ਕੇਂਦਰ ਸਰਕਾਰ ਵਲੋਂ 3 ਵਿਵਾਦਮਈ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਾਵਜੂਦ ਲੰਮੇ ਸਮੇਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਕਾਇਮ ਹਨ। ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਸ਼ੰਭੂ ਬਾਰਡਰ ਤੋਂ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪੁਲਸ ਵੱਲੋਂ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਦਾਗਣ ਦੇ ਨਾਲ-ਨਾਲ ਪਾਣੀ ਦੀਆਂ ਵਾਛੜਾਂ ਕੀਤੀਆਂ ਜਾ ਰਹੀਆਂ ਹਨ।
ਅਜਿਹੇ ਹਾਲਾਤ ਵਿਚ 3 ਦਸੰਬਰ ਨੂੰ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ‘‘ਵਿਕਸਿਤ ਭਾਰਤ ਦਾ ਰਾਹ ਕਿਸਾਨ ਦੇ ਦਿਲ ਵਿਚੋਂ ਨਿਕਲਦਾ ਹੈ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ।’’
ਧਨਖੜ ਨੇ ਕਿਹਾ, ‘‘ਅੱਜ ਕਿਸਾਨ ਅੰਦੋਲਨ ਕਰ ਰਹੇ ਹਨ। ਉਸ ਅੰਦੋਲਨ ਨੂੰ ਥੋੜ੍ਹਾ ਕਰ ਕੇ ਮੰਨਣਾ ਬਹੁਤ ਵੱਡੀ ਗਲਤ-ਫਹਿਮੀ ਅਤੇ ਭੁੱਲ ਹੋਵੇਗੀ। ਜੋ ਕਿਸਾਨ ਸੜਕ ’ਤੇ ਨਹੀਂ ਹਨ, ਉਹ ਵੀ ਅੱਜ ਦੇ ਦਿਨ ਚਿੰਤਤ ਅਤੇ ਪ੍ਰੇਸ਼ਾਨ ਹਨ। ਭਾਰਤ ਨੂੰ ਵਿਕਸਿਤ ਦੇਸ਼ ਦਾ ਦਰਜਾ ਮਿਲਣਾ ਹੈ ਤਾਂ ਹਰ ਵਿਅਕਤੀ ਦੀ ਆਮਦਨ ਨੂੰ 8 ਗੁਣਾ ਕਰਨਾ ਹੋਵੇਗਾ ਅਤੇ ਉਸਨੂੰ 8 ਗੁਣਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਪੇਂਡੂ ਅਰਥਵਿਵਸਥਾ ਅਤੇ ਕਿਸਾਨ ਭਲਾਈ ਦਾ ਹੈ।’’
ਧਨਖੜ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੂੰ ਸਵਾਲ ਕਰਦਿਆਂ ਕਿਹਾ,‘‘ਮੇਰੀ ਸਮਝ ਵਿਚ ਨਹੀਂ ਆ ਰਿਹਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਹੋ ਰਹੀ ਹੈ। ਅਰਥਸ਼ਾਸਤਰੀਆਂ ਅਤੇ ਥਿੰਕ ਟੈਂਕਾਂ ਦੀ ਸਲਾਹ ਨਾਲ ਅਸੀਂ ਇਕ ਅਜਿਹਾ ਫਾਰਮੂਲਾ ਕਿਉਂ ਨਹੀਂ ਬਣਾ ਸਕਦੇ ਜੋ ਸਾਡੇ ਕਿਸਾਨਾਂ ਨੂੰ ਸਨਮਾਨਿਤ ਕਰ ਸਕੇ ?’’
‘‘ਕਿਸਾਨ ਸਾਡੇ ਲਈ ਸਤਿਕਾਰਯੋਗ ਹਨ। ਅਸੀਂ ਤਾਂ (ਕਿਸਾਨਾਂ ਦੀ) ਜੋ ਦੇਣ ਹੈ, ਉਸ ਬਦਲੇ (ਉਨ੍ਹਾਂ ਨੂੰ) ਇਨਾਮ ਨਹੀਂ ਦੇ ਰਹੇ ਹਾਂ, ਜੋ ਵਾਅਦਾ ਕੀਤਾ ਹੈ, ਅਸੀਂ ਉਸ ਵਾਅਦੇ ਵਿਚ ਕੰਜੂਸੀ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦਾ ਦੁਨੀਆ ਨੂੰ ਸੰਦੇਸ਼ ਹੈ ਕਿ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਗੱਲਬਾਤ ਨਾਲ ਹੁੰਦਾ ਹੈ।’’
ਅਤੇ ਹੁਣ 8 ਦਸੰਬਰ ਨੂੰ ਅੰਮ੍ਰਿਤਸਰ ਵਿਚ ‘ਸਹਿਕਾਰ ਭਾਰਤੀ’ ਦੇ 8ਵੇਂ ਰਾਸ਼ਟਰੀ ਸੰਮੇਲਨ ਵਿਚ ਹਿੱਸਾ ਲੈਣ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਕਿਹਾ ਕਿ ‘‘ਦੇਸ਼ ਵਿਚ ਕਿਸਾਨਾਂ ਦੀ ਹਾਲਤ ਠੀਕ ਨਹੀਂ ਹੈ। ਇਸ ਲਈ ਅੰਨਦਾਤਾ ਦੀ ਖੁਸ਼ਹਾਲੀ ਲਈ ਖੇਤੀਬਾੜੀ ਖੇਤਰ ਦਾ ਖੁਸ਼ਹਾਲ ਹੋਣਾ ਜ਼ਰੂਰੀ ਹੈ।’’
ਗਡਕਰੀ ਨੇ ਦੁਹਰਾਇਆ ਕਿ ‘‘ਸਾਡੇ ਦੇਸ਼ ਦੇ ਵਿਕਾਸ ਵਿਚ 12 ਤੋਂ 14 ਫੀਸਦੀ ਹਿੱਸਾ ਖੇਤੀਬਾੜੀ ਅਤੇ ਸਹਿਯੋਗੀ ਉਦਯੋਗਾਂ ਤੋਂ ਆਉਂਦਾ ਹੈ। 22 ਤੋਂ 24 ਫੀਸਦੀ ਵਿਕਾਸ ਨਿਰਮਾਣ ਅਤੇ 52 ਤੋਂ 54 ਫੀਸਦੀ ਵਿਕਾਸ ‘ਸਰਵਿਸ ਸੈਕਟਰ’ ਤੋਂ ਆਉਂਦਾ ਹੈ।’’
‘‘ਵੱਡੇ ਸ਼ਹਿਰਾਂ ਵਿਚ ਪਿੰਡਾਂ ਵਿਚੋਂ ਗਏ ਲੋਕ ਝੌਂਪੜੀਆਂ ਵਿਚ ਰਹਿ ਰਹੇ ਹਨ। ਉਹ ਮਜਬੂਰੀ ਵਿਚ ਸ਼ਹਿਰਾਂ ਵਿਚ ਗਏ ਕਿਉਂਕਿ ਪਿੰਡਾਂ ਵਿਚ ਚੰਗੇ ਘਰ ਅਤੇ ਸਹੂਲਤਾਂ ਨਹੀਂ ਸਨ। ਦੇਸ਼ ਵਿਚ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਾਲਤ ਚੰਗੀ ਨਹੀਂ ਹੈ।’’
ਇਸ ਸਮੇਂ ਜਦਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਸ਼ੰਭੂ ਬਾਰਡਰ ਦਾ ਜਨ-ਜੀਵਨ ਉੱਘੜ-ਦੁੱਗੜ ਹੈ, ਕੇਂਦਰ ਸਰਕਾਰ ਨੂੰ ਦੇਸ਼ ਦੇ ਦੋਵਾਂ ਵੱਡੇ ਆਗੂਆਂ ਦੀ ਸਲਾਹ ਸੁਣਦਿਆਂ ਕਿਸਾਨਾਂ ਨਾਲ ਗੱਲਬਾਤ ਦੀ ਰਾਹ ਕੱਢ ਕੇ ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕੱਢਣਾ ਚਾਹੀਦਾ ਹੈ, ਤਾਂ ਕਿ ਅੰਦੋਲਨ ਕਰਨ ਦੀ ਥਾਂ ਕਿਸਾਨ ਖੇਤਾਂ ਵਿਚ ਪਰਤ ਸਕਣ।
ਇਸ ਦਰਮਿਆਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਕੋਲੋਂ 10 ਦਸੰਬਰ ਤਕ ਸਮਾਂ ਮੰਗਿਆ ਹੈ, ਜਿਸ ਕਰ ਕੇ 10 ਦਸੰਬਰ ਸ਼ਾਮ ਤਕ ਦਿੱਲੀ ਕੂਚ ਰੋਕ ਦਿੱਤਾ ਗਿਆ ਹੈ। ਜੇ ਦੇਰ ਸ਼ਾਮ ਤਕ ਸੱਦਾ ਨਾ ਆਇਆ ਤਾਂ ਅਸੀਂ 10 ਦਸੰਬਰ ਦੇਰ ਸ਼ਾਮ ਤਕ ਸਖ਼ਤ ਐਲਾਨ ਕਰ ਦੇਵਾਂਗੇ।
-ਵਿਜੇ ਕੁਮਾਰ
ਕੀ 'ਗਵਾਦਰ ਪੋਰਟ' ਦੂਜਾ 'ਹੰਬਨਟੋਟਾ' ਬਣ ਜਾਵੇਗਾ
NEXT STORY