ਭਾਰਤੀ ਰੇਲ ਨੈੱਟਵਰਕ ਦੀ ਕੁੱਲ ਲੰਬਾਈ ਲਗਭਗ 11,35,207 ਕਿਲੋਮੀਟਰ ਹੈ ਅਤੇ ਰੇਲਾਂ ਹਰ ਰੋਜ਼ ਲਗਭਗ ਢਾਈ ਕਰੋੜ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਤੋਂ ਇਲਾਵਾ ਲਗਭਗ 93 ਲੱਖ ਟਨ ਸਾਮਾਨ ਢੋਂਹਦੀਆਂ ਹਨ।
ਦੇਸ਼ ’ਚ ਕਈ ਨਵੀਆਂ ਤੇਜ਼ ਰਫ਼ਤਾਰ ਰੇਲਗੱਡੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਸੇ ਸਾਲ ਕੁਝ ਹੋਰ ਰੇਲਗੱਡੀਆਂ ਚਲਾਉਣ ਦੀ ਰੇਲ ਮੰਤਰਾਲੇ ਦੀ ਯੋਜਨਾ ਹੈ। ਦਿੱਲੀ ’ਚ ਰੇਲ ਮੰਤਰਾਲੇ ਦੇ ਗੇਟ ਨੰਬਰ 4 ’ਤੇ ‘ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ’ ਦੀ ਫ਼ੋਟੋ ਲਗਾਈ ਗਈ ਹੈ। ਰੇਲ ਮੰਤਰਾਲੇ ਨੇ ਭਰੋਸਾ ਜਤਾਇਆ ਹੈ ਕਿ ਇਸ ਸਾਲ ‘ਗੁਜਰਾਤ’ ਦੇ ‘ਸੂਰਤ’ ਅਤੇ ‘ਬਿਲੀਮੋਰਾ’ ਵਿਚਾਲੇ ਦੇਸ਼ ਦੀ ਪਹਿਲੀ ‘ਬੁਲੇਟ ਟ੍ਰੇਨ’ ਚਲਾਈ ਜਾ ਸਕਦੀ ਹੈ।
ਰੇਲ ਮੰਤਰਾਲੇ ਵੱਲੋਂ ਨਵੀਆਂ-ਨਵੀਆਂ ਰੇਲਗੱਡੀਆਂ ਚਲਾਉਣਾ ਤਾਂ ਸ਼ਲਾਘਾਯੋਗ ਹੈ, ਪਰ ਭਾਰਤੀ ਰੇਲਾਂ ’ਚ ਜਾਨ-ਮਾਲ ਦੀ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ, ਕਿਉਂਕਿ ਸਮੇਂ-ਸਮੇਂ ’ਤੇ ਹੋਣ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਸੁਚੇਤ ਕਰ ਰਹੀਆਂ ਹਨ ਕਿ ਭਾਰਤੀ ਰੇਲ ਪ੍ਰਣਾਲੀ ’ਚ ਸਭ ਕੁਝ ਠੀਕ ਨਹੀਂ ਹੈ। ਰੇਲਗੱਡੀਆਂ ’ਚ ਪਿਛਲੇ ਤਿੰਨ ਮਹੀਨਿਆਂ ’ਚ ਸਾਹਮਣੇ ਆਈਆਂ ਅੱਗ ਲੱਗਣ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 17 ਫਰਵਰੀ ਨੂੰ ‘ਨਵੀਂ ਦਿੱਲੀ’ ਤੋਂ ‘ਚੇਨਈ’ ਜਾ ਰਹੀ ਜੀ. ਟੀ. ਐਕਸਪ੍ਰੈੱਸ ਦੀ ਲਗੇਜ ਵੈਨ ’ਚ ‘ਵਰਧਾ’ ਦੇ ਨੇੜੇ ਅੱਗ ਲੱਗ ਜਾਣ ਕਾਰਨ ਸਾਰਾ ਸਾਮਾਨ ਸੜ ਗਿਆ।
* 8 ਅਪ੍ਰੈਲ ਨੂੰ ‘ਬੇਲਾਰੀ’ (ਕਰਨਾਟਕ) ਤੋਂ ‘ਬੈਂਗਲੁਰੂ’ ਜਾ ਰਹੀ ‘ਹੰਪੀ ਐਕਸਪ੍ਰੈੱਸ’ ਜਦੋਂ ‘ਹਾਗਰੀ’ ਪਿੰਡ ਦੇ ਨੇੜਿਓਂ ਲੰਘ ਰਹੀ ਸੀ, ਉਦੋਂ ਹੀ ਉਸ ’ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਯਾਤਰੀਆਂ ’ਚ ਦਹਿਸ਼ਤ ਫੈਲ ਗਈ। ਚੰਗੀ ਕਿਸਮਤ ਰਹੀ ਕਿ ਇਸ ਹਾਦਸੇ ’ਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ।
* 14 ਮਈ ਨੂੰ ‘ਬਰਸੋਲਾ’ (ਹਰਿਆਣਾ) ਦੇ ਨੇੜੇ ‘ਸ਼੍ਰੀਗੰਗਾਨਗਰ-ਇੰਟਰਸਿਟੀ ਐਕਸਪ੍ਰੈੱਸ’ ਦੇ ਬ੍ਰੇਕ ਲੈਦਰ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਯਾਤਰੀਆਂ ’ਚ ਹਫ਼ੜਾ-ਦਫੜੀ ਮਚ ਗਈ ਅਤੇ ਕਈ ਯਾਤਰੀ ਤਾਂ ਘਬਰਾ ਕੇ ਬੋਗੀ ’ਚੋਂ ਬਾਹਰ ਕੁੱਦ ਵੀ ਗਏ।
* 15 ਮਈ ਨੂੰ ‘ਨਾਮਪੱਲੀ’ (ਤੇਲੰਗਾਨਾ) ਰੇਲਵੇ ਸਟੇਸ਼ਨ ’ਤੇ ‘ਹੈਦਰਾਬਾਦ’ ਤੋਂ ‘ਜੈਪੁਰ’ ਜਾ ਰਹੀ ਇਕ ‘ਸਪੈਸ਼ਲ ਐਕਸਪ੍ਰੈੱਸ ਟ੍ਰੇਨ’ ਦੇ ਏ. ਸੀ. ਕੋਚ ਬੀ-2 ’ਚ ਅੱਗ ਲੱਗ ਗਈ ਅਤੇ ਅਚਾਨਕ ਸੰਘਣਾ ਕਾਲਾ ਧੂੰਆਂ ਨਿਕਲਣ ਲੱਗਾ, ਜਿਸ ਨੂੰ ਦੇਖ ਕੇ ਯਾਤਰੀ ਡਰ ਦੇ ਮਾਰੇ ਚੀਕਣ ਲੱਗੇ। ਮੁੱਢਲੀ ਜਾਣਕਾਰੀ ਅਨੁਸਾਰ ਬਿਜਲੀ ਦੀਆਂ ਤਾਰਾਂ ’ਚ ਹੋਇਆ ਸ਼ਾਰਟ ਸਰਕਟ ਅੱਗ ਲੱਗਣ ਦਾ ਕਾਰਨ ਬਣਿਆ।
* 17 ਮਈ ਨੂੰ ‘ਕੋਟਾ’ (ਰਾਜਸਥਾਨ) ਡਿਵੀਜ਼ਨ ’ਚ ‘ਨਾਗਦਾ’ ਦੇ ਨੇੜੇ ਤ੍ਰਿਵੇਂਦਰਮ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਦੀਆਂ ਪਿਛਲੀਆਂ 2 ਬੋਗੀਆਂ ’ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ।
ਰੇਲ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਟ੍ਰੇਨ ’ਚ ਮੌਜੂਦ ਸੁਰੱਖਿਆ ਪ੍ਰਣਾਲੀਆਂ ਨੇ ਤੁਰੰਤ ਕੰਮ ਕੀਤਾ, ਜਿਸ ਨਾਲ ਟ੍ਰੇਨ ਆਪਣੇ ਆਪ ਰੁਕ ਗਈ ਅਤੇ ਚੌਕਸ ਟ੍ਰੇਨ ਡਰਾਈਵਰਾਂ ਨੇ ਤੁਰੰਤ ਪ੍ਰਭਾਵਿਤ ਕੋਚਾਂ ਨੂੰ ਗੱਡੀ ਤੋਂ ਵੱਖ ਕਰ ਦਿੱਤਾ, ਜਿਸ ਨਾਲ ਅਣਹੋਣੀ ਟਲ ਗਈ।
* ਅਤੇ ਹੁਣ 18 ਮਈ ਨੂੰ ‘ਸਾਸਾਰਾਮ’ (ਬਿਹਾਰ) ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ’ਤੇ ਖੜ੍ਹੀ ਸਾਸਾਰਾਮ-ਆਰਾ-ਪਟਨਾ ਪੈਸੇਂਜਰ ਰੇਲਗੱਡੀ ਦੇ ਇਕ ਕੋਚ ’ਚ ਅੱਗ ਲੱਗ ਜਾਣ ਕਾਰਨ ਉਸ ਦਾ ਇਕ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ।
ਘਟਨਾ ਦੇ ਸਮੇਂ ਵੱਡੀ ਗਿਣਤੀ ’ਚ ਯਾਤਰੀ ਕੋਚ ’ਚ ਮੌਜੂਦ ਸਨ। ਅੱਗ ਲੱਗਦੇ ਹੀ ਯਾਤਰੀਆਂ ’ਚ ਚੀਕ-ਚਿਹਾੜਾ ਮਚ ਗਿਆ ਅਤੇ ਜਾਨ ਬਚਾਉਣ ਲਈ ਉਹ ਟ੍ਰੇਨ ’ਚੋਂ ਹੇਠਾਂ ਕੁੱਦਣ ਲੱਗੇ। ਚਸ਼ਮਦੀਦਾਂ ਅਨੁਸਾਰ ਸ਼ੁਰੂ ’ਚ ਕੋਚ ’ਚੋਂ ਹਲਕਾ ਧੂੰਆਂ ਉੱਠਦਾ ਦਿਖਾਈ ਦਿੱਤਾ ਅਤੇ ਕੁਝ ਹੀ ਮਿੰਟਾਂ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਸਟੇਸ਼ਨ ਕੰਪਲੈਕਸ ’ਚ ਭਾਜੜ ਵਰਗੀ ਸਥਿਤੀ ਬਣ ਗਈ।
ਇਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਨ੍ਹਾਂ ਹਾਦਸਿਆਂ ਨੇ ਇਕ ਵਾਰ ਫ਼ਿਰ ਰੇਲਵੇ ’ਚ ਸੁਰੱਖਿਆ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ ਹੈ। ਨਵੀਆਂ-ਨਵੀਆਂ ਰੇਲਗੱਡੀਆਂ ਚਲਾਉਣਾ ਸ਼ਲਾਘਾਯੋਗ ਹੈ, ਪਰ ਇਸ ਦੇ ਨਾਲ ਹੀ ਰੇਲਵੇ ਦੀ ਸੁਰੱਖਿਆ ਜਾਂਚ, ਕੋਚ ਮੇਨਟੀਨੈਂਸ, ਵਾਇਰਿੰਗ, ਅੱਗ ਬੁਝਾਊ ਯੰਤਰਾਂ ਅਤੇ ‘ਐਮਰਜੈਂਸੀ ਰਿਸਪਾਂਸ ਪ੍ਰਣਾਲੀ’ ਆਦਿ ਦੀ ਗੰਭੀਰ ਪੜਤਾਲ ਕਰਨ ਦੀ ਲੋੜ ਹੈ।
ਫਿਲਹਾਲ ਰੇਲ ਯਾਤਰਾ ’ਚ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਉਕਤ ਰੇਲ ਹਾਦਸੇ ਸਪੱਸ਼ਟ ਸਬੂਤ ਹਨ ਕਿ ਭਾਰਤੀ ਰੇਲਾਂ ਕਿਸ ਕਦਰ ਵੱਡੇ ਹਾਦਸਿਆਂ ਦੇ ਜੋਖਮ ’ਤੇ ਹਨ। ਅਜਿਹੀ ਸਥਿਤੀ ਪੈਦਾ ਨਾ ਹੋਵੇ, ਇਸ ਦੇ ਲਈ ਭਾਰਤੀ ਰੇਲਾਂ ਦੇ ਕੰਮਕਾਜ, ਰੱਖ-ਰਖਾਅ ਅਤੇ ਸੁਰੱਖਿਆ ਪ੍ਰਬੰਧਾਂ ’ਚ ਤੁਰੰਤ ਸੁਧਾਰ ਲਿਆਉਣ ਅਤੇ ਲਾਪ੍ਰਵਾਹ ਪਾਏ ਜਾਣ ਵਾਲੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
—ਵਿਜੇ ਕੁਮਾਰ
ਸਨਾਤਨ ਵਿਰੋਧ ਦੀ ਸਿਆਸਤ ’ਤੇ ਜਨਤਾ ਦਾ ਲੋਕਤੰਤਰੀ ਵਾਰ
NEXT STORY