ਅੱਤਵਾਦੀ ਸੰਗਠਨ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਅਤੇ ਫਿਰ ਇਜ਼ਰਾਈਲ ਦੇ ਪਲਟਵਾਰ ਨਾਲ ਮੱਧ-ਪੂਰਬ ’ਚ ਬਹੁਤ ਅਸਥਿਰਤਾ ਫੈਲ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕਿਹਾ ਹੈ ਕਿ ਇਜ਼ਰਾਈਲ ’ਤੇ ਅੱਤਵਾਦੀ ਹਮਲਾ ਹੋਇਆ ਹੈ ਅਤੇ ਇਸ ਮੁਸ਼ਕਿਲ ਘੜੀ ’ਚ ਭਾਰਤ ਇਜ਼ਰਾਈਲ ਨਾਲ ਖੜ੍ਹਾ ਹੈ। ਹਮਾਸ ਦੇ ਹਮਲਿਆਂ ਨੂੰ ਲੈ ਕੇ ਭਾਰਤ ’ਚ ਇਜ਼ਰਾਈਲੀ ਰਾਜਦੂਤ ਨਾਓਰ ਗਿਲੋਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਭਾਰਤ ਦੀ ਮਜ਼ਬੂਤ ਹਮਾਇਤ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਇਕ ਪ੍ਰਭਾਵਸ਼ਾਲੀ ਦੇਸ਼ ਹੈ ਅਤੇ ਉਹ ਅੱਤਵਾਦ ਦੀ ਚੁਣੌਤੀ ਨੂੰ ਸਮਝਦਾ ਹੈ ਅਤੇ ਇਸ ਸੰਕਟ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਭਾਰਤ ਖੁਦ ਅੱਤਵਾਦ ਦਾ ਡੰਗ ਸਾਲਾਂ ਤੋਂ, ਖਾਸ ਕਰ ਕੇ 2004-2014 ਦੀ ਯੂ. ਪੀ. ਏ. ਸਰਕਾਰ ਕਾਰਜਕਾਲ ’ਚ ਝੱਲਦਾ ਆਇਆ ਹੈ, ਇਸ ਲਈ ਭਾਰਤ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਦੀ ਸਦਾ ਨਿੰਦਾ ਕਰਦਾ ਹੈ, ਇਹ ਦੁਨੀਆ ਲਈ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਸ ਲਈ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਸ ਤੀਬਰਤਾ ਨਾਲ ਆਪਣੀ ਗੱਲ ਰੱਖੀ ਹੈ ਇਸ ਦੇ ਬਹੁਤ ਦੂਰ-ਰਸ ਨਤੀਜੇ ਸਾਰੇ ਦੇਸ਼ਾਂ ਲਈ ਹੋਣਗੇ। ਦੁਨੀਆ ਭਰ ’ਚ ਹਮਾਸ ਦੇ ਹਮਲਿਆਂ ਦੀ ਨਿੰਦਾ ਹੋ ਰਹੀ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਦੇਸ਼ ਦੇ ਕਈ ਹਿੱਸਿਆਂ ਤੋਂ ਇਜ਼ਰਾਈਲ ਵਿਰੋਧੀ ਅਤੇ ਹਮਾਸ ਹਮਾਇਤੀ ਬਿਆਨ ਅਤੇ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ।
9 ਅਕਤੂਬਰ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਕਾਂਗਰਸ ਨੇ ਇਜ਼ਰਾਈਲ ’ਤੇ ਹਮਾਸ ਦੇ ਹਮਲੇ ’ਚ ਫਿਲਸਤੀਨ ਦੀ ਹਮਾਇਤ ਕਰਦਿਆਂ ਪ੍ਰਸਤਾਵ ਜਾਰੀ ਕਰਕੇ ਕਿਹਾ ਕਿ ਫਿਲਸਤੀਨੀ ਲੋਕਾਂ ਦੇ ਜ਼ਮੀਨੀ ਹੱਕ, ਸਵੈ-ਸ਼ਾਸਨ, ਆਤਮ ਸਨਮਾਨ ਅਤੇ ਸ਼ਾਨ ਨਾਲ ਜਿਊਣ ਦੇ ਅਧਿਕਾਰਾਂ ਲਈ ਹਮਾਇਤ ਨੂੰ ਦੁਹਰਾਉਂਦੀ ਹੈ। ਦੂਜੇ ਪਾਸੇ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਹਮਾਸ ਦੀ ਹਮਾਇਤ ’ਚ ਜਲੂਸ ਕੱਢਿਆ ਗਿਆ, ਅਸਦੂਦੀਨ ਓਵੈਸੀ ਨੇ ਖੁੱਲ੍ਹ ਕੇ ਫਿਲਸਤੀਨ ਦੀ ਹਮਾਇਤ ਕੀਤੀ ਹੈ ਅਤੇ ਇਜ਼ਰਾਈਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕਮਿਊਨਿਸਟ ਆਗੂ ਦੀਪਾਂਕਰ ਭੱਟਾਚਾਰੀਆ ਨੇ ਵੀ ਇਜ਼ਰਾਈਲ ਦਾ ਸਾਥ ਦੇਣ ਲਈ ਭਾਰਤ ਸਰਕਾਰ ਦੀ ਆਲੋਚਨਾ ਕੀਤੀ । ਕਈ ਥਾਵਾਂ ਤੋਂ ਇਜ਼ਰਾਈਲ ’ਚ ਹੋਏ ਕਤਲੇਆਮ ਨੂੰ ਸੈਲੀਬ੍ਰੇਟ ਕਰਨ ਦੀ ਖਬਰ ਵੀ ਆਈ ਹੈ। ਇਹ ਗੱਲ ਇਜ਼ਰਾਈਲ ਨੂੰ ਹਮਾਇਤ ਦੇਣ ਜਾਂ ਨਾ ਦੇਣ ਦੀ ਨਹੀਂ ਹੈ ਸਗੋਂ ਗੱਲ ਇਜ਼ਰਾਈਲ ’ਤੇ ਹਮਾਸ ਦੇ ਅੱਤਵਾਦੀ ਹਮਲੇ ਦੀ ਹੈ। ਅੰਤਰਰਾਸ਼ਟਰੀ ਭਾਈਚਾਰਾ ਵੀ ਇਸ ਗੱਲ ਨੂੰ ਲੈ ਕੇ ਸਹਿਮਤ ਹੈ ਕਿ ਚਾਹੇ ਉਸ ਦਾ ਕਾਰਨ ਕੁਝ ਵੀ ਹੋਵੇ, ਅੱਤਵਾਦ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਹਮਾਸ ਕੋਲ ਭਾਵੇਂ ਹੀ ਹਮਲੇ ਲਈ ਕੋਈ ਕਾਰਨ ਸੀ, ਉਸ ਦੇ ਹਮਲੇ ਨੂੰ ਅਸੀਂ ਸਹੀ ਨਹੀਂ ਠਹਿਰਾ ਸਕਦੇ ਹਾਂ।
ਕਾਂਗਰਸ ਸਦਾ ਅੱਤਵਾਦ ਨੂੰ ਹਮਾਇਤ ਦੇ ਕੇ ਵੋਟ ਬੈਂਕ ਸਾਧਦੀ ਰਹੀ ਹੈ ਪਰ ਅੱਜ ਭਾਰਤ ਦਾ ਮੁਸਲਮਾਨ ਜਾਗਰੂਕ ਹੈ ਅਤੇ ਇਨ੍ਹਾਂ ਦੇ ਬਹਿਕਾਵੇ ’ਚ ਨਹੀਂ ਆਉਣ ਵਾਲਾ। ਉਹ ਵੀ ਸਮਝਦੇ ਹਨ ਕਿ ਹਮਾਸ ਨੇ ਹਮਲਾ ਕਰ ਕੇ ਫਿਲਸਤੀਨ ਦੀ ਵੱਖਰੇ ਰਾਜ ਦੀ ਲੜਾਈ ਨੂੰ ਕਮਜ਼ੋਰ ਕੀਤਾ ਹੈ। ਯਾਦ ਹੋਵੇ, ਦਸੰਬਰ 2010 ’ਚ ਵਿਕੀਲੀਕਸ ਨੇ ਰਾਹੁਲ ਗਾਂਧੀ ਦੀ ਅਮਰੀਕੀ ਰਾਜਦੂਤ ਟਿਮੋਥੀ ਰੋਮਰ ਨਾਲ 20 ਜੁਲਾਈ 2009 ਨੂੰ ਹੋਈ ਗੱਲਬਾਤ ਦਾ ਇਕ ਬਿਓਰਾ ਦਿੱਤਾ। ਰਾਹੁਲ ਨੇ ਅਮਰੀਕੀ ਰਾਜਦੂਤ ਨੂੰ ਕਿਹਾ ਸੀ, ਭਾਰਤ ਵਿਰੋਧੀ ਮੁਸਲਮਾਨ ਅਤੇ ਖੱਬੇਪੱਖੀ ਅੱਤਵਾਦੀਆਂ ਤੋਂ ਵੱਡਾ ਖਤਰਾ ਦੇਸ਼ ਦੇ ਹਿੰਦੂ ਹਨ। 13 ਨਵੰਬਰ 2015 ਨੂੰ ਇਸਲਾਮਾਬਾਦ ਦੇ ਜਿਨਾਹ ਇੰਸਟੀਚਿਊਟ ’ਚ ਦਿੱਤੇ ਭਾਸ਼ਣ ’ਚ ਸਲਮਾਨ ਖੁਰਸ਼ੀਦ ਨੇ ਕਬਾਇਲੀ ਇਲਾਕੇ ’ਚ ਅੱਤਵਾਦ ਵਿਰੁੱਧ ਕਾਰਵਾਈ ਲਈ ਪਾਕਿਸਤਾਨ ਦੀ ਸ਼ਲਾਘਾ ਕੀਤੀ ਸੀ ਪਰ ਅੱਜ ਉਨ੍ਹਾਂ ਹਮਾਸ ਦੇ ਹਮਲੇ ਦੀ ਨਿੰਦਾ ਨਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਫਿਲਸਤੀਨ ’ਚ ਸ਼ਾਂਤੀ ਲਈ ਯਤਨ ਕਰਨੇ ਚਾਹੀਦੇ ਸਨ।
25 ਅਗਸਤ 2010 ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪੁਲਸ ਮੁਖੀਆਂ ਦੇ ਇਕ ਸੰਮੇਲਨ ਨੂੰ ਦਿੱਲੀ ’ਚ ਸੰਬੋਧਨ ਕਰਦੇ ਹੋਏ ਤਤਕਾਲੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਸੀ ਕਿ ਹਾਲ ’ਚ ਕਈ ਬੰਬ ਧਮਾਕਿਆਂ ’ਚ ‘ਸੈਫਰਨ ਟੈਰਰਿਜ਼ਮ’ ਭਾਵ ‘ਭਗਵਾਂ ਅੱਤਵਾਦ’ ਦਾ ਬੰਬ ਧਮਾਕਿਆਂ ਨਾਲ ਸਬੰਧ ਦਾ ਪਤਾ ਲੱਗਾ ਹੈ। ਇਸ ਪਿਛੋਂ 20 ਜਨਵਰੀ 2013 ਨੂੰ ਜੈਪੁਰ ’ਚ ਕਾਂਗਰਸ ਦੇ ਚਿੰਤਨ ਕੈਂਪ ’ਚ ਕਾਂਗਰਸ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਹਿੰਦੂ ਅੱਤਵਾਦ ਅਤੇ ਭਗਵਾਂ ਅੱਤਵਾਦ ਦਾ ਸ਼ਗੂਫਾ ਉਛਾਲਿਆ ਸੀ। ਉਧਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਮੁੰਬਈ ਹਮਲੇ 26/11 ਨੂੰ ਹਿੰਦੂ ਅੱਤਵਾਦ ਨਾਲ ਜੋੜ ਦਿੱਤਾ ਸੀ। ਜ਼ਾਕਿਰ ਨਾਇਕ ਨੂੰ ਸ਼ਾਂਤੀਦੂਤ ਕਿਹਾ ਸੀ ਅਤੇ ਬਾਟਲਾ ਐਨਕਾਊਂਟਰ ’ਤੇ ਸਵਾਲ ਉਠਾਏ ਸਨ। ਦਿਗਵਿਜੇ ਸਿੰਘ ਦਾ ਆਪਣਾ ਸੰਸਕਾਰ ਹੀ ਹੈ ਕਿ ਜਦ ਉਹ ਕਹਿੰਦੇ ਹਨ ਕਿ ਮੁਸਲਮਾਨਾਂ ਤੋਂ ਵੱਧ ਗੈਰ-ਮੁਸਲਮਾਨ ਕਰ ਰਹੇ ਹਨ ਆਈ. ਐੱਸ. ਆਈ. ਲਈ ਜਾਸੂਸੀ। ਅਜਿਹਾ ਦਾਅਵਾ ਤਾਂ ਕੋਈ ਆਈ. ਐੱਸ. ਆਈ. ਦਾ ਪੁਰਾਣਾ ਜਾਸੂਸ ਹੀ ਕਰ ਸਕਦਾ ਹੈ। ਕੀ ਦਿਗਵਿਜੇ ਦਾ ਇਸ਼ਾਰਾ ਖੁਦ ਵੱਲ ਹੈ। ਆਖਿਰ ਉਹ ਵੀ ਤਾਂ ਹਿੰਦੂ ਹੀ ਹਨ। ਕੀ ਨਹੀਂ? ਕਾਂਗਰਸ ਦੇ ‘ਨਵਰਤਨ’ ਦਿਗਵਿਜੇ ਸਿੰਘ ਜ਼ਾਕਿਰ ਨਾਇਕ ਨੂੰ ‘ਸ਼ਾਂਤੀਦੂਤ’ ਦੱਸਦੇ ਰਹੇ, ਜਦ ਕਿ ਜ਼ਾਕਿਰ ਨਾਇਕ ਦੀ ਇਸਲਾਮਿਕ ਰਿਸਰਚ ਫਾਊਂਡੇਸ਼ਨ ਨਾਲ ਕਾਂਗਰਸ ਪਾਰਟੀ ਦੇ ਅੰਦਰੂਨੀ ਸਬੰਧ ਜ਼ਾਹਿਰ ਹੋ ਚੁੱਕੇ ਹਨ। ਇਸੇ ਦਿਗਵਿਜੇ ਸਿੰਘ ਨੇ ਬਾਟਲਾ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦੇ ਹੋਏ ਅਦਾਲਤ ਦੇ ਫੈਸਲੇ ’ਤੇ ਵੀ ਸਵਾਲੀਆ ਨਿਸ਼ਾਨ ਲਾਇਆ ਸੀ ਜਦਕਿ ਇਸ ਮੁਕਾਬਲੇ ’ਚ ਇਕ ਪੁਲਸ ਮੁਲਾਜ਼ਮ ਮੋਹਨ ਚੰਦ ਸ਼ਰਮਾ ਸ਼ਹੀਦ ਵੀ ਹੋਏ ਸਨ।
ਜਵਾਹਰ ਲਾਲ ਨਹਿਰੂ ਦੇ ਹੀ ਖਾਨਦਾਨ ਨਾਲ ਸਬੰਧ ਰੱਖਣ ਵਾਲੀ ਗੀਤਾ ਸਹਿਗਲ, ਜੋ ਲੰਬੇ ਅਰਸੇ ਤਕ ਐਮਨੈਸਟੀ ਇੰਟਰਨੈਸ਼ਨਲ ਨਾਲ ਜੁੜੀ ਰਹੀ, ਨੇ ਹੀ ਇਸ ਸੰਸਥਾ ਦੇ ਕਾਰਨਾਮਿਆਂ ਦਾ ਖੁਲਾਸਾ ਕੀਤਾ। ਉਨ੍ਹਾਂ ਅਨੁਸਾਰ ਇਹ ਸੰਸਥਾ ਇਸਲਾਮੀ ਅੱਤਵਾਦੀ ਸਮੂਹਾਂ ਨੂੰ ਪ੍ਰਤੱਖ-ਅਪ੍ਰਤੱਖ ਸਹਿਯੋਗ ਕਰਦੀ ਸੀ। ਇਸ ਸੰਸਥਾ ਦੇ ਵਿੱਤੀ ਸੋਮੇ ਵੀ ਸ਼ੱਕ ਦੇ ਘੇਰੇ ’ਚ ਰਹੇ। ਸ਼ਾਇਦ ਕਾਂਗਰਸ ਦੀ ਅਜਿਹੀ ਬੁਰੀ ਵਿਚਾਰਧਾਰਾ ਦੇ ਪਿੱਛੇ ਉਹ ਪਿਛੋਕੜ ਰਿਹਾ ਹੈ ਜਦੋਂ ਜੰਮੂ-ਕਸ਼ਮੀਰ ਤੋਂ ਛਪਣ ਵਾਲੇ ਉਰਦੂ ਰੋਜ਼ਾਨਾ ਅਖਬਾਰ ‘ਇਨਕਲਾਬ’ ਨੇ 12 ਜੁਲਾਈ 2018 ਨੂੰ ਬਹੁਤ ਵੱਡਾ ਖੁਲਾਸਾ ਕੀਤਾ। ਫਰੰਟ ਪੇਜ ’ਤੇ ਖਬਰ ਛਾਪੀ ਕਿ 11 ਜੁਲਾਈ 2018 ਨੂੰ ਰਾਹੁਲ ਗਾਂਧੀ ਨੇ ਮੁਸਲਮਾਨ ਬੁੱਧੀਜੀਵੀਆਂ ਨਾਲ ‘ਸੀਕ੍ਰੇਟ ਮੀਟਿੰਗ’ ’ਚ ਕਿਹਾ ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਮਾਂ ਦੀ ਕਮਿਟਮੈਂਟ ਹੈ ਕਿ ਮੁਸਲਮਾਨਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਅਤੇ ਇਸ ਨਾਲ ਉਹ ਕੋਈ ਸਮਝੌਤਾ ਨਹੀਂ ਕਰ ਸਕਦੇ। ਕਾਂਗਰਸ ਕੋਲ ਵਿਚਾਰਾਂ ਦਾ ਦੀਵਾਲੀਆਪਨ ਹੈ। ਇਹੀ ਕਾਰਨ ਹੈ ਕਿ ਉਹ ਭਾਰਤ ’ਚ ਮੁਸਲਮਾਨਾਂ ਦੇ ਇਕ ਵਰਗ ਨੂੰ ਖੁਸ਼ ਕਰਨ ਲਈ ਇਜ਼ਰਾਈਲ ’ਚ ਹਮਾਸ ਦੇ ਇਸਲਾਮੀ ਅੱਤਵਾਦ ਦੀ ਨਿੰਦਾ ਨਹੀਂ ਕਰ ਸਕਦੇ। ਅੱਤਵਾਦ ’ਤੇ ਚੁੱਪ ਦਾ ਮਤਲਬ ਅੱਤਵਾਦ ਦਾ ਸਾਥ ਦੇਣਾ ਹੈ।
ਆਰ. ਪੀ. ਸਿੰਘ, ਕੌਮੀ ਬੁਲਾਰਾ, ਭਾਜਪਾ
ਤੇਜ਼ੀ ਨਾਲ ਖਾਲੀ ਹੁੰਦੀਆਂ ਚੀਨ ’ਚ ਕਾਰਪੋਰੇਟ ਸੈਕਟਰ ਦੀਆਂ ਇਮਾਰਤਾਂ
NEXT STORY