ਮਹਾਮਾਰੀ ਦੇ ਬਾਅਦ ਕੌਮਾਂਤਰੀ ਸੈਰ-ਸਪਾਟੇ ’ਚ ਵਾਧਾ ਲਗਭਗ ਇਕ ਵਿਸ਼ਵ ਪੱਧਰੀ ਰੂਪ ਧਾਰਨ ਕਰ ਚੁੱਕਾ ਹੈ ਅਤੇ ਜਦੋਂ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਗੱਲ ਆਉਂਦੀ ਹੈ ਤਾਂ ਕਹਾਣੀ ਬੜੀ ਵੱਖਰੀ ਨਹੀਂ ਹੈ। ਵਿਦੇਸ਼ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਨਾਲੋਂ ਵੱਧ ਹੋ ਗਈ ਹੈ। ਹਾਲਾਂਕਿ ਗੱਲ ਜਦੋਂ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਆਉਂਦੀ ਹੈ ਤਾਂ ਤਸਵੀਰ ਓਨੀ ਰੋਮਾਂਚਕ ਦਿਖਾਈ ਨਹੀਂ ਦਿੰਦੀ।
ਸੈਰ-ਸਪਾਟਾ ਮੰਤਰਾਲਾ ਦੇ ਅੰਕੜਿਆਂ ਅਨੁਸਾਰ 2024 ਦੇ ਪਹਿਲੇ 6 ਮਹੀਨਿਆਂ ’ਚ 47.78 ਲੱਖ ਵਿਦੇਸ਼ੀ ਸੈਲਾਨੀਆਂ ਨੇ ਭਾਰਤ ਦਾ ਦੌਰਾ ਕੀਤਾ ਜੋ ਸਾਲ 2023 ਦੀ ਤੁਲਨਾ ’ਚ 9.1 ਫੀਸਦੀ ਵੱਧ ਹੈ ਪਰ 2019, ਜੋ ਕੋਵਿਡ-19 ਨੂੰ ਵਿਸ਼ਵ ਪੱਧਰੀ ਮਹਾਮਾਰੀ ਐਲਾਨਣ ਤੋਂ ਪਹਿਲਾਂ ਦਾ ਸਾਲ ਸੀ, ਦੀ ਇਸੇ ਅਰਸੇ ਦੀ ਤੁਲਨਾ ’ਚ 9.8 ਫੀਸਦੀ ਘੱਟ ਹੈ। ਹਾਲਾਂਕਿ ਇਸ ਨਾਲ 132 ਲੱਖ ਕਰੋੜ ਦੀ ਆਮਦਨ ਹੋਈ ਅਤੇ 32.1 ਮਿਲੀਅਨ ਲੋਕਾਂ ਨੂੰ ਨੌਕਰੀਆਂ ਮਿਲੀਆਂ।
ਦੂਜੇ ਪਾਸੇ 2024 ’ਚ ਫਰਾਂਸ ’ਚ 89.4 ਮਿਲੀਅਨ, ਸਪੇਨ ’ਚ 83.7 ਮਿਲੀਅਨ, ਅਮਰੀਕਾ ’ਚ 79.3 ਮਿਲੀਅਨ ਅਤੇ ਚੀਨ ’ਚ 65.7 ਮਿਲੀਅਨ ਸੈਲਾਨੀ ਆਏ। ‘ਵਰਲਡ ਇਕਨਾਮਿਕ ਫੋਰਮ’ (ਡਬਲਯੂ. ਈ. ਐੱਫ.) ਦੇ 2024 ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਸੂਚਕਅੰਕ (ਟੀ. ਟੀ. ਡੀ. ਆਈ.) ’ਚ ਭਾਰਤ 119 ਦੇਸ਼ਾਂ ਦੀ ਸੂਚੀ ’ਚ 39ਵੇਂ ਨੰਬਰ ’ਤੇ ਹੈ।
ਇਹ ਪੁੱਛਣ ’ਤੇ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਉਹ ਛੋਟੇ ਜਿਹੇ ਦੇਸ਼ ਫਰਾਂਸ ’ਚ ਜਾਣਾ ਪਸੰਦ ਕਰਦੇ ਹਨ ਤਾਂ ਸੈਲਾਨੀ ਉਥੋਂ ਦੇ ਇਤਿਹਾਸਕ ਸਥਾਨਾਂ, ਪ੍ਰਸਿੱਧ ਇਮਾਰਤਾਂ, ਭੋਜਨ, ਉਥੋਂ ਦੇ ਸ਼ਿਲਪ ਅਤੇ ਕਲਾ ਅਤੇ ਮਿਊਜ਼ੀਅਮਾਂ ਦਾ ਵਰਣਨ ਕਰਦੇ ਹਨ। ਇਸੇ ਤਰ੍ਹਾਂ ਸਪੇਨ ਜਾਣ ਵਾਲੇ ਸੈਲਾਨੀਆਂ ਵਲੋਂ ਉੱਥੋਂ ਦੀ ਸਾਫ ਹਵਾ, ਪਾਣੀ ਅਤੇ ਦਰਸ਼ਨੀ ਸਥਾਨਾਂ ਨੂੰ ਮੁੱਖ ਆਕਰਸ਼ਣ ਦੱਸਿਆ ਜਾਂਦਾ ਹੈ।
ਭਾਰਤ ਦੀ ਗੱਲ ਕਰੀਏ ਤਾਂ ਸਾਡੀ ਇਕੋ-ਇਕ ਪ੍ਰਾਪਤੀ ਸਿਰਫ ਮੈਡੀਕਲ ਟੂਰਿਜ਼ਮ ਹੈ, ਜਿਸ ’ਚ ਸਾਡਾ ਵਿਸ਼ਵ ’ਚ ਪੰਜਵਾਂ ਸਥਾਨ ਹੈ ਜਦ ਕਿ ਰਾਸ਼ਟਰੀ ਸੈਰ-ਸਪਾਟੇ ਦੀਆਂ ਹੋਰਨਾਂ ਸ਼੍ਰੇਣੀਆਂ ’ਚ ਸਾਡਾ ਕੋਈ ਮਹੱਤਵਪੂਰਨ ਸਥਾਨ ਨਹੀਂ ਹੈ। ਭਾਰਤ, ਜਿੱਥੇ ਕਦਮ-ਕਦਮ ’ਤੇ ਇਤਿਹਾਸ ਦੀ ਛਾਪ ਮੌਜੂਦ ਹੈ, ਦਰਸ਼ਨੀ ਇਮਾਰਤਾਂ ਦੀ ਬਹੁਤਾਤ ਹੈ ਅਤੇ ਸਾਡੇ ਹਰੇਕ ਸੂਬੇ ਦੇ ਵੰਨ-ਸੁਵੰਨਤਾ ਵਾਲੇ ਭੋਜਨ, ਨਾਚ, ਕਲਾ, ਸੱਭਿਆਚਾਰ, ਜੀਵਨਸ਼ੈਲੀ ਦੀ ਆਪਣੀ ਵੱਖਰੀ ਵਿਸ਼ੇਸ਼ਤਾ ਹੈ। ਫਿਰ ਵੀ ਇੱਥੇ ਵਿਦੇਸ਼ਾਂ ਤੋਂ ਸੈਲਾਨੀ ਕਿਉਂ ਨਹੀਂ ਆਉਣਾ ਚਾਹੁੰਦੇ?
ਇਸਦਾ ਸਭ ਤੋਂ ਪਹਿਲਾ ਕਾਰਨ ਹੈ ਸਾਡੇ ਧਾਰਮਿਕ, ਇਤਿਹਾਸਕ, ਸੱਭਿਆਚਾਰਕ ਅਤੇ ਵਾਤਾਵਰਣ ਦੇ ਨਜ਼ਰੀਏ ਤੋਂ ਮਹੱਤਵਪੂਰਨ ਸਥਾਨਾਂ ’ਤੇ ਸਫਾਈ ਦੀ ਘਾਟ ਹੈ। ਇਸ ਦੇ ਇਲਾਵਾ ਇਕ ਵੱਡਾ ਕਾਰਨ ਹੈ ਸਾਡੀਆਂ ਸਰਕਾਰਾਂ ਦਾ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ’ਤੇ ਓਨਾ ਧਿਆਨ ਨਾ ਦੇਣਾ, ਜਿੰਨਾ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ।
ਅਜਿਹੇ ਹੀ ਅਣਡਿੱਠ ਸਥਾਨਾਂ ’ਚੋਂ ਇਕ ਹੈ ਦਿੱਲੀ ਤੋਂ ਲਗਭਗ 150 ਕਿਲੋਮੀਟਰ ਦੂਰ ਹਿਸਾਰ ਦੇ ਨੇੜੇ ਸਥਿਤ ਹੜੱਪਾ ਸੱਭਿਅਤਾ ਦਾ ਸਥਾਨ ਰਾਖੀਗੜ੍ਹੀ। ਇੱਥੇ ਖੋਦਾਈ ਦੇ ਦੌਰਾਨ ਪ੍ਰਾਪਤ ਵਸਤੂਆਂ ’ਚ ਖੇਡ-ਖਿਡੌਣੇ, ਛਾਣਨੀ, ਵੱਖ-ਵੱਖ ਔਜ਼ਾਰ, ਪਾਲਤੂ ਪਸ਼ੂਆਂ ਦੇ ਅਵਸ਼ੇਸ਼, ਤਾਂਬੇ ਅਤੇ ਕਾਂਸੇ ਦਾ ਸਾਮਾਨ, ਪਾਟਰੀ, ਗਹਿਣੇ ਅਤੇ ਹੜੱਪਾ ਕਾਲੀਨ ਲਿਪੀ ਵਾਲੀਆਂ ਮੁਦਰਾਵਾਂ ਆਦਿ ਸ਼ਾਮਲ ਹਨ।
ਹੁਣ ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਹੜੱਪਾ ਸੱਭਿਅਤਾ ਦੇ ਲੋਕ ਨਾ ਸਿਰਫ ਖੇਡਾਂ ਦੇ ਸ਼ੌਕੀਨ ਸਨ ਸਗੋਂ ਮਨੋਰੰਜਨ ਦੇ ਵੀ। ਉੱਥੇ ਖੋਦਾਈ ’ਚ ਮਿੱਟੀ ਦੀਆਂ ਇੱਟਾਂ ਨਾਲ ਬਣਿਆ ਇਕ ਸਟੇਡੀਅਮ ਵੀ ਮਿਲਿਆ ਹੈ, ਜਿਸ ’ਚ ਢਲਾਣ ਵਾਲੇ ਪੌੜੀਨੁਮਾ ਬੈਠਣ ਦੇ ਸਥਾਨ ਅਤੇ ਠੰਢ ਤੋਂ ਬਚਣ ਲਈ ਅੱਗ ਬਾਲਣ ਦੇ ਸਥਾਨ ਵੀ ਹਨ।
ਇਹ ਇਸ ਗੱਲ ਦਾ ਸਬੂਤ ਹੈ ਕਿ ਉਸ ਯੁੱਗ ’ਚ ਆਯੋਜਨ ਰਾਤ ਦੇ ਸਮੇਂ ਵੀ ਚੱਲਦੇ ਸਨ ਜਦ ਕਿ ਪੱਛਮੀ ਸੱਭਿਅਤਾਵਾਂ ’ਚ ਰੋਮ ’ਚ ਕਾਲੇਜੀਅਮ ਤਾਂ ਸਨ ਪਰ ਉੱਥੇ ਇਸ ਤਰ੍ਹਾਂ ਦੇ ਖੇਡਾਂ ਵਾਲੇ ਸਥਾਨਾਂ ਦੇ ਕੋਈ ਅਵਸ਼ੇਸ਼ ਨਹੀਂ ਮਿਲੇ।
ਇਸੇ ਤਰ੍ਹਾਂ ਪੰਜਾਬ ਦੇ ਰੋਪੜ ’ਚ ਵੀ ਇਕ ਇੰਨਾ ਹੀ ਪ੍ਰਾਚੀਨ ਅਤੇ ਮਹੱਤਵਪੂਰਨ ਸਥਾਨ ਹੈ ਜਿੱਥੇ ਸਿੰਧੂ ਘਾਟੀ ਸੱਭਿਅਤਾ ਨਾਲ ਸੰਬੰਧਤ ਅਵਸ਼ੇਸ਼ ਮਿਲੇ ਹਨ ਜਿਸ ਦੇ ਬਾਰੇ ’ਚ ਰੋਪੜ ’ਚ ਰਹਿਣ ਵਾਲੇ ਘੱਟ ਹੀ ਲੋਕਾਂ ਨੂੰ ਜਾਣਕਾਰੀ ਹੈ। ਜੇਕਰ ਕੋਈ ਵਿਅਕਤੀ ਗੂਗਲ ਤੋਂ ਪਤਾ ਕਰ ਕੇ ਉੱਥੇ ਪਹੁੰਚ ਵੀ ਜਾਵੇ ਤਾਂ ਉੱਥੇ ਉਨ੍ਹਾਂ ਦੀ ਅਗਵਾਈ ਕਰਨ ਲਈ ਜਾਂ ਕਿਸੇ ਕਿਸਮ ਦੀ ਜਾਣਕਾਰੀ ਦੇਣ ਵਾਲਾ ਕੋਈ ਵਿਅਕਤੀ ਨਹੀਂ ਮਿਲੇਗਾ। ਇਸ ਦੇ ਨੇੜੇ ਹੀ ਇਕ ਮਿਊਜ਼ੀਅਮ ਹੈ, ਜਿਸ ਦੇ ਐਂਟਰੀ ਗੇਟ ’ਤੇ ਇਕ ਵਿਅਕਤੀ ਬੈਠਾ ਰਹਿੰਦਾ ਹੈ।
ਹਾਲਾਂਕਿ ਮਿਊਜ਼ੀਅਮ ’ਚ ਐਂਟਰੀ ਦੀ ਫੀਸ 5 ਜਾਂ 10 ਰੁਪਏ ਨਿਰਧਾਰਿਤ ਹੈ। ਇਸ ਮਿਊਜ਼ੀਅਮ ’ਚ ਖੋਦਾਈ ਦੌਰਾਨ ਨਿਕਲੀਆਂ ਹੋਈਆਂ ਕਈ ਸੁੰਦਰ ਮੂਰਤੀਆਂ ਮੌਜੂਦ ਹਨ ਪਰ ਇਨ੍ਹਾਂ ਨੂੰ ਦੇਖਣ ਲਈ ਨਾ ਕੋਈ ਸਥਾਨਕ ਕਲਾ ਪ੍ਰੇਮੀ ਆਉਂਦਾ ਹੈ ਅਤੇ ਨਾ ਹੀ ਕੋਈ ਬਾਹਰੀ ਸੈਲਾਨੀ ਕਿਉਂਕਿ ਕਿਸੇ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਕਿ ਉੱਥੇ ਕਿੰਨਾ ਅਨਮੋਲ ਖਜ਼ਾਨਾ ਪਿਆ ਹੈ।
ਨਾ ਸਿਰਫ ਇਤਿਹਾਸਕ ਸਗੋਂ ਸਾਡੇ ਇੱਥੇ ਧਾਰਮਿਕ ਸੈਰ-ਸਪਾਟੇ ਨੂੰ ਵੀ ਬੜਾ ਜ਼ਿਆਦਾ ਉਤਸ਼ਾਹ ਿਦੱਤਾ ਜਾ ਸਕਦਾ ਹੈ। ਜਿਵੇਂ ਕੰਬੋਡੀਆ ’ਚ ਮੰਦਰਾਂ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਅਜਿਹੇ ’ਚ ਵਾਰਾਣਸੀ ਨੂੰ ਨਹੀਂ ਭੁੱਲਣਾ ਚਾਹੀਦਾ ਜਿੱਥੇ ਚੱਪੇ-ਚੱਪੇ ’ਤੇ ਇਤਿਹਾਸਕ ਪ੍ਰਾਚੀਨ ਮੰਦਰ ਹਨ ਪਰ ਸ਼ਹਿਰ ’ਚ ਸਫਾਈ ਨਾ ਹੋਣ ਕਾਰਨ ਇਹ ਸ਼ਹਿਰ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਓਨਾ ਖਿੱਚ ਨਹੀਂ ਸਕਿਆ ਜਿੰਨਾ ਖਿੱਚ ਸਕਦਾ ਸੀ।
ਅਸੀਂ ਖੁਦ ਨੂੰ ਇਕ ਮਹਾਨ ਸੱਭਿਅਤਾ ਹੋਣ ਦਾ ਦਾਅਵਾ ਤਾਂ ਕਰਦੇ ਹਾਂ ਪਰ ਇਸ ਦੀ ਸੰਭਾਲ ਵੱਲ ਧਿਆਨ ਨਹੀਂ ਦਿੰਦੇ। ਸਾਡੀ ਵਿਰਾਸਤ ਨਾ ਸਿਰਫ ਮੰਦਰ ਹਨ ਸਗੋਂ ਹਰੇਕ ਧਰਮ ਦੇ ਅਤੇ ਹਰ ਭਾਈਚਾਰੇ ਦੇ ਅਤੇ ਹਰ ਦੌਰ ਦੇ ਹਾਕਮਾਂ ਭਾਵੇਂ ਉਹ ਮੁਗਲ ਹੋਣ ਜਾਂ ਅੰਗਰੇਜ਼, ਵਲੋਂ ਬਣਵਾਈਆਂ ਗਈਆਂ ਇਮਾਰਤਾਂ ਅਤੇ ਹੋਰ ਦਰਸ਼ਨੀ ਸਥਾਨ ਹਨ ਜੋ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨ ਦਾ ਵੱਡਾ ਵਸੀਲਾ ਬਣ ਸਕਦੇ ਹਨ।
-ਵਿਜੇ ਕੁਮਾਰ
ਕੀ ‘ਵਾਇਸਰਾਏ’ ਬਣ ਜਾਣਗੇ ਵਾਈਸ-ਚਾਂਸਲਰ
NEXT STORY