ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਆਰ.ਐੱਸ.ਐੱਸ. ਦੇ ਪ੍ਰਚਾਰਕ ਵਜੋਂ ਕੀਤੀ ਸੀ, ਜਿਸ ਤੋਂ ਬਾਅਦ ਆਪਣੀ ਮਿਹਨਤ ਅਤੇ ਲੋਕ ਸੇਵਾ ਲਈ ਅਣਥੱਕ ਨਿਸ਼ਚੈ ਸਦਕਾ ਉਹ ਆਪਣੇ ਸਿਆਸੀ ਸਫਰ ਦੀਆਂ ਪੌੜੀਆਂ ਚੜ੍ਹਦੇ ਗਏ ਅਤੇ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਬਣੇ। ਬਤੌਰ ਮੁੱਖ ਮੰਤਰੀ ਉਨ੍ਹਾਂ ਜਿਸ ਤਰ੍ਹਾਂ ਗੁਜਰਾਤ ਦਾ ਕਾਇਆਕਲਪ ਕੀਤਾ ਅਤੇ ਸੂਬੇ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਉਸ ਤੋਂ ਪ੍ਰਭਾਵਿਤ ਹੋ ਕੇ ਸਾਰੇ ਦੇਸ਼ ਅਤੇ ਦੁਨੀਆ ਦੀ ਨਿਗ੍ਹਾ ਗੁਜਰਾਤ ਉੱਤੇ ਟਿਕ ਗਈ ਸੀ।
‘ਗੁਜਰਾਤ, ਮਾਡਲ ਸਾਰੀ ਦੁਨੀਆ ਲਈ ਹੀ ਇਕ ਅਜਿਹੀ ਉਦਾਹਰਣ ਬਣ ਗਿਆ ਜਿਸ ਨੂੰ ਹਰੇਕ ਸੂਬਾ ਕਾਪੀ ਕਰਨਾ ਚਾਹੁੰਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵਿਕਾਸ ਦੇ ਏਜੰਡੇ ਕਾਰਨ ਦੁਨੀਆ ਭਰ ਦਾ ਬਿਜ਼ਨੈੱਸ ਗੁਜਰਾਤ ਵਿਚ ਖਿੱਚਿਆ, ਜਿੱਥੇ ਉਨ੍ਹਾਂ ਨੇ ਵਾਈਬਰੈਂਟ ਗੁਜਰਾਤ ਨਾਂ ਦੀ ਇਕ ਮਿਲਣੀ ਸ਼ੁਰੂ ਕੀਤੀ ਅਤੇ ਗਿਫਟ ਸਿਟੀ ਵਰਗੇ ਇਕ ਸ਼ਾਨਦਾਰ ਪ੍ਰਾਜੈਕਟ ਨੂੰ ਨੇਪਰੇ ਚਾੜ੍ਹ ਕੇ ਉਹ ਕਰ ਵਿਖਾਇਆ ਜਿਸ ਦੀ ਕੋਈ ਸੋਚ ਵੀ ਨਹੀਂ ਸੀ ਰੱਖਦਾ।
2013 ਵਿਚ ਜਦੋਂ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਨੂੰ ਅੱਗੇ ਕੀਤਾ ਤਾਂ ਮੋਦੀ ਦੇ ਵਿਕਾਸ ਪੁਰਸ਼ ਵਾਲੇ ਅਕਸ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਇਸੇ ਵਿਕਾਸ ਦੇ ਮੁੱਦੇ ’ਤੇ 2014 ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਚਲਾਉਣ ਦਾ ਭਾਰੀ ਫਤਵਾ ਮਿਲਿਆ। ਇਹ ਪਹਿਲੀ ਵਾਰ ਸੀ ਜਦੋਂ ਇਕੋ ਸ਼ਖਸੀਅਤ ਦੇ ਦਮ ’ਤੇ ਭਾਜਪਾ ਨੂੰ ਬਹੁਮਤ ਦੀ ਸਰਕਾਰ ਬਣਾਉਣ ਦਾ ਮੌਕਾ ਨਸੀਬ ਹੋਇਆ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਆਪਣੇ ਵਿਕਾਸ ਕਾਰਜਾਂ ਦੀ ਰਫਤਾਰ ਠੰਡੀ ਨਹੀਂ ਪੈਣ ਦਿੱਤੀ ਅਤੇ ਗੁਜਰਾਤ ਮਾਡਲ ਨੂੰ ਰਾਸ਼ਟਰੀ ਪੱਧਰ ਤੱਕ ਲੈ ਕੇ ਗਏ। ਦੇਸ਼ ਵਿਚ ਮੇਕ ਇਨ ਇੰਡੀਆ, ਸਟਾਰਟ ਅੱਪ ਇੰਡੀਆ, ਸਮਾਰਟ ਸਿਟੀ, ਉਜਵਲਾ ਯੋਜਨਾ, ਕਿਸਾਨ ਨਿਧੀ ਅਤੇ ਹੋਰ ਅਨੇਕਾਂ ਹੀ ਵਿਕਾਸ ਦੇ ਕਾਰਜ ਉਨ੍ਹਾਂ ਨੇ ਸ਼ੁਰੂ ਕਰਵਾਏ ਜਿਸ ਦਾ ਲਾਭ ਕਰੋੜਾਂ ਦੇਸ਼ ਵਾਸੀਆਂ ਨੂੰ ਮਿਲਿਆ।
ਸਿਆਸੀ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਵਿਚ ਭਾਜਪਾ ਨੂੰ ਦੇਸ਼ ਦੇ ਉਨ੍ਹਾਂ ਸੂਬਿਆਂ ਵਿਚ ਵੀ ਕਾਮਯਾਬੀ ਮਿਲੀ ਜਿੱਥੇ ਭਾਜਪਾ ਦੀ ਕੋਈ ਖਾਸ ਪਕੜ ਨਹੀਂ ਹੋਇਆ ਕਰਦੀ ਸੀ, ਭਾਵੇਂ ਉਹ ਨਾਰਥ ਈਸਟ ਵਿਚ ਭਾਜਪਾ ਦੀਆਂ ਸਰਕਾਰਾਂ ਬਣਾਉਣੀਆਂ ਹੋਣ ਜਾਂ ਬੰਗਾਲ ਵਿਚ ਭਾਜਪਾ ਦਾ ਉਭਾਰ ਹੋਵੇ ਜਾਂ ਫਿਰ ਓਡਿਸ਼ਾ ਵਿਚ ਆਪਣੇ ਬਲਬੂਤੇ ’ਤੇ ਸਰਕਾਰ ਬਣਾਉਣੀ ਹੋਵੇ। ਸਿਆਸੀ ਤੌਰ ’ਤੇ ਵੀ ਮੋਦੀ ਅਤੇ ਸ਼ਾਹ ਦੀ ਜੋੜੀ ਨੇ ਉਹ ਕਰ ਵਿਖਾਇਆ ਹੈ ਜੋ ਕੁਝ ਚਿਰ ਪਹਿਲਾਂ ਅਸੰਭਵ ਲੱਗਦਾ ਸੀ। ਸਿਆਸੀ ਮਜ਼ਬੂਤੀ ਲਈ ਭਾਜਪਾ ਭਾਰਤ ਦੇ ਹਰੇਕ ਸੂਬੇ ਵਿਚ ਆਪਣੀ ਪੈਠ ਬਣਾਉਣਾ ਚਾਹੁੰਦੀ ਹੈ, ਜਿਸ ਕਾਰਨ ਹੁਣ ਬੰਗਾਲ ਅਤੇ ਕੇਰਲਾ ਦੇ ਵੱਲ ਉਚੇਚਾ ਸਿਆਸੀ ਧਿਆਨ ਦਿੱਤਾ ਜਾ ਰਿਹਾ।
ਪੰਜਾਬ ਵਿਚ ਜਨਸੰਘ ਦੇ ਸਮੇਂ ਤੋਂ ਹੀ ਭਾਜਪਾ ਦੀ ਜਾਂ ਜਨ ਸੰਘ ਦੀ ਇਕ ਚੰਗੀ ਲਾਬੀ ਰਹੀ ਹੈ। ਸਿਆਸੀ ਤੌਰ ’ਤੇ ਭਾਜਪਾ ਸੂਬਾਈ ਸਰਕਾਰਾਂ ਵਿਚ ਭਾਈਵਾਲ ਰਹੀ ਹੈ ਤੇ ਅਕਾਲੀ ਦਲ ਨੇ ਭਾਜਪਾ ਦੇ ਸਹਾਰੇ ਆਪਣੀਆਂ ਸਰਕਾਰਾਂ ਬਣਾਈਆਂ ਹਨ, ਪਰ ਅਕਾਲੀ ਦਲ ਤੋਂ ਤੋੜ ਵਿਛੋੜੇ ਤੋਂ ਬਾਅਦ ਭਾਜਪਾ ਹੁਣ ਆਪਣੇ ਬਲਬੂਤੇ ’ਤੇ ਚੋਣ ਲੜਨਾ ਚਾਹੁੰਦੀ ਹੈ ਤੇ ਪੰਜਾਬ ਦੇ ਵਿਚ ਆਪਣੀ ਹਾਜ਼ਰੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਅੱਗੇ ਇਹ ਸਵਾਲ ਸੀ ਕਿ ਉਹ ਪੰਜਾਬ ਅਤੇ ਦੁਨੀਆ ਭਰ ਵਿਚ ਵਸਦੇ ਸਿੱਖਾਂ ਦੇ ਮਨ ਵਿਚ ਪ੍ਰਧਾਨ ਮੰਤਰੀ ਦੇ ਤੌਰ ’ਤੇ ਕਿਸ ਤਰ੍ਹਾਂ ਜਗ੍ਹਾ ਬਣਾਉਣ।
ਕਿਉਂਕਿ ਸਿੱਖਾਂ ਦੇ ਪ੍ਰਤੀ ਕਾਂਗਰਸ ਸਰਕਾਰਾਂ ਦੇ ਗਲਤ ਰਵੱਈਏ, ਜਿਸ ਵਿਚ ਆਪ੍ਰੇਸ਼ਨ ਬਲਿਊ ਸਟਾਰ ਅਤੇ ਨਵੰਬਰ 1984 ’ਚ ਦੇਸ਼ ਭਰ ਅੰਦਰ ਸਿੱਖਾਂ ਦੇ ਕਤਲੇਆਮ ਦਾ ਗੁਨਾਹ ਸ਼ਾਮਿਲ ਹੈ। ਜਿਸ ਕਾਰਨ ਦਿੱਲੀ ਅਤੇ ਪੰਜਾਬ ਖਾਸ ਤੌਰ ’ਤੇ ਸਿੱਖਾਂ ਦੇ ਸਬੰਧ ਕੁੜੱਤਣ ਵਾਲੇ ਬਣੇ ਹੋਏ ਸਨ।
ਇਹੀ ਕਾਰਨ ਸੀ ਕਿ ਸਿੱਖਾਂ ਦੇ ਮਨਾਂ ਵਿਚ ਇਕ ਬੇਗਾਨਗੀ ਦੀ ਭਾਵਨਾ ਪੈਦਾ ਹੋਈ ਸੀ। ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਗੁਆਂਢੀ ਦੇਸ਼ ਦੀ ਨਿਗ੍ਹਾ ਹਮੇਸ਼ਾ ਪੰਜਾਬ ਦੇ ਹਾਲਾਤ ਖਰਾਬ ਕਰਨ, ਪੰਜਾਬ ਵਿਚ ਬਦਅਮਨੀ ਫੈਲਾਉਣ ਅਤੇ ਨਸ਼ੇ ਦਾ ਕੋਹੜ ਪ੍ਰਬਲ ਕਰਨ ਉੱਤੇ ਟਿਕੀ ਰਹਿੰਦੀ ਹੈ, ਇਸ ਲਈ ਕੋਈ ਵੀ ਪ੍ਰਧਾਨ ਮੰਤਰੀ ਇਹ ਨਹੀਂ ਚਾਹੇਗਾ ਕਿ ਪੰਜਾਬ ਅਤੇ ਕੇਂਦਰ ਦੇ ਸਬੰਧ ਸੁਖਾਵੇਂ ਹੋਣ।
ਨਰਿੰਦਰ ਮੋਦੀ ਮੰਤਰੀ ਬਣਦਿਆਂ ਸਾਰ ਸਿੱਖ ਕੌਮ ਦੇ ਹਿੱਤ ਵਿਚ ਕਈ ਫੈਸਲੇ ਲਏ ਜਿਸਦੇ ਵਿਚ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਨੀਆਂ, ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣੀਆਂ, ਸਿੱਖ ਗੁਰੂਆਂ ਨਾਲ ਸਬੰਧਿਤ ਦਿਹਾੜਿਆਂ ਨੂੰ ਰਾਸ਼ਟਰੀ ਪੱਧਰ ਉੱਤੇ ਮਨਾਉਣਾ ਸ਼ਾਮਿਲ ਹੈ। ਇਹ ਸਾਰੇ ਸ਼ਲਾਘਾਯੋਗ ਕਦਮ ਹਨ ਪਰ ਮੋਦੀ ਦੇ ਸਿੱਖ ਮਸਲਿਆਂ ਉੱਤੇ ਸਲਾਹਕਾਰ ਮੋਦੀ ਨੂੰ ਇਹ ਸਮਝਾਉਣ ਵਿਚ ਨਾ-ਕਾਮਯਾਬ ਰਹੇ ਹਨ ਕਿ ਧਾਰਮਿਕ ਮਸਲਿਆਂ ਵਿਚ ਉਨ੍ਹਾਂ ਦੀ ਲਈ ਗਈ ਰੁਚੀ ਅਤੇ ਦਿਖਾਈ ਗਈ ਸਦਭਾਵਨਾ ਦਾ ਦੁਰਵਰਤੋਂ ਕਰ ਕੇ ਅਤੇ ਉਸ ਨੂੰ ਗਲਤ ਰੋਸ਼ਨੀ ਦੇ ਵਿਚ ਪੇਸ਼ ਕਰ ਕੇ ਸਿੱਖ ਵਿਰੋਧੀ ਅਤੇ ਦੇਸ਼ ਵਿਰੋਧੀ ਤਾਕਤਾਂ ਸਿੱਖਾਂ ਦੇ ਮਨਾਂ ਵਿਚ ਇਹ ਵਹਿਮ ਪੈਦਾ ਕਰ ਰਹੀਆਂ ਹਨ ਕਿ ਭਾਜਪਾ ਜਾਂ ਆਰ.ਐੱਸ.ਐੱਸ. ਸਿੱਖ ਧਰਮ ਨੂੰ ਨਿਗਲਣਾ ਚਾਹੁੰਦੀ ਹੈ।
ਸੋ ਜਿੰਨਾ ਪ੍ਰਧਾਨ ਮੰਤਰੀ ਮੋਦੀ ਧਾਰਮਿਕ ਮਾਮਲਿਆਂ ਵਿਚ ਰੁਚੀ ਲੈ ਕੇ ਸਿੱਖਾਂ ਦਾ ਦਿਲ ਜਿੱਤਣ ਦਾ ਯਤਨ ਕਰਦੇ ਹਨ ਉਸ ਦਾ ਓਨਾ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਖਿਲਾਫ ਪੁੱਠਾ ਪ੍ਰਭਾਵ ਸਿੱਖ ਮਨਾਂ ਵਿਚ ਪੈਦਾ ਕੀਤਾ ਜਾਂਦਾ ਹੈ, ਜਿਸ ਵਿਚ ਵਿਦੇਸ਼ਾਂ ਵਿਚ ਬੈਠੇ ਦੇਸ਼ ਵਿਰੋਧੀ ਅਨਸਰ ਇਕ ਵੱਡਾ ਰੋਲ ਅਦਾ ਕਰ ਰਹੇ ਹਨ। ਸੋ, ਭਾਜਪਾ ਦੀ ਪੰਜਾਬ ਨੀਤੀ ਦਰਅਸਲ ਹੋਣੀ ਕੀ ਚਾਹੀਦੀ ਹੈ ?
ਪੰਜਾਬ ਦੀ ਸਮੱਸਿਆ ਨੂੰ ਕੇਵਲ ਧਰਮ ਦੇ ਨਜ਼ਰੀਏ ਤੋਂ ਦੇਖਣ ਦੀ ਗਲਤੀ ਭਾਜਪਾ ਨਾ ਕਰੇ ਸਗੋਂ ਇਸ ਨੂੰ ਇਕ ਆਰਥਿਕ ਸਮੱਸਿਆ ਵੀ ਸਮਝਿਆ ਜਾਵੇ, ਕਿਉਂਕਿ ਪੰਜਾਬ ਦੀ ਸਿੱਖ ਕਿਸਾਨੀ ਖੇਤੀਬਾੜੀ ਵਿਚ ਇਕ ਸੰਕਟ ਦਾ ਸਾਹਮਣਾ ਕਰ ਰਹੀ ਹੈ।
‘ਭਾਰਤਮਾਲਾ ਪ੍ਰਾਜੈਕਟ’ ਦੇ ਬਣਨ ਨਾਲ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਪ੍ਰਤੀ ਬਣਦਾ ਮੁਆਵਜ਼ਾ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਵਿਚ ਜ਼ਮੀਨਾਂ ਦੇ ਭਾਅ ਤੇਜ਼ੀ ਨਾਲ ਵਧ ਰਹੇ ਹਨ, ਕਿਉਂਕਿ ਮੁਆਵਜ਼ਾ ਪਾਉਣ ਵਾਲੇ ਕਿਸਾਨ ਅੱਗੇ ਹੋਰ ਜ਼ਮੀਨਾਂ ਖਰੀਦਣ ਦੇ ਚਾਹਵਾਨ ਹਨ। ਜਿਹੜੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੀ ਪਹਿਲਾਂ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ ਸੀ ਅੱਜ ਉਨ੍ਹਾਂ ਦਾ ਵੀ ਚੰਗਾ ਮੁੱਲ ਪੈ ਰਿਹਾ ਹੈ। ਇਹ ਸਭ ਦੇ ਲਾਭਪਾਤਰ ਉਹ ਐੱਨ. ਆਰ. ਆਈ. ਵੀਰ ਵੀ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਪੰਜਾਬ ਵਿਚ ਅਜੇ ਪਈਆਂ ਹਨ।
ਉਨ੍ਹਾਂ ਐੱਨ. ਆਰ. ਆਈ. ਸਿੱਖਾਂ ਨੂੰ ਮੋਦੀ ਨੇ ਵਿਦੇਸ਼ਾਂ ਵਿਚ ਬੈਠੇ ਹੀ ਕਰੋੜਪਤੀ ਬਣਾ ਦਿੱਤਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਭਾਜਪਾ ਅਤੇ ਭਾਜਪਾ ਦੀ ਸਿੱਖ ਲੀਡਰਸ਼ਿਪ ਇਕ ਵਿਕਾਸ ਪੁਰਸ਼ ਨੂੰ ਮਹੰਤ ਬਣਾਉਣ ਵਿਚ ਹੀ ਲੱਗੀ ਹੋਈ ਹੈ ਅਤੇ ਮੋਦੀ ਸਰਕਾਰ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਭਾਰੀ ਨਿਵੇਸ਼ ਅਤੇ ਵਿਕਾਸ ਕਾਰਜਾਂ ਦਾ ਪ੍ਰਚਾਰ ਪੰਜਾਬ ਦੇ ਲੋਕਾਂ ਤੱਕ ਪੁੱਜਦਾ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ।
-ਮਨਿੰਦਰ ਸਿੰਘ ਗਿੱਲ
ਕੀ ਨਿੱਜੀ ਦੁਸ਼ਮਣੀ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਉਲਝੇਗਾ ਨਵਾਂ ਤੇ ਪੁਰਾਣਾ ਅਕਾਲੀ ਦਲ
NEXT STORY