ਭਾਰਤ ਨੇ ਖੁਸ਼ਹਾਲੀ ਦਾ ਇਕ ਹੋਰ ਦਰਵਾਜ਼ਾ ਖੋਲ੍ਹ ਦਿੱਤਾ ਹੈ। ਉਸ ਨੇ ਪ੍ਰਤੀ ਵਿਅਕਤੀ 1,00,000 ਅਮਰੀਕੀ ਡਾਲਰ ਤੋਂ ਵੱਧ ਆਮਦਨ ਵਾਲੇ ਯੂਰਪੀਅਨ ਦੇਸ਼ਾਂ ਦੇ ਇਕ ਧਨੀ ਸਮੂਹ ਨਾਲ ਇਕ ਨਵਾਂ ਵਪਾਰ ਸਮਝੌਤਾ ਕੀਤਾ ਹੈ। ਇਸ ਨਾਲ ਭਾਰਤੀ ਕਿਸਾਨਾਂ, ਮਛੇਰਿਆਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਲਈ ਇਕ ਲਾਭਦਾਇਕ ਬਾਜ਼ਾਰ ਤੱਕ ਪਹੁੰਚ ਦਾ ਰਾਹ ਖੁੱਲ੍ਹ ਗਿਆ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵਿਕਸਿਤ ਭਾਰਤ 2047 ਮਿਸ਼ਨ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ।
ਯੂਰਪੀ ਮੁਕਤ ਵਪਾਰ ਸੰਘ (ਈ. ਐੱਫ. ਟੀ. ਏ.)-ਸਵਿਟਜ਼ਰਲੈਂਡ, ਨਾਰਵੇ, ਆਈਸਲੈਂਡ ਅਤੇ ਲਿਕਟੇਂਸਟੀਨ-ਦੇ ਨਾਲ ਹੋਇਆ ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤਾ (ਟੀ. ਈ. ਪੀ. ਏ.) ਇਤਿਹਾਸਕ ਹੈ। ਇਹ ਸਮਝੌਤਾ 1 ਅਕਤੂਬਰ ਨੂੰ ਸ਼ੁੱਭ ਨਵਰਾਤਰੀ ਦੌਰਾਨ ਲਾਗੂ ਹੋਇਆ। ਈ. ਐੱਫ. ਟੀ. ਏ. ਦੇ ਮੈਂਬਰ ਦੇਸ਼ਾਂ ਨੇ 15 ਸਾਲਾਂ ਵਿਚ 100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਸੰਕਲਪ ਲਿਆ ਹੈ–ਜੋ ਦੁਨੀਆ ਵਿਚ ਕਿਸੇ ਵੀ ਵਪਾਰ ਸਮਝੌਤੇ ਵਿਚ ਜਤਾਈ ਗਈ ਪਹਿਲੀ ਅਜਿਹੀ ਵਚਨਬੱਧਤਾ ਹੈ। ਇਸ ਸਮਝੌਤੇ ਜ਼ਰੀਏ, ਈ. ਐੱਫ. ਟੀ. ਏ. ਦੇ ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਭਾਰਤ ਵਿਚ ਨਿਵੇਸ਼ ਨੂੰ ਹੁਲਾਰਾ ਦੇਣਗੀਆਂ, ਘੱਟ ਤੋਂ ਘੱਟ 10 ਲੱਖ ਰੁਜ਼ਗਾਰ ਸਿਰਜਣਗੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਦੇ ‘ਮੇਕ ਇਨ ਇੰਡੀਆ’ ਮਿਸ਼ਨ ਨੂੰ ਗਤੀ ਪ੍ਰਦਾਨ ਕਰਨਗੀਆਂ।
ਵਿਕਸਿਤ ਭਾਰਤ ਲਈ ਵਪਾਰ ਦੀ ਰਣਨੀਤੀ : ਮੋਦੀ ਸਰਕਾਰ ਨੇ ਅਤੀਤ ਦੀ ਝਿਜਕ ਨੂੰ ਛੱਡ ਕੇ ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏ.) ਨੂੰ ਅਪਣਾਇਆ ਹੈ। ਇਹ ਸਮਝੌਤੇ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰੀਮੀਅਮ ਅਤੇ ਵਿਕਸਿਤ ਬਾਜ਼ਾਰਾਂ ਵਿਚ ਪਹੁੰਚਾਉਂਦੇ ਹਨ। ਇਹ ਸਮਝੌਤੇ ਨਾ ਸਿਰਫ ਨਵੇਂ ਦਰਵਾਜ਼ੇ ਖੋਲ੍ਹਦੇ ਹਨ, ਸਗੋਂ ਸਾਡੇ ਉਦਯੋਗਾਂ ਨੂੰ ਸਸ਼ਕਤ ਬਣਾਉਣ ਅਤੇ ਸਾਨੂੰ ਅੱਗੇ ਵਧਣ ਵਿਚ ਮਦਦ ਕਰਨ ਵਾਲੇ ਮੁਕਾਬਲਾਤਮਕਤਾ ਅਤੇ ਗੁਣਵੱਤਾ ਦਾ ਸੰਚਾਰ ਵੀ ਕਰਦੇ ਹਨ। ਭਾਰਤ ਨੇ ਜਿੱਥੇ ਜੁਲਾਈ 2025 ਵਿਚ ਯੂਨਾਈਟਿਡ ਕਿੰਗਡਮ ਦੇ ਨਾਲ ਇਕ ਇਤਿਹਾਸਿਕ ਸਮਝੌਤਾ ਕੀਤਾ, ਉੱਥੇ ਯੂਰਪੀ ਸੰਘ ਦੇ ਨਾਲ ਗੱਲਬਾਤ ਵੀ ਚੰਗੀ ਤਰ੍ਹਾਂ ਅੱਗੇ ਵਧੀ ਹੈ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਫੈਸਲਾਕੁੰਨ ਯਤਨਾਂ ਨਾਲ ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਦੋਵਾਂ ਧਿਰਾਂ ਲਈ ਲਾਭਦਾਇਕ ਸਮਝੌਤੇ ਹੋਏ।
ਮੁਕਾਬਲੇ ਵਿਚ ਅੱਗੇ ਵਧਦੇ ਹੋਏ ਆਲਮੀ ਮੰਚਾਂ ’ਤੇ ਆਪਣੀ ਛਾਪ ਛੱਡਣ ਦੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਭਾਰਤੀ ਉਦਯੋਗ ਜਗਤ ਅੱਜ ਬੁਲੰਦੀਆਂ ’ਤੇ ਖੜ੍ਹਾ ਹੈ। ਯੂ. ਪੀ. ਏ. ਸ਼ਾਸਨ ਦੌਰਾਨ ਕੀਤੇ ਗਏ ਜਲਦਬਾਜ਼ੀ ਭਰੇ ਸੌਦਿਆਂ ਦੇ ਉਲਟ, ਡੂੰਘੇ ਵਿਚਾਰ-ਵਟਾਂਦਰਿਆਂ ਦੇ ਬਾਅਦ ਤਿਆਰ ਕੀਤੇ ਗਏ ਮੋਦੀ-ਯੁੱਗ ਦੇ ਹਰ ਮੁਕਤ ਵਪਾਰ ਸਮਝੌਤੇ ਦਾ ਉਦਯੋਗ ਜਗਤ ਦੇ ਵਿਭਿੰਨ ਹਿੱਤਧਾਰਕਾਂ ਨੇ ਖੁੱਲ੍ਹੇ ਦਿਲ ਤੋਂ ਸੁਆਗਤ ਕੀਤਾ ਹੈ। ਯੂ. ਪੀ. ਏ. ਸ਼ਾਸਨ ਦੇ ਸੌਦੇ ਬਿਨਾਂ ਕਿਸੇ ਜਾਣਕਾਰੀ ਦੇ ਅਤੇ ਅਕਸਰ ਉਨ੍ਹਾਂ ਮੁਕਾਬਲਾਤਮਕ ਅਰਥਵਿਵਸਥਾਵਾਂ ਦੇ ਨਾਲ ਕੀਤੇ ਗਏ ਸਨ, ਜਿਨ੍ਹਾਂ ਨੂੰ ਸਾਡੇ ਬਾਜ਼ਾਰਾਂ ਤੱਕ ਪਹੁੰਚ ਤਾਂ ਮਿਲੀ, ਪਰ ਉਨ੍ਹਾਂ ਨੇ ਆਪਣੇ ਦਰਵਾਜ਼ੇ ਲੋੜੀਂਦੇ ਤੌਰ ’ਤੇ ਨਹੀਂ ਖੋਲ੍ਹੇ।
ਭਾਰਤ ਨੂੰ ਆਕਰਸ਼ਕ ਬਣਾਉਣਾ : ਇਹ ਬਦਲਾਅ 11 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਾਡੀ ਅਰਥਵਿਵਸਥਾ ਨੂੰ ‘ਨਾਜ਼ੁਕ ਪੰਜ’ ਦੇ ਤਮਗੇ ਤੋਂ ਉਭਾਰ ਕੇ ਇਸ ਨੂੰ ਵਪਾਰ ਅਤੇ ਪੂੰਜੀ ਲਈ ਇਕ ਆਕਰਸ਼ਣ ਦਾ ਕੇਂਦਰ ਬਣਾਇਆ। ਮੋਦੀ ਸਰਕਾਰ ਨੇ ਬੁਨਿਆਦੀ ਸੁਧਾਰਾਂ ਜ਼ਰੀਏ ਵਿਰਾਸਤ ਵਿਚ ਮਿਲੀਆਂ ਸਮੱਸਿਆਵਾਂ, ਡੈੱਡਲਾਕ, ਉੱਚ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਅਸਮਰੱਥਾਵਾਂ ਨੂੰ ਦੂਰ ਕੀਤਾ। ਇਕੱਲੇ ਉਤਪਾਦਨ ਅਾਧਾਰਿਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਨੇ ਮਾਰਚ 2025 ਤੱਕ ਕੁੱਲ 1.76 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 12 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਪ੍ਰਧਾਨ ਮੰਤਰੀ ਗਤੀ ਸ਼ਕਤੀ ਅਤੇ ਰਾਸ਼ਟਰੀ ਲੌਜਿਸਟਿਕਸ ਨੀਤੀ ਨੇ ਲਾਗਤ ਵਿਚ ਕਮੀ ਕੀਤੀ ਹੈ ਅਤੇ ਬੁਨਿਆਦੀ ਢਾਂਚੇ ਨੂੰ ਸੁਵਿਵਸਥਿਤ ਕੀਤਾ ਹੈ। ਸਾਡੀ ਡਿਜੀਟਲ ਰੀੜ੍ਹ-ਜਨ-ਧਨ, ਯੂ. ਪੀ. ਆਈ. ਅਤੇ ਟ੍ਰੇਡ ਕਨੈਕਟ-ਨੇ ਮੌਕਿਆਂ ਦਾ ਲੋਕਤੰਤਰੀਕਰਨ ਕੀਤਾ ਹੈ ਅਤੇ 6 ਸਾਲਾਂ ਵਿਚ ਕੁੱਲ 12,000 ਲੱਖ ਕਰੋੜ ਰੁਪਏ ਮੁੱਲ ਦੇ 65,000 ਕਰੋੜ ਲੈਣ-ਦੇਣ ਨੂੰ ਸੰਭਵ ਬਣਾਇਆ ਹੈ। ਇਸ ਨਾਲ ਵਾਂਝਾ ਵਰਗ ਹੁਣ ਵਿੱਤੀ ਮੁੱਖ ਧਾਰਾ ਵਿਚ ਆ ਗਿਆ ਹੈ।
ਨਿਵੇਸ਼ ਅਤੇ ਰੁਜ਼ਗਾਰ ਸਿਰਜਣ : ਹੁਣ, ਈ. ਐੱਫ. ਟੀ. ਏ. ਦੇ 100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਨਾਲ 10 ਲੱਖ ਪ੍ਰਤੱਖ ਅਤੇ ਅਣਗਿਣਤ ਅਪ੍ਰਤੱਖ ਰੁਜ਼ਗਾਰ ਸਿਰਜਿਤ ਹੋਣ ਦਾ ਵਾਅਦਾ ਕੀਤਾ ਗਿਆ ਹੈ। ਇਹ ਨਿਵੇਸ਼ ਪਿਛਲੇ 25 ਸਾਲਾਂ ਵਿਚ ਇਨ੍ਹਾਂ ਦੇਸ਼ਾਂ ਤੋਂ ਪ੍ਰਾਪਤ ਸਿਰਫ 11.9 ਬਿਲੀਅਨ ਅਮਰੀਕੀ ਡਾਲਰ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਤੋਂ ਕਿਤੇ ਵੱਧ ਵੱਡਾ ਹੈ। ਸਾਲ 2024-25 ਵਿਚ ਭਾਰਤ ਦਾ ਕੁੱਲ ਐੱਫ. ਡੀ. ਆਈ. 81 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੇ ਨਾਲ, ਜੋ ਕਿ 14 ਪ੍ਰਤੀਸ਼ਤ ਦਾ ਵਾਧਾ ਹੈ, ਅਸਲ ਪ੍ਰਵਾਹ ਜਤਾਈਆਂ ਗਈਆਂ ਪ੍ਰਤੀਬੱਧਤਾਵਾਂ ਨੂੰ ਪਿੱਛੇ ਛੱਡ ਸਕਦਾ ਹੈ।
ਇਸ ਦਾ ਸਿਹਰਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਅਰਥਵਿਵਸਥਾ ਵਿਚ ਮੌਜੂਦ ਮੌਕਿਆਂ ਅਤੇ ਮਜ਼ਬੂਤ ਬੌਧਿਕ ਸੰਪਦਾ ਅਧਿਕਾਰ (ਆਈ. ਪੀ. ਆਰ.) ਕਾਨੂੰਨਾਂ ਨੂੰ ਜਾਂਦਾ ਹੈ, ਜਿਨ੍ਹਾਂ ਦਾ ਪ੍ਰਭਾਵੀ ਢੰਗ ਨਾਲ ਪਾਲਣ ਕੀਤਾ ਜਾਂਦਾ ਹੈ। ਟੀ. ਈ. ਪੀ. ਏ. ਤਬਦੀਲੀ ਅਤੇ ਸੁਵਿਵਸਥਿਤ ਸੁਰੱਖਿਆ ਉਪਾਵਾਂ ਦੇ ਮਾਮਲੇ ਵਿਚ ਬਿਹਤਰ ਸਹਿਯੋਗ ਦੇ ਜ਼ਰੀਏ ਆਈ. ਪੀ. ਆਰ. ਨੂੰ ਮਜ਼ਬੂਤ ਕਰਦਾ ਹੈ, ਨਵੀਨਤਾਕਾਰਾਂ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਠੋਸ ਰੈਗੂਲੇਟਰੀ ਸਬੰਧੀ ਨਿਸ਼ਚਿਤਤਾ ਦਰਮਿਆਨ ਉੱਚ-ਤਕਨੀਕ ਨਾਲ ਸਬੰਧਤ ਪੂੰਜੀ ਨੂੰ ਆਕਰਸ਼ਿਤ ਕਰਦਾ ਹੈ।
ਕਿਸਾਨ ਅਤੇ ਮਛੇਰੇ : ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਤੋਂ ਇਲਾਵਾ, ਕੱਪੜੇ ਅਤੇ ਰਤਨ ਅਤੇ ਗਹਿਣੇ ਜਿਹੇ ਸ਼੍ਰਮ-ਪ੍ਰਦਾਨ ਖੇਤਰ ਨਾਲ ਜੁੜੇ ਨਿਰਯਾਤ ਵਿਚ ਵੀ ਤੇਜ਼ੀ ਆਵੇਗੀ। ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਈ. ਐੱਫ. ਟੀ. ਏ. ਦੇ ਖੁਸ਼ਹਾਲ ਉਪਭੋਗਤਾ ਸਾਡੇ ਖੇਤੀਬਾੜੀ ਉਤਪਾਦਾਂ, ਚਾਹ ਅਤੇ ਕੌਫੀ ਨੂੰ ਲੋਭਦੇ ਹਨ। ਭਾਰਤ ਨੇ ਜਿੱਥੇ ਡੇਅਰੀ ਜਿਹੇ ਸੰਵੇਦਨਸ਼ੀਲ ਖੇਤਰਾਂ ਨੂੰ ਸੰਭਾਲਿਆ ਹੈ, ਉੱਥੇ ਚੌਲ, ਗੁਆਰ ਗਮ, ਦਾਲਾਂ, ਅੰਗੂਰ, ਅੰਬ, ਸਬਜ਼ੀਆਂ, ਬਾਜਰਾ ਅਤੇ ਕਾਜੂ ਦੇ ਵਪਾਰ ਨੂੰ ਮੌਕੇ ਪ੍ਰਦਾਨ ਕੀਤੇ ਹਨ।
ਬਿਹਤਰ ਭਵਿੱਖ : ਇਹ ਸਮਝੌਤੇ ਨਿਰਮਾਤਾਵਾਂ, ਸੇਵਾ ਪ੍ਰਦਾਤਾਵਾਂ ਅਤੇ ਆਮ ਨਾਗਰਿਕਾਂ ਦਰਮਿਆਨ ਉਤਸ਼ਾਹ ਜਗਾਉਂਦੇ ਹਨ, ਜੋ ਡੂੰਘੇ ਆਰਥਿਕ ਸਬੰਧਾਂ ਦੇ ਜ਼ਰੀਏ ਉੱਚ-ਗੁਣਵੱਤਾ ਵਾਲੇ ਆਲਮੀ ਉਤਪਾਦਾਂ ਦਾ ਆਨੰਦ ਲੈਂਦੇ ਹਨ। ਮੋਦੀ ਨੇ ਭਾਰਤ ਵਿਚ ਜੰਮੇ ਬੱਚੇ ਨੂੰ ਘਰ ’ਤੇ ਵੀ ਓਨੇ ਹੀ ਮੌਕੇ ਮਿਲਦੇ ਹਨ, ਜਿੰਨੇ ਕਿ ਅਲਪਸ ਦੀਆਂ ਪਹਾੜੀਆਂ ਵਾਲੀ ਜ਼ਮੀਨ, ਅੱਗ ਅਤੇ ਬਰਫ ਵਾਲੀ ਜ਼ਮੀਨ ਜਾਂ ਫਿਰ ਅੱਧੀ ਰਾਤ ਦੇ ਸੂਰਜ ਵਾਲੀ ਜ਼ਮੀਨ ਵਿਚ!
ਭਾਰਤ ਦੀ ਨੀਤੀ ਵਿਚ ਵਖਰੇਵਾਂ ਨਹੀਂ, ਸਗੋਂ ਸਰਗਰਮ ਭਾਗੀਦਾਰੀ ਹੈ। ਜਿਸ ਤਰ੍ਹਾਂ ਪੁਰਾਣੀ ਸੱਭਿਅਤਾ ਵਾਲੇ ਸਾਡੇ ਰਾਸ਼ਟਰ ਦੇ ਪ੍ਰਾਚੀਨ ਨਾਵਿਕਾਂ ਨੇ ਸਾਹਸ ਨਾਲ ਅਣਜਾਣ ਜਲਮਾਰਗਾਂ ’ਤੇ ਯਾਤਰਾ ਕੀਤੀ ਸੀ, ਠੀਕ ਉਸੇ ਤਰ੍ਹਾਂ ਅੱਜ ਦੇ 140 ਕਰੋੜ ਭਾਰਤੀ-ਆਤਮਵਿਸ਼ਵਾਸ ਅਤੇ ਦ੍ਰਿੜ੍ਹਤਾ ਦੇ ਨਾਲ ਅਤੇ ਇਕਜੁੱਟ ਹੋ ਕੇ- ਅੱਗੇ ਵਧ ਰਹੇ ਹਨ।
–ਪੀਯੂਸ਼ ਗੋਇਲ
(ਕੇਂਦਰੀ ਵਣਜ ਅਤੇ ਉਦਯੋਗ ਮੰਤਰੀ)
‘ਜਹਾਜ਼ਾਂ ਵਿਚ ਤਕਨੀਕੀ ਖਾਮੀਆਂ’ ਸਹੂਲਤ ਬਣਨ ਲੱਗੀ ਜਾਨ ਨੂੰ ਖਤਰਾ!
NEXT STORY