ਭਾਰਤੀ ਸਮਾਜ ’ਚ ਨੈਤਿਕ ਪਤਨ ਵਧਦਾ ਜਾ ਰਿਹਾ ਹੈ ਅਤੇ ਕੁਝ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਕੇ ਮਨੁੱਖਤਾ ਨੂੰ ਲਹੂ-ਲੁਹਾਨ ਅਤੇ ਬਦਨਾਮ ਕਰ ਰਹੇ ਹਨ। ਇਸ ਦੀਆਂ ਪਿਛਲੇ ਸਿਰਫ 1 ਹਫਤੇ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਹਨ :
* 26 ਜੁਲਾਈ ਨੂੰ ਸਾਂਗਲੀ (ਮਹਾਰਾਸ਼ਟਰ) ਦੇ ਇਕ ਸਾਬਕਾ ਸੈਨਿਕ ਨੇ ਬਾਂਬੇ ਹਾਈ ਕੋਰਟ ’ਚ ਦਾਖਲ ਇਕ ਜਨਹਿੱਤ ਪਟੀਸ਼ਨ ’ਚ ਦੱਸਿਆ ਕਿ 2019 ਅਤੇ 2021 ਵਿਚਾਲੇ ਮਹਾਰਾਸ਼ਟਰ ’ਚ 1 ਲੱਖ ਕੁੜੀਆਂ ਲਾਪਤਾ ਹੋਈਆਂ ਹਨ। ਪਟੀਸ਼ਨ ’ਚ ਕਿਹਾ ਗਿਆ ਕਿ ਜੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਇਸ ਨਾਲ ਔਰਤਾਂ ਦੇ ਸ਼ੋਸ਼ਣ ਜਾਂ ਉਨ੍ਹਾਂ ਦੇ ਜਬਰੀ ਧਰਮ ਤਬਦੀਲ ਕਰ ਕੇ ਦੂਜੇ ਧਰਮ ਦੇ ਲੋਕਾਂ ਨਾਲ ਵਿਆਹ ਕਰਵਾਉਣ ਵਰਗੇ ਮਾਮਲਿਆਂ ਦਾ ਪਤਾ ਲੱਗ ਸਕਦਾ ਹੈ।
* 26 ਜੁਲਾਈ ਨੂੰ ਹੀ ਫਿਰੋਜ਼ਪੁਰ ’ਚ ਇਕ ਨੌਜਵਾਨ ਵਿਰੁੱਧ ਆਪਣੀ ਸਾਢੇ 16 ਸਾਲਾਂ ਦੀ ਨਾਬਾਲਿਗ ਭੈਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ। ਪੀੜਤਾ ਅਨੁਸਾਰ ਮਾਤਾ-ਪਿਤਾ ਨੇ ਉਸ ਦੇ ਜਨਮ ਦੇ 5 ਦਿਨ ਬਾਅਦ ਹੀ ਉਸ ਨੂੰ ਉਸ ਦੀ ਭੂਆ ਤੇ ਫੁੱਫੜ ਨੂੰ ਗੋਦ ਦੇ ਦਿੱਤਾ ਸੀ।
* 27 ਜੁਲਾਈ ਨੂੰ ਅਧਿਕਾਰੀਆਂ ਨੇ ਸਿੰਧੂਦੁਰਗ (ਮਹਾਰਾਸ਼ਟਰ) ਦੇ ਜੰਗਲ ’ਚ ਦਰੱਖਤ ਨਾਲ ਬੱਝੀ ਇਕ ਔਰਤ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਜੋ 4 ਦਿਨਾਂ ਦੇ ਇਲਾਜ ਤੋਂ ਬਾਅਦ ਵੀ ਬੋਲਣ ’ਚ ਅਸਮਰੱਥ ਸੀ। ਉਸ ਨੇ ਲਿਖ ਕੇ ਦੱਸਿਆ ਕਿ ਉਸ ਦਾ ਪਹਿਲਾ ਪਤੀ ਇਕ ਇੰਜੈਕਸ਼ਨ ਲਗਾਉਣ ਤੋਂ ਬਾਅਦ ਉਸ ਨੂੰ ਮਾਰਨ ਦੇ ਇਰਾਦੇ ਨਾਲ ਇਕ ਜ਼ੰਜੀਰ ਨਾਲ ਦਰੱਖਤ ਨਾਲ ਬੰਨ੍ਹ ਕੇ ਚਲਾ ਗਿਆ ਸੀ। ਇੰਜੈਕਸ਼ਨ ਦੇ ਅਸਰ ਨਾਲ ਉਸ ਦਾ ਜਬਾੜਾ ਅਤੇ ਮਾਸਪੇਸ਼ੀਆਂ ਆਕੜ ਗਈਆਂ।
* 27 ਜੁਲਾਈ ਨੂੰ ਹੀ ਰੀਵਾ (ਮੱਧ ਪ੍ਰਦੇਸ਼) ’ਚ 3 ਭੈਣਾਂ ਦੇ ਇਕਲੌਤੇ ਲਾਡਲੇ 13 ਸਾਲਾ ਭਰਾ ਵੱਲੋਂ ਅਸ਼ਲੀਲ ਫਿਲਮ ਦੇਖ ਕੇ ਆਪਣੀ ਸਭ ਤੋਂ ਛੋਟੀ 9 ਸਾਲਾ ਭੈਣ ਨਾਲ ਹੀ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰ ਦੇਣ ਦੇ ਮਾਮਲੇ ਨੂੰ ਦਬਾਉਣ ’ਚ ਮਦਦ ਕਰਨ ਵਾਲੀ ਉਸ ਦੀ ਮਾਂ ਅਤੇ ਦੋ ਵੱਡੀਆਂ ਭੈਣਾਂ ਨੂੰ ਹਿਰਾਸਤ ’ਚ ਲਿਆ।
* 27 ਜੁਲਾਈ ਨੂੰ ਹੀ ਨਵੀਂ ਦਿੱਲੀ ਦੇ ਮੁੰਡਕਾ ’ਚ ਬੇਟੀ ਦੀ ਚਾਹਤ ਨਾ ਹੋਣ ਦੇ ਕਾਰਨ ਇਕ ਔਰਤ ਨੇ ਆਪਣੀ 9 ਸਾਲਾ ਬੇਟੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ।
* 27 ਜੁਲਾਈ ਨੂੰ ਹੀ ਸ਼ਹਿਡੋਲ (ਮੱਧ ਪ੍ਰਦੇਸ਼) ’ਚ ‘ਗੀਤ ਕੌਲ’ ਨਾਂ ਦੀ ਬੇਔਲਾਦ ਔਰਤ ਨੂੰ ਆਪਣੀ ਭਾਬੀ ਕੋਲੋਂ ਗੋਦ ਲਏ 4 ਸਾਲਾ ਮਾਸੂਮ ਬੱਚੇ ਨੂੰ ਉਸ ਦੀ ਕਿਸੇ ਗਲਤੀ ’ਤੇ ਤਸੀਹੇ ਦੇਣ ਲਈ ਬੁਰੀ ਤਰ੍ਹਾਂ ਕੁੱਟਣ ਅਤੇ ਫਿਰ ਉਸ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਗਰਮ ਤਵੇ ਨਾਲ ਦਾਗਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 28 ਜੁਲਾਈ ਨੂੰ ਦਿੱਲੀ ਦੇ ਦਵਾਰਕਾ ਇਲਾਕੇ ’ਚ ਇਕ ਵਿਅਕਤੀ ਨੇ ਰੁਪਏ-ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ’ਚ ਆਪਣੀ ਪਤਨੀ ਨੂੰ ਚਾਕੂ ਮਾਰਨ ਤੋਂ ਬਾਅਦ ਵਿਚਾਲੇ ਆਈ ਬੇਟੀ ਨੂੰ ਵੀ ਚਾਕੂ ਮਾਰ ਦਿੱਤਾ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।
* 30 ਜੁਲਾਈ ਨੂੰ ਬਦਾਯੂੰ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰਨ ਦੇ ਮਕਸਦ ਨਾਲ ਮਕਾਨ ਦੀ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ ਪਰ ਜਦ ਉਹ ਜ਼ਿੰਦਾ ਬਚ ਗਈ ਤਾਂ ਉਸ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਔਰਤ ਦਿੱਲੀ ’ਚ ਕੰਮ ਕਰਨ ਵਾਲੇ ਆਪਣੇ ਪਤੀ ਨਾਲ ਰਹਿਣ ਦੀ ਜ਼ਿੱਦ ਕਰ ਰਹੀ ਸੀ।
* 30 ਜੁਲਾਈ ਨੂੰ ਹੀ ਭਿਵੰਡੀ (ਮਹਾਰਾਸ਼ਟਰ) ’ਚ ਪੁਲਸ ਨੇ ਇਕ 60 ਸਾਲਾ ਵਿਅਕਤੀ ਨੂੰ ਆਪਣੀ 15 ਸਾਲਾ ਭਤੀਜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 31 ਜੁਲਾਈ ਨੂੰ ਰੋਹਤਾਸ (ਬਿਹਾਰ) ਦੇ ਚੰਦਨਪੁਰਾ ਪੰਚਾਇਤ ਦੇ ਪਿੰਡ ਤਿਲੌਥੂ ’ਚ ਇਕ ਨੌਜਵਾਨ ਵੱਲੋਂ ਆਪਣੀ 14 ਸਾਲਾ ਨਾਬਾਲਿਗ ਚਚੇਰੀ ਭੈਣ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ’ਤੇ ਪੀੜਤਾ ਦੇ ਪਰਿਵਾਰ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 1 ਅਗਸਤ ਨੂੰ ਫਿਲੌਰ (ਪੰਜਾਬ) ’ਚ ਇਕ ਕਲਯੁਗੀ ਨੂੰਹ ਦੀ ਸ਼ਰਮਨਾਕ ਕਰਤੂਤ ਦੀ ਇਕ ਵੀਡੀਓ ਵਾਇਰਲ ਹੋਈ ਜਿਸ ’ਚ ਉਹ ਆਪਣੀ 95 ਸਾਲਾ ਬਜ਼ੁਰਗ ਸੱਸ ਦੇ ਉਪਰ ਬੈਠ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਦੀ ਦਿਖਾਈ ਦੇ ਰਹੀ ਸੀ। ਕੁੱਟਮਾਰ ਨਾਲ ਉਸ ਦੀ ਹਾਲਤ ਖਰਾਬ ਹੋ ਜਾਣ ਕਾਰਨ ਉਸ ਦੇ ਬੇਟੇ ਨੇ ਆਪਣੀ ਮਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਆਪਣੀ ਕਰਤੂਤ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਮਹਿਲਾ ਘਰ ਤੋਂ ਫਰਾਰ ਹੈ।
* 2 ਅਗਸਤ ਨੂੰ ਭੁਵਨੇਸ਼ਵਰ (ਓਡਿਸ਼ਾ) ਦੀ ਇਕ ਅਦਾਲਤ ਨੇ ‘ਸੰਜੀਤ ਦਾਸ’ ਨਾਂ ਦੇ ਇਕ ਵਿਅਕਤੀ ਨੂੰ 2 ਸਾਲ ਪਹਿਲਾਂ ਆਪਣੀ ਪਤਨੀ ਦੀ ਚਾਕੂ ਮਾਰ ਕੇ ਅਤੇ 6 ਸਾਲਾ ਬੇਟੀ ਦੀ ਗਲਾ ਵੱਢ ਕੇ ਹੱਤਿਆ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ।
ਉਕਤ ਘਟਨਾਵਾਂ ਮੰਗ ਕਰਦੀਆਂ ਹਨ ਕਿ ਸਮਾਜ ਦੇ ਸੂਝਵਾਨ ਲੋਕ ਖਾਸ ਤੌਰ ’ਤੇ ਬਜ਼ੁਰਗ ਇਸ ਮਾਮਲੇ ’ਚ ਅੱਗੇ ਆ ਕੇ ਲੋਕਾਂ ਨੂੰ ਸਿੱਖਿਆ ਦੇਣ। ਸਾਡੇ ਸੰਤ-ਮਹਾਤਮਾ, ਮੁਨੀ ਆਦਿ ਜਿਨ੍ਹਾਂ ਦਾ ਸਮਾਜ ’ਚ ਸਨਮਾਨ ਹੈ, ਵੀ ਲੋਕਾਂ ਤੋਂ ਕੋਈ ਵੀ ਅਨੈਤਿਕ ਕੰਮ ਨਾ ਕਰਨ ਦਾ ਸੰਕਲਪ ਲੈਣ। ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਰਵੱਈਏ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ।
- ਵਿਜੇ ਕੁਮਾਰ
ਕੈਂਸਰ ਤੋਂ ਬਾਅਦ ਦਾ ਜੀਵਨ ਜਿਊਣ ਦੇ ਲਾਇਕ ਹੈ
NEXT STORY