ਅਕਾਲੀ ਦਲ ਦੀ ਪਿਛਲੇ ਦਸੰਬਰ ਮਹੀਨੇ ਤੋਂ ਸ਼ੁਰੂ ਹੋਈ ਲੜਾਈ ਹੁਣ ਆਪਣੇ ਸਿਖਰ ’ਤੇ ਪਹੁੰਚ ਗਈ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਕਾਰਨ ਹੋਂਦ ਵਿਚ ਆਈ ਪੰਜ ਮੈਂਬਰੀ ਭਰਤੀ ਕਮੇਟੀ ਨੇ ਭਰਤੀ ਪ੍ਰਕਿਰਿਆ ਪੂਰੀ ਕਰ ਕੇ 11 ਅਗਸਤ ਨੂੰ ਨਵਾਂ ਪ੍ਰਧਾਨ ਚੁਣ ਲਿਆ ਸੀ । ਜਿਸ ਕਾਰਨ ਪਹਿਲਾਂ ਹੀ ਲਗਾਏ ਜਾ ਰਹੇ ਅੰਦਾਜ਼ਿਆਂ ਮੁਤਾਬਿਕ ਦੋ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆ ਗਏ ਹਨ ਅਤੇ ਦੋਵੇਂ ਦਲਾਂ ਦੇ ਆਗੂ ਇਕ ਦੂਜੇ ’ਤੇ ਪਹਿਲਾਂ ਨਾਲੋਂ ਵੀ ਤਿੱਖੀ ਇਲਜ਼ਾਮ ਤਰਾਸ਼ੀ ਕਰਨ ਲੱਗ ਗਏ ਹਨ।
ਪੰਜ ਮੈਂਬਰੀ ਭਰਤੀ ਕਮੇਟੀ ਵੱਲੋ ਹੋਂਦਂ ਵਿਚ ਲਿਆਂਦੇ ਗਏ ਅਕਾਲੀ ਦਲ ਨੇ ਵੀ ਆਪਣਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖ ਲਿਆ ਹੈ । ਬਾਦਲ ਦਲ ਨਵੇਂ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖਣ ’ਤੇ ਸਖਤ ਇਤਰਾਜ਼ ਪ੍ਰਗਟਾਅ ਰਿਹਾ ਹੈ ਪਰ ਨਵੇਂ ਅਕਾਲੀ ਦਲ ਦੇ ਆਗੂ ਅਕਾਲੀ ਦਲ ਬਾਦਲ ਦੇ ਇਤਰਾਜ਼ ਵੱਲ ਤਵੱਜੋਂ ਨਹੀਂ ਦੇ ਰਹੇ ਅਤੇ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਆਪਣੀਆਂ ਕਾਰਵਾਈਆਂ ਕਰ ਰਹੇ ਹਨ।
ਨਵੇਂ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਚੋਣ ਤੋਂ ਤੁਰੰਤ ਬਾਅਦ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਅਤੇ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ’ਤੇ ਦਾਅਵਾ ਕਰਨ ਲਈਂ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦੀ ਗੱਲ ਕਹੀ ਅਤੇ ਅਕਾਲੀ ਦਲ ਦੇ ਚੰਡੀਗੜ੍ਹ ਵਿਚਲੇ ਦਫ਼ਤਰ ’ਤੇ ਕਬਜ਼ਾ ਕਰਨ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰਨ ਦਾ ਦਾਅਵਾ ਵੀ ਕੀਤਾ ਹੈ।
ਨਵੇਂ ਅਕਾਲੀ ਦਲ ਦੇ ਇਸ ਵਤੀਰੇ ਨੂੰ ਅਕਾਲੀ ਦਲ ਦਾ ਬਾਦਲ ਧੜਾ ਇਕ ਚੈਲੇਂਜ ਵਜੋਂ ਦੇਖ ਰਿਹਾ ਹੈ ਅਤੇ ਇਸ ਧੜੇ ਦੇ ਆਗੂ ਖੁੱਲ੍ਹ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਿਆਨਬਾਜ਼ੀ ਹੀ ਨਹੀਂ ਕਰ ਰਹੇ ਸਗੋਂ ਉਨ੍ਹਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਦੁਸ਼ਮਣਾਂ ਵਾਂਗ ਧਮਕੀਆਂ ਦੇਣ ਤੱਕ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਕ ਯੂਥ ਆਗੂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਗਰਮ ਖੁਰਚਣੇ ਨਾਲ ਖੁਰਚ ਦੇਣ ਤੱਕ ਦੀ ਧਮਕੀ ਦੇ ਦਿੱਤੀ ਗਈ ਹੈ। ਜਦਕਿ ਇਕ ਹੋਰ ਆਗੂ ਨੇ ਫੌਜਦਾਰੀ ਕੇਸ ਕਰਨ ਦੀ ਧਮਕੀ ਦਿੱਤੀ ਹੈ।
ਇਸ ਤੋਂ ਪਹਿਲਾਂ ਅੱਠ ਮਹੀਨੇ ਦੀ ਲੜਾਈ ਦੇ ਦੌਰ ਵਿਚ ਅਕਾਲੀ ਦਲ ਬਾਦਲ ਨੇ ਭਰਤੀ ਕਮੇਟੀ ਨੂੰ ਲਾਂਭੇ ਕਰ ਕੇ ਆਪਣੇ ਤੌਰ ’ਤੇ ਭਰਤੀ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਸੀ ਅਤੇ ਸੁਖਬੀਰ ਬਾਦਲ ਨੇ ਪ੍ਰਧਾਨ ਦੇ ਅਖ਼ਤਿਆਰਾਂ ਦੀ ਵਰਤੋਂ ਕਰ ਕੇ ਤਕਰੀਬਨ ਸਾਰੀ ਜਥੇਬੰਦੀ, ਜਿਸ ਵਿਚ ਕੋਰ ਕਮੇਟੀ, ਵਰਕਿੰਗ ਕਮੇਟੀ , ਇਸਤਰੀ ਅਕਾਲੀ ਦਲ ਦੀ ਪ੍ਰਧਾਨ, ਯੂਥ ਵਿੰਗ ਦਾ ਪ੍ਰਧਾਨ, ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੋਂ ਇਲਾਵਾ ਸੈਕਟਰੀ ਜਨਰਲ, ਓ.ਬੀ.ਸੀ. ਵਿੰਗ ਅਤੇ ਐੱਸ. ਸੀ. ਵਿੰਗ ਦੇ ਪ੍ਰਧਾਨ, ਦਿੱਲੀ ਅਤੇ ਹਿਮਾਚਲ ਯੂਨਿਟਾਂ ਦੇ ਪ੍ਰਧਾਨਾਂ ਤੋਂ ਇਲਾਵਾ ਸੈਕਟਰੀ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਖਜ਼ਾਨਚੀ ਤੋਂ ਬਾਅਦ ਮੀਤ ਪ੍ਰਧਾਨਾਂ ਦੀ ਇਕ ਵੱਡੀ ਲਿਸਟ ਜਾਰੀ ਕਰ ਦਿੱਤੀ ਹੈ।
ਜਦ ਕਿ ਭਰਤੀ ਕਮੇਟੀ ਨੂੰ ਭਰਤੀ ਕਰਨ ਅਤੇ ਨਵਾਂ ਪ੍ਰਧਾਨ ਚੁਣਨ ਵਿਚ ਕਈ ਮਹੀਨੇ ਦਾ ਸਮਾਂ ਲੱਗ ਗਿਆ। ਹੁਣ ਨਵਾਂ ਅਕਾਲੀ ਦਲ ਵੀ ਅਕਾਲੀ ਦਲ ਬਾਦਲ ਦੇ ਮੁਕਾਬਲੇ ਨਵੀਂ ਜਥੇਬੰਦੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ । ਪਾਰਟੀ ਵੱਲੋਂ ਪਾਰਟੀ ਦਾ ਸਿਆਸੀ ਏਜੰਡਾ, ਜਿਸ ਨੂੰ ਵਿਜ਼ਨਰੀ ਡਾਕੂਮੈਂਟ ਕਿਹਾ ਜਾਵੇਗਾ, ਤਿਆਰ ਕਾਰਨ ਲਈ ਇਕਬਾਲ ਸਿੰਘ ਝੂੰਦਾ ਦੀ ਡਿਊਟੀ ਲਗਾਈ ਗਈ ਹੈ ਜਦ ਕਿ ਇਸਤਰੀ ਵਿੰਗ ਦਾ ਜਥੇਬੰਦਕ ਢਾਂਚਾ ਤਿਆਰ ਕਰਨ ਦੀ ਜ਼ਿੰਮੇਵਾਰੀ ਬੀਬੀ ਜਗੀਰ ਕੌਰ ਨੂੰ ਦਿੱਤੀ ਗਈ ਹੈ।
ਜੇਕਰ ਜਾਣਕਾਰ ਸੂਤਰਾਂ ਦੀ ਗੱਲ ’ਤੇ ਯਕੀਨ ਕਰੀਏ ਤਾਂ ਨਵੇਂ ਅਕਾਲੀ ਦਲ ਦੇ ਆਗੂ ਜਥੇਬੰਦੀ ਬਣਾਉਣ ਦੇ ਕੰਮ ਨੂੰ ਤਰਜੀਹ ਦੇਣੀ ਚਾਹੁੰਦੇ ਸਨ ਪਰ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੀਤੀ ਜਾਣ ਵਾਲੀ ਕਾਨਫਰੰਸ ਕਾਰਨ ਜਥੇਬੰਦੀ ਦਾ ਕੰਮ ਅੱਗੇ ਪਾ ਦਿੱਤਾ ਗਿਆ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਮਹੀਨੇ ਦੇ ਅਖੀਰ ਜਾਂ ਸਤੰਬਰ ਦੇ ਪਹਿਲੇ ਹਫਤੇ ਵਿਚ ਘੱਟੋ-ਘੱਟ ਸਰਕਲ ਤੇ ਜ਼ਿਲਾ ਪ੍ਰਧਾਨ ਅਤੇ ਵਰਕਿੰਗ ਕਮੇਟੀ ਵਿਚੋਂ ਇਕ ਲਿਸਟ ’ਤੇ ਤਾਂ ਮੋਹਰ ਲਗਾ ਹੀ ਦਿੱਤੀ ਜਾਵੇਗੀ।
ਹਾਲਾਂਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਪ੍ਰੋਗਰਾਮ ਸਮੇਂ ਵੀ ਦੋਵੇਂ ਧੜੇ ਪੰਜਾਬ ਦੇ ਲੋਕਾਂ ਅਤੇ ਸਿੱਖ ਪੰਥ ਲਈ ਕੋਈ ਠੋਸ ਪ੍ਰੋਗਰਾਮ ਦੇਣ ਦੀ ਜਗ੍ਹਾ ਇਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਕਰਨ ’ਚ ਹੀ ਲੱਗੇ ਰਹੇ। ਭਾਵੇਂ ਦੋਵੇਂ ਧੜੇ ਭਰਵੇਂ ਇਕੱਠ ਕਰਨ ’ਚ ਕਾਮਯਾਬ ਰਹੇ ਪਰ ਨਵਾਂ ਅਕਾਲੀ ਦਲ ਇਕੱਠ ਦੇ ਮਾਮਲੇ ’ਚ ਕੁਝ ਰਿਪੋਰਟਾਂ ਨੂੰ ਅਾਧਾਰ ਦੱਸ ਕੇ ਆਪਣਾ ਹੱਥ ਕੁਝ ਉੱਪਰ ਹੋਣ ਦਾ ਦਾਅਵਾ ਕਰ ਰਿਹਾ ਹੈ।
ਇਸ ਕਾਨਫਰੰਸ ਦੀ ਕਾਮਯਾਬੀ ਤੋਂ ਉਤਸ਼ਾਹਤ ਨਵਾਂ ਅਕਾਲੀ ਦਲ ਜਲਦੀ ਹੀ ਜਥੇਬੰਦੀ ਦਾ ਸਿਲਸਿਲੇਵਾਰ ਐਲਾਨ ਕਰਨਾ ਸ਼ੁਰੂ ਕਰ ਦੇਵੇਗਾ। ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਪ੍ਰਧਾਨ ਨੂੰ ਵਿਵਾਦਾਂ ਤੋਂ ਪਰੇ ਰੱਖਣ ਲਈ ਸਭ ਤੋਂ ਪਹਿਲਾਂ 2 - 3 ਸਪੋਕਸਪਰਸਨ ਅਤੇ ਮੀਡੀਆ ਵਿਚ ਪਾਰਟੀ ਦਾ ਪੱਖ ਰੱਖਣ ਲਈ ਕੁਝ ਪੈਨਲਿਸਟਸ ਦੀ ਨਿਯੁਕਤੀ ਕਰ ਸਕਦਾ ਹੈ।
ਦੂਜੇ ਪਾਸੇ ਅਕਾਲੀ ਦਲ ਦੇ ਸੁਖਬੀਰ ਧੜੇ ਨੇ ਵੀ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅਕਾਲੀ ਦਲ ਬਾਦਲ ਨੇ ਪਹਿਲਾਂ ਮਾਨ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਮੋਰਚਾ ਬੰਦੀ ਕੀਤੀ ਤੇ ਹੁਣ ਇਕ ਸਤੰਬਰ ਨੂੰ ਮੋਗਾ ਵਿਖੇ ਫਤਿਹ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਹ ਚੰਗੀ ਗੱਲ ਹੈ ਕਿ ਦੋਵੇਂ ਅਕਾਲੀ ਦਲ ਆਪਣੀਆਂ ਨੀਤੀਆਂ ਤੇ ਏਜੰਡਾ ਲੋਕਾਂ ਵਿਚ ਲਿਜਾਣ ਦੀ ਪਹਿਲਕਦਮੀ ਕਰ ਰਹੇ ਹਨ ਅਤੇ ਦੋਵੇਂ ਹੀ ਪੰਜਾਬ ਦੇ ਲੋਕਾਂ ਅਤੇ ਖਾਸ ਕਰ ਕੇ ਕਿਸਾਨ ਅਤੇ ਸਿੱਖ ਹਿੱਤਾਂ ਦੀ ਰਾਖੀ ਕਰਨ ਦਾ ਦਮ ਭਰਦੇ ਹਨ
ਪਰ ਬਾਦਲ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਜਿਸ ਤਰ੍ਹਾਂ ਨਵੇਂ ਅਕਾਲੀ ਦਲ ਦੇ ਪ੍ਰਧਾਨ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਵੇਂ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਅਦਾਲਤ ਰਾਹੀਂ ਫੌਜਦਾਰੀ ਕਾਰਵਾਈ ਕਰਨ ਬਾਰੇ ਕਿਹਾ ਜਾ ਰਿਹਾ ਹੈ ਅਤੇ ਨਵੇਂ ਅਕਾਲੀ ਦਲ ਦੇ ਆਗੂਆਂ ਵੱਲੋਂ ਚੋਣ ਨਿਸ਼ਾਨ ਅਤੇ ਪਾਰਟੀ ਦਫਤਰ ਦੇ ਮਸਲੇ ’ਤੇ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮਸਲੇ ’ਤੇ ਕੇਂਦਰ ਸਰਕਾਰ ਕੋਲ ਪਹੁੰਚ ਕਰਨ ਦੀਆਂ ਗੱਲਾਂ ਕਰਨ ਕਾਰਨ ਇਹ ਤੌਖਲਾ ਬਣ ਗਿਆ ਹੈ ਕਿ ਹੁਣ ਦੋਵੇਂ ਧੜੇ ਨਿੱਜੀ ਦੁਸ਼ਮਣੀ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਉਲਝਣ ਵੱਲ ਵਧ ਰਹੇ ਹਨ। ਇਸ ਕਾਰਨ ਸਿਆਸੀ ਮਾਹਿਰਾਂ ਵੱਲੋਂ ਇਹ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈਂ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਹੋਰ ਗੰਧਲੀ ਹੋ ਜਾਵੇਗੀ।
–ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ, ਪੰਜਾਬ)
ਉੱਪ-ਰਾਸ਼ਟਰਪਤੀ ਚੋਣ ਨੂੰ ਦੱਖਣ ਬਨਾਮ ਦੱਖਣ ਬਣਾ ਦਿੱਤਾ ਹੈ
NEXT STORY