ਹਾਲ ਹੀ ਦੇ ਸਾਲਾਂ ’ਚ ਭਾਰਤ ’ਚ ਨਸ਼ਾ ਸਮੱਗਲਿੰਗ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਖਾਸ ਤੌਰ ’ਤੇ ਕੌਮਾਂਤਰੀ ਸਮੱਗਲਰ ਭਾਰਤ ਨੂੰ ਇਕ ਟ੍ਰਾਂਜ਼ਿਟ ਪੁਆਇੰਟ ਦੇ ਰੂਪ ’ਚ ਇਸਤੇਮਾਲ ਕਰ ਰਹੇ ਹਨ। ਇਨ੍ਹੀਂ ਦਿਨੀਂ ਜਿੱਥੇ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨਸ਼ਾ ਸਮੱਗਲਰਾਂ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਉਥੇ ਨਸ਼ਾ ਸਮੱਗਲਰ ਵੀ ਨਵੇਂ-ਨਵੇਂ ਤਰੀਕੇ ਅਪਣਾ ਕੇ ਆਪਣਾ ਧੰਦਾ ਜਾਰੀ ਰੱਖੇ ਹੋਏ ਹਨ।
ਹੁਣ ਤਾਂ ਅੰਦਰੂਨੀ ਕੱਪੜਿਆਂ (ਅੰਡਰ ਗਾਰਮੈਂਟਸ) ਅਤੇ ਸਰੀਰ ਦੇ ਅੰਦਰ ਲੁਕਾ ਕੇ ਹੀ ਨਸ਼ੇ ਦੀ ਸਮੱਗਲਿੰਗ ਕੀਤੀ ਜਾਣ ਲੱਗੀ ਹੈ ਜਿਸ ਦੀਆਂ 7 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 23 ਜੂਨ, 2024 ਨੂੰ ‘ਕੋਚੀ’ ਦੇ ਹਵਾਈ ਅੱਡੇ ’ਤੇ ‘ਤਨਜਾਨੀਆ’ ਦੇ ਨਾਗਰਿਕ ‘ਓਮਾਰੀ ਜੋਂਗੋ’ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 19 ਕਰੋੜ ਰੁਪਏ ਮੁਲ ਦੀ 1945 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਜੋ ਉਸ ਨੇ ਆਪਣੇ ਢਿੱਡ ’ਚ ਲੁਕਾਈ ਹੋਈ ਸੀ।
‘ਓਮਾਰੀ ਜੋਂਗੋ’ ਦੇ ਨਾਲ ਹੀ ਉਸੇ ਜਹਾਜ਼ ਤੋਂ ਉਤਰੀ ‘ਵੇਰੋਨਿਕਾ’ ਨਾਂ ਦੀ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਪੇਟ ’ਚ ਵੀ ਲੁਕਾਏ ਹੋਏ 13.34 ਕਰੋੜ ਰੁਪਏ ਮੁੱਲ ਦੀ 1.35 ਕਿੱਲੋ ਕੋਕੀਨ ਦੇ 95 ਕੈਪਸੂਲ ਕੱਢੇ ਗਏ।
* 3 ਜੁਲਾਈ, 2024 ਨੂੰ ਲੁਧਿਆਣਾ ’ਚ ਅਧਿਕਾਰੀਆਂ ਨੇ ਇਕ ਕੋਰੀਅਰ ਕੰਪਨੀ ਦੇ ਦਫਤਰ ਤੋਂ ਲਹਿੰਗਾ-ਚੋਲੀ ਦੇ ਅੰਦਰ ਲੁਕਾ ਕੇ ਕੈਨੇਡਾ ਭੇਜੀ ਜਾ ਰਹੀ 889 ਗ੍ਰਾਮ ਅਫੀਮ ਫੜੀ।
* 7 ਦਸੰਬਰ, 2024 ਨੂੰ ਦਿੱਲੀ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਨਾਈਜੀਰੀਆ ਦੇ ‘ਹੈਂਡਰਿਕ ਜੈਕਬਸ ਰੋਸਟ੍ਰੋਫ’ ਨਾਂ ਦੇ ਸਮੱਗਲਰ ਦੇ ਢਿੱਡ ’ਚੋਂ 12 ਕਰੋੜ ਰੁਪਏ ਮੁੱਲ ਦੀ 799 ਗ੍ਰਾਮ ਕੋਕੀਨ ਦੇ 67 ਕੈਪਸੂਲ ਕੱਢੇ ਗਏ।
* 11 ਦਸੰਬਰ, 2024 ਨੂੰ ਦਿੱਲੀ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਬ੍ਰਾਜ਼ੀਲ ਦੇ ‘ਹੈਨਰਿਕ ਡੀ. ਓਲੀਵੇਰਾ’ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ 21 ਕਰੋੜ ਰੁਪਏ ਮੁੱਲ ਦੀ ਕੋਕੀਨ ਦੇ 1383 ਗ੍ਰਾਮ ਭਾਰੇ 127 ਕੈਪਸੂਲ ਨਿਗਲਣ ਦੀ ਗੱਲ ਮੰਨੀ ਜੋ ਡਾਕਟਰਾਂ ਨੇ ਉਸ ਦੀਆਂ ਅੰਤੜੀਆਂ ’ਚੋਂ ਕੱਢੇ।
* 13 ਦਸੰਬਰ, 2024 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੰਟੈਲੀਜੈਂਸ ਟੀਮ ਨੇ 2 ਫਿਲੀਪੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਢਿੱਡ ’ਚੋਂ 10 ਕਰੋੜ 14 ਲੱਖ ਰੁਪਏ ਮੁੱਲ ਦੇ 676 ਗ੍ਰਾਮ ਨਸ਼ੀਲੇ ਸਫੈਦ ਪਾਊਡਰ ਦੇ 90 ਕੈਪਸੂਲ ਅਤੇ ਇਕ ਹੋਰ ਫਿਲੀਪੀਨੀ ਨਾਗਰਿਕ ਤੋਂ 7 ਕਰੋੜ 74 ਲੱਖ ਰੁਪਏ ਮੁੱਲ ਦੀ 503 ਗ੍ਰਾਮ ਕੋਕੀਨ ਦੇ 66 ਕੈਪਸੂਲ ਬਰਾਮਦ ਕੀਤੇ।
* 17 ਦਸੰਬਰ, 2024 ਨੂੰ ਚੇਨਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ‘ਕੀਨੀਆ’ ਦੀ ਰਹਿਣ ਵਾਲੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ 14.2 ਕਰੋੜ ਰੁਪਏ ਮੁੱਲ ਦੀ ਲਗਭਗ 1.4 ਕਿਲੋ ਕੋਕੀਨ ਦੇ 90 ਕੈਪਸੂਲ ਨਿਗਲੇ ਹੋਏ ਸਨ।
* 5 ਜਨਵਰੀ, 2025 ਨੂੰ ਦਿੱਲੀ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਕਸਟਮ ਵਿਭਾਗ ਨੇ 20.98 ਕਰੋੜ ਰੁਪਏ ਦੀ 1399 ਗ੍ਰਾਮ ਕੋਕੀਨ ਦੀ ਸਮੱਗਲਿੰਗ ਦੇ ਦੋਸ਼ ’ਚ ਬ੍ਰਾਜ਼ੀਲ ਤੋਂ ਆਈ ਇਕ ਔਰਤ ਅਤੇ ਮਰਦ ਨੂੰ ਗ੍ਰਿਫਤਾਰ ਕੀਤਾ। ਜਾਂਚ ਦੌਰਾਨ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਨਾਲ ਭਰੇ ਕੈਪਸੂਲ ਨਿਗਲੇ ਹਨ ਜੋ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਸਪਤਾਲ ਲਿਜਾ ਕੇ ਕਢਵਾਏ।
* 9 ਫਰਵਰੀ, 2025 ਨੂੰ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਬ੍ਰਾਜ਼ੀਲ’ ਦੀਆਂ 2 ਔਰਤਾਂ ਅਤੇ ‘ਕੀਨੀਆ’ ਦੇ ਇਕ ਮਰਦ ਨੂੰ ਢਿੱਡ ’ਚ 40 ਕਰੋੜ ਰੁਪਏ ਦੀ ਕੋਕੀਨ ਮਿਲਣ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
* 17 ਫਰਵਰੀ, 2025 ਨੂੰ ਮੁੰਬਈ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ‘ਯੁਗਾਂਡਾ’ ਤੋਂ ਢਿੱਡ ’ਚ ਕੋਕੀਨ ਦੇ 84 ਕੈਪਸੂਲ ਲੁਕਾ ਕੇ ਲਿਆਉਣ ਵਾਲੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਰੱਗਜ਼ ਸਮੱਗਲਿੰਗ ’ਚ ਸ਼ਾਮਲ ਸਮੱਗਲਰ ‘ਲੇਟੈਕਸ’ ਜਾਂ ਪਲਾਸਟਿਕ ਨਾਲ ਬਣੇ ਛੋਟੇ ਕੈਪਸੂਲਾਂ ’ਚ ਨਸ਼ੀਲੇ ਪਦਾਰਥ ਭਰ ਕੇ ਉਨ੍ਹਾਂ ਨੂੰ ਨਿਗਲ ਲੈਂਦੇ ਹਨ ਤਾਂ ਕਿ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ’ਚ ਫੜੇ ਨਾ ਜਾਣ। ਇਹ ਤਰੀਕਾ ਬੇਹੱਦ ਖਤਰਨਾਕ ਹੁੰਦਾ ਹੈ ਅਤੇ ਢਿੱਡ ’ਚ ਕੈਪਸੂਲ ਫਟ ਜਾਣ ’ਤੇ ਸਮੱਗਲਰ ਦੀ ਮੌਤ ਵੀ ਹੋ ਸਕਦੀ ਹੈ।
ਡਰੱਗਜ਼ ਸਮੱਗਲਿੰਗ ’ਚ ਸ਼ਾਮਲ ਕੌਮਾਂਤਰੀ ਸਮੱਗਲਰਾਂ ਦਾ ਨੈੱਟਵਰਕ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਚੁਣਦਾ ਹੈ ਜਾਂ ਫਿਰ ਜੋ ਕਿਸੀ ਲਾਲਚ ’ਚ ਆ ਕੇ ਇਹ ਕੰਮ ਕਰਦੇ ਹਨ। ਇਸ ਲਈ ਇਨ੍ਹਾਂ ਸਮੱਗਲਰਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਉਹ ਡਰੱਗਜ਼ ਨੂੰ ਸਰੀਰ ’ਚ ਲੁਕਾ ਕੇ ਕੌਮਾਂਤਰੀ ਸਰਹੱਦਾਂ ਨੂੰ ਪਾਰ ਕਰ ਸਕਣ।
ਇਸ ਤਰ੍ਹਾਂ ਦੇ ਹਾਲਾਤ ’ਚ ਨਸ਼ਾ ਸਮੱਗਲਰਾਂ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਜਿੱਥੇ ਪੁਲਸ ਦਸਤਿਆਂ ਨੂੰ ਜ਼ਿਆਦਾ ਚੌਕਸ ਹੋਣ ਦੀ ਲੋੜ ਹੈ ਉਥੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨਾ ਸਮੇਂ ਦੀ ਮੰਗ ਹੈ।
–ਵਿਜੇ ਕੁਮਾਰ
ਅੰਕੜਿਆਂ ਨਾਲ ਬਦਲਦਾ ਵਪਾਰ ਦਾ ਸੰਸਾਰ
NEXT STORY