ਤਕਨੀਕੀ ਸਹਾਇਤਾ ਦੇਣ, ਨੌਕਰੀ ਆਦਿ ਦਿਵਾਉਣ ਦੇ ਨਾਂ ’ਤੇ ਫਰਜ਼ੀ ਮੈਸੇਜ ਅਤੇ ਲਿੰਕ ਭੇਜ ਕੇ ਅਾਪਣੇ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਵਿਦੇਸ਼ੀਆਂ ਨੂੰ ਫਰਜ਼ੀ ਕਾਲ ਸੈਂਟਰਾਂ ਵਲੋਂ ਠੱਗਿਆ ਜਾ ਰਿਹਾ ਹੈ ਜਿਸ ਦੀਆਂ ਪਿਛਲੇ 3 ਹਫਤਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 9 ਨਵੰਬਰ ਨੂੰ ‘ਦਿੱਲੀ ਪੁਲਸ’ ਨੇ ‘ਪੱਛਮੀ ਦਿੱਲੀ’ ਵਿਚ ਇਕ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਵੱਕਾਰੀ ਏਅਰਲਾਈਨਜ਼ ਕੰਪਨੀਅਾਂ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗ ਰਹੇ ਸਨ।
* 12 ਨਵੰਬਰ ਨੂੰ ‘ਫਿਰੋਜ਼ਾਬਾਦ’ (ਉੱਤਰ ਪ੍ਰਦੇਸ਼) ’ਚ ਭਾਰੀ ਮੁਨਾਫੇ ਦਾ ਲਾਲਚ ਦੇ ਕੇ ਨਿਵੇਸ਼ ਦੇ ਨਾਂ ’ਤੇ ਲੋਕਾਂ ਤੋਂ ਭਾਰੀ ਰਕਮਾਂ ਠੱਗਣ ਵਾਲੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰ ਕੇ ਪੁਲਸ ਨੇ 5 ਮੁਟਿਆਰਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਹ ਗਿਰੋਹ ਕਾਲ ਸੈਂਟਰ ’ਚ ਕੰਮ ਕਰਨ ਵਾਲੀਅਾਂ ਮੁਟਿਆਰਾਂ ਤੋਂ ਲੋਕਾਂ ਨੂੰ ਫੋਨ ਕਰਵਾ ਕੇ ਅਾਪਣੇ ਜਾਲ ’ਚ ਫਸਾਉਂਦਾ ਸੀ।
* 21 ਨਵੰਬਰ ਨੂੰ ‘ਜੈਪੁਰ’ (ਰਾਜਸਥਾਨ) ਪੁਲਸ ਨੇ ਮਾਲਵੀਆ ਨਗਰ ਅਤੇ ਪ੍ਰਤਾਪ ਨਗਰ ’ਚ 2 ‘ਹਾਈਟੈੱਕ’ ਫਰਜ਼ੀ ਕਾਲ ਸੈਂਟਰਾਂ ’ਤੇ ਛਾਪਾ ਮਾਰ ਕੇ 60 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਹ ਮਾਲੀਅਾ ਸੇਵਾ ਅਧਿਕਾਰੀ ਬਣ ਕੇ ਅਾਪਣੇ ਸ਼ਿਕਾਰਾਂ ਨੂੰ ਧਮਕਾਉਂਦੇ ਕਿ ਉਨ੍ਹਾਂ ਦੇ ਖਾਤਿਅਾਂ ’ਚੋਂ ਅਣ-ਅਧਿਕਾਰਤ ਲੈਣ-ਦੇਣ ਹੋਇਆ ਹੈ ਅਤੇ ਉਨ੍ਹਾਂ ਨੂੰ ਪੈਸੇ ਜਾਂ ਗਿਫਟ ਕਾਰਡਾਂ ਰਾਹੀਂ ਭੁਗਤਾਨ ਕਰਨ ਲਈ ਮਜਬੂਰ ਕਰਦੇ ਸਨ।
* 22 ਨਵੰਬਰ ਨੂੰ ‘ਦਿੱਲੀ ਪੁਲਸ’ ਨੇ ‘ਪਟੇਲ ਨਗਰ’ ਵਿਚ ਵਾਹਨਾਂ ਦੀ ਇੰਸ਼ੋਰੈਂਸ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਇਕ ਫਰਜ਼ੀ ਕਾਲ ਸੈਂਟਰ ਦਾ ਭਾਂਡਾ ਭੰਨ ਕੇ ਕਾਲ ਸੈਂਟਰ ਦੇ ਐੱਮ. ਏ. ਪਾਸ ਮਾਲਕ ‘ਖੇਮ ਚੰਦ’ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ ਉਸ ਦੇ ‘ਦਫਤਰ’ ਤੋਂ 10 ਲੱਖ ਰੁਪਏ ਨਕਦ, ਮੋਬਾਈਲ ਫੋਨ, ਵੱਖ-ਵੱਖ ਇੰਸ਼ੋਰੈਂਸ ਕੰਪਨੀਅਾਂ ਦੇ ਫਰਜ਼ੀ ਇੰਸ਼ੋਰੈਂਸ ਪਾਲਿਸੀ ਦਸਤਾਵੇਜ਼, ਰਬੜ ਸਟੈਂਪ ਅਤੇ ਲੈਪਟਾਪ ਸਮੇਤ ਹੋਰ ਸਾਮਾਨ ਬਰਾਮਦ ਕੀਤਾ। ਇਹ ਗਿਰੋਹ ‘ਅਾਨਲਾਈਨ ਡਾਟਾਬੇਸ’ ਨਾਲ ਲੋਕਾਂ ਦੀ ਜਾਣਕਾਰੀ ਕੱਢ ਕੇ ਉਨ੍ਹਾਂ ਨੂੰ ਫਰਜ਼ੀ ਇੰਸ਼ੋਰੈਂਸ ਪਾਲਿਸੀਅਾਂ ਵੇਚਦਾ ਸੀ।
* 22 ਨਵੰਬਰ ਨੂੰ ਹੀ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਇਕ ਮਕਾਨ ’ਚ ਚਲਾਏ ਜਾ ਰਹੇ ਫਰਜ਼ੀ ‘ਕਾਲ ਸੈਂਟਰ’ ਵਿਚ ਛਾਪੇਮਾਰੀ ਕਰ ਕੇ ਇਸ ਦੇ ਦੋਵਾਂ ਸਰਗਣਿਆਂ ‘ਅਨੁਜ ਕੁਮਾਰ’ ਅਤੇ ‘ਰਮੇਸ਼ ਮਲਿਕ’ ਨੂੰ ਗ੍ਰਿਫਤਾਰ ਕੀਤਾ।
ਇਹ ਦੋਵੇਂ ਦੱਖਣ ਭਾਰਤ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ। ਮੁਲਜ਼ਮਾਂ ਨੇ 150 ਤੋਂ ਵੱਧ ਲੋਕਾਂ ਨਾਲ ਠੱਗੀ ਮਾਰਨ ਦੀ ਗੱਲ ਮੰਨੀ ਹੈ। ਇਸ ਫਰਜ਼ੀ ਕਾਲ ਸੈਂਟਰ ਤੋਂ 11 ਕੀ-ਪੈਡ ਫੋਨ, ਇਕ ਸਮਾਰਟਫੋਨ, 7 ਮੋਹਰਾਂ, 4 ਫਰਜ਼ੀ ਨਿਯੁਕਤੀ ਪੱਤਰ, 4 ਕੰਪਿਊਟਰ ਅਤੇ ਆਫਿਸ ਫੋਨ ਤੋਂ ਪ੍ਰਾਪਤ 34 ਸਕ੍ਰੀਨ ਸ਼ਾਟ ਬਰਾਮਦ ਕੀਤੇ।
ਪੁਲਸ ਦੇ ਅਨੁਸਾਰ ਇਹ ਦੋਵੇਂ ਪਿਛਲੇ ਇਕ ਦਹਾਕੇ ਤੋਂ ਅਾਪਣਾ ਇਹ ਕਾਲਾ ਕਾਰੋਬਾਰ ਚਲਾ ਰਹੇ ਸਨ। ਇਨ੍ਹਾਂ ਨੇ ਅਾਪਣੇ ਇਥੇ ਮੁਟਿਆਰਾਂ ਨੂੰ 12,000 ਤੋਂ 15,000 ਰੁਪਏ ਤਨਖਾਹ ’ਤੇ ਰੱਖਿਆ ਹੋਇਆ ਸੀ। ਉਹ ਉਨ੍ਹਾਂ ਨੂੰ ਉਨ੍ਹਾਂ ਦੇ ਬਿਜ਼ਨੈੱਸ ਦੇ ਆਧਾਰ ’ਤੇ ਕਮੀਸ਼ਨ ਵੀ ਦਿੰਦੇ ਸਨ।
* 30 ਨਵੰਬਰ ਨੂੰ ‘ਹੈਦਰਾਬਾਦ’ (ਤੇਲੰਗਾਨਾ) ਦੀ ‘ਸਾਈਬਰਾਬਾਦ’ ਪੁਲਸ ਨੇ ਇਕ ਬੋਗਸ ‘ਅੰਤਰਰਾਸ਼ਟਰੀ ਕਾਲ ਸੈਂਟਰ’ ਚਲਾਉਣ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਇਹ ਗਿਰੋਹ ਅਾਸਟ੍ਰੇਲੀਆਈ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਠੱਗਦਾ ਸੀ। ਮੁੱਖ ਮੁਲਜ਼ਮ ‘ਪ੍ਰਵੀਣ’ ਅਤੇ ‘ਪ੍ਰਕਾਸ਼’ ਇਸ ‘ਕਾਲ ਸੈਂਟਰ’ ਵਿਚ ਕੰਮ ਕਰਨ ਲਈ ‘ਕੋਲਕਾਤਾ’ ਤੋਂ ਲੋਕਾਂ ਨੂੰ ਲੈ ਕੇ ਆਏ ਸਨ।
‘ਸਾਈਬਰਾਬਾਦ ਪੁਲਸ’ ਦੇ ਅਨੁਸਾਰ ਇਹ ਧੋਖੇਬਾਜ਼ ਅਾਸਟ੍ਰੇਲੀਆਈ ਨਾਗਰਿਕਾਂ ਕੋਲੋਂ ਵੱਡੀ ਰਕਮ ਅਾਸਟ੍ਰੇਲੀਅਾ ’ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਖਾਤਿਅਾਂ ’ਚ ਟਰਾਂਸਫਰ ਕਰਵਾਉਣ ਤੋਂ ਬਾਅਦ ਇਹ ਰਕਮ ਹਵਾਲਾ ਨੈੱਟਵਰਕ, ਕ੍ਰਿਪਟੋਕਰੰਸੀ ਲੈਣ-ਦੇਣ ਅਤੇ ਹੋਰ ਮਾਧਿਅਮਾਂ ਰਾਹੀਂ ਭਾਰਤ ਮੰਗਵਾ ਲੈਂਦੇ ਸਨ।
ਛਾਪੇਮਾਰੀ ਦੌਰਾਨ ਫੜੇ ਗਏ ਇਹ ਫਰਜ਼ੀ ਕਾਲ ਸੈਂਟਰ ਤਾਂ ਧੋਖਾਦੇਹੀ ਰੂਪੀ ਸਾਗਰ ’ਚ ਇਕ ਬੂੰਦ ਦੇ ਬਰਾਬਰ ਹਨ ਜਦਕਿ ਦੇਸ਼ ’ਚ ਅਜਿਹੇ ਫਰਜ਼ੀ ਕਾਲ ਸੈਂਟਰਾਂ ਦੀ ਭਰਮਾਰ ਹੈ ਜੋ ਲੋਕਾਂ ਨੂੰ ਲੁੱਟ ਕੇ ਅਾਪਣੀਅਾਂ ਤਿਜੌਰੀਅਾਂ ਭਰ ਰਹੇ ਹਨ।
ਇਸ ਲਈ ਜਿਥੇ ਲੋਕਾਂ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਉਥੇ ਹੀ ਅਜਿਹੀ ਧੋਖਾਦੇਹੀ ਕਰਨ ਵਾਲਿਅਾਂ ਨੂੰ ਜਲਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਦਾ ਅੰਜਾਮ ਦੇਖ ਕੇ ਦੂਸਰਿਅਾਂ ਨੂੰ ਨਸੀਹਤ ਮਿਲੇ ਅਤੇ ਉਹ ਅਜਿਹੀਅਾਂ ਕਰਤੂਤਾਂ ਤੋਂ ਬਾਜ਼ ਆਉਣ ਅਤੇ ਲੋੜਵੰਦ ਲੋਕ ਠੱਗੇ ਜਾਣ ਤੋਂ ਬਚ ਸਕਣ।
–ਵਿਜੇ ਕੁਮਾਰ
ਸਮਾਜ ਦੇ ਕੋਲ ਪੈਸਾ ਤਾਂ ਆਇਆ, ਪਰ ਆਪਣਿਆਂ ਤੋਂ ਦੂਰ ਲੈ ਗਿਆ
NEXT STORY