ਭਾਰਤੀ ਸਮਾਜ ਸਦੀਆਂ ਤੋਂ ਆਪਣੀਆਂ ਮਜ਼ਬੂਤ ਪਰਿਵਾਰਕ ਕਦਰਾਂ-ਕੀਮਤਾਂ, ਆਪਸੀ ਪ੍ਰੇਮ, ਵਿਸ਼ਵਾਸ ਅਤੇ ਸਾਂਝੀਵਾਲਤਾ ਲਈ ਜਾਣਿਆ ਜਾਂਦਾ ਰਿਹਾ ਹੈ। ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਸਿਰਫ ਇਕ ਵਿਚਾਰ ਨਹੀਂ, ਸਗੋਂ ਜੀਵਨ ਜਿਊਣ ਦੀ ਜਾਚ ਰਹੀ ਹੈ। ਇੱਥੇ ਰਿਸ਼ਤਿਆਂ ਦੀ ਡੋਰ ਸਿਰਫ ਖੂਨ ਦੇ ਸਬੰਧਾਂ ਤੱਕ ਸੀਮਤ ਨਹੀਂ ਸੀ, ਸਗੋਂ ਗੁਆਂਢੀ, ਮਿੱਤਰ ਅਤੇ ਸਮਾਜ ਦੇ ਹਰ ਵਿਅਕਤੀ ਦੇ ਨਾਲ ਆਤਮੀ ਜੁੜਾਅ ਮਹਿਸੂਸ ਕੀਤਾ ਜਾਂਦਾ ਸੀ ਪਰ ਆਧੁਨਿਕ ਸਮੇਂ ’ਚ ਇਹ ਸੁਗੰਧ ਹੌਲੀ-ਹੌਲੀ ਫਿੱਕੀ ਪੈਂਦੀ ਦਿਖਾਈ ਦੇ ਰਹੀ ਹੈ। ਰਿਸ਼ਤਿਆਂ ’ਚ ਤਰੇੜਾਂ ਵਧ ਰਹੀਆਂ ਹਨ ਅਤੇ ਵਿਸ਼ਵਾਸ ਦਾ ਆਧਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ।
ਅੱਜ ਦੇ ਦੌਰ ’ਚ ਸਭ ਤੋਂ ਵੱਡਾ ਬਦਲਾਅ ਜੀਵਨਸ਼ੈਲੀ ’ਚ ਆਇਆ ਹੈ। ਭੱਜ-ਦੌੜ ਭਰੀ ਜ਼ਿੰਦਗੀ, ਮੁਕਾਬਲੇਬਾਜ਼ੀ ਅਤੇ ਭੌਤਿਕ ਸੁੱਖ-ਸਹੂਲਤਾਂ ਦੀ ਅੰਨ੍ਹੀ ਦੌੜ ਨੇ ਇਨਸਾਨ ਨੂੰ ਆਤਮ-ਕੇਂਦਰਿਤ ਬਣਾ ਦਿੱਤਾ ਹੈ। ਪਹਿਲਾਂ ਪਰਿਵਾਰ ਦੇ ਨਾਲ ਬੈਠ ਕੇ ਭੋਜਨ ਕਰਨਾ, ਸੁੱਖ-ਦੁੱਖ ਸਾਂਝਾ ਕਰਨਾ ਅਤੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਸਾਧਾਰਨ ਗੱਲ ਸੀ ਪਰ ਹੁਣ ਮੋਬਾਈਲ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਅਸਲ ਸੰਵਾਦ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੱਤਾ ਹੈ। ਲੋਕ ਆਭਾਸੀ ਦੁਨੀਆ ’ਚ ਵਧੇਰੇ ਸਰਗਰਮ ਹਨ, ਜਦਕਿ ਅਸਲ ਰਿਸ਼ਤਿਆਂ ’ਚ ਦੂਰੀ ਵਧਦੀ ਜਾ ਰਹੀ ਹੈ।
ਰਿਸ਼ਤਿਆਂ ’ਚ ਤਰੇੜਾਂ ਦਾ ਇਕ ਮੁੱਖ ਕਾਰਨ ਸੰਵਾਦ ਦੀ ਕਮੀ ਹੈ। ਜਦੋਂ ਲੋਕ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਨਹੀਂ ਕਰਦੇ, ਤਾਂ ਗਲਤਫ਼ਹਿਮੀਆਂ ਜਨਮ ਲੈਂਦੀਆਂ ਹਨ। ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ’ਚ ਰੱਖਣਾ, ਹੰਕਾਰ ਕਾਰਨ ਪਹਿਲ ਨਾ ਕਰਨਾ ਅਤੇ ਆਪਣੀ ਗਲਤੀ ਸਵੀਕਾਰ ਨਾ ਕਰਨਾ—ਇਹ ਸਾਰੀਆਂ ਗੱਲਾਂ ਰਿਸ਼ਤਿਆਂ ਨੂੰ ਕਮਜ਼ੋਰ ਕਰਦੀਆਂ ਹਨ। ਪਹਿਲਾਂ ਪਰਿਵਾਰ ’ਚ ਬਜ਼ੁਰਗਾਂ ਦਾ ਮਾਰਗਦਰਸ਼ਨ ਹੁੰਦਾ ਸੀ, ਜੋ ਹਰ ਵਿਵਾਦ ਨੂੰ ਸੁਲਝਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਸਨ। ਅੱਜ ਸੰਯੁਕਤ ਪਰਿਵਾਰਾਂ ਦੇ ਟੁੱਟਣ ਨਾਲ ਇਹ ਸੰਤੁਲਨ ਵੀ ਟੁੱਟ ਗਿਆ ਹੈ।
ਆਰਥਿਕ ਦਬਾਅ ਵੀ ਰਿਸ਼ਤਿਆਂ ’ਤੇ ਗਹਿਰਾ ਅਸਰ ਪਾ ਰਿਹਾ ਹੈ। ਵਧਦੀ ਮਹਿੰਗਾਈ, ਨੌਕਰੀ ਦੀ ਅਨਿਸ਼ਚਿਤਤਾ ਅਤੇ ਕਰੀਅਰ ਦੀ ਚਿੰਤਾ ਨੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਤਣਾਅਗ੍ਰਸਤ ਕਰ ਦਿੱਤਾ ਹੈ। ਇਸ ਤਣਾਅ ਦਾ ਪ੍ਰਭਾਵ ਸਿੱਧਾ ਪਰਿਵਾਰਕ ਸਬੰਧਾਂ ’ਤੇ ਪੈਂਦਾ ਹੈ। ਪਤੀ-ਪਤਨੀ ਵਿਚਾਲੇ ਵਿਵਾਦ, ਮਾਤਾ-ਪਿਤਾ ਅਤੇ ਬੱਚਿਆਂ ਵਿਚਾਲੇ ਦੂਰੀ ਅਤੇ ਭੈਣ-ਭਰਾਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜੇ—ਇਹ ਸਭ ਅੱਜ ਦੇ ਸਮਾਜ ’ਚ ਆਮ ਹੁੰਦੇ ਜਾ ਰਹੇ ਹਨ। ਰਿਸ਼ਤੇ ਹੁਣ ਭਾਵਨਾਵਾਂ ਦੀ ਬਜਾਏ ਸਵਾਰਥ ਅਤੇ ਲਾਭ-ਹਾਨੀ ਦੇ ਤਰਾਜ਼ੂ ’ਤੇ ਤੋਲੇ ਜਾਣ ਲੱਗੇ ਹਨ।
ਇਸ ਤੋਂ ਇਲਾਵਾ, ਬਦਲਦੀ ਸੋਚ ਅਤੇ ਪੀੜ੍ਹੀਆਂ ਵਿਚਾਲੇ ਵਧਦਾ ਫਰਕ ਵੀ ਰਿਸ਼ਤਿਆਂ ’ਚ ਖਟਾਸ ਦਾ ਕਾਰਨ ਬਣ ਰਿਹਾ ਹੈ। ਨਵੀਂ ਪੀੜ੍ਹੀ ਸੁਤੰਤਰਤਾ ਅਤੇ ਨਿੱਜੀ ਸਪੇਸ ਨੂੰ ਪਹਿਲ ਦਿੰਦੀ ਹੈ, ਜਦਕਿ ਪੁਰਾਣੀ ਪੀੜ੍ਹੀ ਰਵਾਇਤੀ ਕਦਰਾਂ-ਕੀਮਤਾਂ ਨੂੰ ਮਹੱਤਵ ਦਿੰਦੀ ਹੈ। ਇਸ ਸੋਚ ਦੇ ਟਕਰਾਅ ਨਾਲ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ। ਜੇਕਰ ਦੋਵੇਂ ਪੀੜ੍ਹੀਆਂ ਇਕ-ਦੂਜੇ ਨੂੰ ਸਮਝਣ ਦਾ ਯਤਨ ਕਰਨ, ਤਾਂ ਇਸ ਦੂਰੀ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਅਕਸਰ ਅਜਿਹਾ ਨਹੀਂ ਹੋ ਪਾਉਂਦਾ।
ਮੀਡੀਆ ਅਤੇ ਮਨੋਰੰਜਨ ਦੇ ਬਦਲਦੇ ਸਰੂਪ ਨੇ ਵੀ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ। ਫ਼ਿਲਮਾਂ ਅਤੇ ਲੜੀਵਾਰਾਂ ’ਚ ਦਿਖਾਏ ਜਾਣ ਵਾਲੇ ਸਬੰਧਾਂ ਦੀ ਗੁੰਝਲਦਾਰਤਾ ਅਤੇ ਕਦੇ-ਕਦੇ ਨਕਾਰਾਤਮਕ ਚਿਤਰਣ ਦਾ ਪ੍ਰਭਾਵ ਲੋਕਾਂ ਦੀ ਸੋਚ ’ਤੇ ਪੈਂਦਾ ਹੈ। ਇਸ ਨਾਲ ਰਿਸ਼ਤਿਆਂ ਪ੍ਰਤੀ ਲੋਕਾਂ ਦੀ ਧਾਰਨਾ ਬਦਲਦੀ ਹੈ ਅਤੇ ਉਹ ਅਸਲ ਜੀਵਨ ’ਚ ਵੀ ਉਸੇ ਤਰ੍ਹਾਂ ਦੇ ਵਿਵਹਾਰ ਨੂੰ ਅਪਣਾਉਣ ਲੱਗਦੇ ਹਨ।
ਹਾਲਾਂਕਿ ਸਥਿਤੀ ਪੂਰੀ ਤਰ੍ਹਾਂ ਨਿਰਾਸ਼ਾਜਨਕ ਨਹੀਂ ਹੈ। ਅੱਜ ਵੀ ਭਾਰਤੀ ਸਮਾਜ ’ਚ ਅਜਿਹੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ, ਜਿੱਥੇ ਲੋਕ ਰਿਸ਼ਤਿਆਂ ਨੂੰ ਸੰਜੋਅ ਕੇ ਰੱਖਦੇ ਹਨ ਅਤੇ ਮੁਸ਼ਕਲ ਹਾਲਾਤ ’ਚ ਵੀ ਇਕ-ਦੂਜੇ ਦਾ ਸਾਥ ਨਹੀਂ ਛੱਡਦੇ। ਜ਼ਰੂਰਤ ਹੈ ਤਾਂ ਸਿਰਫ ਇਸ ਗੱਲ ਦੀ ਕਿ ਅਸੀਂ ਆਪਣੀਆਂ ਕਦਰਾਂ-ਕੀਮਤਾਂ ਨੂੰ ਮੁੜ ਪਛਾਣੀਏ ਅਤੇ ਉਨ੍ਹਾਂ ਨੂੰ ਆਪਣੇ ਜੀਵਨ ’ਚ ਅਪਣਾਈਏ।
ਰਿਸ਼ਤਿਆਂ ਦੀ ਸੁਗੰਧ ਨੂੰ ਬਣਾਈ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਸੰਵਾਦ ਅਤੇ ਸਮਝ। ਸਾਨੂੰ ਆਪਣੇ ਪਿਆਰਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਇਮਾਨਦਾਰੀ ਨਾਲ ਪ੍ਰਗਟ ਕਰਨਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਮੁਆਫ਼ੀ ਮੰਗਣ ਦੀ ਆਦਤ ਵਿਕਸਿਤ ਕਰਨਾ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਇਸ ਦੇ ਨਾਲ ਹੀ, ਸਾਨੂੰ ਭੌਤਿਕ ਸੁੱਖ-ਸਹੂਲਤਾਂ ਦੀ ਦੌੜ ’ਚ ਮਨੁੱਖੀ ਕਦਰਾਂ-ਕੀਮਤਾਂ ਨੂੰ ਨਹੀਂ ਭੁੱਲਣਾ ਚਾਹੀਦਾ। ਪੈਸਾ ਅਤੇ ਸਫਲਤਾ ਜ਼ਰੂਰੀ ਹਨ ਪਰ ਉਨ੍ਹਾਂ ਤੋਂ ਵਧੇਰੇ ਮਹੱਤਵਪੂਰਨ ਹਨ ਸਾਡੇ ਰਿਸ਼ਤੇ ਅਤੇ ਉਨ੍ਹਾਂ ਦਾ ਸਨੇਹ। ਪਰਿਵਾਰ ਨਾਲ ਬਿਤਾਇਆ ਗਿਆ ਸਮਾਂ, ਇਕ-ਦੂਜੇ ਪ੍ਰਤੀ ਸਨਮਾਨ ਅਤੇ ਸਹਿਯੋਗ ਦੀ ਭਾਵਨਾ—ਇਹੀ ਅਸਲੀ ਸੁੱਖ ਦਾ ਆਧਾਰ ਹੈ।
ਸਿੱਖਿਆ ਪ੍ਰਣਾਲੀ ’ਚ ਵੀ ਨੈਤਿਕ ਕਦਰਾਂ-ਕੀਮਤਾਂ ਅਤੇ ਜੀਵਨ ਹੁਨਰਾਂ ’ਤੇ ਵਧੇਰੇ ਜ਼ੋਰ ਦੇਣ ਦੀ ਲੋੜ ਹੈ, ਤਾਂ ਜੋ ਨਵੀਂ ਪੀੜ੍ਹੀ ਰਿਸ਼ਤਿਆਂ ਦੇ ਮਹੱਤਵ ਨੂੰ ਸਮਝ ਸਕੇ। ਮਾਤਾ-ਪਿਤਾ ਅਤੇ ਅਧਿਆਪਕ ਬੱਚਿਆਂ ਨੂੰ ਸਿਰਫ ਕਰੀਅਰ ਦੀ ਦਿਸ਼ਾ ਹੀ ਨਾ ਦਿਖਾਉਣ, ਸਗੋਂ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਬਣਨ ਦੀ ਵੀ ਪ੍ਰੇਰਣਾ ਦੇਣ।
ਅੰਤ ’ਚ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤੀ ਸਮਾਜ ’ਚ ਰਿਸ਼ਤਿਆਂ ਦੀ ਸੁਗੰਧ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ, ਸਗੋਂ ਉਹ ਕਿਤੇ ਨਾ ਕਿਤੇ ਦੱਬ ਗਈ ਹੈ। ਜ਼ਰੂਰਤ ਹੈ ਉਸ ਨੂੰ ਫਿਰ ਤੋਂ ਜਾਗ੍ਰਿਤ ਕਰਨ ਦੀ। ਜੇਕਰ ਅਸੀਂ ਆਪਣੇ ਵਿਵਹਾਰ ’ਚ ਥੋੜ੍ਹੀ ਸੰਵੇਦਨਸ਼ੀਲਤਾ, ਸਮਝਦਾਰੀ ਅਤੇ ਪ੍ਰੇਮ ਜੋੜ ਲਈਏ, ਤਾਂ ਇਹ ਸੁਗੰਧ ਫਿਰ ਤੋਂ ਪੂਰੇ ਸਮਾਜ ’ਚ ਫੈਲ ਸਕਦੀ ਹੈ।
ਰਿਸ਼ਤੇ ਜੀਵਨ ਦੀ ਸਭ ਤੋਂ ਅਨਮੋਲ ਪੂੰਜੀ ਹਨ। ਇਨ੍ਹਾਂ ਨੂੰ ਸੰਜੋਅ ਕੇ ਰੱਖਣਾ ਹੀ ਸਾਡੇ ਸਮਾਜ ਦੀ ਅਸਲੀ ਪਛਾਣ ਹੈ। ਜੇਕਰ ਅਸੀਂ ਅੱਜ ਵੀ ਨਹੀਂ ਸਮਝੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਅਜਿਹਾ ਸਮਾਜ ਮਿਲੇਗਾ, ਜਿੱਥੇ ਸਬੰਧ ਸਿਰਫ ਰਸਮੀ ਬਣ ਕੇ ਰਹਿ ਜਾਣਗੇ। ਇਸ ਲਈ ਸਮੇਂ ਦੀ ਮੰਗ ਹੈ ਕਿ ਅਸੀਂ ਰਿਸ਼ਤਿਆਂ ਦੀ ਇਸ ਟੁੱਟਦੀ ਡੋਰ ਨੂੰ ਫਿਰ ਤੋਂ ਮਜ਼ਬੂਤੀ ਨਾਲ ਬੰਨ੍ਹੀਏ ਅਤੇ ਭਾਰਤੀ ਸਮਾਜ ਦੀ ਉਸ ਪੁਰਾਣੀ ਸੁਗੰਧ ਨੂੰ ਮੁੜ ਜੀਵੰਤ ਕਰੀਏ, ਜੋ ਸਾਡੀ ਅਸਲੀ ਪਛਾਣ ਹੈ।
ਪ੍ਰੋ. ਮਨੋਜ ਡੋਗਰਾ
20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ
NEXT STORY