ਇਤਿਹਾਸ ਦੇ ਕੁਝ ਪ੍ਰਸੰਗ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ ਪੜ੍ਹਿਆ ਨਹੀਂ ਜਾਂਦਾ, ਮਹਿਸੂਸ ਕਰਨਾ ਪੈਂਦਾ ਹੈ। ਚਿਤੌੜ ਦਾ ਜੌਹਰ ਵੀ ਅਜਿਹਾ ਹੀ ਪ੍ਰਸੰਗ ਹੈ। ਇਹ ਸਿਰਫ ਅੱਗ ਦਾ ਮੁਕਾਬਲਾ ਕਰਨ ਦੀ ਕਹਾਣੀ ਨਹੀਂ ਹੈ। ਇਹ ਉਸ ਸਮੇਂ ਦੀ ਭਿਆਨਕ ਸਥਿਤੀ, ਯੁੱਧ ਦੀ ਕਰੂਰਤਾ, ਔਰਤ ਦੀ ਅਣਖ , ਹਾਰ ਤੋਂ ਬਾਅਦ ਜੇਤੂ ਦੇ ਅਧਿਕਾਰ ਅਤੇ ਇਕ ਸਮਾਜ ਦੀ ਸਮੂਹਿਕ ਮਾਨਸਿਕਤਾ ਨੂੰ ਸਮਝਣ ਦਾ ਵਿਸ਼ਾ ਹੈ।
ਇਸੇ ਲਈ ਜਦੋਂ ਅੱਜ ਕੋਈ ਸੱਤ ਸੌ ਸਾਲ ਪੁਰਾਣੇ ਉਸ ਫ਼ੈਸਲੇ ਨੂੰ ਆਪਣੀ ਸਹੂਲਤ ਅਨੁਸਾਰ ‘ਡਰਪੋਕਪਨ’ ਜਾਂ ‘ਬਹਾਦਰੀ’ ਦੀ ਕਸੌਟੀ ’ਤੇ ਪਰਖਦਾ ਹੈ, ਤਾਂ ਸਭ ਤੋਂ ਪਹਿਲਾਂ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਕੀ ਅਸੀਂ ਉਸ ਸਮੇਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਸਿਰਫ ਅੱਜ ਦੀ ਐਨਕ ਨਾਲ ਉਸ ’ਤੇ ਫ਼ੈਸਲਾ ਸੁਣਾ ਰਹੇ ਹਾਂ?
ਹਾਲ ਹੀ ’ਚ ਅਦਾਕਾਰਾ ਸਵਰਾ ਭਾਸਕਰ ਵੱਲੋਂ ਫ਼ਿਲਮ ‘ਪਦਮਾਵਤ’ ਦੇ ਜੌਹਰ ਦ੍ਰਿਸ਼ ’ਤੇ ਕੀਤੀ ਗਈ ਟਿੱਪਣੀ ਨੇ ਇਸੇ ਬਹਿਸ ਨੂੰ ਫਿਰ ਜ਼ਿੰਦਾ ਕਰ ਦਿੱਤਾ ਹੈ। ਦਿੱਲੀ ’ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਫ਼ਿਲਮ ਦਾ ਜੌਹਰ ਦ੍ਰਿਸ਼ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ ਅਤੇ ਉਨ੍ਹਾਂ ਸਵਾਲ ਉਠਾਇਆ ਕਿ ਕੀ ਕਿਸੇ ਜਬਰ-ਜ਼ਨਾਹ ਤੋਂ ਬਚੀ ਔਰਤ ਨੂੰ ਇਹ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਸਨਮਾਨ ਬਚਾਉਣ ਲਈ ਮਰ ਜਾਣਾ ਹੀ ਬਹਾਦਰੀ ਹੈ।
ਉਨ੍ਹਾਂ ਦੇ ਬਿਆਨ ਦੀ ਵਿਆਪਕ ਆਲੋਚਨਾ ਹੋਈ। ਬਾਅਦ ’ਚ ਉਨ੍ਹਾਂ ਸਫ਼ਾਈ ਦਿੱਤੀ ਕਿ ਉਨ੍ਹਾਂ ਨੇ ਰਾਣੀ ਪਦਮਾਵਤੀ ਜਾਂ ਜੌਹਰ ਕਰਨ ਵਾਲੀਆਂ ਔਰਤਾਂ ਨੂੰ ਡਰਪੋਕ ਨਹੀਂ ਕਿਹਾ ਸੀ ਅਤੇ ਉਨ੍ਹਾਂ ਦੇ ਕਥਨ ਦਾ ਗਲਤ ਅਰਥ ਕੱਢਿਆ ਗਿਆ।
ਸਵਰਾ ਦੀ ਸਫ਼ਾਈ ਆਪਣੀ ਥਾਂ ਹੈ। ਕਿਸੇ ਵਿਅਕਤੀ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਵੀ ਉਚਿਤ ਨਹੀਂ ਪਰ ਇਸ ਨਾਲ ਇਕ ਦੂਜਾ ਪ੍ਰਸ਼ਨ ਖ਼ਤਮ ਨਹੀਂ ਹੋ ਜਾਂਦਾ। ਕੀ ਜੌਹਰ ਵਰਗੀ ਇਤਿਹਾਸਕ ਘਟਨਾ ਨੂੰ ਅੱਜ ਦੇ ਨੈਤਿਕ ਅਤੇ ਸਮਾਜਿਕ ਮਾਪਦੰਡਾਂ ਨਾਲ ਦੇਖ ਕੇ ਉਨ੍ਹਾਂ ਔਰਤਾਂ ਦੀ ਹਿੰਮਤ ’ਤੇ ਪ੍ਰਸ਼ਨਚਿੰਨ੍ਹ ਲਗਾਇਆ ਜਾ ਸਕਦਾ ਹੈ?
ਮੇਰਾ ਜਵਾਬ ਹੈ..ਨਹੀਂ।
ਪਰ ਇੱਥੇ ਇਕ ਇਤਿਹਾਸਕ ਭੁੱਲ ਤੋਂ ਬਚਣਾ ਵੀ ਜ਼ਰੂਰੀ ਹੈ। ਰਾਣੀ ਪਦਮਾਵਤੀ ਦਾ ਪ੍ਰਸੰਗ ਸਤੀ ਦਾ ਨਹੀਂ, ਜੌਹਰ ਦਾ ਹੈ। ਸਤੀ ਉਹ ਪ੍ਰਥਾ ਸੀ ਜਿਸ ’ਚ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਪਤਨੀ ਪਤੀ ਦੀ ਚਿਤਾ ’ਚ ਖ਼ੁਦ ਨੂੰ ਸਮਰਪਿਤ ਕਰਦੀ ਸੀ। ਇਸ ਦੇ ਉਲਟ ਜੌਹਰ ਯੁੱਧ ਦੀ ਉਸ ਅੰਤਿਮ ਸਥਿਤੀ ਨਾਲ ਜੁੜਿਆ ਸੀ, ਜਦੋਂ ਕਿਲ੍ਹੇ ਦਾ ਪਤਨ ਨਿਸ਼ਚਿਤ ਹੋ ਜਾਂਦਾ ਸੀ ਅਤੇ ਔਰਤਾਂ ਦੇ ਸਾਹਮਣੇ ਦੁਸ਼ਮਣ ਦੇ ਹੱਥੋਂ ਬੰਦੀ ਬਣਨ, ਗੁਲਾਮੀ, ਅਪਮਾਨ ਜਾਂ ਸੈਕਸ ਹਿੰਸਾ ਦਾ ਡਰ ਖੜ੍ਹਾ ਹੁੰਦਾ ਸੀ। ਦੋਵਾਂ ਪ੍ਰੰਪਰਾਵਾਂ ਨੂੰ ਇਕ ਮੰਨ ਲੈਣਾ ਇਤਿਹਾਸ ਨੂੰ ਸਰਲ ਬਣਾਉਣਾ ਨਹੀਂ ਸਗੋਂ ਵਿਗਾੜਨਾ ਹੈ।
ਚਿਤੌੜ ਦੀ ਉਸ ਰਾਤ ਨੂੰ ਅੱਜ ਦੀਆਂ ਅੱਖਾਂ ਨਾਲ ਨਾ ਦੇਖੋ
ਕਲਪਨਾ ਕਰੋ ਉਸ ਸਮੇਂ ਦੀ, ਨਾ ਮੋਬਾਈਲ ਸੀ, ਨਾ ਅਦਾਲਤ, ਨਾ ਮਨੁੱਖੀ-ਅਧਿਕਾਰ ਕਮਿਸ਼ਨ, ਨਾ ਪੁਲਸ ਦੀ ਕੋਈ ਅਜਿਹੀ ਵਿਵਸਥਾ ਜਿਸ ’ਤੇ ਸੰਕਟ ’ਚ ਪਈ ਔਰਤ ਭਰੋਸਾ ਕਰ ਸਕੇ। ਕਿਲੇ ਦੇ ਬਾਹਰ ਮਹੀਨਿਆਂ ਤੋਂ ਦੁਸ਼ਮਣ ਦੀ ਫੌਜ ਡੇਰਾ ਲਾਈ ਬੈਠੀ ਸੀ। ਅੰਦਰ ਰਸਦ ਸੀਮਤ ਹੋ ਰਹੀ ਸੀ। ਮਦਦ ਦੀ ਉਮੀਦ ਘੱਟ ਰਹੀ ਸੀ। ਅੰਤਿਮ ਯੁੱਧ ਨੇੜੇ ਸੀ ਅਤੇ ਹਾਰ ਦਾ ਅਰਥ ਸਿਰਫ ਸੱਤਾ ਦੀ ਤਬਦੀਲੀ ਨਹੀਂ ਸੀ।
1303 ’ਚ ਅਲਾਉੱਦੀਨ ਖਿਲਜੀ ਨੇ ਚਿਤੌੜ ’ਤੇ ਲੰਬੀ ਘੇਰਾਬੰਦੀ ਤੋਂ ਬਾਅਦ ਉਸ ’ਤੇ ਕਬਜ਼ਾ ਕੀਤਾ। ਉਸ ਦੇ ਦਰਬਾਰੀ ਇਤਿਹਾਸਕਾਰ ਅਮੀਰ ਖੁਸਰੋ ਨੇ ਇਸ ਮੁਹਿੰਮ ਦਾ ਵਰਣਨ ਕੀਤਾ ਹੈ। ਉਪਲਬਧ ਵੇਰਵਿਆਂ ’ਚ ਚਿਤੌੜ ਦੀ ਘੇਰਾਬੰਦੀ ਅਤੇ ਜਿੱਤ ਦਾ ਜ਼ਿਕਰ ਮਿਲਦਾ ਹੈ ਅਤੇ ਖੁਸਰੋ ਨੇ ਵੱਡੀ ਗਿਣਤੀ ’ਚ ਸਥਾਨਕ ਲੋਕਾਂ ਦੇ ਕਤਲ ਦਾ ਵੀ ਵਰਣਨ ਕੀਤਾ ਹੈ, ਹਾਲਾਂਕਿ ਮ੍ਰਿਤਕਾਂ ਦੀ ਗਿਣਤੀ ਨੂੰ ਲੈ ਕੇ ਇਤਿਹਾਸਕਾਰਾਂ ’ਚ ਮਤਭੇਦ ਹਨ।
ਇਹੋ ਜਿਹੇ ਮਾਹੌਲ ’ਚ ਕਿਲੇ ਦੇ ਅੰਦਰ ਬੈਠੀਆਂ ਔਰਤਾਂ ਦੇ ਸਾਹਮਣੇ ਬਦਲ ਕੀ ਸਨ? ਅੱਜ ਅਸੀਂ ਕਹਿੰਦੇ ਹਾਂ ਕਿ ਜੀਵਨ ਸਭ ਤੋਂ ਕੀਮਤੀ ਹੈ। ਬਿਲਕੁਲ ਹੈ। ਕਿਸੇ ਵੀ ਔਰਤ ਦਾ ਜੀਵਨ ਉਸ ਦੀ ਅਣਖ/ਸਵੈ-ਮਾਣ ਨਾਲੋਂ ਘੱਟ ਕੀਮਤੀ ਨਹੀਂ। ਜਬਰ-ਜ਼ਨਾਹ ਪੀੜਤਾ ਨੂੰ ਜਿਊਣ ਦਾ ਪੂਰਾ ਅਧਿਕਾਰ ਹੈ। ਉਸ ਨੂੰ ਸ਼ਰਮਸਾਰ ਕਰਨਾ ਜਾਂ ਉਸ ਦੇ ਜੀਵਨ ਨੂੰ ਖ਼ਤਮ ਮੰਨ ਲੈਣਾ ਘੋਰ ਅਨਿਆਂ ਹੈ।
ਪਰ ਕੀ ਇਹੋ ਸਮਾਜਿਕ ਵਿਵਸਥਾ ਸੱਤ ਸੌ ਸਾਲ ਪਹਿਲਾਂ ਵੀ ਮੌਜੂਦ ਸੀ? ਨਹੀਂ। ਉਸ ਕਾਲ ’ਚ ਜੰਗ ਹਾਰਨ ਵਾਲੀਆਂ ਔਰਤਾਂ ਜੇਤੂ ਦੀ ਜਾਇਦਾਦ ਮੰਨੀਆਂ ਜਾ ਸਕਦੀਆਂ ਸਨ। ਬੰਦੀ ਬਣਨਾ ਸਿਰਫ ਜੇਲ ’ਚ ਜਾਣਾ ਨਹੀਂ ਸੀ। ਰਾਜਘਰਾਣੇ ਅਤੇ ਯੋਧਾ ਸਮਾਜ ਲਈ ਇਹ ਪਰਿਵਾਰ, ਵੰਸ਼, ਸਨਮਾਨ ਅਤੇ ਸੁਤੰਤਰ ਹੋਂਦ ਦੇ ਖ਼ਤਮ ਹੋਣ ਦਾ ਡਰ ਸੀ। ਇਸ ਭਿਆਨਕ ਸਥਿਤੀ ’ਚ ਜੌਹਰ ਨੂੰ ਸਿਰਫ ‘ਆਤਮਹੱਤਿਆ’ ਕਹਿ ਕੇ ਖ਼ਤਮ ਕਰ ਦੇਣਾ ਉਸ ਮਾਨਸਿਕ ਸੰਸਾਰ ਨੂੰ ਸਮਝਣ ਤੋਂ ਇਨਕਾਰ ਕਰਨਾ ਹੋਵੇਗਾ ਜਿਸ ’ਚ ਉਹ ਫ਼ੈਸਲਾ ਲਿਆ ਗਿਆ।
ਇੱਥੇ ਇਕ ਬੁਨਿਆਦੀ ਗੱਲ ਸਮਝਣੀ ਪਵੇਗੀ। ਅੱਜ ਦੀ ਦ੍ਰਿਸ਼ਟੀ ਤੋਂ ਜੌਹਰ ਮੌਤ ਦੀ ਚੋਣ ਦਿਖਾਈ ਦਿੰਦਾ ਹੈ ਪਰ ਉਸ ਦੌਰ ਦੀਆਂ ਔਰਤਾਂ ਲਈ ਉਹ ਦੁਸ਼ਮਣ ਦੇ ਹੱਥੋਂ ਅਪਮਾਨ ਅਤੇ ਗੁਲਾਮੀ ਸਵੀਕਾਰ ਕਰਨ ਦੀ ਬਜਾਏ ਆਪਣੀ ਅਣਖ ਬਚਾਉਣ ਦਾ ਅੰਤਿਮ ਸੰਕਲਪ ਸੀ।
ਸਵਾਲ ਸਵਰਾ ਭਾਸਕਰ ਤੋਂ ਵੀ, ਸਮਾਜ ਤੋਂ ਵੀ
ਸਵਰਾ ਭਾਸਕਰ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਉਨ੍ਹਾਂ ਨੂੰ ਇਹ ਕਹਿਣ ਦਾ ਵੀ ਅਧਿਕਾਰ ਹੈ ਕਿ ਕਿਸੇ ਔਰਤ ਲਈ ਜਬਰ-ਜ਼ਨਾਹ ਜੀਵਨ ਦਾ ਅੰਤ ਨਹੀਂ ਹੋਣਾ ਚਾਹੀਦਾ। ਇਸ ਗੱਲ ਦਾ ਸਮਰਥਨ ਹੋਣਾ ਚਾਹੀਦਾ ਹੈ ਪਰ ਜਦੋਂ ਅਸੀਂ ਕਿਸੇ ਇਤਿਹਾਸਕ ਪ੍ਰਸੰਗ ’ਚ ਟਿੱਪਣੀ ਕਰਦੇ ਹਾਂ ਤਾਂ ਸ਼ਬਦਾਂ ਦੀ ਚੋਣ ਬੇਹੱਦ ਮਹੱਤਵਪੂਰਨ ਹੋ ਜਾਂਦੀ ਹੈ। ਖ਼ਾਸਕਰ ਉਦੋਂ, ਜਦੋਂ ਉਹ ਪ੍ਰਸੰਗ ਕਿਸੇ ਭਾਈਚਾਰੇ ਦੀ ਸਮੂਹਿਕ ਯਾਦ, ਅਣਖ ਅਤੇ ਪੁਰਖਿਆਂ ਦੀ ਵੀਰਗਾਥਾ ਨਾਲ ਜੁੜਿਆ ਹੋਵੇ। ਦੂਜੇ ਪਾਸੇ ਸਮਾਜ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਇਤਿਹਾਸ ’ਤੇ ਬਹਿਸ ਦਾ ਉੱਤਰ ਸਿਰਫ ਗੁੱਸਾ/ਆਕ੍ਰੋਸ਼ ਨਹੀਂ ਹੈ। ਇਤਿਹਾਸ ਦੀ ਸਭ ਤੋਂ ਮਜ਼ਬੂਤ ਰਾਖੀ ਤੱਥਾਂ, ਖੋਜ ਅਤੇ ਤਰਕ ਨਾਲ ਹੁੰਦੀ ਹੈ। ਕਿਸੇ ਫ਼ਿਲਮੀ ਅਦਾਕਾਰਾ ਦੀ ਟਿੱਪਣੀ ਨਾਲ ਰਾਣੀ ਪਦਮਾਵਤੀ ਦਾ ਵੱਕਾਰ ਨਾ ਵਧ ਸਕਦਾ ਹੈ, ਨਾ ਘਟ ਸਕਦਾ ਹੈ।
-ਬਾਲਕ੍ਰਿਸ਼ਨ ਥਰੇਜਾ
ਅਧਿਆਪਕ ਦੇ ਹੱਥਾਂ ’ਚ ਭਾਰਤ ਦਾ ਭਵਿੱਖ
NEXT STORY