ਤੌਰ ’ਤੇ ਰਹਿੰਦੇ ਹਨ। ਇਹ ਇੱਥੇ ਰਿਵਾਜ ਹੈ, ਜਦੋਂ ਕਿ ਇਕ ਕੁੜੀ ਨੂੰ ਵੀ ਆਪਣੇ ਮਾਪਿਆਂ ਨੂੰ ਆਪਣੇ ਨਾਲ ਰੱਖਣ ਦਾ ਓਨਾ ਹੀ ਹੱਕ ਹੈ ਜਿੰਨਾ ਇਕ ਮੁੰਡੇ ਨੂੰ, ਪਰ ਜਦੋਂ ਮੁੰਡਾ ਹੋਵੇਗਾ ਹੀ ਨਹੀਂ ਤਾਂ ਉਹ ਕਿੱਥੇ ਰਹਿਣਗੇ। ਅਜਿਹੀ ਸਥਿਤੀ ਵਿਚ ਤਿੰਨ ਬਦਲ ਸਾਹਮਣੇ ਆਉਂਦੇ ਹਨ। ਪਹਿਲਾ, ਧੀ ਅਤੇ ਜਵਾਈ ਨਾਲ ਰਹਿਣਾ, ਦੂਜਾ ਬਿਰਧ ਆਸ਼ਰਮ ਜਾਣਾ, ਤੀਜਾ ਆਪਣੇ ਆਪ ਨੂੰ ਪਰਮਾਤਮਾ ਦੇ ਭਰੋਸੇ ’ਤੇ ਛੱਡਣਾ।
ਅੱਜ ਦੇ ਹਾਲਾਤ ਵਿਚ ਮੁੰਡੇ ਅਤੇ ਕੁੜੀਆਂ ਵਿਆਹ ਤੋਂ ਬਾਅਦ ਆਜ਼ਾਦੀ ਚਾਹੁੰਦੇ ਹਨ। ਮਾਪਿਆਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ। ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਤਜਰਬੇਕਾਰ ਮਾਪੇ ਮੁਫਤ ’ਚ ਮਿਲੇ ਗੁਰੂ, ਅਧਿਆਪਕ, ਰੱਖਿਅਕ ਅਤੇ ਚੌਕੀਦਾਰ ਹਨ ਅਤੇ ਜੋ ਨੌਕਰਾਂ ਨਾਲੋਂ ਘਰ ਦਾ ਪ੍ਰਬੰਧ ਵਧੇਰੇ ਵਫ਼ਾਦਾਰੀ ਨਾਲ ਸੰਭਾਲਣ ਵਾਲੇ ਹਨ। ਮੁੰਡੇ ਅਤੇ ਕੁੜੀਆਂ ਦੋਵੇਂ ਉੱਚ ਸਿੱਖਿਆ ਅਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਤੋਂ ਬਾਅਦ ਵੱਡੇ ਸ਼ਹਿਰਾਂ ਵਿਚ ਰਹਿਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਵਿਚੋਂ ਕੁਝ ਵਿਦੇਸ਼ ਪਹੁੰਚ ਜਾਂਦੇ ਹਨ ਅਤੇ ਕਦੇ ਵੀ ਆਪਣੀ ਜਨਮ ਭੂਮੀ ’ਤੇ ਵਾਪਸ ਆਉਣ ਬਾਰੇ ਸੋਚਦੇ ਤੱਕ ਨਹੀਂ। ਉਹ ਆਪਣੇ ਮਾਪਿਆਂ ਨਾਲੋਂ ਵੀ ਸਬੰਧ ਖਤਮ ਕਰ ਲੈਂਦੇ ਹਨ। ਇਸ ਦੌਰਾਨ ਜਿਵੇਂ-ਜਿਵੇਂ ਉਨ੍ਹਾਂ ਦੇ ਮਾਪੇ ਬੁੱਢੇ ਹੁੰਦੇ ਜਾਂਦੇ ਹਨ, ਉਹ ਬੇਸਹਾਰਾ, ਅਸਮਰੱਥ ਅਤੇ ਬੀਮਾਰ ਹੁੰਦੇ ਜਾਂਦੇ ਹਨ। ਜੋ ਬਜ਼ੁਰਗ ਆਰਥਿਕ ਤੌਰ ’ਤੇ ਕਮਜ਼ੋਰ ਹੁੰਦੇ ਹਨ ਅਤੇ ਜਿਨ੍ਹਾਂ ਦੇ ਬੱਚੇ ਵੀ ਸਹਾਰਾ ਨਹੀਂ ਬਣਦੇ, ਲਾਚਾਰ ਹੋ ਕੇ ਸਾਧਾਰਨ, ਸਰਕਾਰੀ ਜਾਂ ਧਰਮ-ਅਰਥ ਬਿਰਧ ਆਸ਼ਰਮ ’ਚ ਆਪਣੀ ਬਾਕੀ ਦੀ ਉਮਰ ਕੱਟਣ ਨੂੰ ਮਜਬੂਰ ਹੋ ਜਾਂਦੇ ਹਨ। ਖੁਸ਼ਹਾਲ ਬਜ਼ੁਰਗ ਆਪਣੇ ਸਰੋਤਾਂ ਤੋਂ ਖਰਚ ਕਰਦੇ ਹੋਏ ਉੱਚ ਪੱਧਰ ਦੇ ਬਿਰਧ ਆਸ਼ਰਮ ’ਚ ਸਹਾਰਾ ਲੈ ਲੈਂਦੇ ਹਨ।
ਜਿਹੜੇ ਬੱਚੇ ਆਪਣੇ ਮਾਪਿਆਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ ਪਰ ਆਰਥਿਕ ਤੌਰ ’ਤੇ ਠੀਕ ਹਨ ਅਤੇ ਆਪਣੇ ਮਾਪਿਆਂ ਦੀ ਦੇਖਭਾਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਚੰਗੀਆਂ ਸਹੂਲਤਾਂ ਵਾਲੇ ਬਿਰਧ ਆਸ਼ਰਮਾਂ ਵਿਚ ਭੇਜ ਦਿੰਦੇ ਹਨ ਅਤੇ ਉਨ੍ਹਾਂ ਦੇ ਸਾਰੇ ਖਰਚੇ ਖੁਦ ਚੁੱਕਦੇ ਹਨ। ਇਹ ਬਿਰਧ ਆਸ਼ਰਮ ਕਿਸੇ ਪੰਜ ਤਾਰਾ ਹੋਟਲ ਤੋਂ ਘੱਟ ਨਹੀਂ ਹੁੰਦੇ ਪਰ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੰਗਤ ਅਤੇ ਨੇੜਤਾ ਨਸੀਬ ਨਹੀਂ ਹੁੰਦੀ। ਚੰਗੀਆਂ ਨੌਕਰੀਆਂ ਕਰਦੇ ਬੱਚਿਆਂ ਲਈ ਅਜਿਹੇ ਬਿਰਧ ਆਸ਼ਰਮਾਂ ਦਾ ਖਰਚਾ ਚੁੱਕਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਲਈ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜ ਤਾਰਾ ਬਿਰਧ ਆਸ਼ਰਮਾਂ ਦਾ ਉਦਯੋਗ ਵਧੇਗਾ। ਇਸ ਕਿਸਮ ਦੀ ਪ੍ਰਣਾਲੀ ਵਿਚ, ਜਿੱਥੇ ਬੱਚੇ ਆਪਣੀ ਆਜ਼ਾਦੀ ਦਾ ਆਨੰਦ ਮਾਣਦੇ ਹਨ, ਉੱਥੇ ਹੀ ਬਜ਼ੁਰਗ ਵੀ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹੋਏ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਊਂਦੇ ਹਨ। ਇਹ ਬਿਰਧ ਆਸ਼ਰਮ ਸਰਕਾਰ ਵਲੋਂ ਵੀ ਚਲਾਏ ਜਾਂਦੇ ਹਨ। ਕੁਝ ਬਿਰਧ ਆਸ਼ਰਮ ਐੱਨ. ਜੀ. ਓ. ਵਲੋਂ ਵੀ ਚਲਾਏ ਜਾਂਦੇ ਹਨ। ਐੱਨ. ਜੀ. ਓ. ਸੰਚਾਲਕ ਸੇਵਾ ਦੇ ਨਾਂ ’ਤੇ ਵੱਖ-ਵੱਖ ਸਰੋਤਾਂ ਤੋਂ ਬਹੁਤ ਸਾਰਾ ਪੈਸਾ ਇਕੱਠਾ ਕਰਦੇ ਹਨ। ਹੋਰ ਬਿਰਧ ਆਸ਼ਰਮ ਲੋਕਾਂ ਵਲੋਂ ਨਿੱਜੀ ਤੌਰ ’ਤੇ ਚਲਾਏ ਜਾਂਦੇ ਹਨ ਜਿਨ੍ਹਾਂ ਲਈ ਇਹ ਸਿਰਫ਼ ਇਕ ਕਾਰੋਬਾਰ ਜਾਂ ਉਦਯੋਗ ਹੈ। ਬਜ਼ੁਰਗਾਂ ਦਾ ਸਾਰਾ ਪੈਸਾ ਅਤੇ ਜਾਇਦਾਦ ਅੰਤ ਵਿਚ ਉਨ੍ਹਾਂ ਕੋਲ ਹੀ ਰਹਿ ਜਾਂਦੀ ਹੈ। ਬਹੁਤ ਘੱਟ ਬਿਰਧ ਆਸ਼ਰਮ ਹਨ ਜੋ ਨਿਰਸਵਾਰਥ ਸੇਵਾ ਪ੍ਰਦਾਨ ਕਰਦੇ ਹਨ। ਇਹ ਪੰਜ ਤਾਰਾ ਬਿਰਧ ਆਸ਼ਰਮ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਖਰਚੇ ਲੈਂਦੇ ਹਨ। ਜਿਹੜੇ ਲੋਕ ਇਨ੍ਹਾਂ ਨੂੰ ਚਲਾਉਂਦੇ ਹਨ, ਉਹ ਪ੍ਰਭਾਵਸ਼ਾਲੀ ਅਤੇ ਰਾਜਨੀਤਿਕ ਲੋਕ ਹਨ ਜਿਨ੍ਹਾਂ ਦੀ ਉੱਪਰ ਤੱਕ ਪਹੁੰਚ ਹੈ ਅਤੇ ਜੋ ਸੇਵਾ ਦੇ ਨਾਮ ’ਤੇ ਆਪਣੇ ਹਿੱਤਾਂ ਦੀ ਪੂਰਤੀ ਕਰਦੇ ਹਨ ਅਤੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਇਸ ਲਈ ਸਰਕਾਰ ਨੂੰ ਇਨ੍ਹਾਂ ’ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਅਜਿਹੇ ਬਿਰਧ ਆਸ਼ਰਮ ਬਣਾਉਣੇ ਚਾਹੀਦੇ ਹਨ ਜੋ ਆਮ ਲੋਕਾਂ ਦੀ ਪਹੁੰਚ ਵਿਚ ਹੋਣ।
ਇਸ ਦਾ ਬਦਲ ਇਹ ਹੈ ਕਿ ਪਤੀ-ਪਤਨੀ ਦੋਵਾਂ ਦੇ ਮਾਪੇ (ਕੁੜਮ-ਕੁੜਮਣੀ) ਆਪਣੇ ਬੱਚਿਆਂ ਨਾਲ ਇਕੋ ਛੱਤ ਹੇਠ ਇਕੱਠੇ ਰਹਿਣ। ਜੇਕਰ ਬੱਚੇ ਭਾਵਨਾਤਮਕ, ਆਰਥਿਕ ਜਾਂ ਕਿਸੇ ਹੋਰ ਕਾਰਨ ਕਰ ਕੇ ਆਪਣੇ ਮਾਪਿਆਂ ਨਾਲ ਰਹਿੰਦੇ ਹਨ ਤਾਂ ਸਵਾਲ ਇਹ ਉੱਠਦਾ ਹੈ ਕਿ ਮੁੰਡੇ ਦੇ ਮਾਪਿਆਂ ਦਾ ਮੁੰਡੇ ਨਾਲ ਰਹਿਣਾ ਰਿਵਾਜ ਹੈ ਪਰ ਕੁੜੀ ਦੇ ਮਾਪੇ ਕਿੱਥੇ ਜਾਣ ਜਦੋਂ ਕੁੜੀ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ ਅਤੇ ਉਸਦਾ ਕੋਈ ਭਰਾ ਨਹੀਂ ਹੈ। ਇਸ ਲਈ, ਇਸ ਵਿਚਾਰ ਦੇ ਕਾਰਨ ਕਿ ਮੁੰਡਾ ਜਾਂ ਕੁੜੀ ਬਸ ਇਕ ਹੀ ਕਾਫ਼ੀ ਹੈ, ਸਾਡੇ ਸਮਾਜ ਵਿਚ ਪਰਿਵਾਰਕ ਢਾਂਚਾ ਬਦਲਣ ਵਾਲਾ ਹੈ। ਸੰਯੁਕਤ ਪਰਿਵਾਰ ਅਤੇ ਵਿਸਤ੍ਰਿਤ ਪਰਿਵਾਰ ਦੀ ਪਰਿਭਾਸ਼ਾ ਵੀ ਬਦਲਣ ਜਾ ਰਹੀ ਹੈ ਜਾਂ ਤਾਂ ਬੁੱਢੇ ਮਾਪਿਆਂ ਨੂੰ ਇਕੱਲੇ ਛੱਡ ਦਿੱਤਾ ਜਾਵੇਗਾ ਜਾਂ ਉਨ੍ਹਾਂ ਨੂੰ ਬਿਰਧ ਆਸ਼ਰਮ ਭੇਜ ਦਿੱਤਾ ਜਾਵੇਗਾ ਜਾਂ ਪਤੀ-ਪਤਨੀ ਦੋਵਾਂ ਦੇ ਮਾਪੇ ਆਪਣੇ ਬੱਚਿਆਂ ਨਾਲ ਇਕੋ ਛੱਤ ਹੇਠ ਰਹਿਣਗੇ। ਪਤੀ-ਪਤਨੀ ਦੋਵਾਂ ਨੂੰ ਇਕ ਦੂਜੇ ਦੇ ਮਾਪਿਆਂ ਨੂੰ ਬਰਾਬਰ ਸਤਿਕਾਰ, ਸਮਰਥਨ, ਪਿਆਰ ਅਤੇ ਜਗ੍ਹਾ ਦੇਣੀ ਚਾਹੀਦੀ ਹੈ। ਦੋਵਾਂ ਰਿਸ਼ਤੇਦਾਰਾਂ (ਪਤੀ-ਪਤਨੀ ਦੇ ਮਾਤਾ-ਪਿਤਾ) ਨੂੰ ਆਪਣੀ ਕਿਸੇ ਤਰ੍ਹਾਂ ਦੀ ਵੀ ਹਉਮੈ ਨੂੰ ਭੁੱਲ ਕੇ ਇਕ ਦੂਜੇ ਨਾਲ ਸਹੀ ਤਾਲਮੇਲ ਸਥਾਪਤ ਕਰ ਕੇ ਸਦਭਾਵਨਾ ਅਤੇ ਸਿਹਤਮੰਦ ਵਾਤਾਵਰਣ ਪੈਦਾ ਕਰਨਾ ਪਵੇਗਾ। ਇਹ ਸਮੇਂ ਦੀ ਲੋੜ ਹੈ। ਇਕ ਹੋਰ ਬਦਲ ਹੈ ਕਿ ਬੁੱਢੇ ਮਾਪਿਆਂ ਨੂੰ ਬਿਰਧ ਆਸ਼ਰਮ ਪਹੁੰਚਾਉਣਾ। ਜਿਨ੍ਹਾਂ ਬਜ਼ੁਰਗਾਂ ਕੋਲ ਸਾਧਨ ਹਨ, ਉਹ ਆਪਣਾ ਖਰਚਾ ਆਪ ਚੁੱਕਣ ਦੇ ਸਮਰੱਥ ਹਨ, ਜਿਨ੍ਹਾਂ ਦੇ ਬੱਚੇ ਖਰਚਾ ਚੁੱਕ ਸਕਦੇ ਹਨ, ਉਹ ਵੀ ਆਪਣੇ ਸਾਧਨਾਂ ਅਨੁਸਾਰ ਬਿਰਧ ਆਸ਼ਰਮ ਚੁਣ ਸਕਦੇ ਹਨ ਪਰ ਸਵਾਲ ਇਹ ਉੱਠਦਾ ਹੈ ਕਿ ਜਿਨ੍ਹਾਂ ਦੀ ਹਾਲਤ ਠੀਕ ਨਹੀਂ ਹੈ ਅਤੇ ਜਿਨ੍ਹਾਂ ਦੇ ਬੱਚੇ ਜਾਂ ਤਾਂ ਖਰਚਾ ਨਹੀਂ ਚੁੱਕ ਸਕਦੇ ਜਾਂ ਨਹੀਂ ਝੱਲਣਾ ਚਾਹੁੰਦੇ, ਉਹ ਬਜ਼ੁਰਗ ਕਿੱਥੇ ਜਾਣ, ਕੀ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ’ਤੇ ਜਾਂ ਰੱਬ ਦੇ ਭਰੋਸੇ ’ਤੇ ਛੱਡ ਦਿੱਤਾ ਜਾਵੇ? ਅਜਿਹੇ ਬਜ਼ੁਰਗਾਂ ਲਈ ਪੰਜ ਤਾਰਾ ਬਿਰਧ ਆਸ਼ਰਮ ਦਾ ਕੀ ਅਰਥ ਹੈ? ਇਸ ਲਈ, ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਆਰਾਮਦਾਇਕ ਮੁਫ਼ਤ ਬਿਰਧ ਆਸ਼ਰਮ ਬਣਾਉਣੇ ਚਾਹੀਦੇ ਹਨ ਅਤੇ ਗ੍ਰਾਂਟਾਂ ਆਦਿ ਦੇ ਕੇ ਵਿਸਤ੍ਰਿਤ ਪਰਿਵਾਰ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਐੱਸ.ਕੇ. ਮਿੱਤਲ
ਬੁਲੇਟ ’ਤੇ ਬੈਲੇਟ ਦੀ ਜਿੱਤ ਨਾਲ ਹੀ ਨਿਕਲੇਗਾ ਨਕਸਲੀ ਦਹਿਸ਼ਤ ਦਾ ਹੱਲ
NEXT STORY