ਫਿਲਸਤੀਨ ’ਤੇ ਇਜ਼ਰਾਈਲੀ ਹਮਲਿਆਂ ਨੂੰ ਸ਼ੁਰੂ ਹੋਇਆਂ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਇਸ ਦੇ ਰੁਕਣ ਦੀ ਬਜਾਏ ਫੈਲਣ ਦੇ ਸੰਕੇਤ ਮਿਲ ਰਹੇ ਹਨ। ਬੀਤੇ ਹਫਤੇ ਇਜ਼ਰਾਈਲ ਵੱਲੋਂ ਸੀਰੀਆ ’ਚ ਈਰਾਨੀ ਵਪਾਰਕ ਦੂਤਘਰ ’ਤੇ ਬੰਬ-ਵਰਖਾ ਦੇ ਸਿੱਟੇ ਵਜੋਂ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ’ (ਆਈ.ਆਰ.ਜੀ.ਸੀ.) ਦੇ 7 ਮੈਂਬਰਾਂ ਸਮੇਤ 12 ਵਿਅਕਤੀਆਂ ਦੀ ਮੌਤ ਪਿੱਛੋਂ ਤਣਾਅ ਹੋਰ ਵਧ ਗਿਆ।
ਇਸ ਕਾਰਨ ਈਰਾਨ ਭੜਕ ਉੱਠਿਆ ਹੈ। ਉਸ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਜਿਵੇਂ ਖਦਸ਼ਾ ਪ੍ਰਗਟ ਕੀਤਾ ਗਿਆ ਸੀ, ਤਹਿਰਾਨ ਨੇ ਇਜ਼ਰਾਈਲ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਇਜ਼ਰਾਈਲ ਨੇ ਇਨ੍ਹਾਂ ਹਮਲਿਆਂ ਨੂੰ ਅਸਫਲ ਕਰ ਦਿੱਤਾ। ਵਰਣਨਯੋਗ ਹੈ ਕਿ ਪਿਛਲੇ ਬੁੱਧਵਾਰ ਨੂੰ ਆਈ.ਆਰ.ਜੀ.ਸੀ. ਨੇ ਈਰਾਨ ਦੇ ਸਰਵਉੱਚ ਨੇਤਾ ਆਇਤਉੱਲ੍ਹਾ ਅਲੀ ਖੋਮੀਨੀ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਇਜ਼ਰਾਈਲ ਦੇ ਟਿਕਾਣਿਆਂ ’ਤੇ ਹਮਲਾ ਕਰਨ ਦਾ ਸੁਝਾਅ ਦਿੱਤਾ ਸੀ।
ਜਾਣਕਾਰਾਂ ਮੁਤਾਬਕ ਹਾਲਾਂਕਿ ਅਜੇ ਅਜਿਹੀ ਸੰਭਾਵਨਾ ਪ੍ਰਤੀਤ ਨਹੀਂ ਹੁੰਦੀ ਪਰ ਇਹ ਅਤਿਅੰਤ ਗੰਭੀਰ ਮਾਮਲਾ ਹੈ ਅਤੇ ਕਿਉਂਕਿ ਇਜ਼ਰਾਈਲ ਦੀ ਹਮਾਇਤ ਕਰਨ ਲਈ ਅਮਰੀਕਾ ਅਤੇ ਯੂ.ਕੇ. ਮੌਜੂਦ ਹਨ, ਇਸ ਲਈ ਜੰਗ ਦਾ ਘੇਰਾ ਫੈਲ ਵੀ ਸਕਦਾ ਹੈ ਅਤੇ ਅਜਿਹਾ ਹੋਣ ਦੀ ਹਾਲਤ ਵਿਚ ਅਮਰੀਕਾ ਵੀ ਈਰਾਨ ’ਤੇ ਬੰਬ-ਵਰਖਾ ਕਰ ਸਕਦਾ ਹੈ।
ਸ਼ਨੀਵਾਰ ਨੂੰ ਇਜ਼ਰਾਈਲ ਨੇ ਮੁੜ ਫਿਲਸਤੀਨ ’ਤੇ ਹਮਲਾ ਕੀਤਾ ਅਤੇ ਉਸ ਦੇ ਰੁਕਣ ਦੇ ਕੋਈ ਸੰਕੇਤ ਵੀ ਨਹੀਂ ਮਿਲ ਰਹੇ। ਉਥੇ ਇਜ਼ਰਾਈਲ ਨੇ ਐਤਵਾਰ ਨੂੰ ਲੈਬਨਾਨ ’ਤੇ ਮੁੜ ਤੋਂ ਭਿਆਨਕ ਹਮਲਾ ਕਰ ਦਿੱਤਾ। ਅਜਿਹੀ ਹਾਲਤ ਵਿਚ ਹਮਾਸ ਵੱਲੋਂ ਇਜ਼ਰਾਈਲ ਅਤੇ ਫਿਲਸਤੀਨ ਦੀ ਜੰਗ ਨਾ ਕਹਿ ਕੇ ਹੁਣ ਉਨ੍ਹਾਂ ਨੇ ਇਸ ਨੂੰ ‘ਇਜ਼ਰਾਈਲ ਦੀ ਫਿਲਸਤੀਨ ਵਿਰੁੱਧ ਜੰਗ’ ਦਾ ਨਾਂ ਦੇ ਦਿੱਤਾ ਹੈ।
ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲਾ ਨੇ ਈਰਾਨ ਅਤੇ ਇਜ਼ਰਾਈਲ ’ਚ ਵਧਦੇ ਤਣਾਅ ਨੂੰ ਧਿਆਨ ’ਚ ਰੱਖਦਿਆਂ ਆਪਣੇ ਨਾਗਰਿਕਾਂ ਨੂੰ ਅਗਲੀ ਐਡਵਾਈਜ਼ਰੀ ਜਾਰੀ ਕੀਤੇ ਜਾਣ ਤੱਕ ਈਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ।
ਇਸ ਦੇ ਨਾਲ ਹੀ ਈਰਾਨ ਅਤੇ ਇਜ਼ਰਾਈਲ ’ਚ ਰਹਿਣ ਵਾਲੇ ਭਾਰਤੀਆਂ ਨੂੰ ਆਪਣੀ ਸੁਰੱਖਿਆ ਸਬੰਧੀ ਚੌਕਸੀ ਵਰਤਣ, ਆਪਣੀਆਂ ਸਰਗਰਮੀਆਂ ਨੂੰ ਘੱਟ ਤੋਂ ਘੱਟ ਰੱਖਣ, ਉਥੇ ਸਥਿਤ ਭਾਰਤੀ ਦੂਤਘਰਾਂ ਨਾਲ ਸੰਪਰਕ ਕਰਨ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।
ਇਜ਼ਰਾਈਲ ’ਚ ਮੁੱਖ ਰੂਪ ਨਾਲ ਕੰਸਟ੍ਰਕਸ਼ਨ ਦੇ ਕੰਮ ’ਚ ਵੱਡੀ ਗਿਣਤੀ ’ਚ ਭਾਰਤੀ ਲੇਬਰ ਹੀ ਕੰਮ ਕਰ ਰਹੀ ਹੈ। ਤਾਂ ਕੀ ਸਰਕਾਰ ਇਸ ਤਰ੍ਹਾਂ ਦੇ ਹਾਲਾਤ ਵਿਚ ਉਨ੍ਹਾਂ ਨੂੰ ਉਥੋਂ ਵਾਪਸ ਲਿਆਉਣ ਲਈ ਕੋਈ ਕਦਮ ਚੁੱਕੇਗੀ ਜਾਂ ਸਿਰਫ ਉਨ੍ਹਾਂ ਨੂੰ ਚੌਕਸ ਹੀ ਕਰੇਗੀ?
ਇਜ਼ਰਾਈਲ ਨੂੰ ਫਿਲਸਤੀਨ ਵਿਰੁੱਧ ਹਮਲੇ ਕਰਨ ਤੋਂ ਰੋਕਣ ’ਚ ਮੁੱਖ ਰੁਕਾਵਟ ਦੀ ਭੂਮਿਕਾ ਨਿਭਾਉਣ ਵਾਲਾ ਈਰਾਨ ਹੈ ਜਿਸ ਦਾ ਸਾਥ ਹਮਾਸ, ਹਿਜਬੁੱਲਾ ਅਤੇ ਹੂਤੀ ਦੇ ਰਹੇ ਹਨ। ਇਸ ਦੌਰਾਨ ਈਰਾਨੀ ਸਮੁੰਦਰੀ ਫੌਜ ਦੇ ਕਮਾਂਡੋ ਨੇ ਮੁੰਬਈ ਆ ਰਹੇ ਇਕ ਇਜ਼ਰਾਈਲੀ ਅਰਬਪਤੀ ਈਆਲ ਓਫਰ ਦੇ ਮਾਲਵਾਹਕ ਜਹਾਜ਼ ਐੱਮ. ਐੱਸ. ਸੀ. ਏਰੀਜ ਕੰਟੇਨਰ ’ਤੇ ਸਟ੍ਰੇਟ ਆਫ ਹੋਮੁਰਜ (ਹੋਮੁਰਜ ਜਲ-ਡਮਰੂ ਮੱਧ) ’ਤੇ ਕਬਜ਼ਾ ਕਰ ਲਿਆ ਸੀ, ਜਿਸ ਵਿਚ 17 ਭਾਰਤੀਆਂ ਦੇ ਸਵਾਰ ਹੋਣ ਦੀ ਖਬਰ ਹੈ। ਇਸ ਲਈ ਅਜਿਹਾ ਲੱਗਦਾ ਹੈ ਕਿ ਭਵਿੱਖ ’ਚ ਇਹ ਜੰਗ ਭਿਆਨਕ ਰੂਪ ਧਾਰਨ ਕਰ ਕੇ ਆਪਣੀ ਲਪੇਟ ’ਚ ਕਈ ਦੇਸ਼ਾਂ ਨੂੰ ਲੈ ਸਕਦੀ ਹੈ।
-ਵਿਜੇ ਕੁਮਾਰ
ਸ਼ਹਿਰਾਂ ’ਚ ਮਹਿੰਗਾਈ ’ਚ ਕੁਝ ਕਮੀ ਤਾਂ ਪੇਂਡੂ ਖੇਤਰਾਂ ’ਚ ਹੋਇਆ ਵਾਧਾ
NEXT STORY